ਖਾਓ ਸਬਜੀਆਂ ਜਰੂਰ, ਪਾਓ ਖਣਿਜ ਤੱਤ ਭਰਪੂਰ

ਹੀਰਾ ਸਿੰਘ ਅਤੇ ਨੀਨਾ ਚਾਵਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਨ

“ਬਾਬਾ ਹੋਰੁ ਖਾਣਾ ਖੁਸੀ ਖੁਆਰ ॥ ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ॥”

ਜਿਸ ਵਿੱਚ ਗੁਰੂ ਜੀ ਨੇ ਕਿਹਾ ਕਿ ਖਾਣਾ ਚਾਹੀਦਾ ਹੈ । ਜਿਸ ਨੂੰ ਖਾ ਕੇ ਮਨ ਅਤੇ ਦਿਮਾਗ਼ ਤੇ ਕੋਈ ਮਾੜਾ ਅਸਰ ਨਾ ਪਵੇ ਭਾਵ ਕਿ ਭੋਜਨ ਓਹੀ ਖਾਓ ਜਿਹੜਾ ਸਰੀਰ ਨੂੰ ਤੰਦਰੁਸਤ ਰੱਖੇ । ਅਤੇ ਭੋਜਨ ਨੂੰ ਖਾ ਕੇ ਖੁਸ਼ੀ ਮਹਿਸੂਸ ਕੀਤੀ ਜਾ ਸਕੇ । ਮਤਲਬ ਕਿ ਇਸ ਦਾ ਪਾਚਣ ਸਰੀਰ ਅੰਦਰ ਸੌਖਾ ਤੇ ਜਲਦੀ ਹੋ ਸਕੇ ।

ਖਣਿਜ ਤੱਤ ਮਨੁੱਖੀ ਭੋਜਨ ਦਾ ਇੱਕ ਮਹੱਤਵਪੂਰਨ ਤੇ ਅਹਿਮ ਹਿੱਸਾ ਹਨ । ਖਣਿਜ ਤੱਤਾਂ ਦੇ ਕੁਦਰਤੀ ਸੋਮੇ ਬਹੁਤ ਸਾਰੇ ਹਨ ਪਰ ਸਬਜ਼ੀਆਂ ਸਭ ਤੋਂ ਸਸਤਾ ਸੋਮਾ ਹਨ । ਤਕਰੀਬਨ ਸਾਰੇ ਲੋੜੀਂਦੇ ਖਣਿਜ ਤੱਤ ਸਬਜ਼ੀਆਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ । ਸਬਜ਼ੀਆਂ ਵਿੱਚ ਵਧੇਰੇ ਮਾਤਰਾ ‘ਚ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ ਹੋਣ ਕਰਕੇ ਸੁਰਖਿਅਤ ਭੋਜਨ ਵੀ ਕਿਹਾ ਜਾਂਦਾ ਹੈ। ਸਿਹਤ ਵਿਗਿਆਨੀਆਂ ਅਨੁਸਾਰ ਤਕਰੀਬਨ 280 ਗ੍ਰਾਮ ਸਬਜ਼ੀਆਂ ਪ੍ਰਤੀ ਦਿਨ ਇੱਕ ਵਿਅਕਤੀ ਲਈ ਜ਼ਰੂਰੀ ਹਨ। ਸਬਜ਼ੀਆਂ ਦੀ ਇਹਨੀ ਮਾਤਰਾ ਵਿੱਚੋਂ ਸਰੀਰ ਲਈ ਲੋੜੀਂਦੇ ਤੱਤ ਹਾਸਿਲ ਕੀਤੇ ਜਾ ਸਕਦੇ ਹਨ । ਸੋ ਗੱਲ ਕਰਦੇ ਹਾਂ ਖਣਿਜਾਂ ਬਾਰੇ, ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਖਣਿਜ ਤੱਤ ਸਰੀਰ ਵਿਚ ਯਾਨੀ ਕਿ ਹੱਡੀਆਂ, ਦੰਦ, ਵਾਲ, ਨਹੁੰ ਆਦਿ ਦੇ ਬਨਣ ਲਈ ਇਹ ਜ਼ਰੂਰੀ ਹੁੰਦੇ ਹਨ । ਸੋ ਸਰੀਰ ਨੂੰ ਤੰਦਰੁਸਤੀ ਤੇ ਚੰਗੀ ਤਰ੍ਹਾਂ ਕੰਮ ਕਰਨ ਲਈ ਬਹੁਤ ਸਾਰੇ ਖਣਿਜ ਪਦਾਰਥਾਂ ਦੀ ਲੋੜ ਪੈਂਦੀ ਹੈ ।

ਇਹਨਾਂ ਖਣਿਜ ਤੱਤਾਂ ਦੀ ਪ੍ਰਤੀ ਦਿਨ ਤੇ ਵਿਅਕਤੀ ਲਈ ਢੁੱਕਵੀਂ ਮਾਤਰਾ ਰੱਖੀ ਜਾਂਦੀ ਹੈ ਜੋ ਕਿ ਸਿਹਤ ਵਿਗਿਆਨੀਆਂ ਦੁਆਰਾ ਖੋਜਾਂ ਕਰਕੇ ਸਿਫਾਰਸ਼ ਕੀਤੀਆਂ ਜਾਂਦੀਆਂ ਹਨ । ਇਸ ਦੇ ਆਧਾਰ ਤੇ ਖਣਿਜ ਪਦਾਰਥਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਕਿ –

(ੳ) ਸੂਖਮ ਖਣਿਜ ਤੱਤ : ਇਹ ਉਹ ਤੱਤ ਹਨ ਜਿਨ੍ਹਾਂ ਦੀ ਸਰੀਰ ਨੂੰ ਬਹੁਤ ਘੱਟ ਮਾਤਰਾ ‘ਚ ਲੋੜ ਪੈਂਦੀ ਹੈ (100 ਮਿਲੀਗ੍ਰਾਮ ਪ੍ਰਤੀ ਦਿਨ ਤੋਂ ਘੱਟ) । ਉਦਾਹਰਨ ਵਜੋਂ ਕਰੋਮੀਅਮ, ਕੋਬਾਲਟ, ਮੌਲੀਬਿਡਨਸ, ਸੀਲੀਨੀਅਮ ਆਦਿ । ਜੇਕਰ ਇਹਨਾਂ ਦੀ ਸਰੀਰ ਵਿੱਚ ਘਾਟ ਹੋ ਜਾਵੇ ਤਾਂ ਕਈ ਸਮੱਸਿਆਵਾਂ ਦਾ ਆਉਣਾ ਯਕੀਨੀ ਹੋ ਜਾਂਦਾ ਹੈ ।

(ਅ) ਮੁੱਖ ਖਣਿਜ ਤੱਤ : ਇਹ ਤੱਤਾਂ ਦੀ 100 ਮਿਲੀਗ੍ਰਾਮ ਤੋਂ ਵੱਧ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੀ                 ਸਿਫਾਰਿਸ਼ ਕੀਤੀ ਜਾਂਦੀ ਹੈ । ਕਹਿਣ ਤੋਂ ਭਾਵ ਇਹਨਾਂ ਤੱਤਾਂ ਦੀ ਸਰੀਰ ਨੂੰ ਵਧੇਰੇ ਜ਼ਰੂਰਤ ਪੈਂਦੀ ਹੈ। ਉਦਾਹਰਨ ਵਜੋਂ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਸੋਡੀਅਮ ਆਦਿ । ਸੋ ਗੱਲ ਕਰਦੇ ਹਾਂ ਮੁੱਖ ਤੱਤਾਂ ਬਾਰੇ -

(1) ਕੈਲਸ਼ੀਅਮ : ਆਮ ਵਿਅਕਤੀ ਦੇ ਸਰੀਰ ਵਿੱਚ ਤਕਰੀਬਨ ਇੱਕ ਕਿੱਲੋ ਕੈਲਸ਼ੀਅਮ ਹੁੰਦਾ ਹੈ, ਜਿਸ     ਦੀ ਬਹੁਤਾਤ ਹੱਡੀਆਂ, ਦੰਦਾਂ ਆਦਿ ਵਿੱਚ ਪਾਈ ਜਾਂਦੀ ਹੈ । ਕੈਲਸ਼ੀਅਮ ਹੱਡੀਆਂ ਤੇ ਦੰਦਾਂ ਦੇ         ਮਜ਼ਬੂਤ ਹੋਣ ਵਿੱਚ ਸਹਾਈ ਹੁੰਦਾ ਹੈ ਅਤੇ ਨਾਲ-ਨਾਲ ਇਹ ਦਿਮਾਗੀ ਨਾੜੀਆਂ, ਮਾਸਪੇਸ਼ੀਆਂ        ਅਤੇ ਹਾਰਮੋਨਜ਼ ਦੇ ਸਹੀ ਕੰਮ ਕਰਨ ਲਈ ਸਮਰੱਥਾ ਪ੍ਰਦਾਨ ਕਰਦਾ ਹੈ । ਇਸ ਤੋਂ ਬਿਨਾਂ ਇਹ ਸੱਟ ਲੱਗਣ ਤੇ ਜਖ਼ਮ ਦੇ ਭਰਨ ਵਿੱਚ ਵੀ ਮੱਦਦ ਕਰਦਾ ਹੈ । ਕੈਲਸ਼ੀਅਮ ਦੇ ਮੁੱਖ ਸੋਮੇ ਹਨ : ਵੱਖ ਵੱਖ ਤਰ੍ਹਾਂ ਦੀਆਂ ਹਰੀਆਂ ਫ਼ਲੀਆਂ (ਜਿਵੇਂ ਕਿ ਫਰਾਂਸਬੀਨ, ਗੁਆਰਾ ਆਦਿ), ਭਿੰਡੀ, ਟਿੰਡਾ, ਬਰੋਕਲੀ, ਸ਼ਲਗ਼ਮ, ਹਰੀਆਂ ਪੱਤੇਦਾਰ ਸਬਜ਼ੀਆਂ ਆਦਿ । ਸਿਹਤ ਵਿਗਿਆਨੀਆਂ ਅਨੁਸਾਰ ਇੱਕ ਆਦਮੀ ਨੂੰ ਲਗਪਗ 700 ਮਿਲੀਗ੍ਰਾਮ ਕੈਲਸ਼ੀਅਮ ਪ੍ਰਤੀ ਦਿਨ ਭੋਜਨ ਵਿੱਚ ਲੈਣਾ ਚਾਹੀਦਾ ਹੈ । ਇਸ ਦੀ ਪੂਰਤੀ ਸਬਜ਼ੀਆਂ ਖਾਣ ਨਾਲ ਅਤੇ ਦੁੱਧ ਪੀਣ ਨਾਲ ਕੀਤੀ ਜਾ ਸਕਦੀ ਹੈ ।

(2) ਫਾਸਫੋਰਸ : ਇਹ ਖਣਿਜ ਤੱਤ ਵੀ ਮਨੁੱਖੀ ਸਰੀਰ ਲਈ ਬਹੁਤ ਮਹੱਤਵਪੂਰਨ ਹੈ ।ਇਹ ਤੱਤ ਸਰੀਰ ਦੇ ਹਰ ਭਾਗ ਵਿਚ ਪਾਇਆ ਜਾਂਦਾ ਹੈ ਅਤੇ ਇਹ ਸਰੀਰ ਦੀ ਅੰਦਰੂਨੀ ਊਰਜਾ ਨੂੰ ਸੰਭਾਲਣ ਵਿੱਚ ਸਹਾਇਕ ਹੁੰਦਾ ਹੈ । ਦੂਸਰੇ ਕਈ ਤੱਤਾਂ ਨੂੰ ਖੂਨ ਰਾਹੀਂ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਪਹੁਚਾਉਣ ਲਈ ਸਹਾਈ ਹੁੰਦਾ ਹੈ । 700-800 ਗ੍ਰਾਮ ਫਾਸਫੋਰਸ ਇੱਕ ਆਮ ਤੰਦਰੁਸਤ ਆਦਮੀ ਦੇ ਸਰੀਰ ਵਿੱਚ ਮੌਜ਼ੂਦ ਹੁੰਦਾ ਹੈ । ਇਸ ਦੀ ਬਹੁਤਾਤ ਹੱਡੀਆਂ, ਦੰਦਾਂ, ਸਰੀਰਿਕ ਦ੍ਰਵ ਆਦਿ ਵਿੱਚ ਹੁੰਦੀ ਹੈ । ਇਸ ਦਾ ਮੁੱਖ ਕੰਮ ਸਰੀਰ ਨੂੰ ਊਰਜਾ ਪ੍ਰਦਾਨ ਕਰਨਾ ਹੈ । ਇਸ ਤੱਤ ਦੇ ਸਬਜੀਆਂ ਦੇ ਤੌਰ ਤੇ ਮੁੱਖ ਸੋਮਾ ਫਰਾਂਸਬੀਨ ਹੈ, ਜਿਸ ਵਿੱਚ 186 ਮਿਲੀਗ੍ਰਾਮ ਫਾਸਫੋਰਸ ਪ੍ਰਤੀ 100 ਗ੍ਰਾਮ ਮਾਤਰਾ ਵਿੱਚ ਹੁੰਦਾ ਹੈ । ਇਸ ਤੋਂ ਬਿਨਾਂ ਕਈ ਸਬਜ਼ੀਆਂ ਜਿਵੇਂ ਕਿ ਪਾਲਕ, ਬਰੋਕਲੀ, ਗਾਜਰ, ਟਮਾਟਰ, ਮਟਰ, ਫੁੱਲਗੋਭੀ, ਚੁਲਾਈ ਆਦਿ ਵਿੱਚ ਵੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਸਦੀ ਰੋਜ਼ਾਨਾ ਲੋੜੀਂਦੀ ਮਾਤਰਾ 700-800 ਮਿਲੀਗ੍ਰਾਮ ਹੈ । ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਇਸ ਦੀ ਵਧੇਰੇ ਜ਼ਰੂਰਤ ਪੈਂਦੀ ਹੈ ਤੇ ਇਸ ਤੇ ਹੀ ਜਨਮ ਲੈਣ ਵਾਲੇ ਬੱਚੇ ਦੀ ਸਰੀਰਿਕ ਬਣਤਰ ਨਿਰਭਰ ਕਰਦੀ ਹੈ ।

(3) ਮੈਗਨੀਸ਼ੀਅਮ : ਇਹ ਖਣਿਜ ਤੱਤ ਫਾਸਫੋਰਸ ਦੀ ਤਰ੍ਹਾਂ ਹੱਡੀਆਂ, ਦੰਦਾਂ, ਖੂਨ ਆਦਿ ਵਿੱਚ ਪਾਇਆ ਜਾਂਦਾ ਹੈ । ਇਸ ਤੋਂ ਬਿਨਾ ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਵਾਲੇ ਕੈਮੀਕਲ (ਐਂਜਾਇਮ) ਦੇ ਕੰਮ ਕਰਨ ਲਈ ਜ਼ਰੂਰੀ ਹੈ। ਲਗਪਗ 20 ਗ੍ਰਾਮ ਮੈਗਨੀਸ਼ੀਅਮ ਆਮ ਆਦਮੀ ਦੇ ਸਰੀਰ ਵਿੱਚ ਮੌਜ਼ੂਦ ਹੁੰਦਾ ਹੈ। ਇਸ ਦੇ ਮੁੱਖ ਕੰਮ ਦਿਲ ਦੀਆਂ ਮਾਸਪੇਸ਼ੀਆਂ ਤੇ ਦਿਮਾਗੀ ਨਾੜੀਆਂ ਦਾ ਸੰਚਾਲਣ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਟਾਕਰਾ ਕਰਨ ਲਈ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ । ਇਹ ਖੂਨ ਵਿਚਲੀ ਸੱਕਰ (ਸ਼ੂਗਰ) ਅਤੇ ਖੂਨ ਦੇ ਦਬਾਅ  ਨੂੰ ਸੰਤੁਲਿਤ ਰੱਖਣ ਵਿੱਚ ਮੱਦਦ ਕਰਦਾ ਹੈ ।

ਮੈਗਨੀਸ਼ੀਅਮ ਮੁੱਖ ਤੌਰ ਤੇ ਮਟਰ, ਆਲੂ, ਫਰਾਂਸਬੀਨ, ਗੁਆਰਾ ਹਰੀਆਂ ਪੱਤੇਦਾਰ ਸਬਜੀਆਂ ਜਿਵੇਂ ਕਿ ਸਲਾਦ, ਪਾਲਕ, ਸਰੋਂ ਦਾ ਸਾਗ, ਬੰਦਗੋਭੀ, ਚੁਲਾਈ, ਮੇਥੀ ਆਦਿ ਵਿੱਚ ਪਾਇਆ ਜਾਂਦਾ ਹੈ । ਇਹ ਸਾਰੀਆਂ ਸਬਜ਼ੀਆਂ ਖਾਣ ਨਾਲ ਇਸ ਤੱਤ ਦੀ ਰੋਜਮਰਾ ਦੀ ਲੋੜ ਪੂਰੀ ਹੋ ਜਾਂਦੀ ਹੈ ਜਿਹੜੀ ਕਿ ਵਿਗਿਆਨੀਆਂ ਅਨੁਸਾਰ 300 ਮਿਲੀਗ੍ਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਹੈ ।

(4) ਸੋਡੀਅਮ : ਭਾਵੇਂ ਸੋਡੀਅਮ ਦਾ ਮੁੱਖ ਸੋਮਾ ਭੋਜਨ ‘ਚ ਵਰਤਿਆਂ ਜਾਣ ਵਾਲਾ ਨਮਕ ਹੈ, ਪਰ ਕੁਝ ਸਬਜ਼ੀਆਂ ਜਿਵੇਂ ਕਿ ਖੀਰਾ, ਸਲਾਦ, ਪਿਆਜ, ਬਰੋਕਲੀ, ਪਾਲਕ, ਚੁਕੰਦਰ ਆਦਿ ਵਿੱਚ ਵੀ ਸੋਡੀਅਮ ਪਾਇਆ ਜਾਂਦਾ ਹੈ । ਇਹ ਤੱਤ ਖੂਨ ਅਤੇ ਹੋਰ ਸਰੀਰਿਕ ਦ੍ਰਵਾਂ ਵਿੱਚ ਮੌਜ਼ੂਦ ਹੁੰਦਾ ਹੈ । ਸਰੀਰ ਵਿੱਚ ਐਸਿਡ-ਬੇਸ ਅਤੇ ਪਾਣੀ ਦਾ ਸੰਤੁਲਨ ਬਨਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ । ਇਹ ਮਾਸਪੇਸ਼ੀਆਂ ਅਤੇ ਦਿਮਾਗ ਦੀਆਂ ਨਾੜੀਆਂ ਦੀ ਗਤੀਵਿਧੀ ਵੀ ਵਧਾਉਂਦਾ ਹੈ । ਇਕ ਆਮ ਸਿਹਤਮੰਦ ਆਦਮੀ ਲਈ 2-2.5 ਗ੍ਰਾਮ ਸੋਡੀਅਮ ਦੀ ਮਾਤਰਾ ਚਾਹੀਦੀ ਹੈ ਪਰ ਬਲੱਡ ਪ੍ਰੈਸ਼ਰ ਅਤੇ ਗੁਰਦੇ ਦੇ ਰੋਗੀਆਂ ਨੂੰ ਜ਼ਿਆਦਾ ਸੋਡੀਅਮ ਲੈਣ ਦੀ ਮਨਾਹੀ ਹੈ ।

(5) ਪੋਟਾਸ਼ੀਅਮ : ਇਹ ਖਣਿਜ ਤੱਤ ਵੀ ਸਰੀਰ ਦੇ ਲੱਗਪਗ ਹਰ ਭਾਗ ਵਿੱਚ ਪਾਇਆ ਜਾਂਦਾ ਹੈ । ਇਹ ਸਰੀਰ ਦੇ ਵੱਖ-ਵੱਖ ਅੰਦਰੂਨੀ ਕੰਮ ਕਰਨ ਲਈ ਕਈ ਤਰ੍ਹਾਂ ਦੀਆਂ ਕ੍ਰਿਆਵਾਂ ਲਈ ਸਹਾਈ ਹੁੰਦਾ ਹੈ ਜਿਵੇਂ ਕਿ ਸਰੀਰਕ ਵਿੱਚਲੇ ਪਾਣੀ ਦਾ ਸੰਤੁਲਨ, ਮਾਸਪੇਸ਼ੀਆਂ ਤੇ ਦਿਮਾਗੀ ਨਾੜੀਆਂ ਦੇ ਕੰਮ ਕਰਨ ਦੀ ਸਮਰੱਥਾ ਅਤੇ ਊਰਜਾ ਉਤਪਾਦਨ ਲਈ ਅਹਿਮ ਹੈ । ਸਰੀਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 3-4 ਗ੍ਰਾਮ ਪ੍ਰਤੀ ਦਿਨ ਦੀ ਸਿਫਾਰਿਸ਼ ਕੀਤੀ ਗਈ ਹੈ । ਇਸ ਦੇ ਮੁੱਖ ਸੋਮੇ-ਪਾਲਕ, ਹਰੀਆਂ ਫਲੀਆਂ, ਪੇਠਾ, ਮਟਰ, ਟਮਾਟਰ, ਸ਼ਕਰਕੰਦੀ, ਜ਼ਕੀਨੀ, ਆਲੂ ਆਦਿ ਹਨ । ਜ਼ਿਆਦਾ ਮਾਤਰਾ ਵਿੱਚ ਇਹ ਤੱਤ ਸਰੀਰ ਲਈ ਹਾਨੀਕਾਰਕ ਵੀ ਹੋ ਸਕਦਾ ਹੈ ।

(6) ਕਲੋਰਾਈਡ : ਕਲੋਰਾਈਡ ਹਮੇਸ਼ਾ ਭੋਜਨ ਵਿੱਚ ਸੋਡੀਅਮ ਤੱਤ ਨਾਲ ਹੀ ਪਾਇਆ ਜਾਂਦਾ ਹੈ, ਸੋ ਇਸਦਾ ਮੁਖ ਸੋਮਾ ਵੀ ਖਾਣ ਵਾਲਾ ਨਮਕ ਹੀ ਹੈ । ਵਿਗਿਆਨੀਆਂ ਅਨੁਸਾਰ ਕਲੋਰਾਈਡ ਪ੍ਰਤੀ ਦਿਨ 2-5 ਗ੍ਰਾਮ ਇੱਕ ਤੰਦਰੁਸਤ ਵਿਅਕਤੀ ਲਈ ਲੋੜੀਂਦੀ ਹੈ । ਭੋਜਨ ਦੇ ਪਾਚਣ ਲਈ ਅਤੇ ਸਰੀਰ ਵਿਚਲੇ ਪਾਣੀ ਦੇ ਸੰਤੁਲਨ ਲਈ ਇਹ ਤੱਤ ਬਹੁਤ ਜ਼ਰੂਰੀ ਹੈ । ਸੋਡੀਅਮ ਭਰਪੂਰ ਸਬਜ਼ੀਆਂ ਵੀ ਕਲੋਰਾਈਡ ਭਰਪੂਰ ਹੁੰਦੀਆਂ ਹਨ । ਇਸ ਤੋਂ ਇਲਾਵਾ, ਜਿੰਮੀਕੰਦ, ਘੀਆ ਕੱਦੂ, ਖੀਰਾ ਆਦਿ ਵਿੱਚ ਵੀ ਕਲੋਰਾਈਡ ਤੱਤ ਪਾਇਆ ਜਾਦਾ ਹੈ ।

(7) ਸਲਫਰ : ਸਲਫਰ ਸਰੀਰ ਵਿੱਚ ਨਹੁੰ, ਖੂਨ ਅਤੇ ਵਾਲਾਂ ਵਿਚ ਪਾਇਆ ਜਾਂਦਾ ਹੈ । ਸਰੀਰ ਵਿੱਚ ਮੌਜੂਦ ਲੱਗਪੱਗ ਹਰ ਤਰ੍ਹਾਂ ਦੇ ਪ੍ਰੋਟੀਨ ਵਿੱਚ ਸਲਫਰ ਦੀ ਮਾਤਰਾ ਹੁੰਦੀ ਹੀ ਹੈ । ਇਸ ਤੱਤ ਦਾ ਮੁੱਖ ਕੰਮ ਸਰੀਰ ਵਿੱਚ ਊਰਜਾ ਪ੍ਰਦਾਨ ਕਰਨਾ ਅਤੇ ਬਿਮਾਰੀਆਂ ਨਾਲ ਲੜਨ ਦੀ ਸਕਤੀ ਪ੍ਰਦਾਨ ਕਰਨਾ ਹੈ । ਖੁਰਾਕ ਵਿੱਚ ਇਸ ਦੀ ਪ੍ਰਤੀ ਦਿਨ 2-5 ਗ੍ਰਾਮ ਪ੍ਰਤੀ ਵਿਅਕਤੀ ਦੀ ਸਿਫਾਰਿਸ਼ ਹੈ । ਇਹ ਤੱਤ ਖਾਧੇ ਗਏ ਭੋਜਨ ਵਿੱਚ ਮੌਜੂਦ ਪ੍ਰੋਟੀਨ ਵਿੱਚ ਤਸੱਲੀਬਖਸ਼ ਪ੍ਰਾਪਤ ਕੀਤਾ ਜਾਂਦਾ ਹੈ । ਇਸ ਤੋਂ ਬਿਨਾਂ ਸਬਜ਼ੀਆਂ ਜਿਵੇਂ ਕਿ ਲਸਣ, ਪਿਆਜ, ਚੁਕੰਦਰ, ਬੰਦਗੋਭੀ, ਮੂਲੀ, ਸ਼ਲਗਮ ਆਦਿ ਵਿੱਚ ਵੀ ਇਸ ਦੀ ਮਾਤਰਾ ਹੁੰਦੀ ਹੈ ।
ਉੱਪਰ ਲਿਖੀਆਂ  ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭੋਜਨ ਵਿੱਚ ਸਬਜੀਆਂ ਦੀ ਵੱਧ ਤੋਂ ਵੱਧ ਸਮੂਲੀਅਤ ਕਰਨੀ ਅਹਿਮ ਹੋ ਜਾਂਦੀ ਹੈ ਤਾਂ ਜੋ ਸਰੀਰ ਦੇ ਅੰਦਰੂਨੀ ਕੰਮ ਕਾਜ ਨੂੰ ਸਹੀ ਢੰਗ ਨਾਲ ਚਲਾਇਆ ਜਾ ਸਕੇ । ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਆਪਣੇ ਖੇਤ ਦੇ ਕਿਸੇ ਕੋਨੇ ਵਿੱਚ ਸਬਜ਼ੀਆਂ ਉਗਾਉਣ ਤਾਂ ਜੋ ਆਪ ਅਤੇ ਆਪਣੇ ਪਰਿਵਾਰ ਨੂੰ ਖੁਰਾਕੀ ਤੌਰ ਤੇ ਸੁਰੱਖਿਅਤ ਕਰ ਸਕਣ ਕਿਉਂਕਿ ਅੱਜਕੱਲ ਦੇ ਦੌਰ ‘ਚ ਬਦਲ ਰਹੇ ਖਾਣ ਪੀਣ ਦੇ ਢੰਗ ਕਈ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ ।

This entry was posted in ਲੇਖ.

2 Responses to ਖਾਓ ਸਬਜੀਆਂ ਜਰੂਰ, ਪਾਓ ਖਣਿਜ ਤੱਤ ਭਰਪੂਰ

  1. Rahul Sachdeva says:

    Thanks a lot writers for such a wonderful information and expecting such more articles in future.

    Regards

  2. Gurminder says:

    Bahut sohna likhya Hira Singh ji. Bahut knowledge wala article hai.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>