ਅਮਰੀਕਾ ਦੇ ਪੁਲੀਸ ਅਫ਼ਸਰ ਲੈਫ਼ਟੀਨੈਂਟ ਬਰਾਇਨ ਮਰਫੀ ਨੂੰ ਸੋਨ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ

ਅੰਮ੍ਰਿਤਸਰ :- ਅਮਰੀਕਾ ਦੇ ਰਾਜ ਵਿਸਕਾਨਸਿਨ ਦੇ ਸ਼ਹਿਰ ਓਕ ਕਰੀਕ ਦੇ ਗੁਰਦੁਆਰਾ ਸਾਹਿਬ ‘ਚ ਬੀਤੀ 5 ਅਗਸਤ ਨੂੰ ਸਿੱਖ ਭਾਈਚਾਰੇ ਵੱਲੋਂ ਨਿਤਨੇਮ ਉਪਰੰਤ ਕੀਤੀ ਜਾ ਰਹੀ ਅਰਦਾਸ ਮੌਕੇ ਨਸਲੀ ਭੇਦ-ਭਾਵ ਤਹਿਤ ਸਿਰ ਫਿਰੇ ਗੋਰੇ ਵੱਲੋ ਅੰਧਾ-ਧੁੰਦ ਗੋਲੀਆਂ ਚਲਾ ਕਿ ਛੇ ਸ਼ਰਧਾਲੂਆਂ ਨੂੰ ਮਾਰ ਕੇ 20 ਤੋਂ ਵੱਧ ਨੂੰ ਗੰਭੀਰ ਫੱਟੜ ਕਰ ਦਿੱਤਾ। ਮਾਰੇ ਗਏ ਸ਼ਰਧਾਲੂਆਂ ਦੀ ਆਤਮਿਕ ਸਾਂਤੀ ਤੇ ਫੱਟੜਾਂ ਦੀ ਸਿਹਤਯਾਬੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ, ਅਰਦਾਸ ਭਾਈ ਧਰਮ ਸਿੰਘ ਅਰਦਾਸੀਏ ਵੱਲੋਂ ਕੀਤੀ ਗਈ।

ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਦੇ ਸ਼ਹਿਰ ਓਕ ਕਰੀਕ ਦੇ ਗੁਰਦੁਆਰਾ ਸਾਹਿਬ ‘ਚ ਰੋਜਾਨਾ ਵਾਂਗ ਨਿਤਨੇਮ ਉਪਰੰਤ ਅਰਦਾਸ ਕਰ ਰਹੇ ਸਿੱਖ ਭਾਈਚਾਰੇ ਉੱਪਰ ਨਸਲੀ ਭੇਦ-ਭਾਵ ਤਹਿਤ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾ ਕੇ ਛੇ ਸ਼ਰਧਾਲੂਆਂ ਨੂੰ ਮਾਰ ਦਿੱਤਾ ਤੇ 20 ਤੋਂ ਵੱਧ ਨੂੰ ਫੱਟੜ ਕਰ ਦਿੱਤਾ ਸੀ। ਗੁਰੂ-ਘਰ ‘ਚ ਵਾਪਰੀ ਇਸ ਦੁੱਖਤ ਘਟਨਾ ਨਾਲ ਸਿੱਖ ਹਿਰਦੇ ਵਲੂੰਧਰੇ ਗਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਉਹਨਾਂ ਦੀ ਅਗਵਾਈ (ਜਥੇ:ਅਵਤਾਰ ਸਿੰਘ) ਵਿੱਚ ਦਿੱਲੀ ਸਥਿਤ ਅਮਰੀਕਾ ਦੇ ਸਫਾਰਤਖਾਨੇ ‘ਚ ਸਫੀਰ ਮੈਡਮ ਨੈਨਸੀ ਪਾਵੇਲ ਨੂੰ ਮਿਲਿਆ ਸੀ। ਇਸ ਵਫਦ ਨੇ 7 ਅਗਸਤ ਨੂੰ ਮੁਲਾਕਾਤ ਕਰਕੇ ਸਿੱਖ ਜਗਤ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਵਾਇਆ ਸੀ ਅਤੇ ਸਪਸ਼ਟ ਕਿਹਾ ਸੀ ਕਿ ਅਮਰੀਕਾ ਦੀ ਤਰੱਕੀ ‘ਚ ਸਿੱਖ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਏਥੇ ਸਿੱਖ ਵੱਡੇ-ਵੱਡੇ ਕਾਰੋਬਾਰੀ ਹਨ, ਸਿੱਖਾਂ ਦੀ ਜਾਨ-ਮਾਲ ਤੇ ਧਾਰਮਿਕ ਅਸਥਾਨਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ। ਅਮਰੀਕਾ ਵਿੱਚ ਸਿੱਖਾਂ ਦੀ ਪਹਿਚਾਣ ਲਈ ਠੋਸ ਕਦਮ ਚੁੱਕੇ ਜਾਣ ਕਿਉਂਕਿ 9-11 ਦੇ ਹਮਲੇ ਤੋਂ ਬਾਅਦ ਗਲਤ ਪਹਿਚਾਣ ਕਰਕੇ ਬਹੁਤ ਸਾਰੇ ਨਸਲੀ ਹਮਲੇ ਸਿੱਖਾਂ ਉੱਪਰ ਹੋਏ ਹਨ। ਅਮਰੀਕਾ ਦੀ ਸਫੀਰ ਮੈਡਮ ਨੈਨਸੀ ਪਾਵੇਲ ਨੇ ਉਹਨਾਂ ਨੂੰ ਯਕੀਨ ਦੁਆਇਆ ਹੈ ਕਿ ਪੂਰੇ ਅਮਰੀਕਾ ‘ਚੋ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਤੇ ਅੱਗੇ ਤੋਂ ਸਿੱਖ ਗੁਰਧਾਮਾਂ ਦੀ ਰੱਖਿਆ ਪਹਿਲ ਦੇ ਅਧਾਰ ਤੇ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਇਸੇ ਤਰਾਂ ਦੇਸ਼ ਦੇ ਵਿਦੇਸ਼ ਮੰਤਰੀ ਸ੍ਰੀ ਐਸ.ਐਮ.ਕ੍ਰਿਸ਼ਨਾ ਨੂੰ ਵੀ ਮਿਲ ਕੇ ਸਿੱਖਾਂ ਦੀ ਚਿੰਤਾ ਤੋਂ ਜਾਣੂੰ ਕਰਵਾਇਆਂ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਦੀ ਸਰਕਾਰ ਨਾਲ ਗੱਲਬਾਤ ਕਰਕੇ ਸਿੱਖਾਂ ਦੀ ਜਾਨਮਾਲ ਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਵਾਪਰੇ ਇਸ ਗੋਲੀਕਾਂਡ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ.ਸਤਵੰਤ ਸਿੰਘ ਕਾਲੇਕੇ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਬਹਾਦਰੀ ਨਾਲ ਨਸਲੀ ਗੋਰੇ ਦਾ ਮੁਕਾਬਲਾ ਕਰਕੇ ਵੱਡੇ ਦੁਖਾਂਤ ਨੂੰ ਰੋਕਿਆ ਤੇ ਸ਼ਰਧਾਲੂਆਂ ਦੀ ਜਾਨ ਬਚਾਉਂਦੇ ਹੋਏ ਨਸਲੀ ਗੋਰੇ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ! ਜੋ ਪ੍ਰਸੰਸਾ ਯੋਗ ਹਨ। ਉਨ੍ਹਾਂ ਕਿਹਾ ਕਿ ਇਸ ਬਹਾਦਰੀ ਖਾਤਰ ਉਨ੍ਹਾਂ ਨੂੰ ਸੋਨ ਸਨਮਾਨ ਨਾਲ ਨਿਵਾਜਿਆ ਜਾਵੇਗਾ।

ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅਮਰੀਕਾ ਦੇ ਪੁਲੀਸ ਅਫ਼ਸਰ ਲੈਫਟੀਨੈਂਟ ਬਰਾਇਨ ਮਰਫੀ ਵੱਲੋਂ ਆਪਣੇ ਫ਼ਰਜਾਂ ਦੀ ਪੂਰਤੀ ਕਰਦਿਆਂ ਨਸਲੀ ਗੋਰੇ ਦਾ ਮੁਕਾਬਲਾ ਕੀਤਾ। ਇਸ ਮੁਕਾਬਲੇ ਦੌਰਾਨ ਬਰਾਇਨ ਮਰਫੀ ਨੂੰ ਨਸਲੀ ਗੋਰੇ ਵੱਲੋਂ 9 ਗੋਲੀਆਂ ਮਾਰ ਕੇ ਗੰਭੀਰ ਫੱਟੜ ਕੀਤਾ ਗਿਆ ਹੈ। ਲੈਫਟੀਨੈਂਟ ਮਰਫੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੋਨ ਤਮਗੇ ਨਾਲ ਸਨਮਾਨਤ ਕੀਤਾ ਜਾਵੇਗਾ। ਦਿੱਲੀ ਤੋਂ ਜਿਹੜੇ ਰਾਗੀ ਸਿੰਘ ਇਸ ਗੋਲੀ ਕਾਂਡ ‘ਚ ਮਾਰੇ ਗਏ ਹਨ ਉਹਨਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦੋ-ਦੋ ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ। ਉਹਨਾਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਦੀ ਸਹਾਰਨਾ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ‘ਚ ਵਾਪਰੇ ਦੁਖਾਂਤ ਨੂੰ ਸਰਕਾਰੀ ਤੌਰ ਤੇ ਮਾਨਤਾ ਦੇਂਦਿੰਆਂ ਦੇਸ਼ ਦਾ ਝੰਡਾ ਅੱਧਾ ਝੁਕਾਇਆ ਹੈ ਇਸ ਨਾਲ ਸਿੱਖ ਮਨਾਂ ‘ਚ ਅਮਰੀਕਾ ਪ੍ਰਤੀ ਸਤਿਕਾਰ ਵਧਿਆ ਹੈ। ਉਬਾਮਾ ਪ੍ਰਸਾਸ਼ਨ ਦਾ ਇਸ ਗੱਲੋਂ ਧੰਨਵਾਦ ਕਰਦੇ ਹਨ।

ਸਮਾਗਮ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਰਧਾ ਤੇ ਫੱਟੜਾਂ ਦੀ ਸਿਹਤਯਾਬੀ ਲਈ ਸਾਰੇ ਸਿੰਘ ਸਾਹਿਬਾਨ ਵੱਲੋਂ ਅਰਦਾਸ ਕਰਦੇ ਹਨ। ਇਸ ਮੌਕੇ ਉਨ੍ਹਾਂ ਹੋਰ ਕਿਹਾ ਕਿ ਸਿੱਖਾਂ ਨੂੰ ਆਪਣੀ ਪਹਿਚਾਣ ਗੁਰਦੁਆਰਾ ਸਾਹਿਬ ਤੀਕ ਹੀ ਸੀਮਤ ਨਹੀ ਰੱਖਣੀ ਚਾਹੀਦੀ। ਸਮਾਨ ਅੰਦਰ ਵਿਚਰ ਕੇ ਲੰਗਰ ਸੇਵਾ, ਦੁੱਖੀਆਂ ਦੀ ਸੇਵਾ, ਹੋਰ ਵੱਖ-ਵੱਖ ਖੇਤਰਾਂ ਵਿੱਚ ਵੱਧ ਤੋਂ ਵੱਧ ਸੇਵਾ ਕਰਕੇ ਗੁਰੂ ਵੱਲੋਂ ਬਖਸੇ ਸੰਦੇਸ਼ ਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖਦ ਘੜ੍ਹੀ ਵਿੱਚ ਅਮਰੀਕਾ ਨੇ ਸਿੱਖ ਕੌਮ ਦਾ ਸਾਥ ਦਿੱਤਾ ਹੈ, ਮੈਂ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਉਬਾਮਾ ਦਾ ਧੰਨਵਾਦੀ ਹਾਂ।

ਅਰਦਾਸ ਸਮਾਗਮ ‘ਚ ਦਿੱਲੀ ਸਥਿਤ ਅਮਰੀਕਾ ਸਫਾਰਤਖਾਨੇ ਦੇ ਮਿਸਟਰ ਚੈਡ ਏ.ਥੌਰਨ ਬੈਰੀ ਪਹਿਲਾ ਸਿਆਸੀ ਸਕੱਤਰ, ਏ.ਸੁਕੇਸ਼ ਸਲਾਹਕਾਰ ਅੰਬੈਸੀ ਆਫ ਯੁਨਾਇਟਿਡ ਸਟੇਟਸ ਉਚੇਚੇ ਤੌਰ ਤੇ ਪਹੁੰਚੇ। ਮਿਸਟਰ ਚੈਡ ਏ.ਥੌਰਨ ਬੈਰੀ ਪਹਿਲੇ ਸਿਆਸੀ ਸਕੱਤਰ ਵੱਲੋਂ ਅੰਗਰੇਜੀ ਭਾਸ਼ਾ ਵਿੱਚ ਅਮਰੀਕਾ ਦੀ ਭਾਰਤ ‘ਚ ਸਫੀਰ ਮੈਡਮ ਨੈਨਸੀ ਜੇ.ਪਾਵੇਲ ਦਾ ਸੰਦੇਸ਼ ਪੜਿਆ ਤੇ ਕਿਹਾ ਕਿ ਅਮਰੀਕਾ ‘ਚ ਓਕ ਕਰੀਕ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਦੁੱਖਦਾਈ ਘਟਨਾ ਬਿਨਾਂ ਵਜ੍ਹਾ ਸੀ ਤੇ ਉਸ ਵਿੱਚ ਜਿੰਨ੍ਹਾਂ ਸ਼ਰਧਾਲੂਆਂ ਦੀਆਂ ਜਾਨਾਂ ਗਈਆਂ ਦਾ ਸਾਨੂੰ ਬੇਹੱਦ ਅਫਸੋਸ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਹਫਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਮਿਲੀ ਸੀ ਕਿ ਅਮਰੀਕਾ ਇਸ ਦੁਖਾਂਤ ਦੀ ਪੂਰਨ ਜਾਂਚ ਕਰਵਾਏਗਾ ਅਤੇ ਇਸ ਲਈ ਜਿੰਮੇਵਾਰ ਦੋਸ਼ੀਆਂ ਨੂੰ ਸਜਾ ਦੇਵੇਗਾ। ਅਸੀਂ ਭਾਰਤੀ ਅਤੇ ਅਮਰੀਕੀਆਂ ਵੱਲੋਂ ਓਕ ਕਰੀਕ ਗੁਰਦੁਆਰਾ ਸਾਹਿਬ ਵਿੱਚ ਮਾਰੇ ਜਾਣ ਵਾਲਿਆਂ ਦੇ ਅਫ਼ਸੋਸ ਵਿੱਚ ਸਫਾਰਤਖਾਨੇ ਅਤੇ ਅਮਰੀਕਾ ਵਿੱਚ ਰਾਸਟਰੀ ਝੰਡਾ ਨੀਵਾਂ ਕੀਤਾ ਹੈ। ਸਾਨੂੰ ਇਸ ਦੁਖਾਂਤ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਨਫ਼ਰਤ ਭਰੇ ਅੱਤਵਾਦ ਵਿਰੁੱਧ ਲੜਨ ਲਈ ਆਪਸੀ ਯਤਨ ਕਰਨੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ ਹੈ ਅਤੇ ਜੋਰ ਦੇ ਕੇ ਕਿਹਾ ਹੈ ਕਿ ਸਿੱਖ ਕੌਂਮ ਅਮਰੀਕੀ ਪਰਿਵਾਰ ਦਾ ਅਹਿਮ ਹਿੱਸਾ ਹੈ। ਸਾਨੂੰ ਸਾਰੇ ਮੁਲਕਾਂ ਨੂੰ ਜਿਹੜੇ ਕਿ ਧਰਮ ਨਿਰਪੱਖ ਕਦਰਾਂ ਕੀਮਤਾਂ ਦੀ ਪ੍ਰਤੀਨਿਧਤਾ ਕਰਦੇ ਹਨ ਨੂੰ ਹੋਰ ਵੀ ਦੁੱਖ ਇਸ ਲਈ ਪਹੁੰਚਿਆ ਹੈ ਕਿ ਇਹ ਦੁਖਾਂਤ ਗੁਰਦੁਆਰਾ ਸਾਹਿਬ ਵਿੱਚ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਧਰਮ ਨਿਰਪੱਖ ਕਦਰਾਂ ਕੀਮਤਾਂ ਤੇ ਚੱਲਦਿਆਂ ਇਸ ਦਰਦਨਾਕ ਦੁਖਾਂਤ ਤੋਂ ਅੱਗੇ ਨਿਕਲਾਂਗੇ।

ਅਮਰੀਕਾ ਦੀ ਸਫਾਰਤਖਾਨੇ ਤੋਂ ਅਰਦਾਸ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ ਸ੍ਰੀ ਚੈਡ ਏ.ਥੌਰਨ ਬੈਰੀ ਤੇ ਸ੍ਰੀ ਏ.ਸੁਕੇਸ਼ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾ ਉਪਰੰਤ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਸ.ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਰਾਮ ਸਿੰਘ, ਸ.ਅਮਰੀਕ ਸਿੰਘ ਸ਼ਾਹਪੁਰ, ਸ.ਦਲਮੇਘ ਸਿੰਘ ਸਕੱਤਰ, ਸ.ਜੋਗਿੰਦਰ ਸਿੰਘ ਓ.ਐਸ.ਡੀ. ਤੇ ਸ.ਦਿਲਜੀਤ ਸਿੰਘ ਬੇਦੀ ਮੀਤ ਸਕੱਤਰ ਵੱਲੋਂ ਸਾਂਝੇ ਰੂਪ ‘ਚ ਸ੍ਰੀ ਦਰਬਾਰ ਸਾਹਿਬ ਦੀ ਸੁਨਹਿਰੀ ਤਸਵੀਰ ਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਤ ਕੀਤਾ ਗਿਆ। ਅਰਦਾਸ ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ ਵੱਲੋਂ ਭਾਵ ਪੂਰਤ ਸ਼ਬਦਾਂ ਨਾਲ ਮੰਚ ਸੰਚਾਲਨ ਕੀਤਾ ਗਿਆ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਮੈਂਬਰ ਸ਼੍ਰੋਮਣੀ ਕਮੇਟੀ ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਰਾਮ ਸਿੰਘ, ਸ.ਅਮਰੀਕ ਸਿੰਘ ਸ਼ਾਹਪੁਰ, ਸ.ਜਰਨੈਲ ਸਿੰਘ ਡੋਗਰਾਂਵਾਲਾ ਤੇ ਸ.ਗੋਪਾਲ ਸਿੰਘ ਜਾਣੀਆਂ, ਧਰਮ ਪ੍ਰਚਾਰ ਕਮੇਟੀ ਮੈਂਬਰ ਸ.ਹਰਦਲਬੀਰ ਸਿੰਘ ਸ਼ਾਹ, ਐਡੀ:ਸਕੱਤਰ ਸ.ਸਤਬੀਰ ਸਿੰਘ, ਸ.ਮਨਜੀਤ ਸਿੰਘ, ਸ.ਹਰਭਜਨ ਸਿੰਘ ਤੇ ਸ.ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ.ਦਿਲਜੀਤ ਸਿੰਘ ਬੇਦੀ, ਸ.ਰਣਜੀਤ ਸਿੰਘ, ਸ.ਬਲਵਿੰਦਰ ਸਿੰਘ ਜੌੜਾ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਬਿਜੈ ਸਿੰਘ, ਸ.ਛਿੰਦਰ ਸਿੰਘ ਬਰਾੜ, ਸ.ਪਰਮਜੀਤ ਸਿੰਘ ਸਰੋਆ, ਸ.ਗੁਰਚਰਨ ਸਿੰਘ ਘਰਿੰਡਾ ਤੇ ਸ.ਭੁਪਿੰਦਰਪਾਲ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸ.ਹਰਬੰਸ ਸਿੰਘ ਤੇ ਸ.ਪ੍ਰਤਾਪ ਸਿੰਘ, ਇੰਚਾਰਜ ਸ.ਗੁਰਿੰਦਰ ਸਿੰਘ, ਸ.ਸਕੱਤਰ ਸਿੰਘ, ਸ.ਗੁਰਚਰਨ ਸਿੰਘ, ਸ.ਗੁਰਦਿੱਤ ਸਿੰਘ, ਸ.ਕਰਮਬੀਰ ਸਿੰਘ, ਸ.ਪਰਮਦੀਪ ਸਿੰਘ, ਸ.ਸੁਰਿੰਦਰਪਾਲ ਸਿੰਘ, ਸ.ਪਰਮਜੀਤ ਸਿੰਘ, ਸ.ਸੁਖਬੀਰ ਸਿੰਘ ਮੂਲੇਚੱਕ ਤੇ ਸ.ਨਿਰਮਲ ਸਿੰਘ, ਚੀਫ ਅਕਾਊਂਟੈਂਟ ਸ.ਹਰਿੰਦਰਪਾਲ ਸਿੰਘ, ਅਕਾਊਂਟੈਂਟ ਸ.ਮਿਲਖਾ ਸਿੰਘ, ਐਲ.ਏ. ਸ.ਪ੍ਰੀਤਪਾਲ ਸਿੰਘ, ਸਹਾਇਕ ਸੁਪ੍ਰਿੰਟੈਂਡੈਂਟ ਸ.ਮਲਕੀਤ ਸਿੰਘ, ਬਾਬਾ ਅਮਰੀਕ ਸਿੰਘ ਕਾਰਸੇਵਕ, ਬਾਬਾ ਹਰੀਦੇਵ ਸਿੰਘ ਈਸਾਪੁਰ, ਬਾਬਾ ਮੇਜਰ ਸਿੰਘ ਵਾਂ ਅਤੇ ਬਾਬਾ ਸੁਖਦੇਵ ਸਿੰਘ ਗੋਇੰਦਵਾਲ ਸਾਹਿਬ, ਦਲ ਖਾਲਸਾ ਦੇ ਭਾਈ ਕੰਵਰਪਾਲ ਸਿੰਘ, ਸ.ਅਮਰਬੀਰ ਸਿੰਘ ਢੋਟ ਕੌਂਸਲਰ, ਸ.ਕਿਰਪਾਲ ਸਿੰਘ ਮਨੁੱਖੀ ਅਧਿਕਾਰ ਸੰਗਠਨ, ਐਡੀ:ਮੈਨੇਜਰ ਸ.ਸਤਨਾਮ ਸਿੰਘ, ਸ.ਬਿਅੰਤ ਸਿੰਘ ਤੇ ਸ.ਮਹਿੰਦਰ ਸਿੰਘ, ਮੀਤ ਮੈਨੇਜਰ ਸ.ਸੁੱਚਾ ਸਿੰਘ, ਸ.ਪਰਮਜੀਤ ਸਿੰਘ ਤੇ ਸ.ਮੰਗਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>