ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਉਪ-ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਕਾਂਗ੍ਰਸੀ ਦਲ ਕਹੇ ਜਾਣ ਪੁਰ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਦਸਿਆ ਕਿ ਬਾਬਾ ਖੜਕ ਸਿੰਘ ਤੋਂ ਲੈ ਕੇ ਸੰਤ ਹਰਚੰਦ ਸਿੰਘ ਲੋਂਗੋਵਾਲ ਤਕ, ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਪ੍ਰਧਾਨ ਦੇ ਦਿਲ ਵਿੱਚ, ਸਿੱਖੀ, ਸਿੱਖਾਂ ਦੇ ਹਿਤਾਂ-ਅਧਿਕਾਰਾਂ ਦੀ ਕੁਰਬਾਨੀ ਦੇ, ਸਿੱਖਾਂ ਦੀਆਂ ਸ਼ਹੀਦੀਆਂ ਦੇ ਮੁਲ ਵਜੋਂ ਰਾਜਸੀ ਸੱਤਾ ਦੀ ਲਾਲਸਾ ਹਾਸਲ ਕਰਨ ਦੀ ਭਾਵਨਾ ਨਹੀਂ ਸੀ ਉਪਜੀ। ਉਨ੍ਹਾਂ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਦਸਿਆ ਕਿ ਰਾਜਸੀ ਸੱਤਾ ਹਾਸਲ ਕਰਨ ਦੀ ਲਾਲਸਾ ਉਸ ਸਮੇਂ ਹੀ ਪੈਦਾ ਹੋਈ, ਜਦੋਂ ਸ. ਪ੍ਰਕਾਸ਼ ਸਿੱੰਘ ਬਾਦਲ ਨੇ ਸ਼ਹੀਦਾਂ ਦੀ ਜਥੇਬੰਦੀ ਦਾ ਪ੍ਰਧਾਨ ਬਣਦਿਆਂ ਹੀ, ਉਸਨੂੰ ਆਪਣੀ ਨਿਜੀ ਜਗੀਰ ਬਣਾ, ਉਸਦੇ ਨਾਂ ਨਾਲ ‘ਬਾਦਲ’ ਸ਼ਬਦ ਦਾ ਠੱਪਾ ਲਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਬਣਾ ਲਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਨਾਲ ‘ਬਾਦਲ’ ਦਾ ਠੱਪਾ ਲਗਦਿਆਂ ਹੀ ਉਸਨੇ ਸ਼ਹੀਦਾਂ ਦੀ ਜਤੇਬੰਦੀ ਹੋਣ ਦਾ ਅਧਿਕਾਰ ਵੀ ਗੁਆ ਲਿਆ। ਉਨ੍ਹਾਂ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ, ਸ਼ਹੀਦਾਂ ਦੀ ਜਥੇਬੰਦੀ ਵਜੋਂ ਸਮੁਚੇ ਪੰਥ ਦੀ ਸਾਂਝੀ ਜਥੇਬੰਦੀ ਸੀ ਨਾ ਕਿ ਕਿਸੇ ਇੱਕ ਦੀ ਜਗੀਰ। ਸ. ਸਰਨਾ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪ੍ਰਧਾਨਗੀ ਉਨ੍ਹਾਂ ਨੂੰ ਕਿਸੇ ਕੁਰਬਾਨੀ ਦੇ ਮੁਲ ਵਜੋਂ ਨਹੀਂ, ਸਗੋਂ ਪਿਤਾ ਦੀ ਜਗੀਰ ਦੇ ਵਾਰਸ ਹੋਣ ਵਜੋਂ ਵਿਰਾਸਤ ਵਿੱਚ ਮਿਲੀ ਹੈ।
ਸ. ਸਰਨਾ ਨੇ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਿਸੇ ਦਾ ਵੀ ਪਿਛਲਗ ਨਹੀਂ, ਜੇ ਉਸਨੇ ਕਾਂਗ੍ਰਸ ਨਾਲ ਸਾਂਝ ਪਾਈ ਹੈ ਤਾਂ ਕੇਵਲ ਪੰਥਕ ਸਮਸਿਆਵਾਂ ਨੂੰ ਹਲ ਕਰਵਾਣ ਅਤੇ ਸਿੱਖਾਂ ਦੀਆਂ ਮੰਗਾਂ ਮੰਨਵਾਣ ਲਈ, ਨਾ ਕਿ ਕੋਈ ਰਾਜਸੀ ਲਾਭ ਹਾਸਲ ਕਰਨ ਲਈ। ਉਨ੍ਹਾਂ ਦਸਿਆ ਕਿ ਕਾਂਗ੍ਰਸ ਨਾਲ ਸਾਂਝ ਦੇ ਸਹਾਰੇ ਹੀ ਉਨ੍ਹਾਂ ਦੇ ਦਲ ਨੇ ਸਿੱਖ ਪ੍ਰਵਾਸੀਆਂ ਦੀ ਕਾਲੀ ਸੂਚੀ ਖਤਮ ਕਰਵਾਣ, ਸਿੱਖਾਂ ਦੀ ਅਨੰਦ ਮੈਰਿਜ ਐਕਟ ਬਣਵਾਣ ਦੀ ਵਰ੍ਹਿਆਂ ਤੋਂ ਲਟਕਦੀ ਆ ਰਹੀ ਮੰਗ ਨੂੰ ਮੰਨਵਾਣ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਅਫਗਾਨਿਸਤਾਨ ਤੋਂ ਪਲਾਇਨ ਕਰ ਆਏ ਸਿੱਖਾਂ-ਹਿੰਦੂਆਂ ਨੂੰ ਭਾਰਤੀ ਨਾਗਰਿਕਤਾ ਦੁਆਏ ਜਾਣ ਦੀ ਮੰਗ ਨੂੰ ਪੂਰਿਆਂ ਹੋਣ ਦੇ ਅੰਤਿਮ ਪੜਾਅ ਤਕ ਪਹੁੰਚਾਇਆ। ਸ. ਸਰਨਾ ਨੇ ਪੁਛਿਆ ਕਿ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦਸਣ ਕਿ ਉਨ੍ਹਾਂ ਭਾਜਪਾ ਨਾਲ ਸਾਂਝ ਪਾ, ਆਪਣੇ ਲਈ ਰਾਜਸੱਤਾ ਹਾਸਲ ਕਰਨ ਤੋਂ ਬਿਨਾਂ ਸਿੱਖਾਂ ਦੇ ਕਿਹੜੇ ਮੁੱਦੇ ਹਲ ਕਰਾਏ ਹਨ? ਉਨ੍ਹਾਂ ਕਿਹਾ ਕਿ ਭਾਜਪਾ ਨਾਲ ਕੇਂਦਰੀ ਅਤੇ ਪੰਜਾਬ ਦੀ ਸੱਤਾ ਵਿੱਚ ਭਾਈਵਾਲ ਬਣ ਕੇ ਵੀ ਸ. ਬਾਦਲ ਨੇ ਕੇਂਦਰ ਵਿੱਚ ਆਪਣੇ ਪੁਤਰ ਨੂੰ ਵਜ਼ੀਰੀ ਦੁਆਣ ਅਤੇ ਪੰਜਾਬ ਵਿੱਚ ਆਪਣੇ ਵਾਰਸ ਵਜੋਂ ਉਪ-ਮੁਖ ਮੰਤਰੀ ਦੇ ਅਹੁਦੇ ਪੁਰ ਬਿਠਾਣ ਤੋਂ ਇਲਾਵਾ ਕੀ ਕੀਤਾ ਹੈ? ਸ. ਸਰਨਾ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਉਹ ਮੰਗਾਂ ਮੰਨਵਾਈਆਂ ਜਿਨ੍ਹਾਂ ਨੂੰ ਲੈ ਕੇ, ਉਹ ਧਰਮ-ਯੁੱਧ ਮੋਰਚਾ ਲਾਇਆ ਗਿਆ ਸੀ, ਜਿਸਦੇ ਕਾਰਣ ਪੰਜਾਬ ਨੂੰ ਲੰਮਾਂ ਸੰਤਾਪ ਵੀ ਭੋਗਣਾ ਪਿਆ। ਉਨ੍ਹਾਂ ਕਿਹਾ ਕਿ ਇਹੀ ਨਹੀਂ, ਸਗੋਂ ਉਨ੍ਹਾਂ ਤਾਂ ਉਨ੍ਹਾਂ ਨੌਜਵਾਨਾਂ ਨੂੰ ਵੀ ਜੇਲ੍ਹਾਂ ਵਿਚੋਂ ਬਾਹਰ ਲਿਆਣਾ ਤਾਂ ਦੂਰ ਰਿਹਾ ਉਨ੍ਹਾਂ ਦੀ ਸਾਰ ਤਕ ਲੈਣ ਦੀ ਵੀ ਲੋੜ ਨਹੀਂ ਸਮਝੀ, ਜੋ ਉਨ੍ਹਾਂ (ਸ. ਬਾਦਲ) ਅਤੇ ਉਨ੍ਹਾਂ ਦੇ ਸਾਥੀਆਂ ਦੇ ਭੜਕਾਊ ਭਾਸ਼ਣਾਂ ਦਾ ਸ਼ਿਕਾਰ ਹੋ ਬੀਤੇ ਲਗਭਗ 28 ਵਰ੍ਹਿਆਂ ਤੋਂ ਜੇਲ੍ਹਾਂ ਵਿੱਚ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਂ ਉਨ੍ਹਾਂ ਪ੍ਰਵਾਸੀ ਸਿੱਖਾਂ ਦੀ ਵੀ ਸੁਧ ਨਹੀਂ ਲਈ ਜੋ ਇਨ੍ਹਾਂ ਦੀ ਰਾਜਸੀ ਲਾਲਸਾ ਕਾਰਣ ਪੈਦਾ ਹੋਏ ਪੰਜਾਬ ਦੇ ਸੰਤਾਪ ਦੌਰਾਨ ਘਰੋਂ ਬੇਘਰ ਹੋ, ਦਰ-ਦਰ ਭਟਕਦੇ ਆਪਣੀ ਜਨਮ-ਭੂਮੀ ਦੀ ਮਿੱਟੀ ਮੱਥੇ ਲਾਣ ਲਈ ਤਰਸਦੇ ਰਹੇ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸਰਪ੍ਰਸਤ ਨੇ ਤਾਂ ਆਪਣੀ ਰਾਜਸੀ ਸੱਤਾ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ ਸਿੱਖ ਅਤੇ ਸਿੱਖੀ-ਵਿਰੋਧੀ ਸ਼ਕਤੀਆਂ, ਭਾਜਪਾ ਅਤੇ ਆਰ ਐਸ ਐਸ ਵਰਗੀਆਂ ਪਾਰਟੀਆਂ ਸਾਹਮਣੇ ਸਮਰਪਣ ਕਰ ਸਿੱਖਾਂ ਦੇ ਹਿਤਾਂ ਦੀ ਹੀ ਕੁਰਬਾਨੀ ਨਹੀਂ ਦਿੱਤੀ, ਸਗੋਂ ਉਨ੍ਹਾਂ ਨੂੰ ਸਿੱਖੀ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਮਾਰ-ਮੁਕਾਣ ਦੀ ਵੀ ਖੁਲ੍ਹੀ ਛੁੱਟੀ ਦੇ ਦਿੱਤੀ ਹੋਈ ਹੈ। ਇਥੋਂ ਤਕ ਕਿ ਉਨ੍ਹਾਂ ਪਾਰਟੀਆਂ ਦੇ ਆਗੂ ਸ਼੍ਰੋਮਣੀ ਕਮੇਟੀ ਦੀਆਂ ਧਾਰਮਕ ਸਟੇਜਾਂ ਪੁਰ ਆ, ਇਨ੍ਹਾਂ ਦੀ ਮੌਜੂਦਗੀ ਵਿੱਚ ਸਿੱਖਾਂ ਦੀਆਂ ਧਾਰਮਕ ਅਤੇ ਇਤਿਹਾਸਕ ਪ੍ਰੰਪਰਾਵਾਂ ਅਤੇ ਮਾਨਤਾਵਾਂ ਪੁਰ ਸੁਆਲੀਆ ਨਿਸ਼ਾਨ ਲਾਂਦੇ ਚਲੇ ਆ ਰਹੇ ਹਨ, ਪਰੰਤੂ ਇਹ ਉਨ੍ਹਾਂ ਨੂੰ ਟੋਕਣ ਤੱਕ ਦੀ ਦਲੇਰੀ ਵੀ ਨਹੀਂ ਕਰ ਪਾ ਰਹੇ। ਸ. ਸਰਨਾ ਨੇ ਕਿਹਾ ਕਿ ਹੁਣ ਤਾਂ ਇਨ੍ਹਾਂ ਸ਼੍ਰੋਮਣੀ ਅਕਾਲੀ ਦਲ-ਬਾਦਲ ਵਿੱਚ ਜ਼ਿਮੇਂਦਾਰੀ ਭਰੇ ਅਹੁਦਿਆਂ ਦਾ ਲਾਲਚ ਦੇ ਗੈਰ-ਸਿੱਖਾਂ ਨੂੰ ਸ਼ਾਮਲ ਕਰ, ਦਲ ਵਿੱਚੋਂ ਸਿੱਖਾਂ ਦੀ ਰੇਸ਼ੋ ਘਟਾਣ ਦੀ ਪ੍ਰਕ੍ਰਿਆ ਵੀ ਸ਼ੁਰੂ ਕਰ ਦਿਤੀ ਹੈ, ਤਾਂ ਜੋ ਸਿੱਖ ਇਨ੍ਹਾਂ ਦੀ ਤਾਨਾਸ਼ਾਹੀ ਵਿਰੁਧ ਬਗਾਵਤ ਕਰ ਅਕਾਲੀ ਦਲ ਪੁਰ ਪੰਥ ਦਾ ਅਧਿਕਾਰ ਹੋਣ ਦਾ ਦਾਅਵਾ ਨਾ ਕਰ ਸਕਣ।