ਸਾਕਾ ਨੀਲਾ ਤਾਰਾ ਦੇ “ਸ਼ਹੀਦਾਂ” ਦੀ ਯਾਦਗਾਰ

ਆਖ਼ਰ 28 ਸਾਲ ਬਾਅਦ ਇਸ ਛੇ ਜੂਨ ਨੂੰ ਸਾਕਾ ਨੀਲਾ ਤਾਰਾ ਦੇ “ਸ਼ਹੀਦਾਂ” ਦੀ ਯਾਦਗਾਰ ਦਾ ਨੀਂਹ-ਪੱਥਰ ਸ੍ਰੀ ਅਕਾਲ ਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਰਖ ਦਿਤਾ ਗਿਆ। ਇਸ ਤੋਂ ਪਹਿਲਾਂ 20 ਮਈ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਯਾਦਗਾਰ ਵਾਲੀ ਥਾਂ “ਟੱਕ” ਲਗਾ ਕੇ ‘ਕਾਰ ਸੇਵਾ’  ਆਰੰਭ ਕੀਤੀ ਗਈ ਸੀ। ਇਸ ਸ਼ਹੀਦੀ ਯਾਦਗਾਰ ਦੀ ਉਸਾਰੀ ਦੀ ‘ਕਾਰ ਸੇਵਾ’ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਸੌਂਪੀ ਗਈ ਹੈ।

ਵੈਸੇ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ 27 ਮਈ 2005 ਨੂੰ ਆਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਪਿਛੋਂ  ਇਸ ਯਾਦਗਾਰ ਦਾ ਨੀਂਹ-ਪੱਥਰ ਰਖਣ ਲਈ ਉਸੇ 6 ਜੂਨ ਦੀ ਤਾਰੀਖ ਦਾ ਐਲਾਨ ਕੀਤਾ ਗਿਆ ਸੀ, ਪਰ ਸਿਆਸੀ ਦਬਾਅ ਕਾਰਨ ਅਜੇਹਾ ਨਾ ਕੀਤਾ ਗਿਆ। ਸੱਤਾ ਵਿਚ ਆਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਭਾਜਪਾ ਅਤੇ ਹਿੰਦੂ ਵੋਟਾਂ ਦੀ ਲੋੜ ਹੈ, ਇਸ ਲਈ ਨੀਂਹ-ਪੱਥਰ ਰਖਣ ਬਾਰੇ ਟਾਲ ਮਟੋਲ ਹੁੰਦੀ ਰਹੀ। ਸ਼੍ਰੋਮਣੀ ਕਮੇਟੀ ਉਤੇ ਸੱਤਾਧਾਰੀ ਅਕਾਲੀ ਦਲ ਦਾ ਕਬਜ਼ਾ ਹੈ ਅਤੇ ਇਥੇ ਬਾਦਲਾਂ ਦੀ ਸਹਿਮਤੀ ਬਿਨਾ ਇਕ ਪੱਤਾ ਵੀ ਹਿੱਲ ਨਹੀਂ ਸਕਦਾ। ਹੁਣ ਵੀ ਕਈ ਪੰਥਕ ਜੱਥੇਬੰਦੀਆਂ ਦੇ ਭਾਰੀ ਦਬਾਅ ਕਾਰਨ ਇਹ ਇਤਿਹਾਸਿਕ ਕਾਰਜ ਆਰੰਭ ਕੀਤਾ ਗਿਆ ਹੈ।

ਇਸ ਯਾਦਗਾਰ ਲਈ 30 ਫੁੱਟ ਲੰਬੀ 30  ਫੁੱਟ ਚੌੜੀ ਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖੱਬੇ ਪਾਸੇ  ਥੜਾ ਸਾਹਿਬ ਦੇ ਲਾਗੇ ਰਖੀ ਗਈ ਹੈ। ਅੱਠ-ਨੁੱਕਰੀ ਇਸ ਤਿੰਨ ਮੰਜ਼ਲਾ ਇਮਾਰਤ, ਜੋ ਮੁਖ ਰੂਪ ਵਿਚ ਇਕ ਗੁਰਦੁਆਰਾ ਹੋਏਗਾ, ਦਾ ਨਕਸ਼ਾ ਸ.ਇੰਦਰਬੀਰ ਸਿੰਘ ਵਾਲੀਆ ਆਰਕੀਟੈਕਟ ਨੇ ਤਿਆਰ ਕੀਤਾ ਹੈ। ਇਸ ਯਾਦਗਾਰ ਦੀ ਉਸਾਰੀ ਦਾ ਕਾਰਜ ਅਗਲੇ ਡੇਢ ਕੁ ਸਾਲ ਵਿਚ ਮੁਕੰਮਲ ਕੀਤੇ ਜਾਣ ਦੀ ਸੰਭਾਵਨਾ ਹੈ।

ਸਮੁਚੇ ਤੌਰ ‘ਤੇ ਦੇਸ਼ ਵਿਦੇਸ਼ ਵਸਦੇ ਸਿੱਖਾਂ ਦੀ ਬਹੁ-ਗਿਣਤੀ ਨੇ ਯਾਦਗਾਰ ਸਥਾਪਤ ਕਰਨ ਦੇ ਫੈਸਲੇ ਦਾ ਭਰਵਾਂ ਸਵਗਤ ਕੀਤਾ ਹੈ ਅਤੇ “ਦੇਰ ਆਇਦ ਦਰੁਸਤ ਆਇਦ” ਦੀ ਅਖਾਣ ਅਨੁਸਾਰ “ਸਹੀ ਕਦਮ” ਕਰਾਰ ਦਿਤਾ ਹੈ ਅਤੇ ਉਨ੍ਹਾਂ ਅਨੁਸਾਰ ਉਨ੍ਹਾ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਇਹ ਮੰਗ ਪੂਰੀ ਹੋਈ ਹੈ ਜੋ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਭਾਵੇਂ ਕੁਝ ਸਿੱਖ ਜੱਥੇਬੰਦੀਆਂ ਵਲੋਂ ਕੁਝ ਵਿਰੋਧੀ ਸੁਰਾਂ ਵੀ ਅਲਾਪੀਆਂ ਜਾ ਰਹੀਆਂ ਹਨ, ਪਰ ਆਮ ਸਿੱਖ ਖੁਸ਼ ਹਨ ਅਤੇ ਇਤਰਾਜ਼ ਕਰਨ ਵਾਲਿਆਂ ਦੀ ਨੁਕਤਾਚੀਨੀ ਕਰ ਰਹੇ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਜੂਨ 1984 ਵਿਚ ਇਸ ਫੌਜੀ ਹਮਲੇ ਦੇ ਰੋਸ ਵਜੋਂ ਆਪਣੀ ਲੋਕ ਸਭਾ ਸੀਟ ਅਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿਤਾ ਸੀ, ਨੇ ਇਸ ਯਾਦਗਾਰ ਦੀ ਵਿਰੋਧਤਾ ਕਰਦਿਆ ਕਿਹਾ ਹੈ ਕਿ ਬੜੀ ਮੁਸ਼ਕਲ ਨਾਲ ਪੰਜਾਬ ਵਿਚ ਸ਼ਾਂਤੀ ਬਹਾਲ ਹੋਈ ਹੈ, ਇਸ ਨਾਲ ਫਿਰ ਪੰਜਾਬ ਦੇ ਹਾਲਾਤ ਵਿਗੜਣ ਦਾ ਖਦਸ਼ਾ ਹੈ।ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਦਲ ਦੇ ਨੇਤਾ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਵਿਚ ਕਾਂਗਰਸੀ ਵਿਧਾਇਕਾਂ ਦਾ ਇਕ ਵਫ਼ਦ ਰਾਜ ਭਾਵਨ ਜਾ ਕੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਨੂੰ ਮਿਲਿਆ ਤੇ ਇਸ ਯਾਦਗਾਰ ਉਤੇ ਇਤਰਾਜ਼ ਕਰਦਿਆਂ ਇਕ ਮੈਮੋਰੈਂਡਮ ਦਿਤਾ।ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਯਾਦਗਾਰ ਦੇ ਉਸਾਰੇ ਜਾਣ ਨਾਲ ਪੰਜਾਬ ਦੀ ਅਮਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੂੰ ਖਤਰਾ ਪੈਦਾ ਹੋ ਸਕਦਾ ਹੈ ਤੇ ਫਿਰ ਪਹਿਲਾਂ ਵਾਂਗ ਹਾਲਾਤ ਵਿਗੜ ਸਕਦੇ ਹਨ।ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ  ਮਰਹੂਮ ਮੁਖ ਮੰਤਰੀ ਸ.ਬੇਅੰਤ ਸਿੰਘ ਦੀ ਹੱਤਿਆ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ “ਜ਼ਿੰਦਾ ਸ਼ਹੀਦ” ਦਾ ਖਿਤਾਬ ਦੇ ਕੇ ਸਨਮਾਨ ਕਰਨ ਉਤੇ ਵੀ ਸਖ਼ਤ ਇਤਰਾਜ਼ ਕੀਤਾ ਅਤੇ ਰਾਜਪਾਲ ਨੂੰ ਬੇਨਤੀ ਕੀਤੀ ਕਿ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੁਛਣ ਕਿ ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਕਿਉਂ ਕਰ ਰਹੀ ਹੈ।ਸ੍ਰੀ ਜਾਖੜ ਨੇ ਅਜੇਹਾ ਹੀ ਇਕ ਮੈਮੋਰੈਂਡਮ ਕੇਂਦਰੀ ਗ੍ਰੀਹ ਮੰਤਰੀ ਸ੍ਰੀ ਪੀ. ਚਿੰਦੰਬਰਮ ਨੂੰ ਦਿਤਾ ਹੈ ਤੇ ਦੋਸ਼ ਲਗਾਇਆ ਹੈ ਕਿ ਹਾਕਮ ਅਕਾਲੀ ਦਲ ਇਸ ਸਾਰੇ ਕਾਰਜ ਵਿਚ ਸਾਜ਼ ਬਾਜ਼ ਕਰ ਰਿਹਾ ਹੈ। ਸ੍ਰੀ ਜਾਖਰ ਨੇ ਸ੍ਰੀ ਚਿਦੰਬਰਮ ਨੂੰ ਨਿੱਜੀ ਤੌਰ ‘ਤੇ ਪੰਜਾਬ ਦੀ ਸਥਿਤੀ ‘ਤੇ ਨਜ਼ਰ ਰਖਣ ਲਈ ਕਿਹਾ ਹੈ।ਸ੍ਰੀ ਜਾਖੜ ਤੇ ਹੋਰ ਕਾਂਗਰਸੀ ਮੈਂਬਰਾਂ ਨੇ ਇਹ ਮਾਮਲਾ ਜੂਨ ਦੇ ਤੀਸਰੇ ਹਫਤੇ ਪੰਜਾਬ ਵਿਧਾਨ ਸਭਾ ਵਿਚ ਵੀ ਉਠਾਇਆ,ਜਿਸ ‘ਤੇ ਕਾਫੀ ਸ਼ੋਰ ਸ਼ਰਾਬਾ ਹੋਇਆ। ਭਾਜਪਾ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਕਿਹਾ ਉਨ੍ਹਾਂ ਦੀ ਪਾਰਟੀ ਅਤਿਵਾਦ ਦਾ ਵਿਰੋਧ ਕਰਦੀ ਹੈ ਤੇ ਕੋਈ ਕਾਤਲ ਸ਼ਹੀਦ ਨਹੀਂ ਹੋ ਸਕਦਾ।ਸ੍ਰੀ ਬਾਦਲ ਨੇ ਜਵਾਬ ਦਿਤਾ ਕਿ ਉਹ ਪੰਜਾਬ ਵਿਚ ਅਮਨ ਕਾਨੂੰਨ ਤੇ ਸ਼ਾਂਤੀ ਹਰ ਕੀਮਤ ਤੇ ਕਾਇਮ ਰਖਣਗੇ।

ਅਕਾਲੀ ਦਲ ਦੀ ਭਾਈਵਾਲ ਭਾਜਪਾ ਨੇ ਵੀ ਸ਼ਹੀਦੀ ਯਾਦਗਾਰ ਦੇ ਉਸਾਰੇ ਜਾਣ ਅਤੇ ਭਾਈ ਰਾਜੋਆਣਾ ਨੂੰ ‘ਜ਼ਿੰਦਾ ਸ਼ਹੀਦ’ ਦਾ ਖਿਤਾਬ ਦਿਤੇ ਜਾਣ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਪੰਜਾਬ ਭਾਜਪਾ ਮਾਮਲਿਆ ਦੇ ਸਾਬਕਾ ਇੰਚਾਰਜ ਤੇ ਸਾਂਸਦ ਸ੍ਰੀ ਬਲਬੀਰ ਪੰਜ ਨੇ ਇਸ ਉਤੇ ਅਪਣੀ ਪਾਰਟੀ ਦੀ ਅਸਹਿਮਤੀ ਤੇ ਨਾਰਜ਼ਗੀ    ਪ੍ਰਗਟ ਕੀਤੀ ਹੈ। ਭਾਜਪਾ ਜਨਰਲ ਸਕਤਰ ਸ੍ਰੀ ਕਮਲ ਸ਼ਰਮਾ, ਜੋ ਹੁਣ ਮੁਖ ਮੰਤਰੀ ਸ੍ਰੀ ਬਾਦਲ ਦੇ ਸਿਆਸੀ ਸਲਾਹਕਾਰ ਨਿਯੁਕਤ ਕੀਤੇ ਗਏ ਹਨ, ਨੇ ਕਿਹਾ ਕਿ ਸ੍ਰੀ ਬਾਦਲ ਨੂੰ ਇਹ ਯਾਦਗਾਰ ਬਣਾਉਣ ਤੋਂ ਸ਼੍ਰੋਮਣੀ ਕਮੇਟੀ ਨੂੰ ਰੋਕਨਾ ਚਾਹੀਦਾ ਸੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਜੇ.ਪੀ.ਨੱਢਾ ਨੇ ਵੀ ਇਸ ‘ਤੇ ਇਤਰਾਜ਼ ਕੀਤਾ ਹੈ।ਨਾਮਵਰ ਕਾਲਮ ਨਵੀਸ ਕੁਲਦੀਪ ਨਈਅਰ ਨੇ ਵੀ ਇਸ ਯਾਦਗਾਰ ‘ਤੇ ਅਸਹਿਮਤੀ ਪ੍ਰਗਟ ਕੀਤੀ ਹੈ। ਯੋਗ ਗੁਰੂ ਬਾਬਾ ਰਾਮਦੇਵ ਨੇ ਯਾਦਗਾਰ ਦਾ ਸਮਰਥਨ ਕੀਤਾ ਹੈ।

ਕਾਂਗਰਸ ਤੇ ਭਾਜਪਾ ਹੀ ਨਹੀਂ, ਸਗੋਂ ਕਈ ਸਿੱਖ ਜੱਥੇਬੰਦੀਆਂ ਨੇ ਵੀ ਯਾਦਗਾਰ ਬਾਰੇ ਕਿੰਤੂ ਪ੍ਰੰਤੂ ਕੀਤਾ ਹੈ ਵਿਸ਼ੇਸ਼ ਕਰ ਬਾਬਾ ਹਰਨਾਮ ਸਿੰਘ ਧੁੰਮਾ ਉਤੇ ਨਾਨਕਸ਼ਾਹੀ ਕੈਲੰਡਰ ਦਾ ਘਾਣ ਕਰਨ ਦਾ ਦੋਸ਼ ਲਗਾਉਂਦਿਆ, ਨੂੰ ‘ਕਾਰ ਸੇਵਾ’ ਦੇਣ ਬਾਰੇ ਇਤਰਾਜ਼ ਕੀਤਾ ਹੈ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਯਾਦਗਾਰ ਦੀ ‘ਕਾਰ ਸੇਵਾ’ ਦਮਦਮੀ ਟਕਸਾਲ ਨੂੰ ਦੇਣ ਦਾ ਇਹ ਕਹਿ ਕੇ ਵਿਰੋਧ ਕੀਤਾ ਹੈ ਕਿ ਬਾਬਾ ਹਰਨਾਮ ਸਿੰਘ ਧੁੰਮਾ ਬਾਦਲ ਦਲ, ਭਾਜਪਾ ਤੇ ਆਰ.ਐਸ.ਐਸ. ਦਾ ਪਿਠੂ ਬਣ ਗਿਆ ਹੈ।ਕਈ  ਸਿੱਖ ਜੱਥੇਬੰਦੀਆਂ ਗੁਰਦੁਆਰੇ ਦੀ ਥਾਂ ਹੋਰ ਢੁਕਵੀ ਯਾਦਗਾਰ ਬਣਾਉਣ ਦੀ ਗਲ ਕਰ ਰਹੀਆਂ ਹਨ। ਮੁਹਾਲੀ ਤੋਂ ਛਪਣ ਵਾਲੇ ਇਕ ਅਖ਼ਬਾਰ ਵਲੋਂ ਗੁਰਦੁਆਰਾ ਬਣਾਉਣ ਦਾ ਇਹ ਕਹਿ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਯਹੂਦੀਆਂ ਨੇ ਆਪਣੇ ਉਤੇ ਹੋਏ ਜ਼ੁਲਮ ਤਸ਼ੱਦਦ ਤੇ ਨਸਲਕੁਸ਼ੀ ਦੀ ਯਾਦਗਾਰ ਇਕ ਧਾਰਮਿਕ ਅਸਥਾਨ ਵਜੋਂ ਨਹੀਂ ਬਣਾਈ।

ਅਨੇਕਾਂ ਹਿੰਦੀ ਟੀ.ਵੀ. ਸਮਾਚਾਰ ਚੈਨਲਾਂ ਨੇ ਯਾਦਗਾਰ ਬਾਰ ਅਪਣੇ ਵਿਸ਼ੇਸ਼ ਪ੍ਰੋਗਰਾਮਾਂ ਵਿਚ ਇਸ ਬਾਰੇ ਵੱਖ ਵੱਖ ਪਾਰਟੀਆਂ ਦੇ ਲੀਡਰ ਬੁਲਾ ਕੇ ਚਰਚਾ ਕਰਵਾਈ ਹੈ, ਉਨ੍ਹਾਂ ਵਿਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਪਾਵਨ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਕਿਲ੍ਹੇਬੰਦੀ ਕਰਨ ਵਾਲੇ ਤੇ ਹਥਿਆਰ ਇਕੱਠੇ ਕਰਨ ਵਾਲੇ “ਅਤਿਵਾਦੀਆਂ” ਨੂੰ “ਸ਼ਹੀਦ” ਨਹੀਂ ਕਿਹਾ ਜਾ ਸਕਦਾ, ਹੁਣ ਇਹਨਾਂ ਅਤਿਵਾਦੀਆਂ ਨੂੰ ਮਾਨਤਾ ਮਿਲ ਜਾਏਗੀ। ਇਸ ਨਾਲ ਪੰਜਾਬ ਵਿਚ ਫਿਰਕੂ ਨਫਰਤ ਵਧੇਗੀ ਤੇ 1980-ਵਿਆਂ ਵਰਗੇ ਹਾਲਾਤ ਬਣ ਜਾਣਗੇ।

ਸਿੱਖ ਲੀਡਰ ਉਪਰੋਕਤ ਸਾਰੇ ਇਤਰਾਜ਼ਾਂ ਦਾ ਖੰਡਨ ਕਰਦੇ ਹਨ। ਉਨ੍ਹਾ ਅਨੁਸਾਰ ਅਕਸਰ ਜ਼ੁਲਮ ਤਸ਼ਦੱਦ ਤੇ ਨਸਲਕੁਸ਼ੀ ਦਾ ਸ਼ਿਕਾਰ ਕੌਮਾਂ ਯਾਦਗਾਰਾ ਸਥਾਪਤ ਕਰਦੀਆਂ ਰਹੀਆਂ ਹਨ, ਸਿੱਖਾਂ ਨੂੰ ਵੀ ਇਹ ਹੱਕ ਹੇ ਕਿ ਇਤਿਹਾਸ ਦੇ ਇਕ ਅਤਿ ਹਿਰਦੇਵੇਦਕ ਅਧਿਆਏ ਦੀ ਯਾਦਗਾਰ ਬਣਾਈ ਜਾਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਅਪਣੇ ਇਤਿਹਾਸ ਨੂੰ ਯਾਦ ਰਖ ਸਕਣ। ਇਹ ਵੀ ਇਕ ਹਕੀਕਤ ਹੈ ਕਿ ਸਿੱਖਾਂ ਵਲੋਂ ਆਪਣੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰੇ ਹੀ ਉਸਾਰੇ ਜਾਂਦੇ ਹਨ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, ਹਿੰਦ ਦੀ ਚਾਦਰ ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਚਾਰ ਸਾਹਿਬਜ਼ਾਦਿਆਂ ਅਤੇ ਬਾਬਾ ਦੀਪ ਸਿੰਘ, ਬਾਬਾ ਗੁਰਬਖ਼ਸ਼ ਸਿੰਘ  ਵਰਗੇ ਸ਼ਹੀਦਾਂ ਦੀ ਯਾਦ ਵਿਚ ਪੰਥ ਵਲੋਂ ਗੁਰਦੁਆਰੇ ਹੀ ਉਸਾਰੇ ਗਏ ਹਨ।ਇਕ ਹੋਰ ਗੁਰਦੁਆਰੇ ਦੇ ਉਸਾਰੇ ਜਾਣ ਨਾਲ ਸੂਬੇ ਦੀ ਫਿਰਕੂ ਸਦਭਾਵਨਾ ਤੇ ਸ਼ਾਂਤੀ ਨੂੰ ਕੋਈ ਖ਼ਤਰਾ ਨਹੀਂ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>