ਪਿਛਲੇ 20 ਸਾਲਾਂ ਦੌਰਾਨ ਕਾਰਪੋਰੇਟ ਸੈਕਟਰ ਦੀ ਸਰਦਾਰੀ ਕਾਰਨ ਆਰਥਿਕ ਮੁਸੀਬਤਾਂ ਹੋਰ ਗੁੰਝਲਦਾਰ ਹੋ ਰਹੀਆਂ ਹਨ-ਡਾ: ਗਿੱਲ

ਲੁਧਿਆਣਾ :- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ  ‘ਪੰਜਾਬ ਦੀ ਰਾਜਨੀਤਿਕ ਆਰਥਿਕਤਾ ‘ਤੇ‘ ਰਾਸ਼ਟਰੀ ਸੈਮੀਨਾਰ ਕਰਿੱਡ, ਸੈਕਟਰ 19-ਏ ਚੰਡੀਗੜ੍ਹ ਵਿਖੇ ਕਰਵਾਏ ਗਏ ‘‘ਪੰਜਾਬ ਦੀ ਰਾਜਨੀਤਿਕ-ਆਰਥਿਕਤਾ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਸੰਭਾਵੀ ਹੱਲ’’ ਬਾਰੇ ਸੈਮੀਨਾਰ ਦਾ ਆਰੰਭ ਕਰਦਿਆਂ ਹੈ।  ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਏ ਹੋਏ ਬੁੱਧੀਜੀਵੀਆਂ ਤੇ ਸਾਹਿਤਕਾਰਾਂ ਨੂੰ ਸੰਬੋਧਨ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਬਦਲਦੇ ਰਾਜਨੀਤਿਕ ਆਰਥਿਕ ਵਰਤਾਰੇ ਤੋਂ ਸਮੁੱਚੇ ਪੰਜਾਬੀ ਪ੍ਰਭਾਵਿਤ ਵਰਗ ਨੂੰ ਸੁਚੇਤ ਕਰਨ ਲਈ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅਜਿਹੇ ਸੈਮੀਨਾਰਾਂ ਦੀ ਇਕ ਲੜੀ ਚਲਾਈ ਜਾ ਰਹੀ ਹੈ । ਇਸ ਦਾ ਮਨੋਰਥ ਇਹ ਹੈ ਕਿ ਪੰਜਾਬੀ ਲੇਖਕਾਂ ਨੂੰ ਭਵਿੱਖ ਸਿਰਜਣਾ ਕਰਨ ਵੇਲੇ ਆਪਣੀ ਧਰਤੀ ਦੀਆਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਹਕੀਕਤਾਂ ਦੀ ਧੁਰ ਅੰਦਰਲੀ ਜਾਣਕਾਰੀ ਹੋਵੇ। ਉਨ੍ਹਾਂ ਆਖਿਆ ਕਿ ਪਹਿਲਾਂ ਅੰਮ੍ਰਿਤਸਰ ਵਿੱਚ ਅਤੇ ਹੁਣ ਚੰਡੀਗੜ੍ਹ ਵਿੱਚ ਲੇਖਕਾਂ ਦਾ ਭਰਵਾਂ ਹੁੰਗਾਰਾਂ ਇਸ  ਗੱਲ ਦਾ ਪ੍ਰਮਾਣ ਹੈ ਕਿ ਉਹ ਇਸ ਵਿਚਾਰ ਨੂੰ ਸਾਰਥਿਕ ਮੰਨਦੇ ਹੋਏ ਸਾਹਿਤ ਤੋਂ ਬਾਹਰਲੇ ਵਿਸ਼ਿਆਂ ਵਿੱਚ ਵੀ ਦਿਲਚਸਪੀ ਵਧਾ ਰਹੇ ਹਨ ਜਿਸ ਦਾ ਲਾਭ ਭਵਿੱਖ ਵਿੱਚ ਹੋਵੇਗਾ। ਇਸ ਰਾਸ਼ਟਰੀ ਸੈਮੀਨਾਰ ਦੇ ਉਦੇਸ਼ ਨੂੰ ਸਪਸ਼ਟ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀ ਰਾਜਨੀਤਿਕ-ਆਰਥਿਕਤਾ ਨੂੰ ਦਰਪੇਸ਼ ਸੰਕਟ ਬਾਰੇ ਸੰਵਾਦ ਛੇੜਨਾ ਬਹੁਤ ਜਰੂਰੀ ਹੈ।  ਪੰਜਾਬ ਦੇ ਇਤਿਹਾਸਕ ਪਰਿਪੇਖ ਵਿਚ ਸੱਠਵਿਆਂ ਅਤੇ ਸੱਤਰਵਿਆਂ ਦੇ ਦਹਾਕੇ ਦੌਰਾਨ ਪੰਜਾਬੀ ਦੇ ਪ੍ਰਮੁੱਖ ਮੈਗਜ਼ੀਨਾਂ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮਸਲਿਆਂ ਬਾਰੇ ਨਿੱਠ ਕੇ ਵਿਚਾਰ-ਚਰਚਾ ਕੀਤੀ।

ਮੰਚ ਸੰਚਾਲਨ ਕਰਦਿਆਂ ਪੰਜਾਬ ਸਾਹਿਤ ਅਕੈਡਮੀ ਲੁਧਿਆਣਾ ਸੀਨੀਅਰ ਮੀਤ ਪ੍ਰਧਾਨ ਡਾ: ਅਨੂਪ ਸਿੰਘ ਬਟਾਲਾ ਨੇ ਆਖਿਆ ਕਿ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀਆਂ, ਸਮਾਜ ਸਾਸਤਰੀਆਂ ਵੱਲੋਂ ਵਦੱਤੇ ਭਾਸ਼ਣ ਅਤੇ ਲਿਖੇ ਲੇਖਾਂ ਨੂੰ ਅਕੈਡਮੀ ਵੱਲੋਂ ਇਸੇ ਸਾਲ ਪ੍ਰਕਾਸ਼ਤ ਕੀਤਾ ਜਾਵੇਗਾ। ਸੈਮੀਨਾਰ ਦਾ ਪਹਿਲਾਂ ਭਾਸ਼ਣ ਦਿੰਦਿਆਂ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ, ਡਾਇਰੈਕਟਰ ਜਨਰਲ ‘ਕਰਿਡ‘ ਨੇ ਪੰਜਾਬ ਦੀ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਤੇ ਉਹਨਾਂ ਦੇ ਸੰਭਾਵੀ ਹੱਲ ਬਾਰੇ ਵਿਚਾਰ ਚਰਚਾ ਦੀ ਸ਼ੁਰੂਆਤ ਕੀਤੀ।  ਉਨ੍ਹਾਂ ਆਪਣੇ ਖੋਜ ਪੇਪਰ ਵਿਚ ਇਤਿਹਾਸਕ ਪ੍ਰਸਥਿਤੀਆਂ ਅਤੇ ਤੱਥਾਂ ਦੇ ਹਵਾਲੇ ਨਾਲ ਕਿਹਾ ਕਿ ਵੱਖ-ਵੱਖ ਯੂਨੀਵਰਸਿਟੀਆਂ ਅਤੇ, ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ ਵਲੋਂ ਪੰਜਾਬ ਵਿਚ ਹੋ ਰਹੀਆਂ ਕਿਸਾਨਾਂ ਤੇ ਖੇਤ ਮਜਦੂਰਾਂ ਦੀ ਖੁਦਕੁਸ਼ੀਆਂ ਬਾਰੇ ਪੇਸ਼ ਅੰਕੜਿਆਂ ਵਿਚ ਬਹੁਤ ਫ਼ਰਕ ਹੈ। ਅੱਜ ਪੰਜਾਬ ਦੀ ਨਿਮਨ ਕਿਸਾਨੀ ਘੋਰ ਸੰਕਟ ‘ਚ ਹੈ ਜਿਸ ਵਿਚ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੀ ਖੁਦਕੁਸ਼ੀਆਂ ਦੀ ਦਰ ਜ਼ਿਆਦਾ ਹੈ। ਇਨ੍ਹਾਂ ਖੁਦਕੁਸ਼ੀਆਂ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਅਤੇ ਪਰਿਵਾਰਕ ਮਸਲੇ ਖੁਦਕੁਸ਼ੀਆਂ ਦਾ ਵੱਡਾ ਕਾਰਨ ਹਨ।

ਡਾ: ਗਿੱਲ ਨੇ ਆਖਿਆ ਕਿ ਪਿਛਲੇ 20 ਸਾਲਾਂ ਵਿੱਚ ਕਾਰਪੋਰੇਟ ਸੈਕਟਰ ਦੀ ਸਰਦਾਰੀ ਵਧੀ ਹੈ ਅਤੇ ਪਬਲਿਕ ਸੈਕਟਰ ਦੀ ਕੀਮਤ ਨੌਕਰਸ਼ਾਹੀ ਦੀ ਨਜ਼ਰ ਵਿੱਚ ਵੀ ਬਹੁਤ ਥੱਲੇ ਚਲੀ ਗਈ ਹੈ। ਲੋਕ ਲਹਿਰ ਦੀ ਅਣਹੋਂਦ ਕਾਰਨ ਕਾਰਪੋਰੇਟ ਸੈਕਟਰ ਪੂਰੀ ਤਰ੍ਹਾਂ ਭੂਤਰਿਆ ਹੋਇਆ ਫਿਰ ਰਿਹਾ ਹੈ। ਅਜੋਕਾ ਸਰਮਾਏਦਾਰੀ ਤਰਜ਼ ਦਾ ਵਿਕਾਸ ਜਨ-ਸਾਧਾਰਨ ਲਈ ਨਹੀਂ ਇਸ ਸਰਮਾਏਦਾਰੀ ਤਰਜ਼ ਦੇ ਵਿਕਾਸ ਨੇ ਵਿਕਸਤ ਕਿਸਾਨੀ ਜਾਂ ਧਨੀ-ਕਿਸਾਨੀ ਅਤੇ ਨਿਮਨ ਕਿਸਾਨੀ ਵਿਚਕਾਰ ਪਾੜੇ ਨੂੰ ਹੋਰ ਵਧਾਇਆ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੇ ਸੰਕਟ ਨਾਲ ਤੀਜੀ ਵਾਰੀ ਜੂਝਣਾ ਪੈ ਰਿਹਾ ਹੈ।ਇਸ ਤੋਂ ਪਹਿਲਾਂ ਬਰਤਾਨਵੀ ਬਸਤੀਵਾਦੀ ਦੌਰ ਵਿਚ 1880 ਈ. ਅਤੇ 1930 ਈ. ਦੌਰਾਨ ਅਜਿਹਾ ਸੰਕਟ ਵਾਪਰਿਆ ਸੀ।ਪਰ ਬਰਤਾਨਵੀ ਬਸਤੀਵਾਦੀ ਪ੍ਰਬੰਧ ਨੇ ਉਸ ਸੰਕਟ ਦੇ ਸੰਭਾਵੀ ਹੱਲ ਲਈ ਗੰਭੀਰ ਯਤਨ ਕੀਤੇ ਸਨ।  ਪਰੰਤੂ ਮੌਜੂਦਾ ਸਰਕਾਰਾਂ ਅਜਿਹੇ ਢੁਕਵੇਂ ਹੱਲ ਲੱਭਣ ਵਿਚ ਅਸਮਰਥ ਰਹੀਆਂ ਹਨ।  ਉਹਨਾਂ ਮੌਜੂਦਾ ਖੇਤੀ ਸੰਕਟ ਨੂੰ ਪਹਿਲਾਂ ਨਾਲੋਂ ਵਧੇਰੇ ਮਾਰੂ ਅਤੇ ਖਤਰਨਾਕ ਦੱਸਿਆ।  ਪਰੰਪਰਕ ਖੇਤੀ ਤੋਂ ਮਸ਼ੀਨੀਕਰਨ ਵੱਲ ਤਬਦੀਲੀ ਨੇ ਪੰਜਾਬ ਨੂੰ ਫਸਲੀ ਚੱਕਰ ਵਿਚ ਉਲਝਾ ਕੇ ਰੱਖ ਦਿੱਤਾ ਹੈ।  ਪੰਜਾਬ ਦੀ ਨਿਮਨ ਕਿਸਾਨੀ ਖੇਤੀ ਨਾਲ ਹੋਰ ਸਹਾਇਕ ਧੰਦਿਆਂ ਵਿਚ ਨਿਪੁੰਨਤਾ ਦੀ ਘਾਟ ਅਤੇ ਮੰਡੀਕਰਨ ਦੀਆਂ ਸਮ¤ਸਿਆਵਾਂ ਕਰਕੇ ਕਾਮਯਾਬ ਨਹੀਂ ਹੋਈ। ਅਜੋਕੀ ਖੇਤੀ ਕਮਰਸ਼ੀਅਲ ਹੋ ਗਈ ਹੈ, ਇਸ ਵਿਚ ਸਰਮਾਏ ਦਾ ਦਖ਼ਲ ਵਧਿਆ ਹੈ।  ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਮੰਡੀਕਰਨ ਦੀਆਂ ਸਹੂਲਤਾਂ ਦੀ ਘਾਟ ਅਤੇ ਮਹਿੰਗੀ ਮਸ਼ੀਨਰੀ ਅਤੇ ਖਾਦਾਂ ਨੇ ਨਿਮਨ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ। ਅਖੀਰ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਰਾਜਨੀਤਕ ਆਰਥਿਕਤਾ ਨੂੰ ਦਰਪੇਸ਼ ਸੰਕਟ ਨੂੰ ਸਮਝਣ ਲਈ ਪੰਜਾਬੀ ਮਾਨਸਿਕਤਾ ਦੀ ਟੁੱਟ-ਭੱਜ ਨੂੰ ਸਮਝਣਾ ਜਰੂਰੀ ਹੈ ਅਤੇ ਅਜਿਹਾ ਉਨ੍ਹਾਂ ਵਿਚ ਵਿਚਰ ਕੇ ਹੀ ਹੋ ਸਕਦਾ ਹੈ।

ਪ੍ਰੋ. ਮਨਜੀਤ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਆਪਣੇ ਖੋਜ ਪੱਤਰ ਵਿਚ ਕਿਹਾ ਕਿ ਪੰਜਾਬ ਦੀ ਬਦਲ ਰਹੀ ਸਮਾਜਕ ਸਥਿਤੀ ਨੂੰ ਸਮਝਣਾ ਬਹੁਤ ਜਰੂਰੀ ਹੈ।  ਅਜੋਕੇ ਸਰਮਾਏਦਾਰੀ ਨਿਜਾਮ ਨੇ ਸਭ ਚੀਜ਼ਾਂ ਦੇ ਅਰਥ ਬਦਲ ਦਿੱਤੇ ਹਨ। ਮਨੁੱਖ ਦੀ ਸੰਵੇਦਨਾ ਪਥਰਾ ਗਈ ਹੈ।  ਭਾਸ਼ਾ ਦੇ ਅਰਥ ਬਦਲ ਰਹੇ ਨੇ, ਸ਼ਬਦਾਂ ਦਾ ਕੋਈ ਅਰਥ ਨਹੀਂ ਰਿਹਾ।  ਉਨ੍ਹਾਂ ਆਧੁਨਿਕ ਮਨੁੱਖ ਦੇ ਸੰਕਟ ਦਾ ਮੁੱਖ ਕਾਰਨ ਕੁਦਰਤ ਨਾਲ ਇਕਸੁਰਤਾ ਦਾ ਨਾ ਹੋਣ ਦੱਸਦਿਆਂ ਕਿਹਾ ਕਿ ਆਦਿ-ਵਾਸੀ ਮਨੁੱਖ ਜੋ ਜੰਗਲ ਵਿਚ ਰਹਿੰਦਾ ਹੈ, ਜਿਸ ਦੀ ਕੁਦਰਤ ਨਾਲ ਇਕਸੁਰਤਾ ਹੈ ਉਸ ਨੂੰ ਕੋਈ ਸੰਕਟ ਨਹੀਂ। ਉਨ੍ਹਾਂ ਨੇ ਸੱਭਿਆਚਾਰਕ ਰੂਪਾਂਤਰਣ ਦੀ ਪ੍ਰਕ੍ਰਿਆ ਬਾਰੇ ਬੋਲਦਿਆਂ ਮੰਡੀ ਅਤੇ ਸਰਮਾਏ ਦੇ ਦਖ਼ਲ ਕਾਰਨ ਭਾਈਚਾਰਕ ਸਾਂਝਾਂ ਦੇ ਤਿੜਕਣ ਤੇ ਭਾਵੁਕਤਾ ਦੇ ਖਤਮ ਹੋਣ ਦੀ ਗੱਲ ਕੀਤੀ।  ਉਨ੍ਹਾਂ ਅਨੁਸਾਰ ਅਜੋਕਾ ਸੱਭਿਆਚਾਰ ਮਾਰਕੀਟ ਨੂੰ ਮੁੱਖ ਰੱਖ ਕੇ ਘੜਿਆ ਜਾ ਰਿਹਾ ਹੈ। ਸਿੱਖਿਆ-ਤੰਤਰ ‘ਚ ਪੁਨਰ-ਸੋਧ, ਪ੍ਰਕ੍ਰਿਤਿਕ ਹਾਲਾਤਾਂ ਅਨੁਕੂਲ ਖੇਤੀ, ਪਬਲਿਕ ਸੈਕਟਰ ਨੂੰ ਬਚਾਉਣ ਅਤੇ ਪੰਜਾਬ ਦੀ 35% ਦਲਿਤ ਆਬਾਦੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਬਾਰੇ ਵੀ ਉਨ੍ਹਾਂ ਨੇ ਗੰਭੀਰ ਚਰਚਾ ਛੇੜੀ।

ਪ੍ਰਧਾਨਗੀ ਭਾਸ਼ਣ ਦੌਰਾਨ ਉੱਘੇ ਪੱਤਰਕਾਰ ਸ਼੍ਰੀ ਪੀ.ਪੀ.ਐਸ. ਗਿੱਲ, ਸਾਬਕਾ ਸੂਚਨਾ ਕਮਿਸ਼ਨਰ ਪੰਜਾਬ, ਨੇ ਕਿਹਾ ਕਿ ਪੰਜਾਬ ਦੀ ਰਾਜਨੀਤਿਕ ਆਰਥਿਕਤਾ ਵਿਚ ਤਬਦੀਲੀ ਲਈ ਰਾਜਨੀਤਕ ਬਦਲਾਅ ਅਤੇ ਮਾਨਸਿਕ ਤਬਦੀਲੀ ਦੀ ਲੋੜ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਪੰਜਾਬ ਦੀਆਂ ਔਰਤਾਂ ਅਤੇ ਕੁੜੀਆਂ ਦੀ ਸਿੱਖਿਆ ਅਤੇ ਸਮਾਜਕ ਬਣਤਰ ਦੀ ਪੁਨਰ ਉਸਾਰੀ ਲਈ ਮਹੱਤਵਪੂਰਨ ਭੂਮਿਕਾ ਉਤੇ ਜ਼ੋਰ ਦਿੱਤਾ।  ਇਸ ਤੋਂ ਬਾਅਦ ਇਹਨਾਂ ਦੋਵੇਂ ਖੋਜ ਪੇਪਰਾਂ ਬਾਰੇ ਗੰਭੀਰ ਚਰਚਾ ਹੋਈ  ਇਸ ਭਰਵੀਂ ਬਹਿਸ ਵਿਚ ਸ਼ੁਸੀਲ ਦੁਸਾਂਝ, ਡਾ: ਸੁਰਿੰਦਰ ਗਿੱਲ, ਡਾ: ਲਾਭ ਸਿੰਘ ਖੀਵਾ, ਸੁਰਿੰਦਰ ਕੈਲੇ, ਜਨਮੇਜਾ ਜੌਹਲ, ਹਰਿੰਦਰ ਸਿੰਘ ਚਾਹਲ (ਆਈ.ਪੀ.ਐਸ.), ਸ: ਜਸਪਾਲ ਸਿੰਘ ਢਿੱਲੋਂ ਪਟਿਆਲਾ, ਡਸਸ਼੍ਰੀ ਚਮਨ ਲਾਲ ਸੰਪਾਦਕ ‘ਆਇਡੈਂਟਿਟੀ‘, ਹਰਵਿੰਦਰ ਗੁਲਾਬਾਸੀ, ਦਵਿੰਦਰ ਦਮਨ, ਮਨਮੋਹਨ ਸਿੰਘ ਦਾਊਂ, ਮਲਵਿੰਦਰ ਸਿੰਘ ਮਾਲੀ, ਸ਼੍ਰੀ ਯਸ਼ਪਾਲ, ਖੁਸ਼ਹਾਲ ਸਿੰਘ ਨਾਗਾ ਬੇਜ਼ਾਰ, ਸ.ਸ. ਭੰਡਾਲ ਅਤੇ ਸ਼੍ਰੀ ਰਾਮ ਅਰਸ਼ ਨੇ ਵਿਚਾਰ ਵਟਾਂਦਰੇ ਵਿੱਚ ਭਾਗ ਲਿਆ। ਇਸ ਮੌਕੇ ਉੱਘੇ ਲੇਖਕ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਪ੍ਰੋ: ਰਵਿੰਦਰ ਭੱਠਲ, ਡਾ: ਨਿਰਮਲ ਜੌੜਾ, ਡਾ: ਅਰਵਿੰਦ ਢਿੱਲੋਂ, ਗੁਲਚੌਹਾਨ,  ਸਰਬਜੀਤ ਸਿੰਘ ਧਾਲੀਵਾਲ, ਨੀਲ ਭਲਿੰਦਰ ਸਿੰਘ, ਸ਼੍ਰੀਮਤੀ ਕਾਹਨਾ ਸਿੰਘ, ਅਮਰਜੀਤ ਕੌਰ ਹਿਰਦੇ, ਪ੍ਰੀਤਮ ਰੁਪਾਲ, ਮੋਹਿਤ ਸ਼੍ਰੀਵਾਸਤਵ, ਸੰਜੀਵ ਸਿੰਘ ਬਰਿਆਨਾ, ਸ਼੍ਰੀਮਤੀ ਪ੍ਰੀਤਮਾ ਦੋਮੇਲ, ਡਾ: ਨਿਰਮਲ ਸਿੰਘ ਬਾਸੀ, ਡਾ: ਰਵੀ ਰਵਿੰਦਰ ਮੁਕਤਸਰ, ਡਾ: ਸਵੈ ਰਾਜ ਸਿੰਘ ਸੰਧੂ ਤੋਂ ਇਲਾਵਾ ਕਈ ਸਿਰਕੱਢ ਲੇਖਕ ਹਾਜ਼ਰ ਸਨ। ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ, ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸੇ  ਤਰਜ਼ ਦੀਆਂ ਦੋ ਹੋਰ ਗੋਸ਼ਟੀਆਂ ਪਟਿਆਲਾ ਅਤੇ ਜਲੰਧਰ ਵਿੱਚ ਵੀ ਨੇੜ ਭਵਿੱਖ ਵਿੱਚ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਖਰੀ ਗੋਸ਼ਟੀ ਲੁਧਿਆਣਾ ਵਿੱਚ ਕੀਤੀ ਜਾਵੇਗੀ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>