ਸਰਨਾ ਨੇ ਅਮ੍ਰੀਕਾ ਦੇ ਗੁਰਦੁਆਰੇ ‘ਚ ਹੋਈ ਗੋਲੀਬਾਰੀ ਨੂੰ ਇਕ ਬਹੁਤ ਹੀ ਦੁਖਦਾਈ ਘਟਨਾ ਕਰਾਰ ਦਿੱਤਾ

ਨਵੀ ਦਿੱਲੀ :- ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਮ੍ਰੀਕਾ ਦੇ ਵਿਸਕੋਂਸਿਨ ਸਥਿਤ ਗੁਰਦੁਆਰੇ ਪੁਰ ਹੋਈ ਗੋਲੀਬਾਰੀ ਨੂੰ ਇਕ ਬਹੁਤ ਹੀ ਦੁਖਦਾਈ ਘਟਨਾ ਕਰਾਰ ਦਿੰਦਿਆਂ ਇਸਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ: ਸਰਨਾ, ਜੋ ਇਸ ਸਮੇਂ ਵਿਦੇਸ਼ੀ ਯਾਤਰਾ ਤੇ ਹਨ, ਨੇ ਫੋਨ ਤੇ ਗਲਬਾਤ ਕਰਦਿਆਂ ਕਿਹਾ ਕਿ ਇਸ ਘਟਨਾ ਦੇ ਫਲਸਰੂਪ ਸਮੁਚੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ, ਕਿਉਂਕਿ ਉਨ੍ਹਾਂ ਨੂੰ ਆਸ ਨਹੀਂ ਸੀ ਕਿ ਅਮਰੀਕਾ ਵਰਗੇ ਸਹਿਣਸ਼ੀਲ ਦੇਸ਼ ਵਿਚ ਵੀ ਅਜਿਹੀ ਦੁਖਦਾਈ ਘਟਨਾ ਵਾਪਰ ਸਕਦੀ ਹੈ।

ਸ: ਸਰਨਾ ਨੇ ਕਿਹਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਵਸਦੇ ਸਿੱਖ ਨਾ ਕੇਵਲ ਸਮਰਪਤ ਨਾਗਰਿਕ ਹੋ ਕੇ ਉਥੋਂ ਦੀ ਆਰਥਕਤਾ ਵਿਚ ਮਹਤਵਪੂਰਣ ਯੋਗਦਾਨ ਪਾ ਰਹੇ ਹਨ, ਸਗੋਂ ਵੱਖ-ਵੱਖ ਫਿਰਕਿਆਂ ਵਿਚ ਸਦਭਾਵਨਾ ਦਾ ਵਾਤਾਵਰਣ ਬਣਾ ਆਪਸੀ ਸਾਂਝ ਨੂੰ ਮਜ਼ਬੂਤ ਬਣਾਉਣ ਵਿਚ ਵੀ ਵਰਨਣਯੋਗ ਭੂਮਿਕਾ ਅਦਾ ਕਰ ਰਹੇ ਹਨ। ਅਜਿਹੀ ਸੋਚ ਦੇ ਮਾਲਕ ਸਿੱਖਾਂ ਪ੍ਰਤੀ ਕਿਸੇ ਦੇ ਦਿਲ ਵਿਚ ਨਫਰਤ ਦਾ ਹੋਣਾ ਹੈਰਾਨੀ ਪੈਦਾ ਕਰਦਾ ਹੈ।

ਸ: ਸਰਨਾ ਨੇ ਅਮ੍ਰੀਕਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਮ੍ਰੀਕਾ ਦੇ ਵੱਖ-ਵੱਖ ਹਿਸਿਆਂ ਵਿਚ ਸਥਿਤ ਗੁਰਦੁਆਰਿਆਂ ਅਤੇ ਉਥੇ ਵਸਦੇ ਸਿੱਖਾਂ ਦੀ ਸੁਰਖਿਆ ਦੇ ਯੋਗ ਪ੍ਰੰਬਧ ਕਰੇ।

ਸ: ਹਰਵਿੰਦਰ ਸਿੰਘ ਸਰਨਾ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਅਤੇ ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਬਿਆਨ ਵਿਚ ਅਮ੍ਰੀਕਾ ਦੇ ਗੁਰਦੁਆਰੇ ਪੁਰ ਕੀਤੀ ਗਈ ਗੋਲੀਬਾਰੀ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਦਸਿਆ ਕਿ ਸ: ਪਰਮਜੀਤ ਸਿੰਘ ਸਰਨਾ, ਜੋ ਇਸ ਸਮੇਂ ਵਿਦੇਸ਼ ਵਿਚ ਹਨ, ਦੇ ਆਦੇਸ਼ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਵਲੋਂ 11 ਅਗਸਤ ਸ਼ਨੀਵਾਰ ਸ਼ਾਮ 7:30 ਵਜੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਸ ਦੁਖਦਾਈ ਘਟਨਾ ਵਿਚ ਮਾਰੇ ਗਏ ਸਿੱਖਾਂ ਦੀ ਆਤਮਕ ਸ਼ਾਂਤੀ ਲਈ ਅਤੇ ਜ਼ਖਮੀ ਹੋਇਆਂ ਦੀ ਜਲਦੀ ਸਿਹਤਯਾਬੀ ਲਈ ਸਤਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਨ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>