ਇਸਲਾਮਾਬਾਦ- ਭਾਰਤ ਅਤੇ ਪਾਕਿਸਤਾਨ ਦਰਮਿਆਨ ਵੀਜ਼ਾ ਨਿਯਮਾਂ ਨੂੰ ਸੌਖਿਆਂ ਕਰਨ ਦਾ ਇਤਿਹਾਸਿਕ ਸਮਝੌਤਾ ਹੋ ਗਿਆ ਹੈ।ਭਾਰਤ ਦੇ ਵਿਦੇਸ਼ ਮੰਤਰੀ ਕ੍ਰਿਸ਼ਨਾ ਇਸ ਸਮੇਂ ਪਾਕਿਸਤਾਨ ਦੇ ਦੌਰੇ ਤੇ ਹਨ।ਪਾਕਿਸਤਾਨ ਦੇ ਸੁਰੱਖਿਆ ਮੰਤਰੀ ਰਹਿਮਾਨ ਮਲਿਕ ਅਤੇ ਕ੍ਰਿਸ਼ਨਾ ਵਿੱਚਕਾਰ ਵੀਜ਼ੇ ਸਬੰਧੀ ਸਮਝੌਤੇ ਤੇ ਦਸਤਖਤ ਹੋ ਗਏ ਹਨ।
ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਅਤੇ ਭਾਰਤੀ ਵਿਦੇਸ਼ਮੰਤਰੀ ਕ੍ਰਿਸ਼ਨਾ ਵਿੱਚਕਾਰ ਸ਼ਨਿਚਰਵਾਰ ਨੂੰ ਹੋਈ ਗੱਲਬਾਤ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਇਸ ਸਮਝੋਤੇ ਤੇ ਦਸਤਖਤ ਕਰ ਦਿੱਤੇ ਗਏ ਹਨ।ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੀ ਬੈਠਕ ਵਿੱਚ ਵੀਜ਼ਾ ਸਮਝੌਤੇ ਦੇ ਤਹਿਤ 8 ਵਰਗ ਦੇ ਵੀਜ਼ਾ ਜਾਰੀ ਕਰਨ ਤੇ ਸਹਿਮਤੀ ਹੋ ਗਈ ਸੀ। ਸਮਝੌਤੇ ਵਿੱਚ ਜਿਹੜੇ 8 ਵਰਗ ਸ਼ਾਮਿਲ ਕੀਤੇ ਗਏ ਹਨ, ਉਹ ਹਨ- ਰਾਜਨਾਇਕ, ਗੈਰ ਰਾਜਨਾਇਕ, 36 ਘੰਟੇ ਦਾ ਟਰਾਂਜਿਟ ਵਿਜਿਟ, ਟੂਰਿਸਟ ਵੀਜ਼ਾ, ਸਿਵਿਲ ਸੁਸਾਇਟੀ, ਮੀਡੀਆ ਅਤੇ ਬਿਜ਼ਨੈਸ ਵੀਜ਼ਾ। ਟੂਰਿਸਟ ਵੀਜ਼ਾ ਕੇਵਲ ਪੰਜ ਸਥਾਨਾਂ ਤੇ ਹੀ ਮੰਨਿਆ ਜਾਵੇਗਾ। ਇਸ ਦੀ ਮਿਆਦ 6 ਮਹੀਨੇ ਲਈ ਹੋਵੇਗੀ। ਇਸ ਬੈਠਕ ਵਿੱਚ ਵੀਜ਼ੇ ਦੇ ਮੁੱਦੇ ਤੋਂ ਇਲਾਵਾ ਆਰਥਿਕ ਅਤੇ ਵਪਾਰਿਕ ਸਬੰਧਾਂ ਤੇ ਵੀ ਚਰਚਾ ਹੋਈ।