ਵੜੈਚ ਗੁਰੂਘਰ ਦੇ ਮੁੱਦੇ ‘ਤੇ ਜਥੇਦਾਰ ਸਾਹਿਬ ਅਤੇ ਮੱਕੜ ਵਲੋਂ ਇਕ ਦੂਸਰੇ ਨੂੰ ਜਿੰਮੇਵਾਰ ਠਹਿਰਾਉਣ ‘ਤੇ ਅਸਲ ਬਿੱਲੀ ਥੈਲਿਓ ਬਾਹਰ ਆਈ : ਮਾਨ

ਫਤਹਿਗੜ੍ਹ ਸਾਹਿਬ – “ਰਾਧਾ ਸੁਆਮੀਆਂ ਵੱਲੋਂ ਵੜੈਚ ਗੁਰੂਘਰ ਨੂੰ ਢਾਹਕੇ ਕਬਜਾ ਕਰਨ ਦੇ ਅਤਿ ਸੰਜੀਦਾਂ ਮੁੱਦੇ ਉਤੇ ਜਦੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਅਵਤਾਰ ਸਿੰਘ ਮੱਕੜ ਪ੍ਰਧਾਨ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਦੀ ਇਹ ਜਿੰਮੇਵਾਰੀ ਬਣਦੀ ਸੀ ਕਿ ਉਹ ਬਿਨ੍ਹਾਂ ਕਿਸੇ ਸਿਆਸੀ ਦਬਾਅ ਤੋ ਸੱਚਾਈ ਨੂੰ ਸਾਹਮਣੇ ਲਿਆਕੇ ਆਪਣੀਆਂ ਧਰਮੀ ਅਤੇ ਕੌਮੀ ਜਿੰਮੇਵਾਰੀਆਂ ਨੂੰ ਪੂਰਨ ਕਰਦੇ, ਉਦੋਂ ਦੋਵਾਂ ਵੱਲੋਂ ਕੈਬਨਿਟ ਵਜ਼ੀਰ ਜੋ ਰਾਧਾ ਸੁਆਮੀਆਂ ਦਾ ਰਿਸਤੇਦਾਰ ਹੈ, ਦੇ ਸਿਆਸੀ ਦਬਾਅ ਨੂੰ ਕਬੂਲਦੇ ਹੋਏ ਦੋਵਾਂ ਨੇ ਰਾਧਾ ਸੁਆਮੀਆਂ ਨੂੰ ਕਲੀਨ ਚਿੱਟ ਦੇਣ ਵਿਚ ਕੌਮ ਵਿਰੋਧੀ ਭੂਮਿਕਾ ਨਿਭਾਕੇ ਸਾਬਿਤ ਕਰ ਦਿੱਤਾ ਹੈ ਕਿ ਦੋਵੇ ਹੀ ਸਿੱਖ ਕੌਮ ਅਤੇ ਸਿੱਖ ਧਰਮ ਦੀ ਅਗਵਾਈ ਕਰਨ ਦੇ ਯੋਗ ਨਹੀ ਹਨ । ਦੋਵਾਂ ਦੀ ਬਿਆਨਬਾਜੀ ਤੋ ਅਸਲ ਬਿੱਲੀ ਥੈਲਿਓ ਬਾਹਰ ਆ ਚੁੱਕੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਸਾਹਿਬ ਵੱਲੋਂ ਸ੍ਰੀ ਮੱਕੜ ਨੂੰ ਤੇ ਸ੍ਰੀ ਮੱਕੜ ਵੱਲੋਂ ਜਥੇਦਾਰ ਸਾਹਿਬ ਨੂੰ ਜੁਆਬਦੇਹ ਹੋਣ ਲਈ ਦਿੱਤੇ ਗਏ ਬਿਆਨ ਉਤੇ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਜ਼ਾਹਿਰ ਕੀਤੇ । ਅੱਜ ਦੇ ਅਖ਼ਬਾਰਾਂ ਵਿਚ ਦੋਵਾਂ ਵੱਲੋਂ ਇਕ ਦੂਸਰੇ ਨੂੰ ਜਿੰਮੇਵਾਰ ਠਹਿਰਾਉਣ ਤੋ ਇਹ ਗੱਲ ਸਪੱਸਟ ਹੋ ਗਈ ਹੈ ਕਿ ਦੋਵਾਂ ਨੇ ਆਪਣੀ ਆਤਮਾਂ ਦੀ ਆਵਾਜ਼ ਤੋ ਉਲਟ ਜਾਕੇ ਸੱਚਾਈ ਨੂੰ ਦਬਾਉਣ ਤੇ ਸਿੱਖ ਕੌਮ ਨਾਲ ਧੋਖਾ ਕਰਨ ਦੀ ਕਾਰਵਾਈ ਕੀਤੀ ਹੈ ਜੋ ਅਸਹਿ ਹੈ । ਉਹਨਾਂ ਕਿਹਾ ਕਿ ਜੇਕਰ ਜਥੇਦਾਰ ਸਾਹਿਬ ਤੇ ਸ੍ਰੀ ਮੱਕੜ ਵੜੈਚ ਗੁਰੂਘਰ ਦੀ ਸਹੀ ਰਿਪੋਰਟ ਪੇਸ਼ ਕਰਕੇ ਸਹੀ ਫੈਸਲਾ ਕਰਦੇ ਤਾਂ ਅੱਜ ਦੋਵਾਂ ਨੂੰ ਨਾ ਤਾਂ ਨਮੋਸ਼ੀ ਝੱਲਣੀ ਪੈਣੀ ਸੀ ਅਤੇ ਨਾ ਹੀ ਕੌਮ ਅੱਗੇ ਦੋਸ਼ੀ ਹੋਣ ਤੋ ਬੱਚਣ ਲਈ ਝੂਠ ਦਾ ਸਹਾਰਾ ਲੈਣਾ ਪੈਣਾ ਸੀ । ਉਹਨਾਂ ਕਿਹਾ ਕਿ ਰਾਧਾ ਸੁਆਮੀਆਂ ਨੇ ਗੁਰੂਘਰ ਨੂੰ ਢਾਹ ਕੇ ਸਿੱਖ ਕੌਮ ਨਾਲ ਦੁਸ਼ਮਣੀ ਲੈ ਲਈ ਹੈ । ਇਸ ਨੂੰ ਖ਼ਤਮ ਕਰਨ ਦਾ ਇਕੋ ਇਕ ਸਹੀ ਰਾਹ ਇਹ ਹੈ ਕਿ ਰਾਧਾ ਸੁਆਮੀ ਆਪਣੀ ਗੁਸਤਾਖ਼ੀ ਨੂੰ ਪ੍ਰਵਾਨ ਕਰਦੇ ਹੋਏ ਗੁਰੂਘਰ ਦੀ ਜ਼ਮੀਨ ਵਾਪਿਸ ਦੇਕੇ ਗੁਰੂਘਰ ਦੀ ਉਸਾਰੀ ਕਰਨ ਵਿਚ ਇਮਾਨਦਾਰੀ ਨਾਲ ਸਹਿਯੋਗ ਕਰਨ ਵਰਨਾ ਸਿੱਖ ਕੌਮ ਵੱਲੋਂ ਬਣਾਈ ਗਈ ਐਕਸਨ ਕਮੇਂਟੀ ਉਸੇ ਸਥਾਂਨ ਤੇ ਗੁਰੂਘਰ ਦੀ ਉਸਾਰੀ ਖੁਦ ਕਰੇਗੀ ।

ਸ. ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਬਲਾਤਕਾਰੀ ਵਾਈਸ ਚਾਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ਦੀ ਕੀਤੀ ਬਰਖਾਸਤਗੀ ਉਤੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ “ਚੋਰ ਅਤੇ ਕੁੱਤੀ” ਰਲੇ ਹੋਏ ਹਨ । ਪਹਿਲਾ ਤਾਂ ਅਜਿਹੇ ਬਦਨਾਮ ਅਤੇ ਦਾਗੀ ਬੰਦੇ ਨੂੰ ਇਸ ਯੂਨੀਵਰਸਿਟੀ ਦਾ ਵਾਈਸ ਚਾਸਲਰ ਲਗਾਉਣਾ ਹੀ ਵੱਡਾ ਗੁਨਾਂਹ ਸੀ । ਫਿਰ ਸਾਡੇ ਵੱਲੋਂ ਸੰਘਰਸ਼ ਕਰਨ ਉਪਰੰਤ ਵੀ ਸ. ਬਾਦਲ ਤੇ ਸ੍ਰੀ ਮੱਕੜ ਵੱਲਂ ਡਾ. ਆਹਲੂਵਾਲੀਏ ਦੀ ਪਿੱਠ ਥਾਪੜਨ ਪਿੱਛੇ ਇਨ੍ਹਾਂ ਸਾਰਿਆ ਦੀਆਂ ਗੈਰ ਇਖ਼ਲਾਕੀ, ਬੇਨਿਯਮੀਆਂ ਕਾਰਵਾਈਆਂ ਛਿੱਪੀਆ ਹੋਈਆ ਸਨ । ਜਦੋ ਹੁਣ ਇਹ ਬਲਾਤਕਾਰੀ ਵੀ.ਸੀ. ਸਿੱਖ ਕੌਮ ਦੇ ਖ਼ਜਾਨੇ ਵਿਚੋਂ ਅਤੇ ਯੂਨੀਵਰਸਿਟੀ ਵਿਚ ਹੋਣ ਵਾਲੀਆ ਨਿਯੁਕਤੀਆਂ ਵਿਚ ਗੈਰ ਨਿਯਮੀਆਂ ਕਰਨ ਲੱਗ ਪਿਆ ਤੇ ਸ੍ਰੀ ਮੱਕੜ ਤੇ ਸ੍ਰੀ ਬਾਦਲ ਵੱਲੋਂ ਇਸ ਯੂਨੀਵਰਸਿਟੀ ਵਿਚ ਅਯੋਗ ਵਿਅਕਤੀਆਂ ਨੂੰ ਨਿਯੁਕਤ ਕਰਕੇ ਇਸ ਵੱਡੇ ਵਿਦਿਆ ਦੇ ਕੇਂਦਰ ਨੂੰ ਆਪਣਾ ਪਰਿਵਾਰਿਕ ਅੱਡਾ ਬਣਾ ਦਿੱਤਾ ਗਿਆ ਤਾਂ ਵਾਈਸ ਚਾਸਲਰ ਮੱਕੜ ਤੇ ਬਾਦਲ ਦੀਆਂ ਅਤੇ ਮੱਕੜ, ਵਾਈਸ ਚਾਸਲਰ ਦੀਆਂ ਗੈਰ ਨਿਯਮੀਆਂ ਨੂੰ ਖੁਦ ਹੀ ਸਾਹਮਣੇ ਲਿਆ ਰਹੇ ਹਨ । ਇਨ੍ਹਾਂ ਨੇ ਸਿੱਖ ਕੌਮ ਦੇ ਵਿਦਿਅਕ ਅਦਾਰਿਆ ਅਤੇ ਧਾਰਮਿਕ ਅਸਥਾਨਾਂ ਅਤੇ ਸੰਸਥਾਵਾਂ ਨੂੰ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਵਰਤਨਾ ਸੁਰੂ ਕਰ ਦਿੱਤਾ । ਜਦੋ ਕਿ ਗੁਰੂ ਸਾਹਿਬ ਨੇ “ਗੁਰੂ ਦੀ ਗੋਲਕ ਨੂੰ ਗ਼ਰੀਬ ਦੇ ਮੂੰਹ” ਦਾ ਰੁਤਬਾ ਦਿੱਤਾ ਹੈ । ਇਥੇ ਹੀ ਬਸ ਨਹੀ ਸ੍ਰੀ ਮੱਕੜ ਨੇ ਸ੍ਰੀ ਦਲਜੀਤ ਸਿੰਘ ਬੇਦੀ ਵਰਗੇ ਗੈਰ ਇਖ਼ਲਾਕੀ ਇਨਸਾਨ ਜਿਸ ਨੇ ਦਰਬਾਰ ਸਾਹਿਬ ਵਿਚ ਕੁਕਰਮ ਕੀਤੇ ਹਨ, ਜਿਸ ਦੀਆਂ ਅਖ਼ਬਾਰਾਂ ਨੂੰ ਜਾਰੀ ਹੋਈਆਂ ਫੋਟੋਆਂ ਸੱਚਾਈ ਨੂੰ ਪੇਸ਼ ਕਰਦੀਆਂ ਹਨ, ਉਸ ਨੂੰ ਫਿਰ ਤੋ ਸਕੱਤਰ ਦਾ ਅਹੁਦਾ ਦੇਕੇ ਇਸ ਲਈ ਨਿਵਾਜਿਆ ਹੈ ਕਿਉਂਕਿ ਉਹ ਇਨ੍ਹਾਂ ਸਭ ਦਾ ਅਯਾਸੀ ਦਾ ਸਪਲਾਈਰ ਹੈ । ਸ. ਮਾਨ ਨੇ ਕਿਹਾ ਕਿ ਜੋ ਕੁਝ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ, ਅਕਾਲੀ ਦਲ ਬਾਦਲ ਅਤੇ ਜਥੇਦਾਰ ਸਾਹਿਬਾਨ ਦੇ ਅਮਲਾਂ ਵਿਚ ਗੈਰ ਇਖ਼ਲਾਕੀ ਕਾਰਵਾਈਆ ਹੋ ਰਹੀਆ ਹਨ । ਇਨ੍ਹਾਂ ਪਿੱਛੇ ਦੋ ਦਾਗੀ ਸਖਸ ਸ੍ਰੀ ਦਲਮੇਘ ਸਿੰਘ ਸਕੱਤਰ ਐਸ.ਜੀ.ਪੀ.ਸੀ ਅਤੇ ਸ੍ਰੀ ਬਾਦਲ ਵੱਲੋਂ ਹੁਣੇ ਹੀ ਐਲਾਨੇ ਗਏ ਮੀਡੀਆ ਤੇ ਇਨਫਾਰਮੇਸ਼ਨ ਅਡਵਾਈਜਰ ਸ੍ਰੀ ਹਰਚਰਨ ਸਿੰਘ ਬੈਂਸ ਹਨ । ਸਿੱਖ ਕੌਮ ਨੂੰ ਹੁਣ ਆਪਣੀਆਂ ਅਕਾਦਮਿਕ, ਵਿਦਿਅਕ, ਧਾਰਮਿਕ, ਸੰਸਥਾਵਾਂ ਅਤੇ ਕੇਂਦਰਾਂ ਵਿਚ ਅਜਿਹੇ ਗੈਰ ਇਖ਼ਲਾਕੀ ਲੋਕਾਂ ਅਤੇ ਸਿਆਸਤਦਾਨਾਂ ਨੂੰ ਬਿਲਕੁਲ ਵੀ ਬਰਦਾਸਤ ਨਹੀ ਕਰਨਾ ਚਾਹੀਦਾ ਅਤੇ ਅੱਛੀਆਂ ਸਖਸ਼ੀਅਤਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਸ. ਮਾਨ ਨੇ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਐਸ.ਜੀ.ਪੀ.ਸੀ ਅਤੇ ਹੋਰ ਸਿੱਖ ਵਿਦਿਅਕ ਅਦਾਰਿਆ ਵਿਚ ਹੋ ਰਹੀਆ ਬੇਨਿਯਮੀਆਂ ਅਤੇ ਐਸ.ਜੀ.ਪੀ.ਸੀ. ਦੀਆਂ ਜ਼ਮੀਨਾਂ ਨੂੰ ਸਿਆਸਤਦਾਨਾਂ ਦੇ ਕਬਜੇ ਕਰਵਾਉਣ ਦੀਆਂ ਕਾਰਵਾਈਆਂ ਦੀ ਛਾਂਣਬੀਨ ਲਈ ਹਾਈ ਕੋਰਟ ਦੇ ਨਿਰਪੱਖ ਮੌਜੂਦਾ ਜਸਟਿਸ ਜਾਂ ਰਿਟਾਇਰਡ ਜਸਟਿਸ ਤੇ ਅਧਾਰਿਤ ਕਮੇਂਟੀ ਬਣਾਕੇ ਸੱਚਾਈ ਨੂੰ ਸਾਹਮਣੇ ਲਿਆਉਦੇ ਹੋਏ ਦੋਸੀਆਂ ਨੂੰ ਸਜ਼ਾਵਾਂ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>