ਬਹੁਤੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਕਿਰਦਾਰ ਵਿਚ ਗਿਰਾਵਟ

ਬਹੁਤੀਆਂ ਰੀਜਨਲ ਅਤੇ ਕੌਮੀ ਸਿਆਸੀ ਪਾਰਟੀਆਂ ਦੇ ਕਿਰਦਾਰ ਵਿੱਚ ਗਿਰਾਵਟ ਆ ਗਈ ਹੈ। ਸਮੇਂ ਵਿੱਚ ਤਬਦੀਲੀ ਅਤੇ ਤੇਜੀ ਨੇ ਸਿਆਸੀ ਲੋਕਾਂ ਤੇ ਗਹਿਰਾ ਪ੍ਰਭਾਵ ਪਾਇਆ ਹੈ।ਭਾਰਤ ਨੂੰ ਆਜਾਦ ਹੋਇਆਂ 65ਸਾਲ ਹੋ ਗਏ ਹਨ। ਸਾਡੇ ਆਪਣੇ ਬਣਾਏ ਹੋਏ ਸੰਵਿਧਾਨ ਨੂੰ ਲਾਗੂ ਹੋਇਆਂ ਵੀ 62 ਸਾਲ ਹੋ ਗਏ ਹਨ। ਆਜਾਦ ਭਾਰਤ ਦੀਆਂ ਸਭ ਤੋਂ ਪਹਿਲੀਆਂ ਸਾਡੇ ਵਿਧਾਨ ਅਨੁਸਾਰ ਲੋਕ ਸਭਾ ਦੀਆਂ ਚੋਣਾਂ 1952 ਵਿਚ ਹੋਈਆਂ ਸਨ। ਇਹਨਾਂ ਦੇ 60 ਸਾਲਾਂ ਦੇ ਜਸ਼ਨ ਵੀ ਅਸੀਂ 13 ਮਈ ਨੂੰ ਛੁੱਟੀ ਵਾਲੇ ਦਿਨ ਲੋਕ ਸਭਾ ਅਤੇ ਰਾਜ ਸਭਾ ਦਾ ਸਾਂਝਾ ਇਜਲਾਸ ਬੁਲਾਕੇ ਮਨਾਇਆ ਹੈ, ਜਿਸ ਵਿਚ ਪਹਿਲੀ ਲੋਕ ਸਭਾ ਦੇ ਜਿਉਂਦੇ 4 ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਹੈ।ਉਦੋਂ ਭਾਵੇਂ ਆਜਾਦ ਭਾਰਤ ਦੇ ਇਤਿਹਾਸ ਵਿਚ ਪਹਿਲੀਆਂ ਚੋਣਾਂ 1952 ਵਿਚ ਹੋਈਆਂ ਸਨ ਪਰੰਤੂ ਫਿਰ ਵੀ ਉਸ ਲੋਕ ਸਭਾ ਦੇ ਸਾਰੀਆਂ ਸਿਆਸੀ ਪਾਰਣੀਆਂ ਦੇ ਮੈਂਬਰਾਂ ਦੇ ਕਿਰਦਾਰ ਤੇ ਕਦੀ ਵੀ ਕਿੰਤੂ ਪਰੰਤੂ ਨਹੀਂ ਹੋਇਆ । ਦੁੱਖ ਦੀ ਗੱਲ ਤਾਂ ਇਹ ਹੈ ਕਿ ਲੋਕ ਸਭਾ ਦੀਆਂ ਚੋਣਾਂ ਵੀ ਲਗਾਤਾਰ ਹੋ ਰਹੀਆਂ ਹਨ,ਭਾਰਤ ਦੇ ਨਾਗਰਿਕ ਵੀ ਆਜਾਦ ਹਨ,ਆਜਾਦ ਫਿਜਾ ਵਿੱਚ ਹੀ ਉਹਨਾਂ ਦਾ ਪਾਲਣ ਪੋਸਣ ਤੇ ਵਿਗਸਣ ਦੇ ਮੌਕੇ ਮਿਲ ਰਹੇ ਹਨ ਪਰੰਤੂ ਸਾਡੇ ਬਹੁਤੇ ਸਿਆਸਤਦਾਨਾ ਦੇ ਕਿਰਦਾਰ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਜਦੋਂ ਕਿ ਆਜਾਦ ਭਾਰਤ ਵਿੱਚ ਉਹਨਾ ਦਾ ਕਿਰਦਾਰ ਹੋਰ ਨਿਖਰਨਾ ਚਾਹੀਦਾ ਸੀ।ਨੈਸ਼ਨਲ ਕਰੈਕਟਰ ਹੋਰ ਚੰਗਾ ਬਣਨਾ ਚਾਹੀਦਾ ਸੀ। ਅਸਲ ਵਿੱਚ ਸਾਡਾ ਕੌਮੀ ਆਚਰਣ ਬਣਿਆਂ ਹੀ ਨਹੀਂ। ਸਿਆਸੀ ਲੋਕ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਹੀ ਗ੍ਰਸੇ ਪਏ ਹਨ। ਆਜਾਦੀ ਤੋਂ ਬਾਅਦ ਪਹਿਲੇ 15 ਸਾਲ ਅਰਥਾਤ ਪੰਡਤ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸਾਸ਼ਤਰੀ ਦੇ ਜਮਾਨੇ ਤੱਕ ਤਾਂ ਸਿਆਸੀ ਲੀਡਰਾਂ ਦੇ ਕਿਰਦਾਰ ਸਲਾਹੁਣਯੋਗ ਰਹੇ। ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਆਪੋ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਰਹੇ ਹਾਲਾਂਕਿ ਬਹੁਤਾ ਸਮਾਂ ਦੇਸ਼ ਵਿਚ ਕਾਂਗਰਸ ਪਾਰਟੀ ਹੀ ਰਾਜ ਕਰਦੀ ਰਹੀ ਇਕ ਸਟੇਜ ਤੇ ਆ ਕੇ ਕਾਂਗਰਸ ਪਾਰਟੀ ਵਿੱਚ ਤਾਕਤ ਹਥਿਅਉਣ ਲਈ ਖਿੱਚੋਤਾਣ  ਸ਼ੁਰੂ ਹੋ ਗਈ ਤੇ ਕਾਂਗਰਸ ਪਾਰਟੀ ਦੋਫਾੜ ਹੋ ਗਈ , ਇਸ ਤੋਂ ਬਾਅਦ ਲੀਡਰਾਂ ਦੇ ਮਨਾਂ ਵਿੱਚ ਦੇਸ਼ ਦੇ ਹਿੱਤਾਂ ਦੀ ਥਾਂ ਨਿੱਜੀ ਹਿੱਤਾਂ ਨੂੰ ਮੁੱਖ ਰੱਖਿਆ ਜਾਣ ਲੱਗ ਪਿਆ। ਲਾਲ ਬਹਾਦਰ ਸਾਸ਼ਤਰੀ ਪਰਧਾਨ ਮੰਤਰੀ ਦੀ ਸ਼ੱਕੀ ਹਾਲਾਤ ਵਿੱਚ ਤਾਸ਼ਕੰਦ ਵਿੱਚ ਹੋਈ ਮੌਤ ਤੋਂ ਬਾਅਦ ਵੀ ਸ੍ਰੀਮਤੀ ਇੰਦਰਾ ਗਾਂਧੀ ਨੇ ਸ਼ੁਰੂ ਸੁਰੂ ਵਿਚ ਚੰਗੀ ਲੀਡਰਸ਼ਿਪ ਦਿੱਤੀ ਪਰੰਤੂ ਸਿਆਸੀ ਤਾਕਤ ਨੂੰ ਆਪਣੇ ਹੱਥਾਂ ਵਿਚੋਂ ਨਿਕਲਦੀ ਵੇਖ ਉਹਨਾਂ ਨੇ ਵੀ ਸਿਆਸੀ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ। ਐਮਰਜੈਂਸੀ ਤੋਂ ਬਾਅਦ ਇਕ ਵਾਰ ਤਾਂ ਸਾਰੇ ਵਿਰੋਧੀ ਲੀਡਰ ਅਸੂਲਾਂ ਦੇ ਆਧਾਰ ਤੇ ਸ੍ਰੀ ਰਾਜ ਨਰਾਇਣ  ਦੀ ਅਗਵਾਈ ਥੱਲੇ ਇਕੱਠੇ ਹੋ ਗਏ ਪਰੰਤੂ ਜਦੋਂ ਤਾਕਤ ਹੱਥ ਆ ਗਈ ਤਾਂ ਫਿਰ ਉਹ ਵੀ ਡੋਲ ਗਏ ਤੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਜਿਹੜੇ ਅਸੂਲਾਂ ਦੇ ਸਿਰ ਤੇ ਤਾਕਤ ਹਾਸਲ ਕੀਤੀ ਸੀ ਉਹ ਅਸੂਲ ਹੀ ਛਿੱਕੇ ਤੇ ਟੰਗਣੇ ਸ਼ੁਰੂ ਕਰ ਦਿੱਤੇ। ਇਸ ਤੋਂ ਪਹਿਲਾਂ ਕਿਸੇ ਸਿਆਸੀ ਨੇਤਾ ਦਾ ਭਰਿਸ਼ਟਾਚਾਰ ਵਿਚ ਸ਼ਾਮਲ ਹੋਣ ਦਾ ਕਦੇ ਕੋਈ ਕੇਸ ਸਾਹਮਣੇ ਹੀ ਨਹੀਂ ਆਇਆ ਸੀ। ਹੁਣ ਤਾਂ ਸਿਆਸੀ ਲੀਡਰਾਂ ਵਿਚ ਏਨੀ ਜਾਗਰੂਕਤਾ ਆ ਗਈ ਹੈ ਕਿ ਉਹ ਦੇਸ਼ ਦੇ ਹਿੱਤਾਂ ਨੂੰ ਅੱਖੋਂ ਪ੍ਰੋਖੇ ਕਰਕੇ ਨਿੱਜੀ ਆਰਥਕ ਲਾਭ ਲੈਣ ਲਈ ਤਰਲੋ ਮੱਛੀ ਹੋਣ ਲੱਗ ਪਏ ਹਨ ਤੇ ਇੱਕ ਦੂਜੇ ਤੋਂ ਵੱਧ ਭਰਿਸ਼ਟਾਚਾਰੀ ਬਣ ਰਹੇ ਹਨ।।ਜਿਸ ਦਿਨ ਤੋਂ ਇਕ ਪਾਰਟੀ ਦਾ ਰਾਜ ਖਤਮ ਹੋਇਆ ਹੈ ਤੇ ਮਿਲੀਆਂ ਜੁਲੀਆਂ ਸਰਕਾਰਾਂ ਦਾ ਸਿਲਸਲਾ ਸ਼ੁਰੂ ਹੋਇਆ ਹੈ,ਉਸ ਦਿਨ ਤੋਂ ਬਾਅਦ ਤਾਂ ਸਿਆਸੀ ਨੇਤਾਵਾਂ ਦੇ ਕਿਰਦਾਰ ਵਿੱਚ ਬਹੁਤ ਹੀ ਨਿਘਾਰ ਆਉਣਾ ਸ਼ੁਰੂ ਹੋ ਗਿਆ ਹੈ।ਦਿਨ ਬ ਦਿਨ ਸਿਆਸੀ ਨੇਤਾਵਾਂ ਦੇ ਇਖਲਾਕ ਵਿੱਚ ਵੀ ਗਿਰਾਵਟ ਸ਼ੁਰੂ ਹੋ ਗਈ ਹੈ।ਇਹ ਗਿਰਾਵਟ ਤਾਂ ਇਸ ਸਮੇਂ ਸਾਰੇ ਹੱਦ ਬੰਨੇ ਹੀ ਟੱਪ ਗਈ ਹੈ।ਇਹਨਾਂ ਵਿੱਚੋਂ ਕੁਝ ਕੁ ਲੀਡਰਾਂ ਵਿੱਚੋਂ ਤਾਂ ਨੈਤਿਕਤਾ ਬਿਲਕੁਲ ਹੀ ਖਤਮ ਹੋਣ ਦੇ ਕਿਨਾਰੇ ਹੀ ਹੈ। ਇਕ ਪਾਸੇ ਤਾਂ ਸਿਆਸੀ ਲੀਡਰ ਇਸਤਰੀਆਂ ਦੀ ਰਾਜ ਭਾਗ ਵਿਚ ਸ਼ਮੂਲੀਅਤ ਦੀਆਂ ਗੱਲਾਂ ਕਰਦੇ ਹਨ ਤੇ ਉਹਨਾਂ ਲਈ 33 ਫੀ ਸਦੀ ਰਾਖਵਾਂਕਰਨ ਦੇਣ ਬਾਰੇ ਵੀ ਆਖਦੇ ਹਨ।ਦੂਜੇ ਪਾਸੇ ਇਖਲਾਕ ਤੋਂ ਗਿਰਦੇ ਜਾ ਰਹੇ ਹਨ। ਸਭ ਤੋਂ ਪਹਿਲਾਂ ਸਿਆਸੀ ਨੇਤਾਵਾਂ ਦੇ ਭਰਿਸ਼ਟਾਚਾਰ ਦੇ ਸਕੈਂਡਲਾਂ ਦੀ ਗੱਲ ਕਰਦੇ ਹਾਂ। ਸਿਆਸੀ ਲੋਕਾਂ ਦੇ ਨਿੱਕੇ ਮੋਟੇ ਸਕੈਂਡਲਾਂ ਤੋਂ ਬਾਅਦ ਸ੍ਰੀ ਰਾਜੀਵ ਗਾਂਧੀ ਦੇ ਪਰਧਾਨ ਮੰਤਰੀ ਹੁੰਦਿਆਂ ਸਭ ਤੋਂ ਪਹਿਲਾਂ ਬੋਫਰਜ ਤੋਪਾਂ ਖ੍ਰੀਦਣ ਦਾ ਸਕੈਂਡਲ ਚਰਚਾ ਵਿਚ ਆਇਆ ਸੀ। ਬੜਾ ਰੌਲਾ ਰੱਪਾ ਪਿਆ ਸੀ, ਸਾਡਾ ਸੰਵਿਧਾਨਕ ਤੇ ਨਿਆਇਕ ਪ੍ਰਾਸੈਸ ਐਨਾ ਲੰਬਾ ਹੈ ਕਿ ਅਜੇ ਤੱਕ ਉਹ ਕਿਸੇ ਕੰਢੇ ਵੱਟੇ ਨਹੀਂ ਲੱਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਬੋਫਰਜ ਦੀ ਤੋਪ ਦੇ ਮੁਕਾਬਲੇ ਦੀ ਤੋਪ ਅਜੇ ਤੱਕ ਭਾਰਤੀ ਫੌਜਾਂ ਨੂੰ ਹੋਰ ਬਦਲ ਨਹੀਂ ਮਿਲਿਆ।ਇਸ ਤੋਂ ਬਾਅਦ ਭਾਰਤ ਸਰਕਾਰ ਦਾ ਦੂਰ ਸੰਚਾਰ ਦਾ ਮਹਿਕਮਾ ਹਮੇਸ਼ਾ ਚਰਚਾ ਵਿੱਚ ਰਿਹਾ ਹੈ। ਸਭ ਤੋਂ ਪਹਿਲਾਂ ਸ੍ਰੀ ਸੁਖ ਰਾਮ ਸਾਬਕਾ ਸੰਚਾਰ ਮੰਤਰੀ ਕੋਲੋਂ ਲੱਖਾਂ ਕਰੋੜ ਰੁਪਿਆ ਪਕੜਿਆ ਗਿਆ ਸੀ। ਇਸ ਤੋਂ ਬਾਅਦ ਤਾਂ ਕੇਂਦਰ ਅਤੇ ਰਾਜ ਸਰਕਾਰਾਂ ਵਿਚ ਸਕੈਂਡਲਾਂ ਦਾ ਹੜ੍ਹ ਹੀ ਆ ਗਿਆ। ਇਕ ਵਾਰ ਸੰਸਦ ਦੇ11 ਮੈਂਬਰ ਸਵਾਲ ਕਰਨ ਲਈ ਰਿਸ਼ਵਤ ਲੈਣ ਵਿਚ ਪਕੜੇ ਗਏ ਜਿਹਨਾਂ ਵਿਚੋਂ 6 ਬੀ ਜੇ ਪੀ ਅਤੇ ਬਾਕੀ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਸਨ। ਬੀ ਜੇ ਪੀ ਦਾ ਇਕ ਐਮ ਪੀ ਕਿਸੇ ਇਸਤਰੀ ਨੂੰ ਆਪਣੀ ਪਤਨੀ ਦੱਸ ਕੇ ਵਿਦੇਸ਼ ਛੱਡਣ ਲਈ ਜਾਂਦਾ ਏਅਰਪੋਰਟ ਤੇ ਪਕੜਿਆ ਗਿਆ ਸੀ।ਸਵਰਗਵਾਸੀ ਸ੍ਰੀ ਜਾਰਜ ਫਰਨਾਂਡੇਜ ਜਦੋਂ ਡਿਫੈਂਸ ਮਨਿਸਟਰ ਸਨ ਤਾਂ ਉਸਦੇ ਨਜਦੀਕੀਆਂ ਵਲੋਂ ਫੌਜੀ ਸੌਦਿਆਂ ਵਿਚ ਦਲਾਲੀ ਦਾ ਤਹਿਲਕਾ ਨਾਂ ਦਾ ਸਟਿੰਗ ਅਪ੍ਰੇਸ਼ਨ ਹੋਇਆ ਸੀ ਇਸ ਸਟਿੰਗ ਅਪ੍ਰੇਸ਼ਨ ਵਿਚ ਭਾਰਤੀ ਜਨਤਾ ਪਾਰਟੀ ਦਾ ਉਸ ਸਮੇ ਦਾ ਪ੍ਰਧਾਨ ਸ੍ਰੀ ਬੰਗਾਰੂ ਲਕਸ਼ਮਨ ਇਸ ਸੌਦੇ ਨੂੰ ਸਿਰੇ ਚੜ੍ਹਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਦਫਤਰ ਵਿਚ ਇੱਕ ਲੱਖ ਰੁਪਏ ਦੀ ਰਿਸ਼ਵਤ ਦੀ ਸਾਈ ਲੈਂਦਾ ਮੌਕੇ ਤੇ ਪਕੜਿਆ ਗਿਆ ਸੀ।ਇਸ ਨਾਲੋਂ ਵੱਡੀ ਸ਼ਰਮ ਦੀ ਹੋਰ ਕੀ ਗੱਲ ਹੋ ਸਕਦੀ ਹੈ।ਉਸਤੋਂ ਅਸਤੀਫਾ ਤਾਂ ਲੈ ਲਿਆ ਪ੍ਰੰਤੂ ਪਾਰਟੀ ਵਿਚੋਂ ਨਹੀਂ ਕੱਢਿਆ ਗਿਆ। ਹੈਰਾਨੀ ਤਾਂ ਇਹ ਹੁੰਦੀ ਹੈ ਕਿ ਬੀ ਜੇ ਪੀ ਦੇ ਲੀਡਰ ਸ੍ਰੀ ਐਲ ਕੇ ਅਡਵਾਨੀ ਅਤੇ ਸ੍ਰੀ ਗਡਕਰੀ ਇਸ ਰਿਸ਼ਵਤ ਕਾਂਢ ਨੂੰ ਪਾਰਟੀ ਦਾ ਨਹੀਂ ਸਗੋਂ ਸ੍ਰੀ ਬੰਗਾਰੂ ਦਾ ਨਿੱਜੀ ਮਾਮਲਾ ਕਹਿ ਰਹੇ ਹਨ।ਕਿਸੇ ਸਿਆਸੀ ਪਾਰਟੀ ਦੇ ਲੀਡਰ ਵਲੋਂ ਪਾਰਟੀ ਦੇ ਦਫਤਰ ਵਿਚ ਬੈਠਕੇ ਰਿਸ਼ਵਤ ਲੈਣੀ ਨਿੱਜੀ ਕਿਵੇਂ ਹੋ ਸਕਦੀ ਹੈ।ਹੁਣ ਸ੍ਰੀ ਬੰਗਾਰੂ ਨੂੰ ਕੋਰਟ ਨ ਸਜਾ ਵੀ ਕਰ ਦਿੱਤੀ ਹੈ। ਇਹ ਹੈ ਸਾਡੇ ਸਿਆਸੀ ਲੀਡਰਾਂ ਦਾ ਕਿਰਦਾਰ ।ਬੀ ਜੇ ਪੀ ਦੀ ਇੱਕ ਹੋਰ ਉਦਾਹਰਣ ਕਰਨਾਟਕਾ ਦੇ ਮੁੱਖ ਮੰਤਰੀ ਸ੍ਰੀ ਬੀ ਐਸ ਯੇਦੂਰੱਪਾ ਤੇ ਉਥੋਂ ਦੇ ਲੋਕਪਾਲ ਨੇ ਮਾਈਨਿੰਗ ਸਕੈਂਡਲ ਵਿਚ ਦੋਸ਼ੀ ਪਾ ਕੇ ਭਰਿਸ਼ਟਾਚਾਰ ਦਾ ਕੇਸ ਰਜਿਸਟਰ ਕਰਾਉਣ ਤੋਂ ਬਾਅਦ ਵੀ ਕੁਰਸੀ ਛੱਡਣ ਲਈ ਤਿਆਰ ਨਹੀਂ ਸੀ।ਭਰਿਸ਼ਟਾਚਾਰ ਨੂੰ ਸਿਆਸੀ ਵਿਅੱਕਤੀ ਮਾਣਤਾ ਦੇ ਰਹੇ ਹਨ, ਇਸ ਲਈ ਅਜੇ ਤੱਕ ਵੀ ਕਰਨਾਟਕ ਦੇ ਬਹੁਤੇ ਮੰਤਰੀ ਅਤੇ ਵਿਧਾਨਕਾਰ ਸ੍ਰੀ ਯੇਦੂਰੱਪਾ ਦਾ ਸਾਥ ਦੇ ਰਹੇ ਹਨ।ਇਸੇ ਤਰ੍ਹਾਂ ਸ੍ਰੀ ਪੀ ਵੀ ਨਰਸਿਮਹਾ ਰਾਓ ਦੀ ਸਰਕਾਰ ਬਚਾਉਣ ਲਈ ਕਾਂਗਰਸ ਪਾਰਟੀ ਨੇ ਸ੍ਰੀ ਸ਼ਿਬੂ ਸੋਰੇਨ ਦੀ ਝਾਰਖੰਡ ਮੁਕਤੀ ਮੋਰਚਾ ਪਾਰਟੀ ਦੇ ਲੋਕ ਸਭਾ ਮੈਂਬਰਾਂ ਨੂੰ ਰਿਸ਼ਵਤ ਦਿੱਤੀ ,ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾ ਉਹ ਰਿਸ਼ਵਤ ਦੀ ਰਕਮ ਆਪਣੇ ਬੈਂਕ ਦੇ ਖਾਤਿਆਂ ਵਿਚ ਹੀ ਜਮ੍ਹਾ ਕਰਵਾ ਦਿੱਤੀ ਜਿਵੇਂ ਇਹ ਰਿਸ਼ਵਤ ਕਾਨੂੰਨੀ ਜਾਇਜ ਹੁੰਦੀ ਹੋਵੇ।ਸ੍ਰੀ ਸੁਰਿੰਦਰ ਨਾਥ ਪੰਜਾਬ ਦੇ ਰਾਜਪਾਲ ਦੀ ਜਦੋਂ ਹਵਾਈ ਹਾਦਸੇ ਵਿੱਚ ਮੌਤ ਹੋ ਗਈ ਤਦੋਂ ਕਰੋੜਾਂ ਰੁਪਏ ਰਾਜ ਭਵਨ ਵਿਚੋਂ ਮਿਲੇ ਦੱਸੇ ਜਾਂਦੇ ਸਨ।ਏਸੇ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਖਿਲਾਫ ਭਰੋਸੇ ਦਾ ਵੋਟ ਪ੍ਰਾਪਤ ਕਰਨ ਲਈ ਸ੍ਰੀ ਅਮਰ ਸਿੰਘ ਰਾਹੀਂ ਬੀ ਜੇ ਪੀ ਦੇ ਲੋਕ ਸਭਾ ਮੈਂਬਰਾਂ ਨੂੰ ਰਿਸ਼ਵਤ ਦੇਣ ਦਾ ਵੀ ਕਾਫੀ ਰੌਲਾ ਰੱਪਾ ਪਿਆ ਸੀ।ਬੀ ਜੇ ਪੀ ਦੇ ਮਰਹੂਮ ਦੂਰ ਸੰਚਾਰ ਮੰਤਰੀ ਸ੍ਰੀ ਪ੍ਰਮੋਦ ਮਹਾਜਨ ਨੂੰ ਉਸਦੇ ਹੀ ਭਰਾ ਨੇ ਹੀ ਗੋਲੀ ਮਾਰਕੇ ਮਾਰ ਦਿੱਤਾ ਸੀ ਕਿਉਂਕਿ ਉਹ ਆਪ ਤਾਂ ਆਨੰਦ ਮਾਣ ਰਿਹਾ ਸੀ ਤੇ ਆਪਣੇ ਭਰਾ ਨੂੰ ਕੁਝ ਵੀ ਦੇਣ ਨੂੰ ਤਿਆਰ ਨਹੀਂ ਸੀ।ਟੂ ਜੀ ਸਪੈਕਟਰਮ ਘੁਟਾਲੇ ਦੀ ਤਾਜਾ ਮਿਸਾਲ ਤੁਹਾਡੇ ਸਾਹਮਣੇ ਹੈ ਜਿਸ ਵਿਚ ਸ੍ਰੀ ਏ ਰਾਜਾ ਸਾਬਕ ਦੂਰ ਸੰਚਾਰ ਮੰਤਰੀ, ਸ੍ਰੀ ਦਇਆ ਨਿਧੀ ਮਾਰਨ ,ਸਾਬਕ ਮੰਤਰੀ ਅਤੇ ਸ੍ਰੀਮਤੀ ਕਾਨੀਮੋਝੀ ਤਾਮਿਲਨਾਡੂ ਦੇ ਮੁੱਖ ਮੰਤਰੀ ਸ੍ਰੀ ਕਰੁਨਾਨਿਧੀ ਦੀ ਲੜਕੀ ਨੂੰ ਜੇਲ੍ਹ ਦੀ ਹਵਾ ਖਾਣੀ ਪਈ । ਬੀ ਜੇ ਪੀ ਦੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹਜਾਰਾਂ ਕਰੋੜ ਰੁਪਏ ਦੇ ਸਕੈਂਡਲਾਂ ਵਿਚ ਫਸੇ ਹੋਏ ਹਨ। ਸ੍ਰੀ ਨਟਵਰ ਸਿੰਘ ਸਾਬਕ ਵਿਦੇਸ਼ ਮੰਤਰੀ ਤੇਲ ਬਦਲੇ ਖੁਰਾਕ ਸਕੈਂਡਲ ਵਿਚ ਫਸ ਗਏ ਸਨ ਜਿਸ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ ।ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਵਿਲਾਸ ਰਾਓ ਦੇਸ਼ਮੁੱਖ ਆਦਰਸ਼ ਜਮੀਨ ਘੁਟਾਲੇ ਵਿਚ ਫਸ ਗਏ ਸਨ। ਸ੍ਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਚਾਰਾ ਘੁਟਾਲੇ ਵਿਚ ਫਸਣ ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।ਬੀ ਜੇ ਪੀ ਦੇ ਰੈਡੀ ਭਰਾ ਦੋਵੇਂ ਮੰਤਰੀ ਸਨ ਨੂੰ ਵੀ ਮਾਈਨਿੰਗ ਘੁਟਾਲੇ ਵਿਚ ਫਸਣ ਕਰਕੇ ਅਸਤੀਫੇ ਦੇਣੇ ਪਏ ਸਨ।ਬੀ ਜੇ ਪੀ ਦੇ ਹੀ ਐਮ ਐਲ ਏ ਅਤੇ ਮੰਤਰੀ ਵਿਧਾਨ ਸਭਾ ਵਿਚ ਇਤਰਾਜਯੋਗ ਫੋਟੋਆਂ ਆਪਣੇ ਮੋਬਾਈਲਾਂ ਵਿਚੋਂ ਵੇਖਦੇ ਕੈਮਰੇ ਨੇ ਪਕੜ ਲਏ ਸਨ।ਭਾਰਤ ਦਾ ਸਭ ਤੋਂ ਵੱਡਾ ਕਾਮਨਵੈਲਥ ਖੇਡਾਂ ਦਾ ਸਕੈਮ ਚਰਚਾ ਦਾ ਵਿਸ਼ਾ ਰਿਹਾ ਹੈ ਜਿਸ ਵਿਚ ਸ੍ਰੀ ਸੁਰੇਸ਼ ਕਲਮਾਡੀ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਗੂਗਲ ਰਾਹੀਂ ਇੰਟਰਨੈੱਟ ਤੋਂ ਪ੍ਰਾਪਤ ਕੀਤੀ ਸੂਚਨਾ ਅਨੁਸਾਰ ਭਾਰਤ ਦੇ ਦਸ ਚੋਟੀ ਦੇ ਘੋਟਾਲਿਆਂ ਵਿਚ ਫਸੇ ਵਿਅੱਕਤੀਆਂ ਵਿਚ ਕਰਮਵਾਰ ਸਰਵ ਸ੍ਰੀ ਸੁਰੇਸ਼ ਕਲਮਾਡੀ, ਏ ਰਾਜਾ, ਲਾਲੂ ਪ੍ਰਸ਼ਾਦ ਯਾਦਵ,ਮਾਇਆ ਵਤੀ,ਜੈ ਲਲਿਤਾ, ਮੁਲਾਇਮ ਸਿੰਘ ਯਾਦਵ ਤੇ ਅਮਰ ਸਿੰਘ,ਐਮ ਕਰੁਨਾਨਿਧੀ,ਬੀ ਐਸ ਯੇਦੀਰੱਪਾ,ਮਧੂ ਕੋਡਾ ਅਤੇ ਸ਼ਰਦ ਪਵਾਰ ਸ਼ਾਮਲ ਹਨ।ਹੁਣ ਤਾਜਾ ਮਿਸਾਲ ਹਮੇਸ਼ਾ ਚਰਚਾ ਵਿਚ ਰਹਿਣ ਵਾਲੀ ਅੰਨਾ ਟੀਮ ਦੇ ਬਹੁਚਰਚਿਤ ਮੈਬਰਾਂ ਅਰਵਿੰਦ ਕੇਜਰੀਵਾਲ ਅਤੇ ਸੁਪਰਕਾਪ ਰਹੀ ਕਿਰਨ ਬੇਦੀ ਨੇ ਇਕ ਹੋਰ ਦੋਸ਼ ਪੱਤਰ ਜਾਰੀ ਕੀਤਾ ਹੈ ,ਜਿਸ ਵਿੱਚ ਕੇਂਦਰੀ ਮੰਤਰੀ ਮੰਡਲ ਦੇ ਪਰਧਾਨ ਮੰਤਰੀ ਸਮੇਤ 15 ਮੰਤਰੀਆਂ ਤੇ ਭਰਿਸ਼ਟਾਚਾਰ ਦੇ ਦੋਸ਼ ਮੜ੍ਹ ਦਿੱਤੇ ਹਨ। ਉਹ ਹਨ ਸਰਵਸ੍ਰੀ ਮਨਮੋਹਨ ਸਿੰਘ ਕੋਲਾ ਬਲਾਕਾਂ ਦੀ ਵੰਡ ਦਾ ਘਪਲਾ,ਪੀ ਚਿਤੰਬਰਮ ਦੋ ਜੀ ਸਪੈਕਟਰਮ ਅਤ ਏਅਰਸੈਲ ਮੈਕਸਿਸ ਡੀਲ,ਪ੍ਰਣਾਬ ਮੁਕਰਜੀ ਸਕਾਰਪੀਅਨ ਡੀਲ,ਸ਼ਰਦ ਪਵਾਰ ਕਣਕ ਦਰਾਮਦ ,ਲਵਾਸਾ ਪ੍ਰਾਜੈਕਟ ,ਤੇਲਗੀ ਸਟੈਂਪ ਘਪਲਾ ਅਤੇ ਦਾਲ ਦਰਾਮਦ ਘਪਲਾ, ਐਸ ਐਮ ਕਰਿਸ਼ਨਾ ਕਰਨਾਟਕ ਦੇ ਮੁੱਖ ਮੰਤਰੀ ਦੇ ਤੌਰ ਤੇ ਨਿੱਜੀ ਖੁਦਾਈ ਕੰਪਨੀਆਂ ਨੂੰ ਅਣਉਚਿਤ ਲਾਭ ਪਹੁੰਚਾਉਣ ਦਾ ਦੋਸ਼, ਕਮਲ ਨਾਥ ਚੌਲ ਬਰਾਮਦ ਘਪਲਾ,ਪ੍ਰਫੁਲ ਪਟੇਲ ਏਅਰ ਇੰਡੀਆ ਤੇ ਇੰਡੀਅਨ ਏਅਰਲਾਈਨਜ ਦੇ ਰਲੇਵੇਂ ਵਿੱਚ ਘਪਲਾ,ਵਿਲਾਸ ਰਾਓ ਦੇਸਮੁੱਖ ਆਦਰਸ਼ ਹਾਉਸਿੰਗ ਸੋਸਾਇਟੀ ਘਪਲਾ,ਸੁਭਾਸ਼ ਘਈ ਨੂੰ ਜਮੀਨ ਦੇਣ ਦਾ ਮਾਮਲਾ,ਵੀਰ ਭੱਦਰ ਸਿੰਘ ਹਿਮਾਚਲ ਦੇ ਮੁੱਖ ਮੰਤਰੀ ਰਹਿੰਦਿਆਂ ਨਜਾਇਜ ਨਿਯੁਕਤੀਆਂ ਦਾ ਦੋਸ਼,ਕਪਿਲ ਸਿਬਲ ਰਿਲਾਇੰਸ ਟੈਲੀਕਾਮ ਤੇ ਲੱਗੇ ਜੁਰਮਾਨੇ ਨੂੰ ਘੱਟ ਕਰਨ ਦਾ ਦੋਸ਼,ਸਲਮਾਨ ਖੁਰਸ਼ੀਦ ਦੋ ਸਪੈਕਟਰਮ ਵਿਚ ਰਿਲਾਇੰਸ ਅਤੇ ਐਸਾਰ,ਨੂੰ ਬਚਾਉਣ ਦਾ ਦੋਸ਼। ਸਰਸਰੀ ਨਜਰ ਮਾਰਿਆਂ ਇਉਂ ਲਗਦਾ ਹੈ ਕਿ ਕੁਝ ਮੰਤਰੀਆਂ ਤੇ ਤਾਂ ਦੋਸ਼ ਬਿਨਾ ਵਜ੍ਹਾ ਹੀ ਲਗਾਏ ਗਏ ਹੀ ਲਗਦੇ ਹਨ ਕਿਉਂਕਿ ਡਾ ਮਨਮੋਹਨ ਸਿੰਘ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕੀਤੀ ਜਾ ਸਕਦੀ।ਉਸਦਾ ਆਪਣੇ ਮੰਤਰੀਆਂ ਤੇ ਕੰਟਰੋਲ ਢਿਲਾ ਕਿਹਾ ਜਾ ਸਕਦਾ ਹੈ।ਅੰਨਾ ਹਜਾਰੇ ਦੀ ਭਰਿਸ਼ਟਾਚਾਰ ਵਿਰੋਧੀ ਮੁਹਿੰਮ ਨੇ ਇਕ ਵਾਰ ਤਾਂ ਭਰਿਸਟ ਨਿਜਾਮ ਦੀਆਂ ਜੜਾਂ ਹਿਲਾ ਦਿੱਤੀਆਂ ਸਨ ਪ੍ਰੰਤੂ ਭਰਿਸ਼ਟ ਵਿਅੱਕਤੀਆਂ ਵਲੋਂ ਅੰਨਾ ਹਜਾਰੇ ਦੀ ਮੁਹਿੰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਲਈ ਲਾਮਵੰਦ ਤਰੀਕੇ ਨਾਲ ਮੁਹਿੰਮ ਚਲਾਈ ਗਈ ਜਿਸਦੇ ਸਿੱਟੇ ਵਜੋਂ ਅੰਨਾ ਹਜਾਰੇ ਦੀ ਟੀਮ ਵਿੱਚ ਤਰੇੜਾਂ ਪੈ ਗਈਆਂ।ਕੁਝ ਕੁ ਮੈਬਰ ਟੀਮ ਦਾ ਸਾਥ ਛੱਡ ਗਏ ਤੇ ਕੁਝ ਕੁ ਖੁਦਗਰਜ ਵਿਅੱਕਤੀ ਵੀ ਇਸ ਟੀਮ ਵਿੱਚ ਸ਼ਾਮਲ ਹੋ ਗਏ ਜਿਸਦੇ ਸਿੱਟੇ ਵਜੋਂ ਇਸ ਟੀਮ ਦਾ ਗਰਾਫ ਨੀਚੇ ਡਿਗਣਾ ਸ਼ੁਰੂ ਹੋ ਗਿਆ। ਅਸਲ ਵਿਚ ਅੰਨਾ ਹਜਾਰੇ ਦੇ ਘੱਟ ਪੜ੍ਹੇ ਲਿਖੇ ਹੋਣ ਕਰਕੇ ਉਸਨੂੰ ਆਪਣੀ ਟੀਮ ਦੇ ਕੁਝ ਕੁ ਮੈਂਬਰਾਂ ਦੇ ਵਿਸ਼ਵਾਸ ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਇਸੇ ਕਰਕੇ ਕੁਝ ਮੈਂਬਰ ਆਪਣੀ ਮਨਮਰਜੀ ਕਰਕੇ ਅੰਨਾ ਹਜਾਰੇ ਦੀ ਮੁਹਿੰਮ ਨੂੰ ਨਿੱਜੀ ਕਿੜਾਂ ਕੱਢਣ ਲਈ ਵਰਤ ਰਹੇ ਹਨ। ਇਸ ਕਰਕੇ ਹੀ ਡਾ ਮਨਮੋਹਨ ਸਿੰਘ ਵਰਗੇ ਦੁਨੀਆਂ ਵਿਚ ਇਮਾਨਦਾਰ ਵਿਅੱਕਤੀ ਦੇ ਤੌਰ ਤੇ ਮੰਨੇ ਜਾਣ ਵਾਲੇ ਵਿਅੱਕਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਪਰੋਕਤ ਤੱਥਾਂ ਤੋਂ ਸਪਸ਼ਟ ਹੈ ਕਿ ਭਾਰਤ ਦੇ ਸਿਆਸਤਦਾਨਾ ਵਿਚੋਂ ਬਹੁਤੇ ਸਿਆਸਤਦਾਨ ਭਰਿਸ਼ਟਾਚਾਰ ਦੇ ਰੰਗ ਵਿਚ ਰੰਗੇ ਜਾ ਚੁੱਕੇ ਹਨ। ਉਹਨਾ ਦੇ ਕਿਰਦਾਰ ਤੇ ਇਖਲਾਕ ਵਿੱਚ ਗਿਰਾਵਟ ਜਾਰੀ ਹੈ। ਉਹਨਾ ਨੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਰਹਿਣ ਸਹਿਣ ,ਖਾਣ ਪੀਣ ਅਤੇ ਪਹਿਨਣ ਦਾ ਦਰਜਾ ਏਨਾ ਵਧਾ ਲਿਆ ਹੈ ਕਿ ਸਹੀ ਰਸਤਿਆਂ ਤੇ ਚਲਕੇ ਉਹਨਾ ਦਾ ਨਿਰਬਾਹ ਹੋਣਾਂ ਅਸੰਭਵ ਹੈ। ਇਸ ਲਈ ਉਹ ਹਰ ਹੀਲਾ ਵਰਤਕੇ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਵਿਚ ਹੀ ਰੁੱਝੇ ਰਹਿੰਦੇ ਹਨ। ਫਿਰ ਅਜਿਹੇ ਨੇਤਾਵਾਂ ਤੋਂ ਲੋਕਾਂ ਨੂੰ ਇਨਸਾਫ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਜੇਕਰ ਭਰਿਸ਼ਟ ਨੇਤਾਵਾਂ ਤੇ ਲਗਾਮ ਨਾ ਪਾਈ ਗਈ ਤਾਂ ਭਾਰਤ ਦਾ ਭਵਿਖ ਧੁੰਧਲਾ ਹੋਵੇਗਾ । ਇਸਦਾ ਇੱਕੋ ਇੱਕ ਹਲ ਪਰਜਾਤੰਤਰ ਵਿਚ ਵੋਟ ਦਾ ਅਧਿਕਾਰ ਹੈ, ਇਸ ਲਈ ਭਾਰਤ ਦੇ ਵੋਟਰਾਂ ਨੂੰ ਜਾਗਰੂਕ ਹੋ ਕੇ ਇਮਾਨਦਾਰ ਸਿਆਸਤਦਾਨਾ ਨੂੰ ਅੱਗੇ ਲਿਆਉਣਾ ਹੋਵੇਗਾ, ਇਸ ਮੰਤਵ ਲਈ ਵੋਟਰਾਂ ਦਾ ਪੜ੍ਹਿਆ ਲਿਖਿਆ ਹੋਣਾ ਜਰੂਰੀ ਹੈ।ਲੋਕ ਪਾਲ ਪਿਛਲੇ 30 ਸਾਲਾਂ ਤੋਂ ਏਸੇ ਕਰਕੇ ਲਟਕ ਰਿਹਾ ਹੈ ਕਿਉਂਕਿ ਸਾਰੇ ਸਿਆਸਤਦਾਨ ਆਪਣੇ ਕੀਤੇ ਭਰਿਸ਼ਟਾਚਾਰ ਦੇ ਕੰਮਾਂ ਤੋਂ ਡਰਦੇ ਇਸਨੂੰ ਪਾਸ ਹੀ ਨਹੀ ਹੋਣ ਦਿੰਦੇ।ਸੰਵਿਧਾਨ ਵਿੱਚ ਸੋਧ ਕਰਕੇ ਜਿੰਨੀ ਦੇਰ ਚੁਣੇ ਹੋਏ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਕਾਨੂੰਨ ਨਹੀਂ ਬਣਦਾ ਉਤਨੀ ਦੇਰ ਭਰਿਸ਼ਟਾਚਾਰ ਖਤਮ ਕਰਨਾ ਅਸੰਭਵ ਜਾਪਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>