ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਅਹੁਦੇਦਾਰਾਂ ਦੀ ਚੋਣ ਬੋਰਡ ਦੇ ਨਿਯਮਾਂ ਅਤੇ ਕਾਨੂੰਨ ਅਨੁਸਾਰ ਹੋਈ -ਸਰਨਾ

ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਹੋਈ ਇਕ ਮਿਲਣੀ ਦੌਰਾਨ ਤਖ਼ਤ ਸ੍ਰੀ ਹਰਿਮੰਦਿਰ ਪਟਨਾ ਸਾਹਿਬ ਦੀ ਪ੍ਰਬੰਧਕੀ ਬੋਰਡ ਦੇ ਅਹੁਦੇਦਾਰਾਂ ਦੀ ਹੋਈ ਚੋਣ ਦੇ ਸੰਬੰਧ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਚੋਣ ਪੂਰਣ ਰੂਪ ਵਿੱਚ ਬੋਰਡ ਦੇ ਨਿਯਮਾਂ ਅਤੇ ਕਾਨੂੰਨ ਅਨੁਸਾਰ ਹੋਈ ਹੈ। ਉਨ੍ਹਾਂ ਦਸਿਆ ਕਿ ਇਸ ਚੋਣ ਤੋਂ ਵੀਹ-ਕੁ ਦਿਨ ਪਹਿਲਾਂ ਬੋਰਡ ਲਈ ਇਕ ਮੈਂਬਰ ਦੀ ਕੋਆਪਸ਼ਨ ਲਈ ਬੈਠਕ ਹੋਈ ਸੀ। ਇਸ ਮੌਕੇ ਤੇ ਕੋਆਪਸ਼ਨ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜ. ਅਵਤਾਰ ਸਿੰਘ ਮਕੱੜ ਨੇ ਭਾਜਪਾ ਨੇਤਾ ਅਤੇ ਲਗਭਗ 25 ਵਰ੍ਹਿਆਂ ਤੋਂ ਮੈਂਬਰ ਅਤੇ ਪ੍ਰਧਾਨ ਵਜੋਂ ਬੋਰਡ ਵਿੱਚ ਪ੍ਰਤੀਨਿਧਤਾ ਕਰਦੇ ਚਲੇ ਆ ਰਹੇ ਸ. ਐਸ ਐਸ ਆਹਲੂਵਾਲੀਆ ਦਾ ਅਤੇ ਸ਼੍ਰੋਮਣੀ ਅਕਾਲੀ ਦਲ਼ ਦਿੱਲੀ ਵਲੋਂ ਸ. ਭਜਨ ਸਿੰਘ ਵਾਲੀਆ ਨੇ ਸ. ਹਰਵਿੰਦਰ ਸਿੰਘ ਸਰਨਾ ਦਾ ਨਾਂ ਪੇਸ਼ ਕੀਤਾ। ਉਨ੍ਹਾਂ ਦਸਿਆ ਕਿ ਜ. ਮਕੱੜ ਨੇ ਸ. ਆਹਲੂਵਾਲੀਆ ਦੇ ਨਾਂ ਤੇ ਸਹਿਮਤੀ ਬਣਾਉਣ ਦੀ ਬਹੁਤ ਕੌਸ਼ਿਸ਼ ਕੀਤੀ। ਪ੍ਰੰਤੂ ਬੀਤੇ ਸਮੇਂ ਦੀ ਉਨ੍ਹਾਂ (ਸ. ਆਹਲੂਵਾਲੀਆ) ਅਤੇ ਬਾਦਲ ਦਲ ਦੇ ਪ੍ਰਤੀਨਿਧੀਆਂ ਦੀ ਕਾਰਗੁਜ਼ਾਰੀ ਸੰਤੋਸ਼ਜਨਕ ਨਾ ਰਹੇ ਹੋਣ ਕਾਰਣ, ਬੋਰਡ ਦੇ ਮੈਂਬਰ ਉਨ੍ਹਾਂ ਦੇ ਨਾਂ ਤੇ ਸਹਿਮਤ ਨਾ ਹੋ ਸਕੇ। ਫਲਸਰੂਪ ਸਰਬਸੰਮਤੀ ਨਾ ਹੋਣ ਦਾ ਬਹਾਨਾ ਬਣਾ, ਜ. ਮਕੱੜ ਨੇ ਕੋਆਪਸ਼ਨ ਦੀ ਚੋਣ ਵਿੱਚ ਹਿਸਾ ਨਾ ਲੈਣ ਦਾ ਐਲਾਨ ਕਰ ਦਿੱਤਾ। ਬਾਕੀ ਜਿਨ੍ਹਾਂ 13 ਮੈਂਬਰਾਂ ਕੋਆਪਸ਼ਨ ਦੀ ਪ੍ਰਕ੍ਰਿਆ ਵਿੱਚ ਹਿਸਾ ਲਿਆ, ਉਨ੍ਹਾਂ ਵਿਚੋਂ 9 ਨੇ ਸ. ਹਰਵਿੰਦਰ ਸਿੰਘ ਸਰਨਾ ਦੇ ਅਤੇ 4 ਨੇ ਸ. ਆਹਲੂਵਾਲੀਆ ਦੇ ਹਕ ਵਿੱਚ ਵੋਟਾਂ ਪਾਈਆਂ। ਇਸ ਤਰ੍ਹਾਂ ਸ. ਹਰਵਿੰਦਰ ਸਿੰਘ ਸਰਨਾ ਪੰਜ ਵੋਟਾਂ ਦੇ ਬਹੁਮਤ ਨਾਲ ਬੋਰਡ ਦੇ ਮੈਂਬਰ ਵਜੋਂ ਕੋਆਪਟ ਹੋ ਗਏ।

ਸ. ਸਰਨਾ ਨੇ ਹੋਰ ਦਸਿਆ ਕਿ ਬੋਰਡ ਦੇ ਨਿਯਮਾਂ ਤੇ ਕਾਨੂੰਨ ਅਨੁਸਾਰ ਬੋਰਡ ਦੇ ਗਠਨ ਦੀ ਪ੍ਰਕ੍ਰਿਆ ਦੇ ਪੂਰਿਆਂ ਹੋ ਜਾਣ ਤੋਂ ਬਾਅਦ, ਇਕ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਣੀ ਲਾਜ਼ਮੀ ਹੁੰਦੀ ਹੈ। ਇਨ੍ਹਾਂ ਨਿਯਮਾਂ ਅਨੁਸਾਰ ਹੀ ਅਹੁਦੇਦਾਰਾਂ ਦੀ ਚੋਣ ਲਈ 15 ਜੁਲਾਈ ਦੀ ਤਾਰੀਖ ਮਿਥੀ ਗਈ ਸੀ। ਨਿਯਮਾਂ ਅਨੁਸਾਰ ਹੀ ਇਸ ਬੈਠਕ ਵਿੱਚ ਪਟਨਾ ਸਾਹਿਬ ਦੇ ਜ਼ਿਲਾ ਜੱਜ, ਐਸ ਡੀ ਐਮ ਅਤੇ ਹੋਰ ਆਬਜ਼ਰਵਰ ਸਰਕਾਰ ਵਲੋਂ ਸ਼ਾਮਲ ਹੋਏ। ਪੂਰੀ ਤਰ੍ਹਾਂ ਕਾਨੂੰਨ ਅਤੇ ਨਿਯਮਾਂ ਅਨੁਸਰ ਹੋਈ ਇਸ ਬੈਠਕ ਨੂੰ ਗੈਰ-ਵਿਧਾਨਕ ਕਹਿ ਅਤੇ ਬਾਈਕਾਟ ਕਰ, ਆਪਣੀ ਨਮੋਸ਼ੀ ਭਰੀ ਹਾਰ ਤੇ ਪਰਦਾ ਪਾਣ ਦੀ ਕੌਸ਼ਿਸ਼ ਬਾਦਲਕੇ ਹੀ ਕਰ ਸਕਦੇ ਹਨ। ਜਦਕਿ ਕਾਨੂੰਨ ਅਤੇ ਨਿਯਮਾਂ ਅਨੁਸਾਰ ਆਬਜ਼ਰਵਰਾਂ ਦੀ ਮੌਜੂਦਗੀ ਵਿੱਚ ਹੀ ਸਾਰੀ ਚੋਣ ਪ੍ਰਕ੍ਰਿਆ ਪੂਰੀ ਹੋਈ, ਜਿਸਦੀ ਵੀਡੀਓਗ੍ਰਾਫੀ ਵੀ ਕੀਤੀ ਗਈ।

ਸ. ਸਰਨਾ ਨੇ ਦਸਿਆ ਕਿ ਕੋਆਪਸ਼ਨ ਸਮੇਂ ਹੋਈ ਹਾਰ ਨੂੰ ਅਹੁਦੇਦਾਰਾਂ ਦੀ ਚੋਣ ਵਿੱਚ ਦੁਹਰਾਏ ਜਾਣ ਨੂੰ ਰੋਕਣ ਲਈ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਸ਼ਮਾ ਸਵਰਾਜ ਪਾਸੋਂ ਬਿਹਾਰ ਦੇ ਉਪ-ਮੁਖ ਮੰਤ੍ਰੀ ਸ਼੍ਰੀ ਮੋਦੀ ਨੂੰ ਨਾ ਕੇਵਲ ਚਿੱਠੀ ਲਿਖਵਾ, ਸਗੋਂ ਟੈਲੀਫੂਨ ਕਰਵਾ ਕੇ ਵੀ ਬਾਦਲ ਅਕਾਲੀ ਦਲ ਦਾ ਸਾਥ ਦੇਣ ਲਈ ਬੋਰਡ ਦੇ ਮੈਂਬਰਾਂ ਪੁਰ ਦਬਾਉ ਬਣਵਾਉਣ ਦੀ ਕੌਸ਼ਿਸ਼ ਕੀਤੀ। ਉਨ੍ਹਾਂ ਹੋਰ ਦਸਿਆ ਕਿ ਇਤਨਾ ਹੀ ਨਹੀਂ, ਸ. ਬਾਦਲ ਨੇ  ਬੋਰਡ ਦੇ ਮੈਂਬਰਾਂ ਨੂੰ ਹਰ ਕੀਮਤ ਤੇ ਆਪਣੇ ਨਾਲ ਲਿਆਉਣ ਲਈ ਆਪਣੇ ਇੱਕ ਲੈਫਟੀਨੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੀ ਅਸੀਮਤ ਅਧਿਕਾਰ ਦੇ ਪਟਨਾ ਸਾਹਿਬ ਭੇਜਿਆ ਸੀ। ਪਰ ਉਨ੍ਹਾਂ ਦਾ ਕੋਈ ਵੀ ਹਥਿਆਰ ਸਫਲ ਨਾ ਹੋ ਸਕਿਆ। ਇਥੋਂ ਤਕ ਕਿ ਉਨ੍ਹਾਂ ਆਖਰੀ ਕੌਸ਼ਿਸ਼ ਵਜੋਂ ਬੋਰਡ ਦੇ ਸਾਬਕਾ ਪ੍ਰਧਾਨ, ਜੋ ਕਈ ਮੀਲ ਦੂਰ, ਪੰਜਾਬ ਵਿੱਚ ਬੈਠਾ ਸੀ, ਪਾਸੋਂ ਬੈਠਕ ਰੱਦ ਕੀਤੇ ਜਾਣ ਦੀ ਚਿੱਠੀ ਵੀ ਜਾਰੀ ਕਰਵਾ ਦਿੱਤੀ, ਜਿਸਨੂੰ ਨਾ ਤਾਂ ਬੋਰਡ ਦੇ ਮੈਂਬਰਾਂ ਅਤੇ ਨਾ ਹੀ ਬੈਠਕ ਵਿੱਚ ਮੌਜੂਦ ਆਬਜ਼ਰਵਰਾਂ ਨੇ ਸਵੀਕਾਰ ਕੀਤਾ। ਜਿਸਤੇ ਜ. ਮਕੱੜ ਅਤੇ ਬਾਦਲ ਅਕਾਲੀ ਦਲ 4 ਸਮਰਥਕਾ ਨੇ ਆਪਣੀ ਹਾਰ ਸਾਹਮਣੇ ਵੇਖ ਇਹ ਆਖ ਕਿ ਇਹ ਬੈਠਕ ਗੈਰ-ਕਾਨੂੰਨੀ ਹੈ, ਸਿੱਖੀ ਦੀਆਂ ਧਾਰਮਕ ਮਾਨਤਾਵਾਂ ਦੀ ਉਲੰਘਣਾ ਕਰਦਿਆਂ, ਹੋ ਰਹੀ ਅਰਦਾਸ ਦੀ ਸਮਾਪਤੀ ਤੋਂ ਪਹਿਲਾਂ ਹੀ ਬਾਹਰ ਨਿਕਲ ਗਏ। ਜਿਸਦੇ ਫਲਸਰੂਪ ਸਾਰੇ ਹੀ ਅਹੁਦੇਦਾਰ ਬਿਨਾਂ ਮੁਕਾਬਲਾ ਚੁਣੇ ਗਏ। ਸ. ਸਰਨਾ ਨੇ ਪਤ੍ਰਕਾਰਾਂ ਨੂੰ ਇਹ ਵੀ ਦਸਿਆ ਕਿ ਇਸਤੋਂ ਪਹਿਲਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰ, ਚੀਫ ਖਾਲਸਾ ਦੀਵਾਨ ਦੇ ਮੁੱਖੀਆਂ ਪੁਰ ਦਬਾਉ ਬਣਾ ਕੇ ਦੀਵਾਨ ਦੇ ਪ੍ਰਤੀਨਿਧੀ ਵਜੋਂ ਬੋਰਡ ਵਿੱਚ ਨਾਮਜ਼ਦ ਚੀਫ ਖਾਲਸਾ ਦੀਵਾਨ ਦੇ ਹੀ ਇੱਕ ਮੁੱਖੀ ਮੈਂਬਰ ਸ੍ਰ. ਜਸਪਾਲ ਸਿੰਘ ਨੂੰ ਬਦਲਵਾ, ਆਪਣੇ ਦਲ ਦੇ ਮੁੱਖੀ, ਸ. ਭੂਪਿੰਦਰ ਸਿੰਘ ਅਨੰਦ ਨੂੰ, ਉਨ੍ਹਾਂ ਦੀ ਥਾਂ ਨਾਮਜ਼ਦ ਕਰਵਾਣ ਦੀ ਵੀ ਕੌਸ਼ਿਸ਼ ਕੀਤੀ, ਜੋ ਕਾਨੂੰਨੀ ਮਾਨਤਾਵਾਂ ਦੇ ਵਿਰੁਧ ਹੋਣ ਕਾਰਣ ਸਫਲ ਨਾ ਹੋ ਸਕੀ।

ਉਨ੍ਹਾਂ ਕਿਹਾ ਕਿ ਇਸਤਰ੍ਹਾਂ ਹੋਈ ਸ਼ਰਮਨਾਕ ਹਾਰ ਤੋਂ ਸਬਕ ਸਿਖਣ ਦੀ ਬਜਾਏ ਬਾਦਲਕੇ ਚੋਣ-ਬੈਠਕ ਨੂੰ ਹੀ ਗੈਰ-ਕਾਨੂੰਨੀ ਆਖ ਆਪਣੀ ਨਮੋਸ਼ੀ ਪੁਰ ਪਰਦਾ ਪਾਣ ਦੀ ਕੌਸ਼ਿਸ਼ ਕਰਨ ਵਿੱਚ ਜੁਟ ਗਏ ਹਨ।

ਨੌਜਵਾਨਾਂ ਦਾ ਸੁਆਗਤ : ਸ. ਸਰਨਾ ਵਲੋਂ ਪਤ੍ਰਕਾਰਾਂ ਨਾਲ ਕੀਤੀ ਜਾ ਰਹੀ ਇਸ ਮੁਲਾਕਾਤ ਦੌਰਾਨ ਸਿੱਖ ਨੌਜਵਾਨਾਂ ਦੇ ਇੱਕ ਵੱਡੇ ਗੁਟ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿਰੋਧੀਆਂ ਦਾ ਸਾਥ ਛੱਡ, ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਅਤੇ ਉਨ੍ਹਾਂ ਦੀਆਂ ਪੰਥ-ਹਿਤੂ ਨੀਤੀਆਂ ਪ੍ਰਤੀ ਵਿਸ਼ਵਾਸ ਪ੍ਰਗਟ ਕਰਦਿਆਂ ਸ਼੍ਰੌਮਣੀ ਅਕਾਲੀ ਦਲ ਦਿੱਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ. ਸਰਨਾ ਨੇ ਇਨ੍ਹਾਂ ਨੌਜਵਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਹ ਨੌਜਵਾਨਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੇ ਜਜ਼ਬੇ, ਸਿੱਖੀ ਪ੍ਰਤੀ ਨਿਸ਼ਠਾ ਦਾ ਸਨਮਾਨ ਕਰਦੇ ਹਨ। ਇਸਦੇ ਨਾਲ ਹੀ ਵਿਰਸੇ ਤੋਂ ਅਨਜਾਣ ਹੋਣ ਕਾਰਣ ਸਿੱਖ ਨੌਜਵਾਨਾਂ ਦੇ ਸਿੱਖੀ ਤੋਂ ਦੂਰ ਹੁੰਦਿਆਂ ਜਾਣ ਦੇ ਪੰਜਾਬ ਵਿੱਚ ਬਣ ਗਏ ਹੋਏ ਹਾਲਾਤ ਪ੍ਰਤੀ ਉਨ੍ਹਾਂ ਦੀ ਚਿੰਤਾ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਜਿਥੇ ਦਲ ਵਿੱਚ, ਬਣਦਾ ਸਨਮਾਨ ਦਿੱਤਾ ਜਾਇਗਾ, ਉਥੇ ਹੀ ਇਨ੍ਹਾਂ ਦੇ ਜਜ਼ਬੇ ਅਤੇ ਉਤਸ਼ਾਹ ਦੀ ਸੁਚਜੀ ਵਰਤੋਂ ਕਰਨ ਲਈ ਇਨ੍ਹਾਂ ਨੂੰ ਮਹਤਵ-ਪੂਰਣ ਜ਼ਿਮੇਂਦਾਰੀਆਂ ਵੀ ਸੌਂਪੀਆਂ ਜਾਣਗੀਆਂ। ਸ. ਸਰਨਾ ਨੇ ਕਿਹਾ ਕਿ ਪਹਿਲਾਂ ਵੀ ਕਈ ਸਿੱਖ ਨੌਜਵਾਨ ਸਿੱਖੀ ਦੇ ਪ੍ਰਚਾਰ-ਪਸਾਰ ਦੇ ਜਜ਼ਬੇ ਅਤੇ ਉਦੇਸ਼ ਨਾਲ ਦਲ ਵਿੱਚ ਆ ਸ਼ਾਮਲ ਹੋਏ ਹਨ। ਇਨ੍ਹਾਂ ਸਾਰਿਆਂ ਅਤੇ ਇਸੇ ਭਾਵਨਾ ਨਾਲ ਆਉਣ ਵਾਲੇ ਹੋਰ ਨੌਜਵਾਨਾਂ ਨੂੰ ਗਰੁਪਾਂ ਵਿੱਚ ਵੰਡ ਉਨ੍ਹਾਂ ਨੂੰ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਹਿਸਿਆਂ ਵਿੱਚ ਡਿਊਟੀਆਂ ਸੌਂਪੀਆਂ ਜਾਣਗੀਆਂ ਤਾਂ ਜੋ ਸਿੱਖੀ ਵਿਰਸੇ ਤੋਂ ਅਨਜਾਣ ਹੋਣ ਕਾਰਣ, ਉਸ ਨਾਲੋਂ ਟੁਟਦਿਆਂ ਜਾਣ ਪ੍ਰਤੀ ਨੌਜਵਾਨਾਂ ਵਿੱਚ ਵੱਧ ਰਹੇ ਝੁਕਾਅ ਨੂੰ ਠਲ੍ਹ ਪਾਈ ਜਾ ਸਕੇ ਅਤੇ ਟੁੱਟ ਗਿਆਂ ਨੂੰ ਮੁੜ ਸਿੱਖੀ ਵਿਰਸੇ ਨਾਲ ਜੋੜਿਆ ਜਾ ਸਕੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>