ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਬਿਆਸ ਦੇ ਪਿੰਡ ਵੜੈਚ ‘ਚ ਕੀਤੇ ਗਏ ਦੌਰੇ ਦੀ ਰਿਪੋਰਟ

ਪਿਛਲੇ ਦਿਨੀਂ ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਬੰਧਕਾਂ ਵੱਲੋਂ ਡੇਰੇ ਨਾਲ ਲੱਗਦੇ ਪਿੰਡ ਵੜੈਚ ਦੇ 20 ਸਾਲਾ ਪੁਰਾਣੇ ਸ੍ਰੀ ਗੁਰਦੁਆਰਾ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ । ਜਿਸ ਨਾਲ ਸਿੱਖ ਕੌਮ ਅਤੇ ਪੰਥਕ ਸਫ਼ਾ ਅੰਦਰ ਖੂਬ ਚਰਚਾ ਛਿੜੀ ਹੋਈ ਹੈ । ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਿੰਡ ਵੜੈਚ ਵਿਖੇ ਆਪਣੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ: ਮਹਿੰਦਰਪਾਲ ਸਿੰਘ, ਸ. ਬਹਾਦਰ ਸਿੰਘ ਭਸੌੜ, ਸ. ਗੁਰਜੰਟ ਸਿੰਘ ਕੱਟੂ, ਸ. ਹਰਵੀਰ ਸਿੰਘ ਸੰਧੂ, ਸ. ਅਮਰੀਕ ਸਿੰਘ ਅਜਨਾਲਾ, ਸ. ਜਰਨੈਲ ਸਿੰਘ ਸਖੀਰਾ ਤੋ ਇਲਾਵਾ ਟਕਸਾਲ ਦੇ ਮੁੱਖੀ ਬਾਬਾ ਅਮਰੀਕ ਸਿੰਘ ਅਜਨਾਲਾ, ਸਤਿਕਾਰ ਕਮੇਂਟੀ ਦੇ ਆਗੂ ਸ. ਬਲਵੀਰ ਸਿੰਘ ਮੁੱਛਲ, ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਆਦਿ ਨਾਲ ਦੌਰਾ ਕੀਤਾ । ਇਸ ਦੌਰੇ ਨੂੰ ਲੈ ਕੇ ਪੰਜਾਬ ਸਰਕਾਰ ਅੰਦਰ ਭਾਰੀ ਹਲਚਲ ਦੇਖਣ ਨੂੰ ਮਿਲੀ । ਪੁਲਿਸ ਵੱਲੋਂ ਕੀਤੇ ਸਖ਼ਤ ਪ੍ਰਬੰਧਾਂ ਕਾਰਨ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਸੀ । ਪੁਲਿਸ ਨੇ ਇਸ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰਕੇ ਡੇਰਾ ਬਿਆਸ ਦੀ ਸੁਰੱਖਿਆ ਇੱਕ ਰਖੇਲ ਵਾਂਗ ਕੀਤੀ ਹੋਈ ਸੀ ।

ਪਿੰਡ ਦਾ ਇਕ ਹੋਰ ਗੁਰਦੁਆਰਾ ਜੋ ਬਾਬਾ ਜੀਵਨ ਸਿੰਘ ਦੀ ਯਾਦ ਵਿਚ ਬਣਿਆ ਹੋਇਆ ਹੈ, ਉਸ ਨੂੰ ਵੀ ਢਾਹੁਣ ਦੀਆਂ ਤਿਆਰੀਆਂ ਰਾਧਾ ਸੁਆਮੀਆਂ ਨੇ ਕਰ ਲਈਆਂ ਹਨ । ਗੁਰਦੁਆਰਾ ਸਾਹਿਬ ਦੀ ਇਕ ਸਾਈਡ ਤੇ 20 ਫੁੱਟ ਡੂੰਘੇ ਖੱਡੇ ਪੁੱਟ ਦਿੱਤੇ ਗਏ ਹਨ ਤਾਂ ਜੋ ਇਹ ਆਪਣੇ-ਆਪ ਹੀ ਢਹਿ ਜਾਵੇ । ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾ ਕਰ ਰਹੀ ਬੀਬੀ ਗੁਰਮੀਤ ਕੌਰ ਦੇ ਦੱਸਣ ਅਨੁਸਾਰ ਇਸ ਗੁਰੂਘਰ ਨੂੰ ਬਣਾਉਣ ਲਈ ਪਿੰਡ ਦੇ ਇਕ ਸੱਜਣ ਨੇ ਜ਼ਮੀਨ ਦਾਨ ਵਜੋਂ ਦਿੱਤੀ ਸੀ, ਪਰ ਇਸ ਦੀ ਰਜਿਸਟਰੀ ਗੁਰੂਘਰ ਦੇ ਨਾਮ ਨਹੀਂ ਸੀ ਕਰਵਾਈ ਗਈ । ਪਰ ਹੁਣ ਪਤਾ ਲੱਗਿਆ ਹੈ ਕਿ ਉਸ ਆਦਮੀ ਨੇ ਇਹ ਸਾਰੀ ਜਗਾ ਡੇਰੇਦਾਰਾਂ ਨੂੰ ਵੇਚ ਦਿੱਤੀ ਹੈ । ਸਾਨੂੰ ਕਈ ਵਾਰ ਡੇਰੇ ਵਾਲਿਆ ਵੱਲੋਂ ਧਮਕੀਆਂ ਵੀ ਮਿਲਿਆਂ ਹਨ ਤੇ ਸਾਨੂੰ ਕਿਹਾ ਗਿਆ ਹੈ ਕਿ ਤੁਸੀਂ ਇਥੋ ਉੱਠ ਜਾਵੋ, ਨਹੀਂ ਤਾਂ ਜ਼ਬਰੀ ਚੁੱਕ ਕੇ ਤੁਹਾਨੂੰ ਬਾਹਰ ਕੱਢ ਦਿੱਤਾ ਜਾਵੇਗਾ । ਹੁਣ ਅਸੀਂ ਇਥੇ ਡਰ ਤੇ ਸਹਿਮ ਵਿਚ ਰਹਿ ਕੇ ਦਿਨ ਬਤੀਤ ਕਰ ਰਹੇ ਹਾਂ । ਥੋੜੇ ਦਿਨ ਪਹਿਲਾਂ ਇਥੇ ਐਸ.ਐਸ.ਪੀ. ਪ੍ਰੀਤਪਾਲ ਸਿੰਘ ਅਤੇ ਹੋਰ ਪੁਲਿਸ ਅਫ਼ਸਰ ਆਏ ਸਨ ਤੇ ਮੌਕਾ ਵੇਖਕੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਡੇਰੇ ਵਾਲਿਆ ਵੱਲੋਂ ਚੁੱਕੀ ਮਿੱਟੀ ਵਾਪਿਸ ਇਸ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਲਗਵਾ ਦਿੱਤੀ ਜਾਵੇਗੀ ਪਰ ਡੇਰੇ ਵਾਲਿਆਂ ਨੇ ਇਸ ਹੁਕਮ ਦੀ ਕੋਈ ਪਾਲਣਾ ਨਹੀਂ ਕੀਤੀ । ਉਹ ਸਾਨੂੰ ਭਰੋਸਾ ਦੇ ਕੇ ਚਲੇ ਗਏ ਪਰ ਅਜੇ ਤੱਕ ਇਥੇ ਕੁਝ ਨਹੀਂ ਹੋਇਆ, ਸਗੋ ਜਦੋ ਬਾਰਿਸ਼ ਪੈਂਦੀ ਹੈ ਤਾਂ ਗੁਰੂਘਰ ਦੀ ਜ਼ਮੀਨ ਦੀ ਮਿੱਟੀ ਖੁਰ-ਖੁਰ ਕੇ ਹੇਠਾਂ ਜਾ ਰਹੀ ਹੈ । ਬੀਬੀ ਗੁਰਮੀਤ ਕੌਰ ਨੇ ਹੋਸਲਾ ਕਰਕੇ ਕਿਹਾ ਕਿ ਉਹ ਕਦੇ ਵੀ ਇਥੋ ਜਿ਼ਊਂਦੇ ਜੀਅ ਇਸ ਗੁਰੂਘਰ ਨੂੰ ਛੱਡ ਕੇ ਨਹੀਂ ਜਾਣਗੇ । ਬੇਸ਼ੱਕ ਉਹਨਾਂ ਨੂੰ ਇਸ ਬਦਲੇ ਕਿਸੇ ਤਰ੍ਹਾਂ ਦੀ ਕੋਈ ਵੀ ਕੀਮਤ ਕਿਉਂ ਨਾ ਉਤਾਰਨੀ ਪਵੇ । ਬੀਬੀ ਗੁਰਮੀਤ ਕੌਰ ਨੇ ਇਸ ਗੁਰਦੁਆਰਾ ਸਾਹਿਬ ਦੀ ਬਣੀ ਤਰਸਯੋਗ ਹਾਲਤ ਨੂੰ ਮੁੜ ਤੋ ਬਹਾਲ ਕਰਨ ਲਈ ਹਿੰਮਤ ਰੱਖੀ ਹੋਈ ਹੈ, ਕੱਚੀ ਮਿੱਟੀ ਨਾਲ ਗੁਰਦੁਆਰਾ ਸਾਹਿਬ ਦੀਆ ਖੁਰ ਰਹੀਆ ਕੰਧਾਂ ਨੂੰ ਸਜਾਇਆ ਹੋਇਆ ਹੈ । ਪ੍ਰਸ਼ਾਸਨ ਨੇ ਇਸ ਵਫਦ ਦੇ ਪਹੁੰਚਣ ਤੋਂ ਪਹਿਲਾਂ ਲੱਗੇ ਹੋਏ ਹੈਂਡ-ਪੰਪ ਦੀ ਪਾਈਪ ਜੋ ਖੱਡਾ ਪੁੱਟਣ ਕਾਰਨ ਡਿੱਗ ਪਈ ਸੀ, ਨੂੰ ਥੋੜੀ ਜਿਹੀ ਮਿੱਟੀ ਲਗਾਕੇ ਫਿਰ ਤੋ ਖੜੀ ਕਰ ਦਿੱਤਾ । ਇਸ ਵਫਦ ਨੂੰ ਗੁਰਦੁਆਰਾ ਸਾਹਿਬ ਤੋ ਵਾਪਿਸ ਆਉਣ ਲਈ ਇਕ ਪੱਗਡੰਡੀ ਰਾਹੀਂ ਵਾਪਿਸ ਮੁੜਨਾ ਪਿਆ, ਕਿਉਂਕਿ ਗੁਰੂਘਰ ਨੂੰ ਜਾਣ ਵਾਲਾ ਰਸਤਾ ਵੀ ਡੇਰੇ ਵਾਲਿਆਂ ਨੇ ਬੰਦ ਕਰਵਾ ਦਿੱਤਾ ਹੈ ।

ਪਿੰਡ ਵੜੈਚ ਦੇ ਇਸ ਗੁਰਦੁਆਰਾ ਸਾਹਿਬ ਵਿਚ ਸ. ਮਾਨ ਨੂੰ ਬਿਆਸ ਦੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸ. ਦਵਿੰਦਰ ਸਿੰਘ ਭੰਗੂ ਅਤੇ ਦੈਨਿਕ ਜਾਗਰਣ ਦੇ ਪੱਤਰਕਾਰ ਸ੍ਰੀ ਰਜਿੰਦਰ ਰਿੱਖੀ ਨੇ ਵੀ ਆਪਣੀ ਦਰਦ ਭਰੀ ਕਹਾਣੀ ਸੁਣਾਈ । ਉਹਨਾਂ ਅਨੁਸਾਰ ਡੇਰੇਦਾਰਾਂ ਵੱਲੋਂ ਕੀਤੀ ਜਾ ਰਹੀਆਂ ਪਿੰਡ ਨਿਵਾਸੀਆਂ ਨਾਲ ਵਧੀਕੀਆਂ ਬਾਰੇ ਜਦੋਂ ਰਿਪੋਰਟ ਇਕੱਠੀ ਕਰਨ ਲਈ ਉਹ 18 ਮਈ 2008 ਨੂੰ ਆਏ ਸਨ ਤਾਂ ਬਿਆਸ ਡੇਰੇ ਦੇ ਸਰਧਾਲੂਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਘਟੀਆ ਕਿਸਮ ਦਾ ਗਾਲੀ ਗਲੋਚ ਵੀ ਕੀਤਾ । ਸ੍ਰੀ ਰਜਿੰਦਰ ਰਿੱਖੀ ਨੂੰ ਤਾਂ ਲੱਗਭਗ ਦੋ ਘੰਟੇ ਬੰਦੀ ਬਣਾਕੇ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਿਆ, ਪਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਸੁਣਵਾਈ ਨਹੀ ਹੋਈ । ਇੰਨੇ ਸਮੇਂ ਦੌਰਾਨ ਸੰਗਤ ਟੀ.ਵੀ. ਦੇ ਰਿਪੋਟਰ ਸ. ਬਲਜੀਤ ਸਿੰਘ ਨੇ ਵੀ ਡੇਰੇ ਵਾਲਿਆਂ ਵੱਲੋਂ ਉਹਨਾਂ ਨਾਲ ਹੋਈ ਵਧੀਕੀ ਬਾਰੇ ਦੱਸਿਆ ਕਿ ਉਹ ਕੱਲ੍ਹ 28 ਜੁਲਾਈ ਨੂੰ ਡੇਰੇ ਨਾਲ ਲੱਗਦੇ ਪਿੰਡ ਜੋਧੇ ਵਿਚ ਸਟੋਰੀ ਤਿਆਰ ਕਰਨ ਲਈ ਸ਼ਾਮ ਦੇ 4:30 ਵਜੇ ਦੇ ਕਰੀਬ ਗਏ ਸਨ, ਕਿਉਂਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਜਿੰਮੀਦਾਰਾਂ ਦੀਆਂ ਜ਼ਮੀਨਾਂ ਜੋ ਡੇਰੇ ਬਿਆਸ ਨਾਲ ਲੱਗਦੀ ਹਨ, ਉਹਨਾਂ ਦੇ ਇਰਧ-ਗਿਰਧ ਡੇਰੇ ਵਾਲਿਆ ਨੇ 15-20 ਫੁੱਟ ਡੂੰਘੇ ਖੱਡੇ ਪੁੱਟ ਦਿੱਤੇ ਹਨ ਤਾਂ ਜੋ ਇਹ ਜਿੰਮੀਦਾਰ ਮਜਬੂਰੀ ਵਸ ਤੰਗ ਆ ਕੇ ਆਪਣੇ-ਆਪ ਹੀ ਡੇਰੇ ਨੂੰ ਜ਼ਮੀਨ ਵੇਚਣ ਲਈ ਤਿਆਰ ਹੋ ਜਾਣ । ਹੁਣ ਇਸ ਪਿੰਡ ਵਿਚ 7-8 ਘਰ ਹੀ ਬਾਕੀ ਰਹਿ ਗਏ ਹਨ । ਸ. ਬਲਜੀਤ ਸਿੰਘ ਅਨੁਸਾਰ ਜਦੋ ਉਹ ਪਿੰਡ ਜੋਧੇ ਪੁੱਜੇ ਹੀ ਸਨ ਤਾਂ ਡੇਰਾ ਰਾਧਾ ਸੁਆਮੀਆਂ ਦੇ ਇਕ ਗਰਮ ਖਿਆਲੀ ਧੜੇ ਦੇ 200 ਤੋ ਵੱਧ ਗਿਣਤੀ ਦੇ ਹਜੂਮ ਨੇ ਹਮਲਾ ਕਰ ਦਿੱਤਾ ਤੇ ਕਹਿਣ ਲੱਗੇ ਕਿ ਇਨ੍ਹਾਂ ਨੂੰ ਭੱਜਣ ਨਾ ਦਿਓ, ਫੜ ਕੇ ਮਾਰ ਦਿਓ ਅਤੇ ਭੱਦੀ ਕਿਸਮ ਦਾ ਗਾਲੀ-ਗਲੋਚ ਵੀ ਕਰਨ ਲੱਗੇ, ਇਹ ਦੇਖਕੇ ਉਹ ਉਥੋਂ ਆਪਣੀ ਜਾਨ ਬਚਾ ਕੇ ਭੱਜ ਗਏ, ਬੜੀ ਦਿਕਤ ਨਾਲ ਝੋਨੇ ਲੱਗੇ ਖੇਤਾਂ ਵਿਚੋ ਅਤੇ ਕੱਦੂ ਕੀਤੀ ਹੋਈ ਜ਼ਮੀਨ ਵਿਚੋ ਲੰਘਦਿਆਂ ਉਹ ਬੜੀ ਮੁਸ਼ਕਿਲ ਨਾਲ ਦੂਰ ਖੜ੍ਹੀ ਗੱਡੀ ਤੱਕ ਆਏ, ਉਹਨਾਂ ਦਾ ਕੀਮਤੀ ਸਮਾਨ ਵੀ ਉਥੇ ਹੀ ਡੇਰੇ ਵਾਲਿਆਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ । ਸ. ਬਲਜੀਤ ਸਿੰਘ ਨੇ ਦੱਸਿਆ ਕਿ ਉਹ ਇਹ ਸਾਰੀ ਜਾਣਕਾਰੀ ਨੇੜੇ ਥਾਣਾ ਰਈਆ ਵਿਚ ਦੇਣ ਲਈ ਗਏ ਤਾਂ ਉਹਨਾਂ ਨੂੰ ਥਾਣੇ ਵਿਚ ਡਿਊਟੀ ਤੇ ਤਾਇਨਾਤ ਮੌਕੇ ਦੇ ਅਫ਼ਸਰਾਂ ਨੇ ਇਹ ਕਹਿ ਕੇ ਵਾਪਿਸ ਮੋੜ ਦਿੱਤਾ ਕਿ ਇਹ ਘਟਨਾ ਸਾਡੀ ਹਦੂਦ ਅੰਦਰ ਨਹੀਂ ਆਉਂਦੀ, ਜਦਕਿ ਇਹ ਕਹਿਣਾ ਕਾਨੂੰਨ ਦੇ ਉਲਟ ਹੈ, ਉਹ ਅਫ਼ਸਰ ਉਥੇ ਹੀ ਰਿਪੋਰਟ ਲਿਖ ਕੇ ਘਟਨਾ ਦੀ ਹਦੂਦ ਵਾਲੇ ਥਾਣੇ ਨੂੰ ਭੇਜ ਸਕਦੇ ਸਨ । ਫਿਰ ਅਸੀਂ ਥਾਣਾ ਮਹਿਤਾ ਦੇ ਐਸ.ਐਚ.ਓ. ਕੋਲ ਜਾ ਕੇ ਇਸ ਘਟਨਾ ਨੂੰ ਬਿਆਨ ਕੀਤਾ ਤਾਂ ਉਹਨਾਂ ਨੇ ਵੀ ਸਾਡੀ ਗੱਲ ਸੁਣਨ ਦੀ ਬਜਾਇ ਅੱਗੋਂ ਇਹ ਕਿਹਾ ਕਿ “ਤੁਹਾਡੇ ਵਿਚ ਕੋਈ ਨਾ ਕੋਈ ਗਲਤੀ ਹੋਵੇਗੀ, ਐਵੇ ਤਾਂ ਨਹੀਂ ਡੇਰੇ ਵਾਲੇ ਤੁਹਾਡੇ ਮਗਰ ਪਏ” ਬੜੀ ਪ੍ਰੇਸ਼ਾਨੀ ਵਿਚੋ ਗੁਜ਼ਰਦਿਆਂ ਫਿਰ ਅਸੀਂ ਬਿਆਸ ਦੇ ਸਮੂਹ ਪੱਤਰਕਾਰ ਭਾਈਚਾਰੇ ਕੋਲ ਆਏ, ਜਿਥੇ ਅਸੀਂ ਸਾਰੀ ਘਟਨਾ ਸਾਂਝੀ ਕੀਤੀ । ਸਾਡੇ ਸਮੂਹ ਪੱਤਰਕਾਰਾਂ ਦੇ ਰੋਹ ਅੱਗੇ ਝੁਕਦਿਆਂ ਐਸ.ਪੀ.ਡੀ ਸ. ਜਸਦੀਪ ਸਿੰਘ ਆਏ । ਜਿਨ੍ਹਾਂ ਸਾਨੂੰ ਡੇਰੇਦਾਰਾਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ।

ਇਕ ਅਹਿਮ ਘਟਨਾ ਪਿੰਡ ਦੇ ਕੁਝ ਪਤਵੰਤਿਆਂ ਨੇ ਦੌਰਾ ਕਰ ਰਹੀ ਟੀਮ ਨੂੰ ਦੱਸੀ ਕਿ ਅੱਜ ਤੋ 30-35 ਸਾਲ ਪਹਿਲਾ ਵੀ ਇਥੋ ਥੋੜ੍ਹੀ ਦੂਰ ਮਾਤਾ ਗੰਗਾਂ ਜੀ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਸਥਿਤ ਸੀ ਜਿਸ ਦੀ ਰਜਿਸਟਰੀ ਸ੍ਰੀ ਗੁਰੂ ਗਰੰਥ ਸਾਹਿਬ ਦੇ ਨਾਂਅ ਸੀ, ਖਸਰਾ ਨੰਬਰ 814, ਜ਼ਮੀਨ ਦਾ ਰਕਬਾ 8 ਕਨਾਲ 14 ਮਰਲੇ 1967-68 ਦੇ ਮਾਲ ਰਿਕਾਰਡ ਵਿਚ ਸਾਮਿਲ ਹੈ,1977-78 ਦੀ ਜਮ੍ਹਾਂਬੰਦੀ ਵਿਚ ਵੀ ਇਹ ਸਭ ਕੁਝ ਦਰਜ ਹੈ ਪਰ 1982-83 ਦੀ ਜਮ੍ਹਾਂਬੰਦੀ ਵਿਚ ਸ੍ਰੀ ਗੁਰਦੁਆਰਾ ਸਾਹਿਬ ਦੀ ਮਲਕੀਅਤ ਬਦਲ ਦਿੱਤੀ ਗਈ । ਇਸ ਇਤਿਹਾਸਿਕ ਗੁਰੂਘਰ ਨੂੰ ਵੀ ਢਹਿ ਢੇਰੀ ਕਰਕੇ ਬਿਆਸ ਡੇਰੇ ਵਾਲਿਆ ਨੇ ਆਪਣੀ ਹਦੂਦ ਵਿਚ ਸ਼ਾਮਿਲ ਕਰ ਲਿਆ ਗਿਆ ।

ਪਿੰਡ ਦਾ ਦੌਰਾ ਮੁਕੰਮਲ ਕਰਨ ਤੋ ਬਾਅਦ ਜਦੋਂ ਸਮੁੱਚੇ ਵਫ਼ਦ ਨੇ ਉਹ ਜਗ੍ਹਾ ਜਿਥੇ ਸ੍ਰੀ ਗੁਰਦੁਆਰਾ ਸਾਹਿਬ ਸੁਸੋ਼ਭਿਤ ਸੀ, ਜੋ ਹੁਣ ਡੇਰੇ ਵਾਲਿਆਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਹੈ, ਨੂੰ ਦੇਖਣ ਲਈ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਤਾਂ ਉਹਨਾਂ ਨੇ ਅੱਗੇ ਜੁਆਬ ਦਿੱਤਾ ਕਿ ਉਥੇ ਤਾਂ ਸਿਰਫ 5-4 ਮੈਂਬਰ ਹੀ ਇਕ ਗੱਡੀ ਵਿਚ ਜਾ ਸਕਦੇ ਹਨ, ਫੋਟੋ ਕੈਮਰਾ, ਮੁਬਾਇਲ ਫੋਨ ਆਦਿ ਅਜਿਹੀ ਕੋਈ ਵਸਤੂ ਨਾਲ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ । ਪ੍ਰੈਸ ਨਾਲ ਸੰਬੰਧਿਤ ਕੋਈ ਵੀ ਪੱਤਰਕਾਰ ਉਥੇ ਨਹੀਂ ਜਾ ਸਕਦਾ, ਬੜੀ ਜਦੋ ਜਹਿਦ ਤੋ ਬਾਅਦ ਸ. ਮਾਨ ਦੀ ਅਗਵਾਈ ਵਿਚ 15-20 ਮੈਂਬਰਾਂ ਦਾ ਇਕ ਵਫ਼ਦ ਡੇਰੇ ਅੰਦਰ ਜਾਣ ਲਈ ਸਹਿਮਤੀ ਬਣੀ ਤਾਂ ਡੇਰੇ ਦੇ ਮੁੱਖ ਗੇਟ ਤੇ ਹੀ ਡੇਰੇ ਵਾਲਿਆਂ ਦੀ ਪ੍ਰਾਈਵੇਟ ਸਕਿਊਰਟੀ ਨੇ ਇੰਨੀ ਗਿਣਤੀ ਵਿਚ ਜਾ ਰਹੇ ਵਫ਼ਦ ਨੂੰ ਰੋਕਿਆ ਤੇ ਪੁੱਛਿਆ ਕਿ ਤੁਹਾਡੇ ਪਾਸ ਕਿਸੇ ਤਰ੍ਹਾਂ ਦਾ ਕੋਈ ਕੈਮਰਾ ਜਾਂ ਮੋਬਾਇਲ ਫੋਨ ਤਾਂ ਨਹੀ ਤਾਂ ਸਮੁੱਚੇ ਵਫ਼ਦ ਨੇ ਕਿਹਾ ਕਿ ਨਹੀਂ । ਜਦੋ ਡੇਰੇ ਵਾਲਿਆਂ ਦੇ ਮੋਹਤਬਰ ਅਤੇ ਪੁਲਿਸ ਕਈ ਗੱਲਾਂ ਵਿਚ ਆਨਾ-ਕਾਨੀ ਕਰਨ ਲੱਗੇ ਤਾਂ ਸ. ਮਾਨ ਨੇ ਗੱਡੀ ਵਿਚੋ ਉਤਰ ਕੇ, ਦਲੀਲ ਨਾਲ ਉਹਨਾਂ ਨੂੰ ਸਮਝਾਉਂਦਿਆ ਕਿਹਾ ਕਿ ਜੇ ਸਾਡੇ ਜਾਣ ਤੇ ਤੁਹਾਨੂੰ ਕੋਈ ਇਤਰਾਜ ਹੈ ਤਾ ਅਸੀਂ ਵਾਪਿਸ ਚਲੇ ਜਾਂਦੇ ਹਾਂ । ਪਰ ਤੁਸੀ ਸਾਡੇ ਨਾਲ ਅਜਿਹੀਆਂ ਬੇਹੁੱਦੀ ਗੱਲਾਂ ਨਾ ਕਰੋ, ਅਸੀਂ ਅਮਨ ਪਸੰਦ ਤਰੀਕੇ ਨਾਲ ਇਥੇ ਵਾਪਰੀ ਘਟਨਾ ਬਾਰੇ ਸਹੀ ਜਾਣਕਾਰੀ ਕੌਂਮ ਨੂੰ ਬਿਆਨ ਕਰਨਾ ਚਾਹੁੰਦੇ ਹਾਂ । ਸ. ਮਾਨ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਸਿੱਖ ਜਾ ਸਕਦੇ ਹਨ ਪਰ ਡੇਰੇ ਅੰਦਰ ਸ਼ਹੀਦ ਹੋਏ ਗੁਰਦੁਆਰੇ ਦੇ ਦਰਸ਼ਨਾਂ ਲਈ ਸਾਨੂੰ ਤੁਹਾਡੇ ਹੱਥੋਂ ਜ਼ਲੀਲ ਹੋਣਾ ਪੈ ਰਿਹਾ ਹੈ ਤਾਂ ਇਹ ਗੱਲ ਸੁਣ ਕੇ ਡੇਰੇ ਵਾਲੇ ਅਤੇ ਪੁਲਿਸ ਅਫ਼ਸਰ ਹੱਕੇ-ਬੱਕੇ ਰਹਿ ਗਏ ਤੇ ਸ. ਮਾਨ ਨੂੰ ਕਹਿਣ ਲੱਗੇ ਤੁਸੀ ਗੱਡੀ ਵਿਚ ਬੈਠੋ ਤੇ ਤੁਹਾਨੂੰ ਅੱਗੇ ਜਾਣ ਤੋਂ ਕੋਈ ਨਹੀਂ ਰੋਕਦਾ ।

ਸਮੁੱਚਾ ਵਫ਼ਦ ਜਦੋ ਸ਼ਹੀਦ ਹੋਏ ਗੁਰਦੁਆਰਾ ਸਾਹਿਬ ਵਾਲੇ ਸਥਾਨ ਤੇ ਪਹੁੰਚਿਆਂ ਤਾਂ ਉਥੇ ਦੇਖਿਆ ਇੰਝ ਜਾਪ ਰਿਹਾ ਸੀ ਕਿ ਅਸੀਂ ਪੰਜਾਬ ਵਿਚ ਨਹੀਂ ਬਲਕਿ ਤਾਲੀਬਾਨ ਦੇ ਕੰਟਰੋਲ ਹੇਠਲੇ ਕਿਸੇ ਮੁਲਕ ਵਿਚ ਆ ਗਏ ਹੋਈਏ, ਡੇਰੇ ਵਾਲਿਆਂ ਵੱਲੋਂ ਸਾਰੀ ਟੀਮ ਨੂੰ ਬੇਗਾਨਿਆਂ ਵਾਂਗ ਤੱਕਿਆ ਜਾ ਰਿਹਾ ਸੀ । ਉਥੇ ਪਹੁੰਚ ਕੇ ਸਾਰੀ ਟੀਮ ਦੇ ਮੈਂਬਰਾਂ ਨੇ ਆਪਣੇ ਆਪ ਨੂੰ ਗੁਲਾਮ ਹੋਣ ਦਾ ਅਹਿਸਾਸ ਮਹਿਸੂਸ ਕੀਤਾ । ਉਹ ਜਗ੍ਹਾ ਜਿਥੇ ਗੁਰੂਘਰ ਬਣਿਆ ਹੋਇਆ ਸੀ, ਉਥੇ ਹੁਣ ਬੁਲਡੋਜਰਾਂ ਨਾਲ ਸਫਾਇਆ ਕਰਕੇ ਮਲਬੇ ਦਾ ਵੀ ਨਾਮੋ ਨਿਸ਼ਾਨ ਮਿਟਾਉਣ ਦੇ ਯਤਨ ਕੀਤੇ ਜਾ ਰਹੇ ਹਨ, ਸਿਰਫ ਮਿੱਟੀ ਦਾ ਥੋੜਾ ਜਿਹਾ ਢੇਰ ਗੁਰੂਘਰ ਦੇ ਸ਼ਹੀਦ ਹੋਣ ਦੀ ਗਵਾਹੀ ਭਰ ਰਿਹਾ ਸੀ, ਉਥੇ ਮੌਜੂਦ ਪੁਰਾਣੇ ਬੋਹੜ ਤੇ ਪਿਲਕਣ ਦੇ ਦਰੱਖ਼ਤਾਂ ਨੂੰ ਵੀ ਜੜ੍ਹਾਂ ਤੋ ਪੁੱਟ ਕੇ ਖ਼ਤਮ ਕਰ ਦਿੱਤਾ ਗਿਆ ਸੀ । ਸਿਰਫ਼ ਉਨ੍ਹਾਂ ਦਰੱਖ਼ਤਾਂ ਦੀਆਂ ਜੜ੍ਹਾਂ ਦੇ ਬੱਚਦੇ ਕੁਝ ਕੁ ਟੁੱਕੜੇ ਆਪਣੇ ਉਤੇ ਵਾਪਰੇ ਪੰਥ ਵਿਰੋਧੀ ਜਾਲਮਾਂ ਦੇ ਕਹਿਰ ਦੀ ਦਾਸਤਾਨ ਦੱਸ ਰਹੇ ਸਨ । ਸ਼ਹੀਦ ਹੋਏ ਗੁਰੂਘਰ ਦੀ ਜਗਾ ਪਰ ਪਹੁੰਚਣ ਤੇ ਸ. ਮਾਨ ਨੇ ਆਪਣੀ ਸ਼ਰਧਾ ਅਤੇ ਸਤਿਕਾਰ ਸਹਿਤ ਧਰਤੀ ਨੂੰ ਮੱਥਾ ਟੇਕ ਕੇ ਕੀਤਾ । ਟੀਮ ਵਿਚ ਸ਼ਾਮਿਲ ਬਾਬਾ ਅਮਰੀਕ ਸਿੰਘ ਅਜਨਾਲਾ ਨੇ ਅਰਦਾਸ ਕਰਕੇ ਗੁਰੂ ਸਾਹਿਬਾਨਾਂ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਿਸਾਹ ਸਮੁੱਚੀ ਸਿੱਖ ਕੌਮ ਨੂੰ ਇਸ ਜਗ੍ਹਾ ਤੇ ਮੁੜ ਤੋਂ ਗੁਰੂ ਦੇ ਚਰਨਾਂ ਦਾ ਆਸਰਾ ਬਖ਼ਸਣਾ ਅਤੇ ਗੁਰੂਘਰ ਦੇ ਨਿਸ਼ਾਨ ਸਾਹਿਬ ਝੁਲਾਉਣ ਦੀ ਤਾਕਤ ਵੀ ਬਖ਼ਸ਼ਣੀ । ਅਰਦਾਸ ਪੂਰੀ ਹੋਣ ਉਪਰੰਤ ਉਥੇ ਮੌਜੂਦ ਪਿੰਡ ਵੜੈਚ ਦੇ ਸਰਪੰਚ ਬਲਵਿੰਦਰ ਸਿੰਘ (ਜੋ ਰਾਧਾ ਸੁਆਮੀ ਡੇਰੇ ਵਾਲਿਆ ਨਾਲ ਅਸਰ ਰਸੂਖ ਰੱਖਦਾ ਹੈ) ਨੇ ਸ. ਮਾਨ ਨੂੰ ਫ਼ਤਹਿ ਬੁਲਾਕੇ ਸਾਰੇ ਘਟਨਾ ਕਰਮ ਤੇ ਆਪਣੇ ਅਨੁਸਾਰ ਰੋਸ਼ਨੀ ਪਾਉਣ ਦਾ ਯਤਨ ਕੀਤਾ । ਉਹਨਾਂ ਅਨੁਸਾਰ ਇਥੇ ਕਿਸੇ ਕਿਸਮ ਦੀ ਧੱਕੇਸਾਹੀ ਨਹੀਂ ਹੋਈ, ਪਿੰਡ ਵਾਸੀ ਅਤੇ ਡੇਰੇ ਵਾਲਿਆਂ ਦੀ ਆਪਣੀ ਸਹਿਮਤੀ ਨਾਲ ਇਸ ਗੁਰਦੁਆਰੇ ਨੂੰ ਵੇਚਿਆ ਗਿਆ ਹੈ, ਇਥੋ ਬੜੀ ਰਹਿਤ ਮਰਿਯਾਦਾ ਅਨੁਸਾਰ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੁੱਕਿਆ ਗਿਆ ਹੈ । ਪਿੰਡ ਦੀ ਵੜੈਚ ਪੱਤੀ ਦੇ 7-8 ਘਰ ਜੋ ਇਸ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਸਨ ਉਹਨਾਂ ਨੂੰ ਵੀ ਵੇਚ ਦਿੱਤਾ ਗਿਆ ਹੈ । ਇਸ ਜਗਾ ਦੀ ਬਦਲ ਵਿਚ ਸਾਨੂੰ ਕਿਤੇ ਹੋਰ ਡੇਰੇ ਵਾਲਿਆਂ ਨੇ ਜਗਾ ਮੁੱਲ ਖ੍ਰੀਦ ਕੇ ਦੇ ਦਿੱਤੀ ਹੈ । (ਸਰਪੰਚ ਦੀ ਹਰ ਗੱਲ ਵਿਚੋ ਡੇਰੇ ਵਾਲਿਆਂ ਦਾ ਪੱਖ ਜਿਆਦਾ ਨਜ਼ਰ ਆਉਂਦਾ ਸੀ) ਜਦੋ ਸ. ਮਾਨ ਨੇ ਕਿਹਾ ਕਿ ਸਰਪੰਚ ਸਾਹਿਬ, ਇਥੋ ਵੇਚ ਕੇ ਚਲੇ ਜਾਣ ਦਾ ਕੀ ਮਤਲਬ ਹੈ? ਤਾਂ ਸੱਚਾਈ ਲੁਕੀ ਨਹੀ ਰਹੀ, ਸਰਪੰਚ ਸਾਹਿਬ ਆਪ ਹੀ ਆਖ਼ ਬੈਠੇ ਕਿ ਇਥੇ ਪਿਛਲੇ 4 ਸਾਲਾਂ ਤੋ ਸ੍ਰੀ ਗੁਰਦੁਆਰਾ ਸਾਹਿਬ ਤੇ ਘਰਾਂ ਵਿਚ ਵੀ ਬਿਜਲੀ ਦਾ ਪ੍ਰਬੰਧ ਨਹੀਂ ਸੀ ਤਾਂ ਸ. ਮਾਨ ਨੇ ਕਿਹਾ ਕਿ ਤੁਸੀਂ ਬਿਜ਼ਲੀ ਮਹਿਕਮੇ ਨੂੰ ਇਸ ਬਾਰੇ ਜਾਣੂ ਕਰਵਾਇਆ ਸੀ, ਤਾਂ ਸਰਪੰਚ ਨੇ ਕਿਹਾ ਕਿ ਹਰ ਹਰਬਾ ਵਰਤਣ ਤੋ ਬਾਅਦ ਬਿਜ਼ਲੀ ਨਹੀਂ ਲੱਗੀ । ਬਿਜਲੀ ਬੋਰਡ, ਡੀ.ਸੀ. ਤੇ ਐਸ.ਡੀ.ਐਮ. ਦੇ ਦਫ਼ਤਰਾਂ ਦੇ ਚੱਕਰ ਲਗਾਉਣ ਤੋ ਇਲਾਵਾ ਅਸੀਂ ਇਸ ਇਲਾਕੇ ਦੇ ਸਾਬਕਾ ਐਮ.ਐਲ.ਏ. ਮਨਜਿੰਦਰ ਸਿੰਘ ਕੰਗ, ਇਸ ਇਲਾਕੇ ਦੇ ਐਮ.ਪੀ. ਰਤਨ ਸਿੰਘ ਅਜਨਾਲਾ ਕੋਲ ਵੀ ਪਹੁੰਚ ਕੀਤੀ ਸੀ, ਬਿਜਲੀ ਬੋਰਡ ਦਾ ਐਕਸੀਅਨ ਸਾਨੂੰ ਕਹਿੰਦਾ ਸੀ ਕਿ ਬਿਜਲੀ ਦੀਆਂ ਤਾਰਾਂ ਡੇਰੇ ਵਾਲੇ ਪਾਸਿਓਂ ਦੀ ਪਾ ਕੇ ਤੁਹਾਡਾ ਕੰਮ ਚਲਾ ਦਿੰਦੇ ਹਾਂ ਪਰ ਡੇਰੇ ਵਾਲੇ ਇਸ ਗੱਲ ਲਈ ਰਾਜੀ ਨਹੀਂ ਸਨ, ਸੋ ਇਹ ਮੁੱਖ ਕਾਰਨ ਬਣਿਆ ਹੈ ਕਿ ਅਸੀਂ ਗੁਰਦੁਆਰਾ ਡੇਰੇ ਵਾਲਿਆਂ ਨੂੰ ਵੇਚ ਦਿੱਤਾ ਹੈ, ਤਾਂ ਸ. ਮਾਨ ਨੇ ਉਹਨਾਂ ਨੂੰ ਕਿਹਾ ਕਿ ਇਸ ਸੰਬੰਧੀ ਤੁਸੀ ਡੇਰੇ ਦੇ ਮਹਾਂਪੁਰਸ਼ਾ ਕੋਲ ਗੱਲ ਕੀਤੀ ਤਾਂ ਉਹਨਾਂ ਨਾਂਹ ਵਿਚ ਜੁਆਬ ਦਿੱਤਾ । ਸ. ਮਾਨ ਨੇ ਉਥੇ ਮੌਜੂਦ ਡੇਰੇ ਦੀਆਂ ਸੰਗਤਾਂ ਨੂੰ ਪੁੱਛਿਆ ਕਿ ਤੁਸੀ ਵੀ ਇਸ ਬਾਰੇ ਕੁਝ ਕਹਿਣਾ ਹੈ ਤਾਂ ਉਹਨਾਂ ਕੁਝ ਕਹਿਣ ਦੀ ਬਜਾਇ ਚੁੱਪ ਰਹਿਣਾ ਹੀ ਬਹਿਤਰ ਸਮਝਿਆ ਹੈ। ਪਰ ਸ. ਮਾਨ ਨੇ ਉਹਨਾਂ ਨੂੰ ਮੁਖਾਤਵ ਹੁੰਦਿਆਂ ਕਿਹਾ ਕਿ ਤੁਹਾਡੇ ਮਹਾਂਪੁਰਸ਼ਾਂ ਨੂੰ ਇਹ ਦੱਸ ਦੇਣਾ ਕਿ ਪਿਛਲੇ ਸਮੇਂ ਦੌਰਾਨ ਤੁਹਾਡੇ ਡੇਰੇ ਵਿਚ ਅਮਨ ਵਾਲਾ ਮਾਹੌਲ ਹੁੰਦਾ ਸੀ, ਦੇਸ਼ਾਂ ਵਿਦੇਸ਼ਾਂ ਵਿਚੋ ਸੰਗਤਾਂ ਆ ਕੇ ਸਿਮਰਨ ਕਰਿਆ ਕਰਦੀਆਂ ਸਨ । ਯੂਰਪ ਦੀ ਤਰਜ ਤੇ ਇਥੇ ਵਧੀਆ ਇਮਾਰਤਾਂ, ਬਾਗ-ਬਗ਼ੀਚੇ ਅਤੇ ਸੜਕਾਂ ਬਣੀਆ ਹੋਈਆ ਹਨ । ਪਰ ਤੁਸੀ ਹੁਣ ਗੁਰੂਘਰਾਂ ਨੂੰ ਖ਼ਰੀਦ ਕੇ ਸ਼ਹੀਦ ਕਰਨ ਲੱਗ ਪਏ ਹੋ ਅਤੇ ਜਿੰਮੀਦਾਰਾਂ ਦੀਆਂ ਜ਼ਮੀਨਾਂ ਜ਼ਬਰੀ ਨੱਪਣ ਕਾਰਨ ਇਥੋ ਦੀ ਸ਼ਾਂਤੀ ਅਤੇ ਅਮਨ ਭੰਗ ਹੋ ਜਾਵੇਗਾ । ਸੋ ਕਿਰਪਾ ਕਰਕੇ ਅਜਿਹਾ ਮਾਹੌਲ ਪੈਦਾ ਨਾ ਕਰੋ ਜਿਸ ਨਾਲ ਸਿੱਖ ਕੌਮ ਵਿਚ ਬੇਚੈਨੀ ਪੈਦਾ ਹੁੰਦੀ ਹੋਵੇ, ਤੁਸੀ ਆਪਣਾ ਕੰਮ ਕਰੋ ਅਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ । ਸ. ਮਾਨ ਨੇ ਇਹ ਵੀ ਕਿਹਾ ਕਿ ਬੇਸੱ਼ਕ ਸਾਡੀ ਸਿੱਖ ਲੀਡਰਸਿ਼ਪ ਹਿੰਦੂਤਵ ਦੇ ਪ੍ਰਭਾਵ ਹੇਠ ਹੈ, ਪਰ ਸਿੱਖ ਕੌਮ ਆਪਣੇ ਵਿਰਸੇ ਨੂੰ ਨਹੀਂ ਭੁੱਲੀ । ਸੋ ਅਜਿਹੀਆਂ ਗੱਲਾਂ ਕਰਨ ਨਾਲ ਤੁਹਾਡੀ ਲੋਕਪ੍ਰਿਅਤਾ ਘੱਟ ਜਾਵੇਗੀ । ਧੱਕੇਸ਼ਾਹੀ ਕਰਨਾ ਕਾਨੂੰਨ ਅਨੁਸਾਰ ਵੀ ਸਹੀ ਨਹੀ ਮੰਨਿਆ ਜਾਂਦਾ । ਇਹ ਸਾਰੀਆਂ ਗੱਲਾਂ ਸੁਣ ਰਹੇ ਡੇਰੇ ਦੇ ਆਗੂਆਂ ਤੇ ਸਰਧਾਲੂਆਂ ਨੇ ਨੀਵੀਆਂ ਪਾ ਲਈਆਂ, ਉਹ ਕੋਈ ਵੀ ਜੁਆਬ ਨਾ ਦੇ ਸਕੇ ।

ਤੁਰੰਤ ਬਾਅਦ ਸ. ਮਾਨ ਪਿੰਡ ਦੇ ਸਕੂਲ ਵਿਚ ਜੁੜੀ ਸੰਗਤ ਦਰਮਿਆਨ ਪਹੁੰਚੇ, ਜਿਥੇ ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡੀ ਰਵਾਇਤੀ ਸਿੱਖ ਲੀਡਰਸ਼ਿਪ ਨੇ ਸਿੱਖ ਕੌਮ ਨੂੰ ਹਿੰਦੂਤਵ ਦੇ ਥੱਲੇ ਲਗਾ ਦਿੱਤਾ ਹੈ, ਇਸ ਕਰਕੇ ਕੋਈਂ ਵੀ ਸਿੱਖ ਧੱਕੇਸਾਹੀ, ਬੇਇਨਸਾਫ਼ੀ ਅਤੇ ਗੁਰੂਘਰਾਂ ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਬੋਲਣ ਨੂੰ ਤਿਆਰ ਨਹੀਂ ਹੈ, ਕਦੇ ਨਿਰੰਕਾਰੀਆਂ, ਨੂਰ-ਮਹਿਲੀਆਂ, ਭਨਿਆਰੇ ਵਾਲਿਆਂ, ਡੇਰਾ ਸਰਸੇ ਵਾਲਿਆਂ ਅਤੇ ਹੁਣ ਡੇਰਾ ਰਾਧਾ  ਸੁਆਮੀਆਂ ਨੇ ਸਿੱਖਾਂ ਦੀ ਅਣਖ਼, ਗੈਰਿਤ, ਸਿੱਖ ਮਰਿਯਾਦਾਂ ਅਤੇ ਸਿੱਖ ਸਵੈਮਾਣ ਨੂੰ ਵੰਗਾਰਣਾਂ ਸੁਰੂ ਕਰ ਦਿੱਤਾ ਹੈ । ਬਾਦਲ ਦਲ ਨੇ ਸਿਰਫ਼ ਵੋਟ ਰਾਜਨੀਤੀ ਦੀ ਭੇਂਟ ਸਿੱਖ ਵਿਰਸੇ ਨੂੰ ਚਾੜ੍ਹ ਦਿੱਤਾ ਹੈ । ਇਸੇ ਕਰਕੇ ਹੁਣ ਸਾਡੇ ਕੌਮੀ ਸ਼ਹੀਦਾਂ ਬਾਰੇ ਵੀ ਕਈ ਤਰ੍ਹਾਂ ਦੇ ਭਰਮ-ਭੁਲੱਖੇ ਪਾਉਣ ਲਈ ਆਰੀਆ ਸਮਾਜੀ ਕੁਲਦੀਪ ਨਈਅਰ ਵਰਗਿਆਂ ਤੋ ਕਿਤਾਬਾਂ ਲਿਖਵਾਈਆਂ ਜਾ ਰਹੀਆ ਹਨ । ਇਨ੍ਹਾਂ ਕਿਤਾਬਾਂ ਵਿਚ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਤੋ ਸਿਵਾਏ ਕੁਝ ਨਹੀਂ ਹੁੰਦਾ, ਸਿਰਫ ਸਿੱਖ ਸੋਚ ਨੂੰ ਹੀ ਖ਼ਤਮ ਕਰਨ ਲਈ ਇਹ ਸਾਰੀਆਂ ਤਾਕਤਾਂ ਮਿਲਕੇ ਕੰਮ ਕਰ ਰਹੀਆ ਹਨ । ਸਿੱਖ ਕੌਮ ਦੀ ਸਰਬਉੱਚ ਸੰਸਥਾਂ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਨੂੰ ਵੀ ਹਿੰਦੂਤਵ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੋਣ ਵਾਲਾ ਹਰ ਫ਼ੈਸਲਾ ਬਾਦਲ ਦਲ, ਬੀਜੇਪੀ, ਅਤੇ ਆਰ.ਐਸ.ਐੱਸ. ਦੀ ਮਰਜੀ ਅਨੁਸਾਰ ਹੁੰਦਾ ਹੈ । ਜਿਸ ਕਾਰਨ ਮੀਰੀ-ਪੀਰੀ ਦੇ ਸਿਧਾਂਤ ਮਲੀਆਮੇਟ ਹੋਣ ਲੱਗੇ ਪਏ ਹਨ, ਕੌਮ ਵਿਚ ਆਈ ਨਮੋਸ਼ੀ ਤੇ ਨਿਰਾਸਤਾਂ ਡੇਰਾਵਾਦ ਤੇ ਗੁਰੂ ਡੰਮ ਨੂੰ ਬੁੜ੍ਹਾਵਾਂ ਦੇ ਰਹੀ ਹੈ । ਉਹਨਾਂ ਇਸ ਦੌਰੇ ਦਾ ਤੱਤ ਨਿਚੋੜ ਕੱਢਦਿਆਂ ਕਿਹਾ ਕਿ ਡੇਰਾ ਰਾਧਾ ਸੁਆਮੀਆਂ ਨੂੰ ਅਜਿਹਾ ਕਰਨ ਦਾ ਹੌਸਲਾਂ ਤਾਂ ਹੀ ਪਿਆ ਹੈ, ਕਿ ਪੰਜਾਬ ਸਰਕਾਰ ਵਿਚ ਮੌਜੂਦ ਇਕ ਤਾਕਤਵਰ ਵਜ਼ੀਰ ਬਿਕਰਮਜੀਤ ਸਿੰਘ ਮਜੀਠੀਆਂ ਦੀ ਪੂਰਨ ਹਮਾਇਤ ਡੇਰਾ ਬਿਆਸ ਨੂੰ ਹੈ । ਇਸ ਸਿਆਸੀ ਸਰਪ੍ਰਸਤੀ ਦੇ ਅਧੀਨ ਹੀ ਡੇਰਾ ਬਿਆਸ ਵਾਲੇ ਪਿੱਛਲੇ ਸਮੇਂ ਤੋਂ ਨਾਲ ਲੱਗਦੇ ਪਿੰਡਾਂ ਦੇ ਜਿੰਮੀਦਾਰਾਂ ਅਤੇ ਦਲਿਤਾਂ (ਰੰਘਰੇਟੇ ਸਿੱਖਾਂ) ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ ਹੋਏ ਹਨ । ਦੌਰੇ ਦੌਰਾਨ ਦੇਖਣ ਨੂੰ ਮਿਲਿਆ ਕਿ ਜਿੰਮੀਦਾਰਾਂ ਦੀਆਂ ਜ਼ਮੀਨਾਂ ਨੂੰ ਖ੍ਰੀਦਣ ਲਈ ਡੇਰੇ ਵਾਲੇ ਪਹਿਲਾ ਤਾ ਦਬਾਅ ਪਾਉਦੇ ਹਨ, ਕੁਝ ਜਿੰਮੀਦਾਰ ਇਸ ਦਬਾਅ ਹੇਠ ਜ਼ਮੀਨਾਂ ਵੇਚ ਦਿੰਦੇ ਹਨ ਜਿਹੜੇ ਅਜਿਹਾ ਨਹੀ ਕਰਦੇ ਉਹਨਾਂ ਦੀਆਂ ਜ਼ਮੀਨਾਂ ਦੇ ਇਰਦ-ਗਿਰਦ ਡੂੰਘੇ-ਡੂੰਘੇ ਟੋਏ ਪੁੱਟ ਦਿੱਤੇ ਜਾਂਦੇ ਹਨ ਜਿਸ ਨਾਲ ਬਰਸਾਤੀ ਪਾਣੀ ਜ਼ਮੀਨਾਂ ਨੂੰ ਖੋਰਨਾਂ ਸੁਰੂ ਕਰ ਦਿੰਦਾ ਹੈ ਤੇ ਜਿੰਮੀਦਾਰ ਤੰਗ ਆਕੇ ਆਪਣੀਆਂ ਜ਼ਮੀਨਾਂ ਡੇਰੇ ਨੂੰ ਵੇਚਣ ਲਈ ਮਜ਼ਬੂਰ ਹੋ ਜਾਂਦੇ ਹਨ । ਇਹੀ ਹਾਲ ਨਾਲ ਲੱਗਦੇ ਵਸੋਂ ਵਾਲੇ ਘਰਾਂ ਨਾਲ ਕੀਤਾ ਜਾਂਦਾ ਹੈ । ਘਰਾਂ ਦੀਆਂ ਦੀਵਾਰਾਂ ਦੇ ਆਲੇ-ਦੁਆਲੇ ਵੀ 20-20 ਫੁੱਟ ਡੂੰਘੇ ਖੱਡੇ ਪੁੱਟ ਦਿੱਤੇ ਜਾਂਦੇ ਹਨ ਤਾਂ ਜੋ, ਤੰਗ ਹੋ ਕੇ ਇਹ ਲੋਕ ਡੇਰੇ ਨੂੰ ਘਰ ਵੇਚਣ ਲਈ ਮਜ਼ਬੂਰ ਹੋ ਜਾਣ । ਪਿੰਡ ਵੜੈਚ ਦੇ ਵਸਨੀਕਾਂ ਨਾਲ ਵੀ ਅਜਿਹਾ ਹੀ ਕੀਤਾ ਗਿਆ, ਪਿਛਲੇ 4 ਸਾਲ ਤੋ ਬਿਜਲੀ ਨਹੀ ਆਉਣ ਦਿੱਤੀ ਜਿਸ ਨਾਲ ਦੁੱਖੀ ਹੋ ਕੇ ਪਿੰਡ ਵਾਲੇ ਆਪਣਾ  ਸਾਰਾ ਕੁਝ ਵੇਚਣ ਲਈ ਮਜ਼ਬੂਰ ਹੋ ਕੇ ਇਥੋ ਹਿਜ਼ਰਤ ਕਰ ਗਏ ਹਨ ।

ਇਹੀ ਹਾਲ ਹੁਣ ਭਾਈ ਜੀਵਨ ਸਿੰਘ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਦਾ ਹੈ । ਉਸ ਨੂੰ ਵੀ ਖ਼ਰੀਦ ਲਿਆ ਹੈ । ਇਸ ਗੁਰੂਘਰ ਨੂੰ ਡੇਰੇ ਵਿਚ ਮਿਲਾਉਣ ਦੀ ਮੰਦਭਾਵਨਾਂ ਭਰੀ ਸੋਚ ਅਧੀਨ ਦੀਵਾਰਾਂ ਦੇ ਨਾਲ-ਨਾਲ ਡੂੰਘੇ ਖੱਡੇ ਪੁੱਟ ਦਿੱਤੇ ਗਏ ਹਨ । ਪੰਜਾਬ ਵਿਚ ਬਣਨ ਵਾਲੀ ਹਰ ਸਰਕਾਰ ਇਸ ਡੇਰੇ ਬਿਆਸ ਦਾ ਪੱਖ ਪੂਰਦੀ ਹੈ । ਰਾਧਾ ਸੁਆਮੀ ਧੱਕੇ ਨਾਲ ਜਿੰਮੀਦਾਰਾਂ ਨੂੰ ਮਜ਼ਬੂਰ ਕਰਕੇ ਆਪਣੇ ਡੇਰੇ ਦਾ ਘੇਰਾ ਫੈਲਾਉਣ ਵਿਚ ਲੱਗੇ ਹੋਏ ਹਨ । ਸ. ਮਾਨ ਨੇ ਇਹ ਵੀ ਦੱਸਿਆ ਕਿ ਡੇਰਾ ਰਾਧਾ ਸੁਆਮੀ ਇਕ ਹੁਣ ਡੇਰਾ ਨਹੀ ਰਿਹਾ, ਸਗੋਂ ਹੁਣ ਇਥੇ State within a State ਪੈਦਾ ਹੋ ਗਈ ਹੈ । ਇਹ ਸਾਰਾ ਕੁਝ ਬੜੇ ਯੋਜ਼ਨਾਬੰਦ ਤਰੀਕੇ ਨਾਲ ਹੋ ਰਿਹਾ ਹੈ ਕਿਉਂਕਿ ਇਸ ਡੇਰੇ ਵਿਚ ਰਿਟਾਇਰਡ ਚੀਂਫ ਸੈਕਟਰੀ, ਫੌਜ ਦੇ ਜਰਨੈਲ, ਵਾਈਸ ਚਾਂਸਲਰ, ਸੈਕਟਰੀ, ਚੀਂਫ ਜ਼ਸਟਿਸ, ਡੀ.ਆਈ.ਜੀ, ਡੀ.ਜੀ.ਪੀ, ਵਕੀਲ ਅਤੇ ਪ੍ਰੌਫੈਸਰ ਆਦਿ ਉੱਚੀਆਂ ਪੱਦਵੀਆਂ ਤੇ ਰਹਿਣ ਵਾਲੇ ਡੇਰੇ ਵਿਚ ਬਣੀਆ ਹੋਈਆ ਅਲੀਸ਼ਾਨ ਏਅਰਕੈਡੀਸ਼ਨਰ ਕੋਠੀਆਂ ਵਿਚ ਆਕੇ ਠਹਿਰਦੇ ਹਨ । ਜਿਨ੍ਹਾਂ ਨੂੰ ਇਥੇ ਹਰ ਤਰ੍ਹਾਂ ਦੀ ਸਹੂਲਤ ਡੇਰੇ ਵਾਲਿਆਂ ਵੱਲੋਂ ਦਿੱਤੀ ਜਾਂਦੀ ਹੈ । ਇਥੇ ਬੈਠ ਕੇ ਇਹ ਲੋਕ ਸਕੀਮਾਂ ਬਣਾਉਦੇ ਹਨ ਕਿ ਡੇਰੇ ਨੂੰ ਕਿਵੇ ਫੈਲਾਉਣਾ ਹੈ, ਜ਼ਮੀਨਾਂ ਉਤੇ ਕਿਵੇਂ ਕਬਜ਼ਾ ਕਰਨਾ ਹੈ, ਘਰ ਕਿਵੇਂ ਉਜ਼ਾੜਣੇ ਹਨ ਅਤੇ ਧਾਰਮਿਕ ਅਸਥਾਨਾਂ ਨੂੰ ਕਿਵੇ ਢਾਹੁਣਾਂ ਹੈ ਆਦਿ । ਲੰਮੀਆਂ ਸਲਾਹਾਂ ਮਸ਼ਵਰਿਆਂ ਤੋ ਬਆਦ ਇਹ ਲੋਕ ਯੋਜ਼ਨਾ ਤਹਿਤ ਕਾਰਵਾਈ ਕਰਨ ਲਈ ਡੇਰੇ ਦੇ ਆਗੂਆਂ ਨੂੰ ਪ੍ਰੇਰਦੇ ਹਨ ।

ਅੱਜ ਸਿੱਖ ਕੌਮੀਂਅਤ ਕਮਜ਼ੋਰ ਹੋ ਚੁੱਕੀ ਹੈ, ਸ. ਪ੍ਰਕਾਸ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਹਿੰਦੂਤਵ ਅੱਗੇ ਡੰਡੋਤ ਕਰ ਰਹੇ ਹਨ । ਦਮਦਮੀ ਟਕਸਾਲ ਦੇ ਮੁੱਖੀ ਸ. ਹਰਨਾਮ ਸਿੰਘ ਧੂੰਮਾਂ, ਸੰਤ ਸਮਾਜ, ਦਲ ਖ਼ਾਲਸਾ, ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨਾਂ, ਆਦਿ ਬਾਦਲ-ਬੀਜੇਪੀ ਵਿਚ ਮਿਲ ਚੁੱਕੇ ਹਨ ਅਤੇ ਕੁਝ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ । ਪੰਜਾਬ ਦਾ ਡੀ.ਜੀ.ਪੀ. ਇਕ ਜ਼ਾਲਿਮ ਪੁਲਿਸ ਅਫ਼ਸਰ ਸੁਮੇਧ ਸੈਂਣੀ ਨੂੰ ਲਗਾਇਆ ਗਿਆ ਹੈ ਤਾਂ ਜੋ ਸਿੱਖ ਕੌਮ ਵਿਚ ਦਹਿਸ਼ਤ ਪਾਈ ਜਾ ਸਕੇ । ਜਿਸ ਦਾ ਸਬੂਤ ਪੰਜਾਬ ਸਰਕਾਰ ਨੇ ਹਾਈ ਕੋਰਟ ਵਿਚ ਐਫੀਡੇਵਿਟ ਦੇ ਕੇ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਿੱਖ ਕੌਮ ਇਕ ਸ਼ਰਾਰਤ-ਬਾਜ਼ ਕੌਮ ਹੈ ਇਸ ਨੂੰ ਠੀਕ ਰੱਖਣ ਲਈ ਹੀ ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਗਾਇਆ ਹੈ । 28 ਮਾਰਚ 2012 ਨੂੰ ਭਾਈ ਜਸਪਾਲ ਸਿੰਘ ਨੂੰ ਗੁਰਦਾਸਪੁਰ ਵਿਚ ਦਿਨ ਦਿਹਾੜੇ ਪੁਲਿਸ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ । ਪਰ ਅੱਜੇ ਤੱਕ ਦੋਸੀਆਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਹੋਈ ? ਮਾਨਸਾ ਜਿਲ੍ਹੇ ਦੇ ਪਿੰਡ ਅਕਲੀਆ ਵਿਚ ਵੀ ਦੋ ਸਿੱਖਾਂ ਸ.ਪ੍ਰੀਤਮ ਸਿੰਘ ਅਤੇ ਨੀਟੂ ਸਿੰਘ ਨੂੰ ਪੁਲਿਸ ਨੇ ਅੰਨ੍ਹੇਵਾਹ ਗੋਲੀ ਚਲਾ ਕੇ ਮਾਰ ਦਿੱਤਾ ਹੈ, ਕੋਈ ਵੀ ਦੋਸੀ ਨਹੀਂ ਫੜਿਆ ਗਿਆ ਇਸ ਸਾਰੇ ਘਟਨਾ ਕਰਮ ਤੋ ਇੰਝ ਜਾਪ ਰਿਹਾ ਹੈ ਜਿਵੇ ਹੁਣ ਸਿੱਖ ਜਲਾਲਤ ਦੀ ਜਿੰਦਗੀ ਜੀਅ ਰਹੇ ਹਨ, ਕੋਈ ਵੀ ਸਿੱਖ ਕੌਮ ਦੀ ਬਾਂਹ ਫੜਨ ਵਾਲਾ ਨਹੀ ਰਿਹਾ । ਸ. ਮਾਨ ਦੇ ਅਨੁਸਾਰ ਪਾਕਿਸਤਾਨ ਨਾਲ ਹਿੰਦੂਸਤਾਨ ਦੀਆਂ ਤਿੰਨ ਜੰਗਾਂ ਹੋਈਆ ਹਨ । ਪਰ ਪਾਕਿਸਤਾਨ ਵਿਚ ਸਿੱਖਾਂ ਦੇ ਗੁਰਦੁਆਰਿਆ ਨੂੰ ਅੱਜ ਤੱਕ ਕੋਈਂ ਨੁਕਸਾਨ ਨਹੀਂ ਹੋਇਆ । ਪਰ ਇਥੇ ਸਾਡੀ ਸਿੱਖ ਹੋਮਲੈਡ ਪੰਜਾਬ ਵਿਚ ਸਾਡੇ ਗੁਰੂਘਰ ਸੁਰੱਖਿਅਤ ਕਿਉਂ ਨਹੀਂ ਹਨ ?

ਐਸ.ਜੀ.ਪੀ.ਸੀ. ਵੱਲੋਂ ਇਸ ਘਟਨਾ ਕਰਮ ਤੇ ਬਣਾਈ ਜਾਂਚ ਕਮੇਂਟੀ ਵੱਲੋਂ ਦਿੱਤੀ ਗਈ ਰਿਪੋਰਟ ਬਿਲਕੁੱਲ ਝੂਠ ਦਾ ਪੁਲੰਦਾ ਹੈ । ਇਸ ਕਮੇਂਟੀ ਅਨੁਸਾਰ ਡੇਰਾ ਰਾਧਾ ਸੁਆਮੀਆਂ ਨੇ ਸਿੱਖਾਂ ਨਾਲ ਕੋਈ ਧੱਕੇਸਾਹੀ ਨਹੀਂ ਕੀਤੀ, ਸਗੋਂ ਸਮਝੌਤੇ ਤਹਿਤ ਪਿੰਡ ਵਾਲਿਆਂ ਨੇ ਗੁਰੂਘਰ ਨੂੰ ਡੇਰੇ ਵਾਲਿਆਂ ਨੂੰ ਵੇਚ ਦਿੱਤਾ ਹੈ । ਇਸ ਜਾਂਚ ਕਮੇਂਟੀ ਨੇ ਡੇਰੇ ਵਾਲਿਆਂ ਦਾ ਪੱਖ ਪੂਰਨ ਵਾਲੀ ਰਿਪੋਰਟ ਪੇਸ਼ ਕਰਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ । ਇਸ ਰਿਪੋਰਟ ਨੂੰ ਸਿੱਖ ਕੌਮ ਕਦੇ ਵੀ ਸਵੀਕਾਰ ਨਹੀਂ ਕਰੇਗੀ । ਸ. ਮਾਨ ਦੇ ਅਨੁਸਾਰ ਇਹ ਸਾਰੀ ਘਟਨਾ ਇਸ ਤਰ੍ਹਾਂ ਹੈ ਜਿਵੇ ਤਾਲੀਬਾਨ ਨੇ ਅਫ਼ਗਾਨਿਸਤਾਨ ਦੇ ਬੋਮੀਆਣ ਇਲਾਕੇ ਵਿਚ ਬੋਧੀਆਂ ਦੀਆਂ ਗੁਫਾਂ ਵਿਚੋ ਵਿਰਾਸਤੀ ਸਮਾਨ ਖ਼ਤਮ ਕਰ ਦਿੱਤਾ ਹੈ । 1992 ਵਿਚ ਬੀਜੇਪੀ ਦੇ ਆਗੂ ਸ੍ਰੀ ਐਲ.ਕੇ.ਅਡਵਾਨੀ ਅਤੇ ਆਰ.ਐੱਸ.ਐਸ. ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਾਂ ਰਾਓ ਨਾਲ ਮਿਲਕੇ ਮੁਸਲਮਾਨ ਕੌਮ ਦੀ ਇਕ ਸਦੀਆਂ ਪੁਰਾਣੀ ਇਤਿਹਾਸਿਕ ਵਿਰਾਸਤ ਬਾਬਰੀ ਮਸਜਿਦ ਨੂੰ ਸ਼ਹੀਦ ਕਰ ਦਿੱਤਾ ਸੀ । ਇਸ ਦੇ ਸਿੱਟੇ ਕੀ ਨਿਕਲੇ ਇਹ ਸਭ ਦੇ ਸਾਹਮਣੇ ਹਨ । 1984 ਵਿਚ ਸਿੱਖਾਂ ਦੇ ਸਰਬਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਾਂਗਰਸ, ਬੀਜੇਪੀ, ਸੱਜੀਆਂ-ਖੱਬੀਆਂ ਧਿਰਾ ਨੇ ਮਿਲਕੇ ਹਿੰਦ ਰਾਸ਼ਟਰ ਦੀ ਹਕੂਮਤ ਦੀਆਂ ਫੌਜਾਂ ਨੇ ਗੋਲੀਆਂ, ਤੋਪਾਂ ਅਤੇ ਟੈਂਕਾ ਰਾਹੀ ਸ਼ਹੀਦ ਕਰ ਦਿੱਤਾ ਸੀ । ਦੇਸ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਸਿੱਖਾਂ ਦੀ ਨਸ਼ਲਕੁਸੀ ਕਰਕੇ ਧਰਮ ਨਿਰਪੱਖਤਾ ਦਾ ਘਾਣ ਕਰ ਦਿੱਤਾ ਸੀ । ਜਿਸ ਦੀ ਚੀਸ ਅੱਜ ਵੀ ਹਰ ਸੱਚੇ ਸਿੱਖ ਦੇ ਹਿਰਦੇ ਵਿਚ ਦੌੜ ਰਹੀ ਹੈ, ਅੱਜ ਤੱਕ ਸਿੱਖ ਕੌਮ ਇਸ ਧੱਕੇਸਾਹੀ ਦੇ ਜ਼ਬਰ-ਜੁਲਮ ਨੂੰ ਨਹੀ ਭੁੱਲੀ ਹੈ ।

ਸ. ਮਾਨ ਨੇ ਇਹ ਵੀ ਕਿਹਾ ਕਿ ਡੇਰਾ ਰਾਧਾ ਸੁਆਮੀ ਬਿਆਸ ਵਾਲੇ ਜ਼ਮੀਨਾਂ ਤੇ ਕਬਜਾਂ ਇਜਰਾਈਲੀ ਪੈਟਰਨ ਤੇ ਕਰਦੇ ਹਨ । ਜਿਵੇ ਇਜਰਾਇਲ ਦੇ ਯਹੂਦੀ ਫਲਸਤੀਨ ਦੀ ਧਰਤੀ West Bank ਤੇ ਫਲਸਤੀਨੀ ਮੁਸਲਮਾਨਾਂ ਦੀਆਂ ਜ਼ਮੀਨਾਂ ਅਤੇ ਘਰ ਖ਼ਰੀਦਕੇ ਆਪਣੀਆਂ ਬਸਤੀਆਂ ਵਸਾ ਰਹੇ ਹਨ । ਫਲਸਤੀਨ ਦਾ ਹੈਬਰੋਨ HEBRON ਸ਼ਹਿਰ ਦਾ ਸਾਰਾ ਇਲਾਕਾ ਇਸੇ ਪਲੈਨ ਤਹਿਤ ਹੀ ਹੜੱਪ ਕਰ ਲਿਆ ਹੈ । ਸ. ਮਾਨ ਨੇ ਕਿਹਾ ਕਿ ਮੈਂਨੂੰ ਹਿੰਦੂ ਰਾਸ਼ਟਰ ਦੀ ਸਕਿਊਰਟੀ ਦੀ ਕਾਫ਼ੀ ਜਾਣਕਾਰੀ ਹੈ, ਇਹ ਡੇਰੇ ਵਾਲਿਆ ਦੀ ਸਕਿਊਰਟੀ ਵੀ ਇਜ਼ਰਾਈਲੀ ਪੈਟਰਨ ਤੇ ਬਣਾਈ ਗਈ ਹੈ, ਉਸੇ ਤਰ੍ਹਾਂ ਦੀ ਇਥੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ।

ਸ. ਮਾਨ ਨੇ ਅੱਗੇ ਕਿਹਾ ਕਿ ਕਿੱਡੇ ਸਿਤਮ ਦੀ ਗੱਲ ਹੈ ਕਿ ਪੰਜਾਬ ਦਾ ਗਵਰਨਰ ਸ੍ਰੀ ਸਿਵਰਾਜ ਪਟੇਲ ਕਦੇ ਵੀ ਪੰਜਾਬ ਦਾ ਦੌਰਾ ਨਹੀ ਕਰ ਰਹੇ ਹਨ । ਉਹ ਤਾਂ ਸਿਰਫ਼ ਚੰਡੀਗੜ੍ਹ ਦੇ ਨਿਜ਼ਾਮ ਵਿਚ ਹੀ ਮਸ਼ਰੂਫ ਰਹਿੰਦੇ ਹਨ । ਇਸ ਘਟਨਾ ਨੂੰ ਵਾਪਰਿਆ ਕਿੰਨੇ ਦਿਨ ਬੀਤ ਗਏ ਹਨ ਪਰ ਕੀ ਗਵਰਨਰ ਸਾਹਿਬ ਨੇ ਡਿਪਟੀ ਕਮਿਸ਼ਨਰ ਤੋ ਪੁਛਿਆ ਹੈ ਕਿ 60 ਏਕੜ ਸ਼ਾਮਲਾਤੀ ਜ਼ਮੀਨ ਤੇ ਨਜਾਇਜ ਕਬਜਾ ਕਿਵੇ ਹੋ ਗਿਆ ਹੈ ? ਕਿਉ ਨਹੀ ਡਿਪਟੀ ਕਮਿਸ਼ਨਰ ਨੇ ਹਲਕਾ ਪਟਵਾਰੀ ਤੋ ਰਿਪੋਰਟ ਤਲਬ ਕਰਕੇ ਨਿਯਮਾਂ ਤਹਿਤ ਪੰਜਾਬ ਦੇ ਫਨਾਈਸੀਅਲ ਰੈਵੀਨਿਊ ਕਮਿਸ਼ਨਰ ਨੂੰ ਨਹੀ ਭੇਜੀ ? ਫਿਰ ਗਵਰਨਰ ਸਾਹਿਬ ਆਪਣੀ 15 ਰੋਜ਼ਾ ਰਿਪੋਰਟ ਜੋ ਸੈਂਟਰ ਨੂੰ ਭੇਜਦੇ ਹਨ ਇਸ ਸਾਰੇ ਘਟਨਾ ਕਰਮ ਦੀ ਸਹੀ ਜਾਣਕਾਰੀ ਕਿਉਂ ਨਹੀਂ ਸੈਂਟਰ ਤੱਕ ਪਹੁੰਚਾਈ ਗਈ ?

ਸ. ਮਾਨ ਨੇ ਇਹ ਵੀ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਸ੍ਰੀ ਤੇਜਿੰਦਰ ਖੰਨਾ ਨਾਇਬ ਗਵਰਨਰ ਦਿੱਲੀ, ਜਦੋ ਪੰਜਾਬ ਦੇ ਚੀਫ ਸੈਕਟਰੀ ਸਨ ਤਾਂ ਉਹਨਾਂ ਨੇ ਰਾਧਾ ਸੁਆਮੀ ਡੇਰੇ ਲਈ ਬਸੀ ਪਠਾਣਾਂ (ਸ੍ਰੀ ਫਤਹਿਗੜ੍ਹ ਸਾਹਿਬ) ਵਿਖੇ ਇਕ ਛੱਪੜ ਨੂੰ ਜ਼ਬਰੀ ਰੋਕ ਕੇ ਕਬਜਾ ਕਰਵਾ ਦਿੱਤਾ ਸੀ । ਡੇਰਾ ਬਿਆਸ ਦਾ ਸਰਧਾਲੂ ਹੋਣ ਕਾਰਨ ਸ੍ਰੀ ਖੰਨਾ ਨੇ ਉਥੇ ਧੱਕੇ ਨਾਲ ਸੰਤਸਗ ਘਰ ਬਣਵਾਇਆ ਸੀ ਜੋ ਅੱਜ ਤੱਕ ਵੀ ਮੌਜੂਦ ਹੈ, ਜਦਕਿ ਨਿਯਮਾਂ ਅਨੁਸਾਰ ਕੋਈ ਵੀ ਸਰਕਾਰੀ ਅਫ਼ਸਰ ਧਰਮ ਦੇ ਕੰਮਾਂ ਵਿਚ ਹਿੱਸਾ ਨਹੀ ਲੈ ਸਕਦਾ । ਸ. ਮਾਨ ਨੇ ਕਿਹਾ ਕਿ ਕੌਮ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਇਹ ਨਵੀਆਂ ਨਹੀਂ, ਬਲਕਿ ਇਹ ਤਾਂ ਮੁੱਡ ਤੋ ਹੁੰਦੀਆ ਆ ਰਹੀਆ ਹਨ । ਇਸ ਸਾਰੇ ਘਟਨਾ ਕਰਮ ਤੋ ਸੇਧ ਲੈਦਿਆਂ ਡੇਰੇ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋ ਜਲਦੀ ਸ਼ਹੀਦ ਕੀਤੇ ਗਏ ਗੁਰਦੁਆਰਿਆ ਦੀ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਦੁਆਰਾ ਤੋ ਗੁਰਦੁਆਰਾ ਬਣਾਉਣ ਵਿਚ ਸਹਿਯੋਗ ਕਰਨ । ਜਿਸ ਨਾਲ ਅਮਨ ਅਤੇ ਸ਼ਾਂਤੀ ਵਾਲਾ ਮਾਹੌਲ ਪੈਦਾ ਹੋ ਸਕੇ ।

ਇਤਿਹਾਸ ਪੜ੍ਹਿਆ ਪਤਾ ਲੱਗਦਾ ਹੈ ਕਿ ਸਮੇਂ-ਸਮੇਂ ਕੌਮਾਂ ਵਿਚ ਨਮੋਸ਼ੀ ਆਉਦੀ ਰਹਿੰਦੀ ਹੈ, ਪਰ ਇਸ ਨਮੋਸ਼ੀ ਨੂੰ ਸਦੀਵੀਂ ਨਹੀ ਮੰਨ ਲੈਣਾ ਚਾਹੀਦਾ । ਕਿਸੇ ਵਕਤ ਸਿੱਖ ਇਤਿਹਾਸ ਵਿਚ ਵੀ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਅਤੇ ਸ. ਸ਼ਾਮ ਸਿੰਘ ਅਟਾਰੀ ਵਾਲੇ ਵੀ ਇਸ ਨਮੋਸ਼ੀ ਨੂੰ ਤੋੜ ਕੇ ਕੌਮ ਲਈ ਇਕ ਨਵਾਂ ਚਾਨਣ ਮੁਨਾਰਾ ਬਣੇ ਸਨ । ਇਨ੍ਹਾਂ ਮਹਾਨ ਯੋਧਿਆਂ ਤੋ ਸੇਧ ਲੈਦਿਆਂ 20ਵੀਂ ਸਦੀਂ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਉਹਨਾਂ ਨਾਲ ਅਨੇਕਾਂ ਆਜ਼ਾਦੀ ਦੇ ਪ੍ਰਵਾਨਿਆਂ ਨੇ ਵੀ ਕੌਮ ਦੀ ਆਜ਼ਾਦੀ ਲਈ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਹੈ ।

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਨਾਲ ਜਿਹੜੇ ਟਕਸਾਲੀ ਸਿੰਘ ਸਹਿਮਤ ਨਹੀਂ ਹਨ, ਉਹ ਵੀ ਖਾਲਿਸਤਾਨ ਦੀ ਮੰਗ ਨੂੰ ਛੱਡ ਚੁੱਕੇ ਹਨ। ਇਸੇ ਤਰ੍ਹਾਂ ਆਪਣੇ-ਆਪ ਨੂੰ ਪੰਥ ਦੀਆਂ ਮੋਹਰੀ ਅਖਵਾਉਣ ਵਾਲੀਆਂ ਜਥੇਬੰਦੀਆਂ ਨੇ ਵੀ ਖਾਲਿਸਤਾਨ ਤੇ ਆਪਣਾ ਸਟੈਂਡ ਧੁੰਦਲਾ ਹੀ ਰੱਖਿਆ ਹੋਇਆ ਹੈ। ਕੌਮ ਵਿਚ ਆਈਆਂ ਮੁਸੀਬਤਾਂ ਜਿਵੇਂ ਡੇਰਾ ਬਿਆਸ ਦੇ ਪ੍ਰਬੰਧਕਾਂ ਵਲੋਂ ਇਤਿਹਾਸਿਕ ਗੁਰਦੁਆਰਾ ਮਾਤਾ ਗੰਗਾ ਦੀ ਯਾਦ ਵਿਚ ਜੋ ਬਣਿਆ ਹੋਇਆ ਸੀ, ਉਸਨੂੰ ਵੀ ਕਬਜ਼ੇ ਵਿਚ ਕਰ ਲਿਆ, ਵੜੈਚ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਆਪਣੀ ਹਦੂਦ ਦੇ ਅੰਦਰ ਕੀਤਾ ਅਤੇ ਹੁਣ ਬਾਬਾ ਜੀਵਨ ਸਿੰਘ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਨੂੰ ਵੀ ਆਪਣੇ ਡੇਰੇ ਵਿਚ ਸ਼ਾਮਿਲ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ। 28 ਮਾਰਚ ਨੂੰ ਭਾਈ ਜਸਪਾਲ ਸਿੰਘ ਨੂੰ ਗੁਰਦਾਸਪੁਰ ਵਿਚ ਸ਼ਹੀਦ ਕੀਤਾ, ਪਿੰਡ ਅਕਲੀਆ (ਮਾਨਸਾ) ਵਿਚ ਦੋ ਬੇਕਸੂਰ ਸਿੱਖਾਂ ਨੂੰ ਪੁਲਿਸ ਨੇ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਅਤੇ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਕਟਹਿਰੇ ਵਿਚ ਖੜ੍ਹਾ ਨਹੀਂ ਕੀਤਾ ਗਿਆ। ਜਿਹੜੀਆਂ ਇਹ ਘਟਨਾਵਾਂ ਸਿੱਖ ਕੌਮ ਨਾਲ ਵਾਪਰ ਰਹੀਆਂ ਹਨ ਤਾਂ ਇਸ ਖਿਲਾਫ ਵੱਖ-ਵੱਖ ਧਿਰਾਂ ਖੜੀਆਂ ਹੋ ਕੇ ਹਿੰਦੂ ਰਾਸ਼ਟਰ ਨੂੰ ਕਸੂਰਵਾਰ ਕਹਿੰਦੀਆਂ ਹਨ ਪਰ ਅਫਸੋਸ ਹੈ ਕਿ ਇਹ ਧਿਰਾਂ ਹਿੰਦੂਤਵਾ ਤੇ ਹਿੰਦੂ ਰਾਸ਼ਟਰ ਦੇ ਨਾਲੋਂ ਨਾਤਾ ਨਹੀਂ ਤੋੜਨਾ ਚਾਹੁੰਦੀਆਂ। ਸਿੱਖ ਕੌਮ ਦੀ 1849 ਤੋਂ ਚੱਲੀ ਆ ਰਹੀ ਗੁਲਾਮੀ ਨੂੰ ਖਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮਝ ਹੈ ਕਿ ਜਿਵੇਂ ਹਾਥੀ ਦੀ ਪੈੜ ਹੇਠ ਸਭ ਕੁਝ ਆ ਜਾਂਦਾ ਹੈ, ਇਨ੍ਹਾਂ ਮਸਲਿਆਂ, ਤਕਲੀਫਾਂ ਦੀ ਇਕੋ ਹੀ ਦਾਰੂ ਹੈ ਕਿ ਸਿੱਖ ਕੌਮ ਆਪਣੀ ਆਜ਼ਾਦੀ ਹਾਸਿਲ ਕਰਨ ਲਈ ਇੱਕ ਪਲੇਟਫਾਰਮ ‘ਤੇ ਇਕੱਠੀ ਹੋ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰੇ। ਜੋ ਕਿ ਬਫ਼ਰ ਸਟੇਟ ਵਜੋਂ ਇਸਲਾਮਿਕ ਪਾਕਿਸਤਾਨ, ਕਾਮਰੇਡ ਚੀਨ ਅਤੇ ਹਿੰਦੂ ਰਾਸ਼ਟਰ ਦੇ ਵਿਚਕਾਰ ਇੱਕ ਅਲੱਗ ਸਟੇਟ ਬਣੇ ।

ਇਸ ਦੌਰੇ ਵਿਚ ਪਾਰਟੀ ਦੇ ਵਰਕਿੰਗ ਕਮੇਂਟੀ ਮੈਂਬਰ ਸ. ਰਜਿੰਦਰ ਸਿੰਘ ਫੌਜੀ, ਗੁਰਦੀਪ ਸਿੰਘ ਖੁਣ-ਖੁਣ, ਜਸਵੰਤ ਸਿੰਘ ਚੀਮਾਂ, ਕੁਲਦੀਪ ਸਿੰਘ ਭਾਗੋਵਾਲ (ਮੋਹਾਲੀ), ਅਵਤਾਰ ਸਿੰਘ ਖੱਖ (ਹੁਸਿਆਰਪੁਰ), ਮਨਜੀਤ ਸਿੰਘ ਰੇਰੂ (ਜਲੰਧਰ), ਕਸ਼ਮੀਰ ਸਿੰਘ ਲਖਣਕਲਾ (ਕਪੂਰਥਲਾ), ਡਾ. ਗੁਰਚਰਨ ਸਿੰਘ ਪਵਾਰ (ਗੁਰਦਾਸਪੁਰ), ਸੂਬੇਦਾਰ ਮੇਜਰ ਸਿੰਘ (ਦਿਹਾਤੀ ਜਲੰਧਰ), ਯੂਥ ਆਗੂ ਗੁਰਨੇਬ ਸਿੰਘ, ਗੁਰਵਿੰਦਰ ਸਿੰਘ ਜੋਲੀ, ਸੁੱਚਾ ਸਿੰਘ ਗੱਗੜਭਾਣਾ, ਬਾਜ਼ ਸਿੰਘ ਚੋਗਾਵਾਂ, ਜਥੇਦਾਰ ਜਗੀਰ ਸਿੰਘ, ਸਤਨਾਮ ਸਿੰਘ ਕੋਟ ਖਾਲਸਾ, ਸਿਕੰਦਰ ਸਿੰਘ, ਜਸਵੀਰ ਸਿੰਘ ਮੋਰਿੰਡਾ, ਕਰਨੈਲ ਸਿੰਘ ਨਮੋਲ ਆਦਿ ਆਗੂ ਇਸ ਦੌਰੇ ਵਿਚ ਸ਼ਾਮਿਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>