ਆਓ ਅੱਜ ਉਨ੍ਹਾਂ ਨੂੰ ਵੀ ਯਾਦ ਕਰੀਏ

ਪੰਜਾਬ ਦੇ ਹਜ਼ਾਰਾਂ ਨਹੀਂ ਸਗੋ ਲੱਖਾਂ ਵਾਸੀ ਇਹੋ ਜਿਹੇ ਹੋਣਗੇ, ਜਿਨ੍ਹਾਂ ਆਪਣੇ ਦੇਸ਼ ਦੀ ਅਜ਼ਾਦੀ ਦੀ ਖਾਤਰ ਅੰਦਰਖਾਤੇ ਕੁਰਬਾਨੀਆਂ ਕੀਤੀਆਂ, ਪਰ ਉਨ੍ਹਾਂ ਦਾ ਅਜ਼ਾਦੀ ਸੰਗਰਾਮ ਦੇ ਇਤਹਾਸ ਵਿਚ ਕਿਧਰੇ ਵੀ ਨਾਮ ਨਹੀਂ।

ਪੰਜਾਬ ਦੇ ਇਹ, ਇਹੋ ਜਿਹੇ ਕੁਰਬਾਨੀ ਦੇ ਪੁੰਜ, ਅਜ਼ਾਦੀ ਦੀ ਜੋਤ ਜਗਾਉਣ ਵਾਲੇ ਲੋਕ ਸਨ, ਜਿਨ੍ਹਾਂ ਮਨ ਨਾਲ ਅਤੇ ਕਿਸੇ ਨੇ ਧਨ ਨਾਲ ਕੁਰਬਾਨੀ ਦਿੱਤੀ ਪਰ ਇਹ ਕੁਰਬਾਨੀ ਦੇ ਬਦਲੇ ਉਨ੍ਹਾਂ ਕਿਸੇ ਮੁੱਲ, ਕਿਸੇ ਇਵਜ਼ ਦੀ ਖਾਹਿਸ਼ ਨਹੀਂ ਕੀਤੀ।
ਇਹ ਗੱਲ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਦੇ ਪਿਉ, ਭਰਾਵਾਂ, ਪੁੱਤਾਂ, ਮਾਵਾਂ ਨੇ ਅਜ਼ਾਦੀ ਖਾਤਰ ਬਲੀਦਾਨ ਦਿੱਤਾ ਜਾਂ ਜੇਲ੍ਹਾਂ ਕੱਟੀਆਂ, ਦੁਖੜੇ ਸਹੇ, ਤਕਲੀਫਾਂ ਝੱਲੀਆਂ  ਅਤੇ ਇਨ੍ਹਾਂ ਪਿਛੇ ਰਹਿਕੇ ਕਸ਼ਟ ਝੱਲਿਆਂ ਜਿਸ ਦੀ ਕਲਪਨਾ ਕਰਨੀ ਵੀ ਅਤਿ ਦੁਖਦਾਈ ਲਗਦੀ ਹੈ। ਜ਼ਰਾ ਸੋਚੋ ਉਸ ਮੁਟਿਆਰ ਬਾਰੇ ਜਿਸਦਾ ਪਤੀ ਸੰਗਰਾਮ ਲਈ ਘਰੋਂ ਤੁਰ ਗਿਆ ਹੋਵੇ, ਜ਼ਰਾ ਸੋਚੋ ਉਸ ਮਾਂ, ਪਿਓ ਬਾਰੇ ਜਿਨ੍ਹਾਂ ਦਾ ਬੁਢਾਪੇ ਵੇਲੇ ਸਹਾਰਾ ਬਨਣ ਵਾਲਾ ਪੁੱਤਰ ਵਤਨ ਲਈ ਸ਼ਹੀਦ ਹੋ ਗਿਆ ਹੋਵੇ। ਜ਼ਰਾ ਸੋਚੋ ਉਸ ਪਰਿਵਾਰ  ਬਾਰੇ ਜਿਨ੍ਹਾਂ ਦਾ ਇੱਕ ਕਮਾਉ ਜੀਅ ਅਜ਼ਾਦੀ ਸੰਗਰਾਮ ਲਈ ਆਪਾ ਵਾਰ ਗਿਆ ਹੋਵੇ ਅਤੇ ਜਿਨ੍ਹਾਂ ਦੀ ਸਮੁੱਚੀ ਜਮੀਨ ਜਾਇਦਾਦ ਸਰਕਾਰ ਨੇ ਕੁਰਕ ਕਰ ਲਈ ਹੋਵੇ। ਅਤੇ ਜਿਨ੍ਹਾਂ ਦੇ ਤਨ ਢਕਣ ਲਈ ਕਪੜੇ, ਸਿਰ ਢਕਣ ਲਈ ਛੱਤ ਅਤੇ ਖਾਣ ਲਈ ਰੋਟੀ ਦਾ ਕੋਈ ਆਸਰਾ ਨਾ ਰਿਹਾ ਹੋਵੇ ਤੇ ਜਿਨ੍ਹਾਂ ਦਰ ਦਰ ਧੱਕੇ ਖਾਕੇ ਆਪਣਾ ਬਾਕੀ ਜੀਵਨ ਕੱਟ ਲਿਆ ਹੋਵੇ।

ਦੇਸ਼ ਦੇ ਅਜ਼ਾਦੀ ਸੰਗਰਾਮ ਵਿਚ ਜਿੰਨੀਆਂ ਵੀ ਲਹਿਰਾਂ ਚੱਲੀਆਂ. ਚਾਹੇ ਉਹ ਪੰਜਾਬ ਦੀ ਸੰਗਰਾਮੀ ਲਹਿਰ ਸੀ ਜਾਂ ਬੱਬਰ ਲਹਿਰ, ਜਾਂ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਸਾਥੀਆਂ ਦਾ ਅੰਗ੍ਰੇਜ਼ਾ ਵਿਰੁੱਧ ਸੰਗਰਾਮ ਜਾਂ ਕਾਮਾਗਾਟਾ ਮਾਰੂ ਜਹਾਜ਼ ਲੈ ਕੇ ਕੈਨੇਡਾ ਤੋਂ ਤੁਰੇ ਸਿਰਲੱਥ ਯੋਧਿਆ ਦਾ ਸੰਗਰਾਮ (ਜਿਨ੍ਹਾਂ ਨੂੰ ਬਜਬਜ ਘਾਟ ਵਿਖੇ ਅੰਗ੍ਰੇਜ਼ਾ ਦੀ ਗੋਲੀਆਂ ਦਾ ਸ਼ਿਕਾਰ ਹੋਣਾ ਪਿਆ) ਜਾਂ ਅੰਮ੍ਰਿਤਸਰ ਦਾ ਜਲਿਆਵਾਲਾ ਕਾਂਡ ਦਾ ਸਾਕਾ ਇਨ੍ਹਾਂ ਸਭਨਾਂ ਪਿਛੇ ਉਨ੍ਹਾਂ ਅਣਖੀਲੇ ਪੰਜਾਬੀਆਂ ਦਾ ਸਿੱਧਾ ਹੱਥ   ਸੀ  ਪਰ ਉਨ੍ਹਾਂ ਦੇ ਇਨ੍ਹਾਂ ਸੰਗਾਰਮਾਂ ਨੂੰ ਧੁਰ ਸਿਰੇ ਲਾਉਣ ਵਾਲੇ ਉਨ੍ਹਾਂ ਗੰਮਨਾਮ ਪੰਜਾਬੀਆਂ ਦਾ ਵੀ ਹੱਥ ਸੀ, ਜਿਨ੍ਹਾਂ ਇਨ੍ਹਾਂ ਲਹਿਰਾਂ ਨੂੰ ਕਾਮਯਾਬ ਕਰਨ ਲਈ ਇਨ੍ਹਾਂ ਯੋਧਿਆ ਨੂੰ ਪਨਾਹ ਦਿੱਤੀ, ਉਨ੍ਹਾਂ ਲਈ ਹਥਿਆਰਾਂ ਦਾ ਪ੍ਰਬੰਧ ਕੀਤਾ, ਉਨ੍ਹਾਂ ਲਈ ਧਨ ਦੌਲਤ ਦਾ ਜੁਗਾੜ ਬਣਾਇਆ ਅਤੇ ਆਪ ਭੁੱਖੇ ਰਹਿਕੇ ਵੀ ਉਹ ਸਾਰੇ ਸਾਧਨ ਜੁਟਾਏ, ਜਿਨ੍ਹਾਂ ਦੀ ਇਸ ਸੰਗਰਾਮ ਜਿੱਤਣ ਲਈ ਉਨ੍ਹਾਂ ਨੂੰ ਲੋੜ ਸੀ, ਕੀ ਅਸੀਂ ਉਨ੍ਹਾਂ ਸਿਆਣੇ ਲੋਕਾ ਦੀ ਉਸ ਕੁਰਬਾਨੀ ਨੂੰ ਭੁਲ ਜਾਵਾਂਗੇ ਜਿਨ੍ਹਾਂ ਇਨ੍ਹਾਂ ਸੰਗਰਾਮੀਆਂ ਦੀ ਰਿਹਾਈ ਲਈ ਕਚਿਹਰੀਆ ’ਚ ਕੇਸ ਲੜੇ, ਬੀਮਾਰੀ ਸਮੇਂ ਦਵਾ ਦਾਰੂ ਨਾਲ ਉਨ੍ਹਾਂ ਦਾ ਇਲਾਜ ਕੀਤਾ, ਗੁਪਤ ਵਾਸ ਦੀ ਹਾਲਤ ਵਿਚ ਉਨ੍ਹਾਂ ਨੂੰ ਆਸਰਾ ਦਿੱਤਾ, ਅਖਬਾਰਾਂ ਵਿਚ ਸਮੇਂ ਸਮੇਂ ਉਨ੍ਹਾਂ ਦੇ ਸੰਗਰਾਮ ਨੂੰ ਉਤਸ਼ਾਹਿਤ ਕਰਨ ਲਈ ਲੇਖ ਲਿਖੇ, ਆਵਾਜ਼ ਉਠਾਈ ਤੇ ਹਕੂਮਤ ਦੀਆਂ ਕੌੜੀਆਂ ਨਜ਼ਰਾਂ ਦਾ ਸ਼ਿਕਾਰ ਵੀ ਹੋਏ।

ਪੰਜਾਬ ਦੇ ਪਿੰਡਾਂ ਸ਼ਹਿਰਾਂ ਦਾ ਉਹ ਕਿਹੜਾ ਗਲੀ, ਕੂਚਾ, ਮੁਹੱਲਾ ਇਹੋ ਜਿਹਾ ਮਿਲੇਗਾ, ਜਿਥੋਂ ਤੁਹਾਨੂੰ ਕੁਰਬਾਨੀ ਦੇ ਪੁੰਜ ਲੋਕਾਂ ਦੀ ਅਣਕਿਹੀ ਦਾਸਤਾਨ ਸੁਨਣ ਨੂੰ ਨਹੀਂ ਮਿਲੇਗੀ। ਇਹ ਦਾਸਤਾਨ ਭਾਵੇਂ ਅਜ਼ਾਦੀ ਸੰਗਰਾਮ ਦੇ ਇਤਹਾਸ ਦਾ ਹਿੱਸਾ ਤਾਂ ਨਹੀ ਬਣ ਸਕੀ ਹੋਵੇਗੀ, ਪਰ ਪੀੜ੍ਹੀ ਦਰ ਪੀੜ੍ਹੀ ਲੋਕਾਂ ਦੀ ਜੂਬਾਨ ਉਤੇ ਹੁਣ ਵੀ ਸੁਨਣ ਨੂੰ ਮਿਲਦੀ ਹੈ। ਜ਼ਰਾ ਧਿਆਨ ਕਰੋਂ ਉਸ ਬਜ਼ੁਰਗ ਦੇ ਮੂੰਹੋ ਸੁਣੀ ਇਹ ਗਲ ਕਿ ਉਨ੍ਹਾਂ ਦਾ ਪਿਉ-ਭਰਾ ਪਨਾਮੇ, ਸਿੰਘਾਪੁਰ, ਕੈਨੇਡਾ ਤੋਂ ਘਰ ਆਇਆ ਪਰ ਉਹਨੂੰ ਹਰ ਰੋਜ਼ ਸਥਾਨਕ ਥਾਣੇ ਹਾਜ਼ਰੀ ਲੁਆਉਣੀ ਪੈਂਦੀ ਸੀ। ਧਿਆਨ ਕਰੋ ਉਨਾਂ ਦੇ ਮੂੰਹੋ ਸੁਣੀ ਇਹ ਗੱਲ ਕਿ ਉਨ੍ਹਾਂ ਦਾ ਪਿਉ-ਭਰਾ ਬੱਬਰਾਂ ਲਈ ਦੇਸੀ ਪਿਸਤੌਲ ਹਥਿਆਰ ਬਨਾਉਦਾ ਹੁੰਦਾ ਸੀ ਤੇ ਬਹੁਤੀਆਂ ਇਕਲਾਬੀ ਮੀਟਿੰਗਾਂ ਉਨ੍ਹਾਂ ਦੇ ਘਰ ਖੂਹਾਂ ਤੇ ਕੀਤੀਆਂ ਜਾਂਦੀਆਂ ਸਨ। ਧਿਆਨ ਕਰੋ ਉਸ ਮਾਂ ਦੀ ਕੁਰਬਾਨੀ ਜਿਹੜੀ ਆਪ ਭੁੱਖੀ ਰਹਿਕੇ ਯੋਧਿਆਂ ਲਈ ਰੋਟੀ ਟੁੱਕ ਦਾ ਪ੍ਰਬੰਧ ਕਰਕੇ ਉਨ੍ਹਾਂ ਦੇ ਭੁੱਖੇ ਢਿੱਡ ’ਚ ਅੰਨ ਪਾਉਣ ਲਈ ਰਾਤ ਬਰਾਤੇ ਠੰਡੀਆਂ ਝੱਖ ਰਾਤਾਂ ’ਚ ਵੀ ਔਝੜੇ ਰਾਹਾਂ ਤੇ ਖੁਸ਼ੀ ਨਾਲ ਤੁਰਦੀ ਸੀ ਬਿਲਕੁਲ ਰੂਸ ਦੇ ਸੰਗਰਾਮ ਸਬੰਧੀ ਮੈਕਸਿਸ ਗੋਰਕੀ ਦੇ ਨਾਵਲ ‘‘ਮਾਂ’’ ਦੇ ਪਾਤਰ ਵਾਂਗਰ।

ਅੱਜ ਦੇਸ਼ ਅਜ਼ਾਦ ਹੋਇਆਂ 66 ਵਰ੍ਹੇ ਬੀਤ ਗਏ ਹਨ। ਦੇਸ਼ ਨੇ ਕੁਝ ਖੇਤਰਾਂ ’ਚ ਤਰੱਕੀ ਵੀ ਕੀਤੀ ਹੈ, ਪਰ ਜਿਹੜਾ ਸੁਪਨਾਂ ਦੇਸ਼ ਭਗਤਾਂ ਸੰਗਰਾਮੀਆਂ ਨੇ ਚਿਤਵਿਆ ਸੀ ਕਿ ਦੇਸ਼ ’ਚ ਗਰੀਬ ਅਮੀਰ ਦਾ ਪਾੜਾ ਨਾ ਰਹੇ, ਹਰ ਕੋਈ ਆਜ਼ਾਦ ਹਵਾ ’ਚ ਸਾਹ ਲੈ ਸਕੇ, ਹਰ ਵਿਆਕਤੀ ਨੂੰ ਆਪਣੇ ਢੰਗ ਨਾਲ ਜੀਉਣ ਦਾ ਬੁਨਿਆਦੀ ਅਧਿਕਾਰ ਮਿਲੇ ਉਹ ਦੇਸ਼ ਦੇ ਦੋਖੀਆਂ ਨੇ ਕੁਨਬਾਪਰਵਰੀ, ਲੁੱਟ ਖਸੁੱਟ ਰਦਿਆ ਪੂਰਾ ਨਹੀਂ ਹੋਣ ਦਿੱਤਾ। ਅਤੇ ਦੇਸ਼ ਦੇ ਦਲਾਲਾਂ ਦੇ ਹੱਥ ਦਾ ਮੋਹਰਾ ਬਣਕੇ ਅੱਜ ਵੀ ‘‘ਅਜ਼ਾਦੀ’’ ਦੀ ਭਾਲ ’ਚ ਹੌਕੇ ਭਰਦਾ ਨਜ਼ਰ ਆ ਰਿਹਾ ਹੈ।

ਅੱਜ ਜਦੋਂ ਕਿ ਆਪਾਂ ਸਾਰੇ ਦੋਸ਼ ਦੀ ਅਜ਼ਾਦੀ ਦੀ 66 ਵੀਂ ਵਰ੍ਹੇ ਗੰਢ ਮਨਾਉਣ ਵੇਲੇ ਉਨ੍ਹਾਂ ਸ਼ਹੀਦਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਦੁਹਰਾ ਰਹੇ ਹਾਂ ਤਾਂ ਆਉ ਆਪਾਂ ਉਨ੍ਹਾਂ ਗੁੰਮਨਾਮ ਲੋਕਾਂ ਨੂੰ ਵੀ ਯਾਦ ਕਰ ਲਈਏ ਜਿਨ੍ਹਾਂ ਚੁੱਪ ਚਪੀਤੇ ਅਜ਼ਾਦੀ ਸੰਗਰਾਮ ’ਚ ਭਰਪੂਰ ਹਿੱਸਾ ਪਾਇਆ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>