‘ਗਾਡ ਪਾਰਟੀਕਲ’ ਸਦੀ ਦੀ ਸੱਭ ਤੋਂ ਵੱਡੀ ਖੋਜ

ਜਨੇਵਾ-  ਜਨੇਵਾ ਦੇ ਵਿਗਿਆਨਿਕਾਂ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪ੍ਰਯੋਗ ਦੌਰਾਨ ਕੁਝ ਨਵੇਂ ਕਣ ਲੱਭੇ ਹਨ, ਜਿਨ੍ਹਾਂ ਦੇ ਕਈ ਗੁਣ ਹਿਗਸ ਬੋਸੋਨ ਨਾਲ ਮਿਲਦੇ ਹਨ।ਉਨ੍ਹਾਂ ਨੇ ਦਸਿਆ ਕਿ ਵਿਗਿਆਨਿਕ ਨਵੇਂ ਕਣਾਂ ਦਾ ਅਧਿਅਨ ਕਰਨ ਵਿੱਚ ਲਗੇ ਹੋਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਨਵੇਂ ਕਣਾਂ ਦੇ ਕੁਝ ਗੁਣ ਹਿਗਸ ਬੋਸੋਨ ਥਿਊਰੀ ਨਾਲ ਮੇਲ ਨਹੀਂ ਖਾਂਦੇ। ਫਿਰ ਵੀ ਇਸ ਨੂੰ ਬ੍ਰਹਿਮੰਡ ਦੇ ਭੇਦ ਖੋਲ੍ਹਣ ਦੀ ਦਿਸ਼ਾ ਵਿੱਚ ਅਹਿਮ  ਸਫਲਤਾ ਮੰਨਿਆ ਜਾ ਰਿਹਾ ਹੈ।

ਏਟਲਸ ਐਕਸਪੈਰੀਮੈਂਟ ਪਰੋਜੈਕਟ ਤੇ ਕੰਮ ਕਰ ਰਹੇ ਬ੍ਰਿਟਿਸ਼ ਭੌਤਿਕਸ਼ਾਸਤਰੀ ਬਰਾਇਨ ਵਾਕਸ ਅਨੁਸਾਰ ਸੀਐਮਐਸ ਨੇ ਇੱਕ ਨਵੇਂ ਬੋਸੋਨ ਦੀ ਖੋਜ ਕੀਤੀ ਹੈ ਜੋ ਕਿ ਸਟੈਂਡਰਡ ਹਿਗਸ ਬੋਸੋਨ ਵਰਗਾ ਹੀ ਹੈ। ਬੋਸੋਨ ਪਰਮਾਣੂੰ ਵਿੱਚ ਹੁਣ ਤੱਕ ਦੇ ਸੱਭ ਤੋਂ ਛੋਟੇ ਕਣ ਹਨ ਜਿਨ੍ਹਾਂ ਬਾਰੇ ਜਾਣਕਾਰੀ ਹੈ।ਪਰਮਾਣੂੰ ਦੁਆਰਾ ਨਿਊਕਲੀਅਰ ਦੇ ਅੰਦਰ ਪ੍ਰੋਟਾਨ ਤੱਕ ਪਹੁੰਚ ਕੇ ਵੀ ਵਿਗਿਆਨਿਕ ਦੁਨੀਆਂ ਦੀ ਸਿਰਜਣਾ ਦੇ ਭੇਦ ਤੱਕ ਨਹੀਂ ਸਨ ਪਹੁੰਚ ਸਕੇ। ਇਸ ਤੋਂ ਬਾਅਦ ਪ੍ਰੋਟਾਨ ਦੀ ਬਣਤਰ ਨੂੰ ਸਮਝਣ ਦੀ ਪ੍ਰਕਿਰਿਆ ਵਿੱਚ ਇੱਕ ਖਾਸ ਕਣ ਦਾ ਅਹਿਸਾਸ ਹੋਇਆ ਜਿਸ ਨੂੰ ਬੋਸੋਨ ਦਾ ਨਾਂ ਦਿੱਤਾ ਗਿਆ। ਇਹ ਨਾਂ ਭਾਰਤੀ ਵਿਗਿਆਨਿਕ ਸਾਤੇਂਦਰ ਨਾਥ ਬੋਸ ਦੇ ਨਾਂ ਤੇ ਰੱਖਿਆ ਗਿਆ ਜੋ ਆਈਨਸਟਾਈਨ ਦੇ ਸਮਕਾਲੀ ਸਨ।

1965 ਵਿੱਚ ਪੀਟਰ ਹਿਗਸ ਨੇ ਹਿਗਸ ਬੋਸੋਨ ਜਾਂ ਗਾਡ ਪਾਰਟੀਕਲ ਦਾ ਆਈਡੀਆ ਪੇਸ਼ ਕੀਤਾ। ਉਨਹਾਂ ਅਨੁਸਾਰ ਹਿਗਸ ਬੋਸੋਨ ਅਜਿਹਾ ਮੂਲ ਕਣ ਸੀ,ਜਿਸਦਾ ਇੱਕ ਫੀਲਡ ਸੀ, ਜੋ ਯੂਨੀਵਰਸ ਵਿੱਚ ਹਰ ਜਗ੍ਹਾ ਮੌਜੂਦ ਸੀ। ਜਦੋਂ ਕੋਈ ਦੂਸਰਾ ਕਣ ਇਸ ਫੀਲਡ ਵਿੱਚੋਂ ਗੁਜ਼ਰਦਾ ਤਾਂ ਰੈਜ਼ੀਸਟੈਂਸ ਜਾਂ ਰੁਕਾਵਟ ਦਾ ਸਾਹਮਣਾ ਕਰਦਾ, ਜਿਸ ਤਰ੍ਹਾਂ ਕੋਈ ਵੀ ਚੀਜ਼ ਪਾਣੀ ਜਾਂ ਹਵਾ ਤੋਂ ਗੁਜ਼ਰਦੇ ਹੋਏ ਕਰਦੀ ਹੈ।ਸਟੈਂਡਰਡ ਮਾਡਲ ਹਿਗਸ ਬੋਸੋਨ ਨਾਲ ਮਜ਼ਬੂਤ ਹੋ ਜਾਂਦਾ ਸੀ,ਪਰ ੳਸ ਦੇ ਹੋਣ ਦਾ ਐਕਸਪੈਰੀਮੈਂਟਲ ਸਬੂਤ ਚਾਹੀਦਾ ਸੀ।

ਸਰਨ ਦੇ ਤਾਜ਼ਾ ਪ੍ਰਯੋਗਾਂ ਦੁਆਰਾ ਸਾਇੰਸਦਾਨਾਂ ਨੇ ਇਸ ਕਣ ਨੂੰ ਲੱਭਿਆ ਹੈ।ਇਸ ਨੂੰ ਸਦੀ ਦੀ ਸੱਭ ਤੋਂ ਵੱਡੀ ਖੋਜ ਕਿਹਾ ਜਾ ਰਿਹਾ ਹੈ।ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਕਣਾਂ ਦੇ ਵਿਸ਼ਲੇਸ਼ਣ ਦੁਆਰਾ ਵਿਗਿਆਨਿਕ ਸਰਿਸ਼ਟੀ ਦੀ ਪਹੇਲੀ ਨੂੰ ਹੱਲ ਕਰ ਲੈਣਗੇ।

ਸਰਨ ਦੀ ਖੋਜ ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਗਿਆਨਿਕ ਪੀਟਰ ਹਿਗਸ ਨੇ ਕਿਹਾ ਹੈ, ‘ ਸਰਨ ਦੇ ਵਿਗਿਆਨਿਕ ਅੱਜ ਦੇ ਨਤੀਜਿਆਂ ਲਈ ਵਧਾਈ ਦੇ ਪਾਤਰ ਹਨ। ਇਥੋਂ ਤੱਕ ਪਹੁੰਚਣ ਲਈ ਲਾਰਜ ਹੇਡਰਾਨ ਕੋਲਾਈਡਰ ਅਤੇ ਹੋਰ ਪ੍ਰਯੋਗਾਂ ਦੇ ਯਤਨਾਂ ਦਾ ਹੀ ਨਤੀਜਾ ਹੈ।ਮੈਂ ਯਤਨਾਂ ਦੀ ਰਫ਼ਤਾਰ ਵੇਖ ਕੇ ਹੈਰਾਨ ਹਾਂ। ਖੋਜ ਦੀ ਰਫ਼ਤਾਰ ਖੋਜਕਰਤਾਵਾਂ ਦੀ ਵਿਸ਼ੇਸ਼ਤਾ ਅਤੇ ਮੌਜੂਦਾ ਤਕਨੀਕ ਦੀ ਕੁਸ਼ਲਤਾ ਦਾ ਪਰਮਾਣ ਹੈ। ਮੈਂ ਕਦੇ ਵੀ ਇਹ ਨਹੀਂ ਸੀ ਸੋਚਿਆ ਕਿ ਮੇਰੇ ਜੀਵਨਕਾਲ ਵਿੱਚ ਹੀ ਅਜਿਹਾ ਹੋਵੇਗਾ।’

ਯੌਰਪੀ ਆਰਗੇਨਾਈਜੇਸ਼ਨ ਫਾਰ ਨਿਊਕਲੀਅਰ ਰੀਸਰਚ (ਸਰਨ) ਦੇ ਜਨੇਵਾ ਦੇ ਕੋਲ ਸਥਿਤ ਫਜਿ਼ਕਸ ਰੀਸਰਚ ਸੈਂਟਰ ਦੇ ਸਾਇੰਸਦਾਨਾਂ ਨੇ ਦਸਿਆ ਕਿ ਗਾਡ ਪਾਰਟੀਕਲ ਦਾ ਪਤਾ ਉਸ ਸਮੇਂ ਲਗਿਆ ਜਦੋਂ ਏਟਲਸ ਅਤੇ ਸੀਐਮਐਸ ਪ੍ਰਯੋਗਾਂ ਨਾਲ ਜੁੜੇ ਸਾਇੰਸਦਾਨਾਂ ਨੇ ਲਾਰਜ ਹੈਡਰੋਨ ਕਾਲਾਈਡਰ ਨੂੰ ਤੇਜ਼ ਸਪੀਡ ਨਾਲ ਚਲਾ ਕੇ ਕਈ ਕਣਾਂ ਨੂੰ ਆਪਸ ਵਿੱਚ ਟਕਰਾਇਆ। ਇਸ ਦੌਰਾਨ ਬੋਸੋਨ ਦੇ ਚਮਕਦੇ ਹੋਏ ਅੰਸ਼ ਸਾਹਮਣੇ ਆਏ, ਪਰ ਉਨ੍ਹਾਂ ਨੂੰ ਪਕੜਨਾ ਮੁਮਕਿਨ ਨਹੀਂ ਸੀ।ਸੀਐਮਐਸ ਨਾਲ ਜੁੜੇ ਇੱਕ ਵਿਗਿਆਨਿਕ ਦਾ ਕਹਿਣਾ ਹੈ ਕਿ ਇਹ ਦੋਵੇਂ ਹੀ ਪ੍ਰਯੋਗ ਇੱਕ ਹੀ ਮਾਸ ਲੈਵਲ ਤੇ ਗਾਡ ਪਾਰਟੀਕਲ ਦੇ ਵਜੂਦ ਦਾ ਸੰਕੇਤ ਦੇ ਰਹੇ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>