ਅੰਧੀ ਸ਼ਰਧਾ ਗਿਆਨ ਵਿਹੂਣੀ

ਸ਼ਰਧਾ ਸ਼ਬਦ ਦੇ ਆਪਣੇ ਆਪ ਵਿਚ ਬੜੇ ਗਹਿਰੇ ਅਰਥ ਹਨ। ਸ਼ਰਧਾ ਭਾਵ ਪ੍ਰੇਮ, ਵਿਸ਼ਵਾਸ। ਪਰ ਜੇਕਰ ਇਹ ਵਿਸ਼ਵਾਸ ਅੰਧਵਿਸ਼ਵਾਸ ਵਿਚ ਤਬਦੀਲ ਹੋ ਜਾਏ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਸ਼ਰਧਾ ਰੱਖਣਾ ਠੀਕ ਹੈ ਪਰ ਅੰਧਵਿਸ਼ਵਾਸ ਕਰਨਾ ਕਿਸੇ ਪੱਖੋ ਵੀ ਠੀਕ ਨਹੀਂ ਹੈ।

ਆਦਿ ਕਾਲ ਤੋਂ ਹੀ ਮਨੁੱਖੀ ਬਿਰਤੀ ਕੁਦਰਤੀ ਰਹੱਸਾਂ ਨੂੰ ਜਾਨਣ ਦੀ ਰਹੀ ਹੈ। ਕਦੇ ਆਕਾਸ਼ ਦੀ ਜਾਣਕਾਰੀ, ਕਦੇ ਧਰਤੀ ਦੀ, ਕਦੇ ਧਰਤੀ ਹੋ ਹੇਠਾਂ ਦੀ ਤੇ ਕਦੇ ਆਕਾਸ਼ ਤੋਂ ਉੱਪਰ ਦੀ। ਮਨੁੱਖ ਹਮੇਸ਼ਾ ਤੋਂ ਹੀ ਜਗਿਆਸੂ ਪਰਵ੍ਰਿਤੀ ਦਾ ਮਾਲਕ ਰਿਹਾ ਹੈ। ਇਸੇ ਜਗਿਆਸਾ ਨੇ ਹੀ ਧਰਮ ਨੂੰ ਜਨਮ ਦਿੱਤਾ। ਜਦੋਂ ਮਨੁੱਖ ਜੰਗਲਾਂ ਵਿਚ ਦੂਜੇ ਜਾਨਵਰਾਂ ਵਾਂਗ ਰਹਿੰਦਾ ਸੀ ਤਾਂ ਕਦੇ ਆਕਾਸ਼ੀ ਬਿਜਲੀ ਦੀ ਚਮਕ ਤੇ ਕਦੇ ਮੀਂਹ ਝੱਖੜ ਦਾ ਡਰ, ਸੋ ਮਨੁੱਖ ਨੇ ਆਪਣੇ ਮਨ ਵਿਚ ਇਕ ਅਜਿਹੀ ਸ਼ਕਤੀ ਧਾਰ ਲਈ ਜਿਹੜੀ ਬਾਅਦ ਵਿਚ ਧਰਮ ਦੇ ਰੂਪ ਵਿਚ ਸਾਹਮਣੇ ਆਈ।

ਧਰਮ ਦਾ ਸਰੂਪ ਸਹਿਜੇ-ਸਹਿਜੇ ਵਿਕਸਿਤ ਹੋਣ ਲੱਗਾ ਅਤੇ ਕਾਅਦੇ ਕਾਨੂੰਨ ਬਨਣ ਲੱਗੇ। ਇਹਨਾਂ ਕਾਨੂੰਨਾਂ ਦਾ ਅਸਲ ਮਕਸਦ ਮਨੁੱਖ ਨੂੰ ਮੰਦੇ ਕੰਮਾਂ ਤੋਂ ਵਰਜਣਾ ਸੀ। ਪਰ ਬਦਕਿਸਮਤੀ ਇਹ ਹੋਈ ਕਿ ਹਾਕਮ ਧਿਰ ਜਿਨ੍ਹਾਂ ਨੇ ਇਹ ਕਾਨੂੰਨ ਬਣਾਉਣੇ ਸੀ, ਉਨ੍ਹਾਂ ਆਪਣੇ ਸਵਾਰਥ ਅਤੇ ਲਾਭ ਲਈ ਕਈ ਅਜਿਹੇ ਕਾਨੂੰਨ ਧਰਮ ਦੀ ਆੜ ਲੈ ਕੇ ਬਣਾ ਦਿੱਤੇ ਜਿਹੜੇ ਆਮ ਲੋਕਾਂ ਲਈ ਮੁਸੀਬਤ ਬਣ ਗਏ ਜਿਵੇਂ ਜਾਤ-ਪਾਤ, ਦਾਜ ਪ੍ਰਥਾ, ਬ੍ਰਾਹਮਣ, ਸ਼ੂਦਰ, ਵੈਸ ਦਾ ਵਿਤਕਰਾ, ਔਰਤ ਨੂੰ ਗ਼ੁਲਾਮ ਰੱਖਣਾ, ਧਾਰਮਕ ਜਗ੍ਹਾ ਤੇ ਨੀਵੀਆਂ ਜਾਤਾਂ ਨੂੰ ਜਾਣ ਤੇ ਪਾਬੰਦੀ, ਸਤੀਪ੍ਰਥਾ, ਜਾਤ ਦੇ ਆਧਾਰ ਤੇ ਕੰਮਾਂ ਦੀ ਵੰਡ ਆਦਿਕ।
ਅਜੋਕੇ ਸਮੇਂ ਇਹ ਕਾਨੂੰਨ ਵਿਕਰਾਲ ਰੂਪ ਧਾਰਨ ਗਏ ਹਨ। ਜਿਵੇਂ-ਜਿਵੇਂ ਮਨੁੱਖ ਦੇ ਦਿਮਾਗ ਨੇ ਵਧੇਰੇ ਕੰਮ ਕਰਨਾ ਆਰੰਭ ਕੀਤਾ ਤਾਂ ਧਾਰਮਕ ਕੱਟੜਤਾ ਤੇ ਪਾਖੰਡਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਹਿੰਦੂ ਧਰਮ ਵਿਚ ਅੱਤ ਦੇ ਅੰਧਵਿਸ਼ਵਾਸ ਤੇ ਵਹਿਮ-ਭਰਮ ਪੈਦਾ ਹੋ ਗਏ ਤਾਂ ਗੁਰੁ ਨਾਨਕ ਸਾਹਿਬ ਨੇ ਸਿੱਖੀ ਦਾ ਉਪਦੇਸ਼ ਦੇ ਕੇ ਇਹਨਾਂ ਵਹਿਮਾਂ ਤੋਂ ਜਗਤ ਨੂੰ ਬਚਾਇਆ।

ਔਰਤ ਨੂੰ ਬਰਾਬਰ ਦਾ ਦਰਜ਼ਾ ਦਵਾਉਣ ਲਈ ਆਵਾਜ ਬੁਲੰਦ ਕੀਤੀ। ਜਨੇਊ ਪਾਉਣ ਤੋਂ ਇਨਕਾਰ ਕਰਕੇ ਪਰਮਾਤਮਾ ਦੇ ਸੱਚੇ ਨਾਮ ਦਾ ਉਪਦੇਸ਼ ਦਿੱਤਾ। ਹਰਿਦੁਆਰ ਸੂਰਜ ਤੋਂ ਪੁੱਠੇ ਪਾਸੇ ਪਾਣੀ ਦੇ ਕੇ ਲੋਕਾਂ ਨੂੰ ਤਰਕਸ਼ੀਲਤਾ ਦਾ ਪਾਠ ਪੜ੍ਹਾਇਆ।
ਪਰ…., ਅਫ਼ਸੋਸ, ਅੱਜ ਬਾਬੇ ਨਾਨਕ ਦੇ ਧਰਮ ਨੂੰ ਮੁੜ ਕੇ ਦੁਬਾਰਾ ਅੰਧਵਿਸ਼ਵਾਸਾਂ ਦੇ ਦਲ-ਦਲ ਵਿਚ ਸੁੱਟਿਆ ਜਾ ਰਿਹਾ ਹੈ। ਧਰਮ ਦੇ ਨਾਮ ਦੇ ਫੋਕਟ ਆਡੰਬਰ-ਪਾਖੰਡ ਹਾਵੀ ਹੁੰਦੇ ਜਾ ਰਹੇ ਹਨ। ਧਾਰਮਕ ਆਗੂਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਭੇਖ ਬਣਾ ਕੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ।

“ਜੋਗ ਨਾ ਭਗਵੀ ਕਪੜੀ ਜੋਗ ਨਾ ਮੈਲੇ ਵੇਸ।।
ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰਿ ਕੇ ਉਪਦੇਸ।।”

ਕਿਸੇ ਭੇਖ ਦੀ ਲੋੜ ਨਹੀਂ। ਕੇਵਲ ਸੱਚੇ ਮਨ ਨਾਲ ਪਰਮਾਤਮਾ ਨਾਲ ਪ੍ਰੇਮ ਕੀਤਿਆਂ ਪਰਮਾਤਮਾ/ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ।

“ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।”

ਬਾਹਰੀ ਭੇਖਾਂ ਨਾਲ ਜਾਂ ਬਨਾਉਟੀ ਸਮਾਧੀ ਲਗਾ ਕੇ ਪ੍ਰਭੂ ਦੀ ਪ੍ਰਾਪਤੀ ਸੰਭਵ ਨਹੀਂ ਹੈ। ਜੰਗਲਾਂ ਵਿਚ ਜਾ ਕੇ ਤੱਪ ਕਰਕੇ, ਪੁੱਠੇ ਲਟਕ ਕੇ ਜਾਂ ਪਿੰਡੇ ਤੇ ਸੁਆਹ ਮੱਲ੍ਹ ਕੇ ਪ੍ਰਭੂ ਦੀ ਦਰਗ਼ਾਹ ਵਿਚ ਸਫ਼ਲਾ ਨਹੀਂ ਹੋਇਆ ਜਾ ਸਕਦਾ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਫੁਰਮਾਨ ਕਰਦੇ ਹਨ:-

“ਕਾਹੇ ਰੇ ਬਨ ਖੋਜਨ ਜਾਈ।।
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ।।”

ਗੁਰੂ ਜੀ ਮਨੁੱਖ ਨੂੰ ਕਹਿ ਰਹੇ ਹਨ ਕਿ, “ਹੇ ਭਾਈ, ਤੂੰ ਪ੍ਰਭੂ ਨੂੰ ਖੋਜਨ ਲਈ ਬਨ ਭਾਵ ਜੰਗਲਾਂ ਵਿੱਚ ਕਿਉਂ ਜਾ ਰਿਹਾ ਹੈਂ? ਉਹ ਪਰਮਾਤਮਾ ਤਾਂ ਤੇਰੇ ਨਾਲ ਵੱਸਦਾ ਹੈ ਤੇਰੇ ਮਨ ਅੰਦਰ ਵੱਸਦਾ ਹੈ ਅਤੇ ਸਾਰਿਆਂ ਵਿਚ ਨਿਵਾਸ ਕਰਦਾ ਹੈ। ਫਿਰ ਜੰਗਲ ਵਿਚ ਜਾਣ ਦਾ ਕੀ ਲਾਭ…?

“ਘਰਿ ਹੀ ਮਹਿ ਅੰਮ੍ਰਿਤ ਭਰਿਪੂਰ ਹੈ ਮਨਮੁਖਾ ਸਾਦਿ ਨਾ ਪਾਇਆ।।”

ਭਗਤ ਕਬੀਰ ਦੀ ਪੂਰੀ ਜਿੰਦਗੀ ਕਾਸ਼ੀ ਵਿਚ ਰਹੇ ਪਰ ਅੰਤਮ ਸਮੇਂ ਮਗਹਰ ਵਿਚ ਆਣ ਨਿਵਾਸ ਕੀਤਾ ਕਿਉਂਕਿ ਲੋਕਾਂ ਦਾ ਵਿਸ਼ਵਾਸ ਸੀ ਕਿ ਜਿਹੜਾ ਵਿਅਕਤੀ ਮਗਹਰ ਵਿਚ ਮਰਦਾ ਹੈ ਉਹ ਨਰਕ ਨੂੰ ਜਾਂਦਾ ਹੈ ਅਤੇ ਜਿਹੜਾ ਵਿਅਕਤੀ ਕਾਸ਼ੀ ਵਿਚ ਮਰਦਾ ਹੈ ਉਹ ਸਵਰਗ ਵਿਚ ਜਾਂਦਾ ਹੈ। ਇਸ ਵਹਿਮ ਨੂੰ ਤੋੜਨ ਲਈ ਕਬੀਰ ਜੀ ਅੰਤਮ ਸਮੇਂ ਮਗਹਰ ਵਿਚ ਚਲੇ ਗਏ।

“ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥
ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥”

ਹੈ ਕੋਈ ਐਸਾ ਮਹਾਂਪੁਰਸ਼ ਜਿਹੜਾ ਲੋਕਾਂ ਨੂੰ ਇਸ ਤਰੀਕੇ ਨਾਲ ਵਹਿਮਾਂ ਤੋਂ ਦੂਰ ਕਰਨ ਲਈ ਪਹਿਲ ਕਰੇ। ਸ਼ਾਇਦ ਨਹੀਂ।

“ਛੂਟੈ ਭਰਮੁ ਮਿਲੈ ਗੋਬਿੰਦ।।”

ਜਿਸ ਵੇਲੇ ਮਨ ਵਿਚਲੇ ਭਰਮ/ਅੰਧਵਿਸ਼ਵਾਸਾਂ ਦਾ ਖਾਤਮਾ ਹੁੰਦਾ ਹੈ ਉਸ ਵੇਲੇ ਹੀ ਗੋਬਿੰਦ ਭਾਵ ਗੁਰੂ ਨੂੰ ਪਾਇਆ ਜਾ ਸਕਦਾ ਹੈ। ਪਰ ਜੇਕਰ ਫੋਕੇ ਕਰਮ-ਕਾਂਡਾ, ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਵਿਚ ਹੀ ਫ਼ਸੇ ਰਹੇ ਤਾਂ ਪਰਮਾਤਮਾ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?

ਵੀਰਵਾਰ ਨੂੰ ਕਪੜੇ ਨਾ ਧੋਣਾ, ਸ਼ਨੀਵਾਰ ਨੂੰ ਸਿਰ ਦੇ ਵਾਲ ਨਾ ਧੋਣਾ, ਕਰਵਾਚੋਥ, ਇਕਾਦਸ਼ੀ ਦੇ  ਵਰਤ, ਰੱਖੜੀ, ਦੀਵਾਲੀ, ਪੱਥਰ ਪੂਜਾ, ਰੁੱਖਾਂ ਦੀ ਪੂਜਾ ਆਦਿਕ ਗੈ਼ਰ ਵਿਗਿਆਨਕ ਕੰਮ ਕਰਕੇ ਅਸੀਂ ਆਪਣੇ ਆਪ ਨੂੰ ਕਈ ਵਾਰ ਹਾਸੇ ਦਾ ਪਾਤਰ ਬਣਾ ਲੈਂਦੇ ਹਾਂ।

ਨਿਰਜ਼ਲਾ ਇਕਾਦਸ਼ੀ ਵਾਲੇ ਦਿਨ ਗੁਰਦੁਆਰਿਆਂ/ਮੰਦਰਾਂ ਵਿਚ ਮਿੱਟੀ ਦੇ ਘੜਿਆਂ, ਝਾੜੂਆਂ ਅਤੇ ਖ਼ਰਬੂਜਿਆਂ-ਅੰਬਾਂ ਦੇ ਢੇਰ ਲੱਗ ਜਾਂਦੇ ਹਨ ਪਰ ਕਿਸੇ ਹੋਰ ਦਿਨ ਅਸੀਂ ਆਪਣੇ ਘਰ ਤੇ ਦਰਵਾਜੇ ਤੇ ਆਏ ਭੁੱਖੇ ਵਿਅਕਤੀ ਨੂੰ ਪਾਣੀ ਦਾ ਗਿਲਾਸ ਨਹੀਂ ਪਿਆਉਂਦੇ। ਇਸੇ ਤਰ੍ਹਾਂ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਅਸੀਂ ਰਾਹ ਜਾਂਦੇ ਲੋਕਾਂ ਨੂੰ ਧੱਕੇ ਨਾਲ ਜਲ ਛਕਾਉਂਦੇ ਹਨ (ਭਾਵੇਂ ਵਿਚਾਰਾ ਲੱਖ ਮਨ੍ਹਾਂ ਕਰੇ) ਪਰ ਗੁਰੂ ਦਾ ਪ੍ਰਸ਼ਾਦਿ ਕਹਿ ਕੇ ਬਦੋਬਦੀ ਛਕਾਈ ਜਾਂਦੇ ਹਾਂ। ਪਰ ਅਗਲੇ ਦਿਨ ਜੇ ਕੋਈ ਰਿਕਸ਼ਾਚਾਲਕ ਜਾਂ ਸਬਜੀ ਦੀ ਰੇਹੜੀ ਵਾਲਾ ਸਾਡੇ ਘਰੋਂ ਪਾਣੀ ਮੰਗ ਲਵੇ ਤਾਂ ਅਸੀਂ ਇਵੇਂ ਅੱਖਾਂ ਦਿਖਾਉਂਦੇ ਹਾਂ ਜਿਵੇਂ ਵਿਚਾਰੇ ਨੇ ਸਾਥੋਂ ਘਰ ਦੀ ਚਾਬੀ ਮੰਗ ਲਈ ਹੋਵੇ।

ਅਸੀਂ ਬੱਸ, ਰੇਲ ਜਾਂ ਕਿਤੇ ਹੋਰ ਭਿੱਖਿਆ ਮੰਗ ਰਹੇ ਕਿਸੇ ਜੁਆਨ ਵਿਹਲੜ ਭਿਖਾਰੀ ਨੂੰ ਤਾਂ 2-4 ਰੁਪਏ ਦੇ ਦਿੰਦੇ ਹਾਂ ਪਰ ਜੇ ਮਿਹਨਤ ਕਰਕੇ ਆਪਣਾ ਪੇਟ ਪਾਲਣ ਵਾਲਾ ਰਿਕਸ਼ਾ ਚਾਲਕ, ਸਬਜੀ ਵਾਲਾ ਜਾਂ ਕੋਈ ਹੋਰ ਮਜਦੂਰ ਆਪਣੀ ਮਿਹਨਤ ਮੰਗਦਾ ਹੈ ਤਾਂ ਰਿਕਸ਼ੇ ਵਾਲੇ ਨੂੰ ਕਹਿੰਦੇ ਹਾਂ 10 ਰੁਪਏ ਨਹੀਂ 5 ਲੈ ਲਈਂ, ਸਬਜੀ ਵਾਲੇ ਨਾਲ 1-2 ਰੁਪਏ ਪਿੱਛੇ ਬਹਿਸ ਕਰਦੇ ਹਾਂ, ਮਜਦੂਰ ਨੂੰ ਦਿਹਾੜੀ ਦੇ ਪੈਸੇ ਦੇਣ ਲਈ ਕਈ-ਕਈ ਚੱਕਰ ਕਟਾਉਂਦੇ ਹਾਂ, ਇਹ ਗਲਤ ਹੈ।

ਜਿਤਨੇ ਪੈਸੇ ਵਰਤ ਵਾਲੇ ਦਿਨ ਫਰੂਟ ਤੇ ਖਰਚ ਕਰਦੇ ਹਾਂ ਉਤਨੇ ਪੈਸੇ ਜੇਕਰ ਧਾਰਮਿਕ ਲਿਟਰੇਚਰ ਜਾਂ ਕਿਸੇ ਪੁਸਤਕ ਤੇ ਖਰਚ ਕੀਤੇ ਜਾਣ ਤਾਂ ਚੰਗਾ ਹੈ। ਇਕਾਦਸ਼ੀ ਵਾਲੇ ਦਿਨ ਘੜੇ, ਝਾੜੂ ਅਤੇ ਅੰਬ ਖਰਬੂਜੇ ਦੀ ਜਗ੍ਹਾਂ ਤੇ 200 ਰੁਪਏ ਧਾਰਮਿਕ ਰਸਾਲਿਆਂ ਦੇ ਚੰਦਿਆਂ ਤੇ ਖਰਚ ਕਰ ਦਿਓ ਤਾਂ ਵਧੀਆ ਹੈ।

ਛਬੀਲ ਵਾਲੇ ਦਿਨ ਪਾਣੀ ਦੀ ਸੇਵਾ ਦੀ ਜਗ੍ਹਾ ਤੇ ਆਪਣੇ ਘਰ ਸਾਹਮਣੇ ਇਕ ਠੰਡੇ ਪਾਣੀ ਦਾ ਕੂਲਰ ਲਗਵਾ ਦਿਓ ਤਾਂ ਪੂਰੀ ਗਰਮੀ ਲਈ ਆਉਣ-ਜਾਣ ਵਾਲਿਆਂ ਲਈ ਠੰਡਾ ਪਾਣੀ ਪੀਣ ਲਈ ਮਿਲ ਜਾਇਆ ਕਰੇ। ਕਿਸੇ ਭਿਖਾਰੀ ਨੂੰ 2-4 ਰੁਪਏ ਦੇਣ ਦੀ ਬਜਾਇ ਕਿਸੇ ਰਿਕਸ਼ੇ ਵਾਲੇ, ਸਬਜੀ ਵਾਲੇ ਨੂੰ ਪੂਰੇ ਪੈਸੇ ਦਿੱਤੇ ਜਾਣ ਤਾਂ ਵਧੇਰੇ ਪੁੰਨ ਲੱਗ ਸਕਦਾ ਹੈ।

ਅੰਤ ਵਿਚ ਲੋੜ ਹੈ ਕਿ ਅਸੀਂ ਧਰਮ ਵਿਚ ਸ਼ਰਧਾ ਤਾਂ ਰੱਖੀਏ ਪਰ ਫਿਜੂਲ ਕਰਮਕਾਂਡ ਅਤੇ ਅੰਧਵਿਸ਼ਵਾਸ਼ਾਂ ਤੋਂ ਸੁਚੇਤ ਹੋਈਏ। ਵਹਿਮਾਂ-ਭਰਮਾਂ ਵਿਚ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਅਜਾਈਂ ਨਾ ਖਰਾਬ ਕਰੀਏ। ਆਪਣੀ ਸੋਚ ਨੂੰ ਸਮੇਂ ਦੇ ਹਾਣ ਦੀ ਬਣਾਈਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>