ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ

ਪਿਛਲੇ ਦਿਨੀਂ ਪੰਜਾਬ ਦੇ ਪਿੰਡ ਭਿੰਡਰ ਕਲਾਂ ਵਿਖੇ 10 ਸਾਲਾਂ ਦੀ ਇੱਕ ਮਾਸੂਮ ਬੱਚੀ ਵੀਰਪਾਲ ਕੌਰ ਨੂੰ “ਪੁੱਛਾਂ ਦੇਣ ਵਾਲੀ” ਪਿੰਡ ਦੀ ਸਰਪੰਚਣੀ ਪਾਲ ਕੌਰ ਵੱਲੋਂ ਇਹ ਕਹਿ ਕੇ ਗਰਮ ਚਿਮਟਿਆਂ ਨਾਲ਼ ਕੁੱਟਿਆ ਗਿਆ ਕਿ ਉਸ ‘ਚ ਭੂਤ ਹਨ । ਉਹ ਮਾਸੂਮ ਪਾਣੀ ਮੰਗਦੀ ਰਹੀ ਪਰ ਸਰਪੰਚਣੀ ਵੱਲੋਂ ਇਹ ਕਹਿ ਕੇ ਬੱਚੀ ਨੂੰ ਪਾਣੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਕਿ ਭੂਤ ਪਾਣੀ ਮੰਗਦਾ ਹੈ । ਉਸ ਬੱਚੀ ਦੇ ਵਾਲ ਪੱਟੇ ਗਏ ਤੇ ਵਹਿਸ਼ਿਆਨਾ ਵਿਵਹਾਰ ਕੀਤਾ ਗਿਆ । ਉਸ ਸਮੇਂ ਪਿੰਡ ਦੇ ਬਹੁਤ ਸਾਰੇ ਲੋਕ ਵੀ ਘਟਨਾ ਸਥਲ ‘ਤੇ ਮੌਜੂਦ ਸਨ ਪਰ ਕਿਸੇ ਵੱਲੋਂ ਬੱਚੀ ਨੂੰ ਇਸ ਅੱਤਿਆਚਾਰ ਤੋਂ ਬਚਾਉਣ ਦਾ ਉਪਰਾਲਾ ਨਾ ਕੀਤਾ ਗਿਆ । ਇਸ ਘਟਨਾ ਅੰਤ ਉਸ ਬੱਚੀ ਦੀ ਮੌਤ ਨਾਲ ਹੋਇਆ । ਬਾਅਦ ‘ਚ ਤਾਂ ਉਹੀ ਹੋਇਆ ਜੋ ਹੋਣਾ ਸੀ, ਭਾਵ ਪੁਲਿਸ ਕੇਸ ਤੇ ਗ੍ਰਿਫ਼ਤਾਰੀਆਂ । ਪਰ ਵਿਚਾਰਨਯੋਗ ਤਾਂ ਇਹ ਹੈ ਕਿ 21ਵੀਂ ਸਦੀ ਦੇ ਇਸ ਯੁੱਗ ‘ਚ ਵੀ ਇਹ ਕੁਝ ਚੱਲ ਰਿਹਾ ਹੈ, ਤਾਂ ਉਸਦਾ ਕਾਰਣ ਕੀ ਹੈ ? ਆਖਿਰ ਕਮੀ ਕਿੱਥੇ ਹੈ ? ਇਸ ਸੰਬੰਧ ‘ਚ ਪੰਜਾਬ ‘ਚ ਭਵਾਨੀਗੜ੍ਹ ਦੇ ਲਾਗੇ ਪਿੰਡ ਰਾਮਪੁਰਾ ਰਹਿਣ ਵਾਲੇ ਪਵਿੱਤਰ ਬਾਬਾ ਤੇ ਤਿਰਲੋਚਨ ਸਿੰਘ ਨਾਲ ਗੱਲਬਾਤ ਹੋਈ । ਪਵਿੱਤਰ ਬਾਬਾ ਪਿਛਲੇ ਕਰੀਬ 20 ਸਾਲਾਂ ਤੋਂ ਲੋਕਾਂ ‘ਚੋਂ ਭੂਤ ਕੱਢਣ ਦਾ ਕੰਮ ਸੇਵਾ ਭਾਵਨਾ ਨਾਲ ਕਰ ਰਹੇ ਹਨ ਤੇ ਦਸ ਹਜ਼ਾਰ ਤੋਂ ਵੱਧ “ਰੋਗੀਆਂ” ਦਾ ਇਲਾਜ ਉਹ ਸਫਲਤਾਪੂਰਵਕ ਕਰ ਚੁੱਕੇ ਹਨ । ਉਹ ਅਸਲ ‘ਚ “ਬਾਬਾ” ਨਹੀਂ ਹਨ, ਸੱਚੀ ਸੁੱਚੀ ਕਿਰਤ ਕਮਾਈ ਕਰ ਕੇ ਪਰਿਵਾਰ ਪਾਲਣ ਵਾਲਾ ਇਨਸਾਨ ਹੈ, ਪਵਿੱਤਰ ਸਿੰਘ ਉਰਫ ਪਵਿੱਤਰ ਬਾਬਾ । ਉਨ੍ਹਾਂ ਦੇ ਨਾਮ ਨਾਲ ਬਾਬਾ ਸ਼ਬਦ ਕਿਵੇਂ ਲੱਗਾ, ਇਸ ਦਾ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਇਹੀ ਸਮਝਦੇ ਹਨ ਕਿ ਭੂਤ ਪ੍ਰੇਤ ਕੱਢਣ ਦਾ ਕੰਮ “ਬਾਬੇ” ਹੀ ਕਰ ਸਕਦੇ ਹਨ, ਇਸ ਲਈ ਕੁਝ ਲੋਕਾਂ ਨੇ ਉਨ੍ਹਾਂ ਨੂੰ ਬਾਬਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਉਹ ਇਸੇ ਨਾਮ ਨਾਲ ਮਸ਼ਹੂਰ ਹੋ ਗਏ । ਜਦ ਕਿ ਉਨ੍ਹਾਂ ਦੇ ਇਲਾਜ ਕਰਨ ਵਾਲੇ ਕਮਰੇ ‘ਚ ਨਾ ਕਿਸੇ ਪੀਰ ਫਕੀਰ ਦੀ ਫੋਟੋ ਹੈ ਤੇ ਨਾ ਹੀ ਦੇਵੀ ਦੇਵਤਾ ਦੀ । ਬਹੁਤ ਸਾਰੇ ਲੋਕ ਉਨ੍ਹਾਂ ਨੂੰ ਦੇਖਕੇ ਸਮਝਦੇ ਹਨ ਕਿ ਗ਼ਲਤ ਜਗ੍ਹਾ ਤੇ ਆ ਗਏ ਜਦਕਿ ਅਸਲ ‘ਚ ਬਥੇਰੀਆਂ ਥਾਵਾਂ ਤੇ ਭਟਕਣ ਤੋਂ ਬਾਅਦ ਉਹ “ਸਹੀ ਜਗ੍ਹਾ” ‘ਤੇ ਆਏ ਹੁੰਦੇ ਹਨ । ਪਵਿੱਤਰ ਸਿੰਘ ਸੰਮੋਹਣ ਦੇ ਮਾਹਿਰ ਹਨ । ਸੰਮੋਹਣ ਉਹ ਕਲਾ ਹੈ, ਉਹ ਮਨੋਵਿਗਿਆਨ ਹੈ, ਜਿਸ ਦੁਆਰਾ ਕਿਸੇ ਵਿਅਕਤੀ ਦੇ ਅਵਚੇਤਨ ਮਨ ‘ਚ ਵੱਸੀਆਂ ਗ਼ਲਤ ਗੱਲਾਂ ਕੱਢ ਕੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਤੰਦਰੁਸਤ ਕੀਤਾ ਜਾਂਦਾ ਹੈ, ਉਨ੍ਹਾਂ ਦੇ ਮਨੋਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ । ਉਹ ਵੱਖ ਵੱਖ ਸਕੂਲਾਂ, ਕਾਲਜਾਂ, ਪ੍ਰੋਫੈਸਰਾਂ ਤੇ ਡਾਕਟਰਾਂ ਨੂੰ ਵੀ ਇਸ ਵਿਸ਼ੇ ‘ਤੇ ਲੈਕਚਰ ਦਿੰਦੇ ਹਨ । ਉਨ੍ਹਾਂ ਦੇ ਸਹਿਯੋਗੀ ਤਿਰਲੋਚਨ ਸਿੰਘ ਸਕੋਲੋਜਿਸਟ ਹਨ, ਜੋ ਕਿ ਚੰਡੀਗੜ੍ਹ, ਮੋਹਾਲੀ ਤੇ ਪੰਜਾਬ ਦੇ ਹੋਰ ਕਈ ਹਸਪਤਾਲਾਂ ‘ਚ ਸਕੋਲੋਜਿਸਟ ਵਜੋਂ ਕੰਮ ਕਰ ਰਹੇ ਹਨ ਤੇ ਕਰੀਬ ਅੱਠ ਵਰ੍ਹਿਆਂ ਤੋਂ ਪਵਿੱਤਰ ਜੀ ਨਾਲ ਮਿਲ ਕੇ ਕੰਮ ਕਰ ਰਹੇ ਹਨ । ਉਹ ਪੰਜਾਬ ਯੂਨੀਵਰਸਿਟੀ ਤੋਂ ਮਨੋਰੋਗਾਂ ‘ਤੇ ਪੀ ਐਚ ਡੀ ਵੀ ਕਰ ਰਹੇ ਹਨ ।

ਪਵਿੱਤਰ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਚੋਰੀ ਆਦਿ ਹੋਣ ਦੀ ਸੂਰਤ ‘ਚ ਹਜ਼ਰਾਇਤ ਕਢਾਉਣ ਜਾਂਦੇ ਹਨ, ਭਾਵ ਜੋਤਸ਼ੀ ਜਾਂ ਬਾਬਾ ਕਿਸੇ ਬੱਚੇ ਨੂੰ ਉਸਦੇ ਨਹੁੰ ‘ਚ ਚੋਰ ਦੀ ਫੋਟੋ ਦਿਖਾ ਦਿੰਦਾ ਹੈ । ਇੱਥੇ ਇਹ ਵੀ ਜਿਕਰਯੋਗ ਹੈ ਕਿ ਹਜ਼ਰਾਇਤ ਕੱਢਣ ਲਈ ਬੱਚੇ ਨੂੰ ਹੀ ਬੁਲਾਇਆ ਜਾਂਦਾ ਹੈ, ਕਿਸੇ ਵੱਡੇ ਨੂੰ ਨਹੀਂ । ਅਸਲ ‘ਚ ਇਹ ਵੀ ਸੰਮੋਹਣ ਦੀ ਹੀ ਇੱਕ ਕਿਸਮ ਹੈ । ਜਦ ਬਹੁਤ ਦੇਰ ਤੱਕ ਟਿਕਟਿਕੀ ਲਗਾ ਕੇ ਦੇਖਿਆ ਜਾਂਦਾ ਹੈ ਤਾਂ ਅੱਖਾਂ ਥੱਕ ਜਾਂਦੀਆਂ ਹਨ ਤੇ ਉਪਰੋਂ ਮਾਹੌਲ ਵੀ ਕੁਝ ਇਸੇ ਹੀ ਤਰ੍ਹਾਂ ਦਾ ਸਿਰਜਿਆ ਹੋਇਆ ਹੁੰਦਾ ਹੈ । ਸਮੇਂ ਮੁਤਾਬਿਕ ਕੀਤੀਆਂ ਗੱਲਾਂਬਾਤਾਂ, ਸਿਰਜੇ ਗਏ ਮਾਹੌਲ ਤੇ ਦਿਮਾਗ ਦੁਆਰਾ ਉਸੇ ਪ੍ਰਕਾਰ ਦੇ ਦ੍ਰਿਸ਼ ਦੀ ਕਲਪਨਾ ਕਰਨ ਸਦਕਾ ਉਹ ਬੱਚਾ ਉਹੀ ਗੱਲਬਾਤ ਕਹਿੰਦਾ ਜਾਂ ਕਰਦਾ ਹੈ, ਜੋ ਉਸਤੋਂ ਕਹਾਇਆ ਜਾਂਦਾ ਹੈ । ਇਸ ਸੰਬੰਧ ‘ਚ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜਾਣ ਪਹਿਚਾਣ ਦੇ ਪਰਿਵਾਰ ਦੀ ਇੱਕ ਕੁੜੀ ਦੇ ਸਹੁਰੇ ਪਰਿਵਾਰ ਨੂੰ ਕਿਸੇ ਤਾਂਤਰਿਕ ਨੇ ਵਹਿਮ ‘ਚ ਪਾ ਦਿੱਤਾ ਕਿ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਮਗਰ ਮਸਾਣੀ ਪਾਈ ਹੋਈ ਹੈ । ਇਸ ਗੱਲ ਦਾ ਸਬੂਤ ਉਸ ਤਾਂਤਰਿਕ ਨੇ ਇਸ ਤਰੀਕੇ ਨਾਲ਼ ਦਿੱਤਾ ਕਿ ਐਲੂਮੀਨੀਅਮ ਦਾ ਇੱਕ ਬਰਤਨ ਪਰਿਵਾਰ ਦੇ ਜਿਸ ਵੀ ਜੀਅ ਨੂੰ ਫੜਾਇਆ ਜਾਂਦਾ, ਉਸਨੂੰ ਉਹ ਬਰਤਨ ਗਰਮ ਲੱਗਣ ਲੱਗਦਾ । ਤਾਂਤਰਿਕ ਨੇ ਹਜ਼ਰਾਇਤ ਕਢਵਾਉਣ ਦੀ ਸਲਾਹ ਦਿੱਤੀ ਤਾਂ ਇਲਜ਼ਾਮ ਉਸ ਲੜਕੀ ‘ਤੇ ਆ ਗਿਆ । ਗੱਲ ਪੰਚਾਇਤਾਂ ਤੋਂ ਬਾਅਦ ਛੱਡ ਛਡਾ ਤੱਕ ਪੁੱਜ ਗਈ ਤੇ ਉਸ ਲੜਕੀ ਦੇ ਸਹੁਰੇ ਪਰਿਵਾਰ ਨੇ ਸਾਮਾਨ ਚੁੱਕਣ ਤੇ ਕੁੜੀ ਨੂੰ ਵਾਪਸ ਲੈ ਜਾਣ ਬਾਰੇ ਉਸਦੇ ਪੇਕੇ ਪਰਿਵਾਰ ਨੂੰ ਕਹਿ ਦਿੱਤਾ । ਪਵਿੱਤਰ ਸਿੰਘ ਦੇ ਸ਼ਬਦਾਂ ‘ਚ;

“ਜਦ ਪੇਕਾ ਪਰਿਵਾਰ ਸਮਾਨ ਚੁੱਕਣ ਗਿਆ ਤਾਂ ਉਹ ਮੈਨੂੰ ਵੀ ਨਾਲ਼ ਲੈ ਗਏ । ਉਥੇ ਜਾ ਕੇ ਇੱਕ “ਸਿਆਣੇ” ਦੇ ਰੂਪ ‘ਚ ਆਪਣੀ ਜਾਣ ਪਹਿਚਾਣ ਕਰਵਾਈ ਤੇ ਦੋਬਾਰਾ ਹਜ਼ਰਾਇਤ ਕੱਢਣ ਦੀ ਸਲਾਹ ਦਿੱਤੀ । ਦੋਬਾਰਾ ਫਿਰ ਤਾਂਤਰਿਕ ਵਾਲੇ ਤਰੀਕੇ ਨਾਲ਼ ਸਾਰੇ ਪਰਿਵਾਰ ਨੂੰ ਐਲੂਮੀਨੀਅਮ ਦਾ ਬਰਤਨ ਫੜਨ ਨਾਲ ਗਰਮ ਮਹਿਸੂਸ ਹੋਇਆ । ਹਜ਼ਰਾਇਤ ਕੱਢਣ ਲਈ ਉਥੇ ਚਾਹ ਦੇ ਖੋਖੇ ‘ਤੇ ਕੰਮ ਕਰਨ ਵਾਲਾ ਇੱਕ ਲੜਕਾ (ਬੱਚਾ) ਬੁਲਾਇਆ ਗਿਆ । ਮੈਂ ਉਸਨੂੰ ਕਿਹਾ ਕਿ ਚਾਹ ਬਣਾ ਕੇ ਲਿਆ । ਲੜਕੇ ਦਾ ਜੁਆਬ ਸੀ ਕਿ ਅੱਜ ਖੋਖਾ ਬੰਦ ਹੈ, ਕਿਉਂ ਜੋ ਐਤਵਾਰ ਦਾ ਦਿਨ ਸੀ । ਮੈਂ ਕਿਹਾ ਕਿ ਦੇਖ ਤੇਰੇ ਨਹੁੰ ‘ਚ ਹੀ ਤੇਰਾ ਖੋਖਾ ਖੁੱਲਵਾ ਦਿੰਦੇ ਹਾਂ । ਉਸ ਲੜਕੇ ਦੇ ਨਹੁੰ ‘ਤੇ ਤਵੇ ਦੀ ਕਾਲਖ਼ ਤੇ ਸਰੋਂ ਦਾ ਤੇਲ ਲਗਾਉਣ ਤੋਂ ਬਾਅਦ ਉਸਨੂੰ ਸੰਮੋਹਿਤ ਕੀਤਾ ਤੇ ਲੜਕੇ ਨੂੰ ਹਦਾਇਤਾਂ ਦਿੱਤੀਆਂ ਕਿ ਦੋ ਕੱਪ ਚਾਹ ਬਣਾ… ਚਾਹ ਪਾ ਕੇ ਦੇ । ਲੜਕੇ ਨੇ ਅਚਾਨਕ ਕਿਹਾ ਕਿ ਪੁਲਿਸ ਚੌਕੀ ਵਾਲੇ ਕਹਿੰਦੇ ਹਨ ਕਿ ਪਹਿਲਾਂ ਚਾਹ ਸਾਨੂੰ ਚਾਹੀਦੀ ਹੈ, ਤਾਂ ਮੈਂ ਪਹਿਲਾਂ ਉਨ੍ਹਾਂ ਨੂੰ ਚਾਹ ਦੇ ਕੇ ਆਉਂਦਾ ਹਾਂ । ਜਦ ਲੜਕੇ ਨੂੰ ਸੰਮੋਹਨ ਦੀ ਨੀਂਦ ਤੋਂ ਉਠਾਇਆ ਗਿਆ ਤਾਂ ਉਹ ਕਹੇ ਕਿ ਮੈਂ ਹੁਣੇ ਪੁਲਿਸ ਚੌਕੀ ‘ਚ ਚਾਹ ਦੇ ਕੇ ਆਇਆ ਹਾਂ, ਜਦ ਕਿ ਸਾਰਾ ਟੱਬਰ ਇਹ ਸਭ ਕੁਝ ਵਾਪਰ ਰਿਹਾ ਦੇਖ ਰਿਹਾ ਸੀ । ਇਸ ਸਭ ਕੁਝ ਤੋਂ ਬਾਅਦ ਲੜਕੀ ਦੇ ਸਹੁਰੇ ਪਰਿਵਾਰ ਨੂੰ ਸਾਰੀ ਅਸਲੀਅਤ ਸਮਝਾਈ ਗਈ ਕਿ ਲੜਕੇ ਦਾ ਪੁਲਿਸ ਚੌਕੀ ‘ਚ ਚਾਹ ਫੜਾਉਣ ਜਾਣ ਬਾਰੇ ਕਹਿਣਾ, ਉਸੇ ਕਿਸਮ ਦਾ ਮਾਹੌਲ ਸਿਰਜਣਾ ਤੇ ਸੰਮੋਹਿਤ ਕਰਨਾ ਸੀ । ਬਰਤਨ ਗਰਮ ਜਾਪਣ ਦਾ ਕਾਰਨ ਐਲੂਮੀਨੀਅਮ ਧਾਤ ਦਾ ਖਾਸ ਕੈਮੀਕਲ ਨਾਲ਼ ਰੀਐਕਸ਼ਨ ਹੋਣਾ/ਕਰਨਾ ਸੀ ।” ਪਵਿੱਤਰ ਸਿੰਘ ਨੇ ਦੱਸਿਆ ਕਿ ਜਿਸ ਸਹੁਰੇ ਪਰਿਵਾਰ ਨੇ ਲੜਕੀ ਦਾ ਸਮਾਨ ਚੁਕਾਉਣ ਲਈ ਬੁਲਾਇਆ ਸੀ, ਬਾਅਦ ‘ਚ ਮਠਿਆਈ ਵੰਡੀ ਕਿ ਉਨ੍ਹਾਂ ਦਾ ਘਰ ਟੁੱਟਣ ਤੋਂ ਬਚ ਗਿਆ ਹੈ ।

ਪਵਿੱਤਰ ਸਿੰਘ ਤੇ ਤਿਰਲੋਚਨ ਸਿੰਘ ਨੇ ਦੱਸਿਆ ਕਿ ਕਰੀਬ ਦਸ ਹਜ਼ਾਰ ਲੋਕਾਂ ਦਾ ਇਲਾਜ ਕਰਨ ਤੋਂ ਬਾਅਦ ਅੱਜ ਤੱਕ ਉਨ੍ਹਾਂ ਨੂੰ ਕੋਈ ਭੂਤ ਪ੍ਰੇਤ ਨਹੀਂ ਮਿਲਿਆ । ਜਦ ਕਿ ਆਮ ਲੋਕ, ਜਿਨ੍ਹਾਂ ਦਾ ਕਿ ਅਜਿਹੀਆਂ ਗੱਲਾਂ ਨਾਲ਼ ਕਦੇ ਵਾਹ ਵਾਸਤਾ ਨਹੀਂ ਪਿਆ ਹੁੰਦਾ, ਉਹ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ, ਹਰਕਤਾਂ ਆਦਿ ਦੇਖਕੇ ਇਹੀ ਸਮਝਦੇ ਹਨ ਕਿ ਉਨ੍ਹਾਂ ‘ਚ ਭੂਤ ਪ੍ਰੇਤ ਹੈ । ਅਸਲ ‘ਚ ਉਨ੍ਹਾਂ ਲੋਕਾਂ ਦੇ ਅਵਚੇਤਨ ਮਨ ‘ਚ ਇਹੀ ਭਾਵਨਾ ਵੱਸੀ ਹੁੰਦੀ ਹੈ ਕਿ ਉਨ੍ਹਾਂ ‘ਚ ਭੂਤ ਆਇਆ ਹੋਇਆ ਹੈ । ਇਹ ਮਨੋਰੋਗ ਹਨ ਤੇ ਇੱਕ ਮਾਨਸਿਕ ਸਥਿਤੀ ਹੀ ਹੁੰਦੀ ਹੈ, ਜਿਸਨੂੰ ਭੂਤਾਂ ਪ੍ਰੇਤਾਂ ਨਾਲ਼ ਜੋੜ ਲੈਂਦੇ ਹਾਂ । ਇਨ੍ਹਾਂ ਮਨੋਰੋਗਾਂ ਨੂੰ ਲੋਕ ਆਪਣੀਆਂ ਸੱਭਿਆਚਾਰਕ, ਧਾਰਮਿਕ ਜਾਂ ਸਮਾਜਿਕ ਆਸਥਾਵਾਂ ਨਾਲ਼ ਜੋੜ ਕੇ ਦੇਖਦੇ ਹਨ । ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਮਨ ਕੀ ਹੈ ? ਜਿਵੇਂ ਕਿ ਅਸੀਂ ਹੱਥ, ਪੈਰ, ਦਿਲ, ਦਿਮਾਗ ਆਦਿ ਅੰਗਾਂ ਨੂੰ ਛੂਹ ਸਕਦੇ ਹਾਂ, ਮਨ ਸਰੀਰ ਦਾ ਅਜਿਹਾ ਕੋਈ ਅੰਗ ਨਹੀਂ ਜਿਸਨੂੰ ਦੇਖਿਆ ਜਾਂ ਛੂਹਿਆ ਜਾ ਸਕੇ । ਮਨ ਵਿਚਾਰਾਂ ਦਾ ਇੱਕ ਸਮੂਹ ਹੈ । ਮਨ ਦੀਆਂ ਕਈ ਪਰਤਾਂ ਹਨ, ਜੋ ਕਿ ਅਲੱਗ ਅਲੱਗ ਰੋਲ ਅਦਾ ਕਰਦੀਆਂ ਹਨ । ਇਨ੍ਹਾਂ ‘ਚ ਮਹੱਤਵਪੂਰਣ ਪਰਤ ਹੈ, ਅਵਚੇਤਨ ਮਨ । ਸਾਡੀ ਯਾਦਾਸ਼ਤ ‘ਚ ਅਵਚੇਤਨ ਮਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਯਾਦਾਸ਼ਤ ‘ਚ ਤਕਰੀਬਨ 99% ਰੋਲ ਅਵਚੇਤਨ ਮਨ ਦਾ ਹੀ ਹੁੰਦਾ ਹੈ । ਵਿਗਿਆਨ ਦਾ ਮੰਨਣਾ ਹੈ ਕਿ ਗਰਭ ਦੇ ਛੇਵੇਂ ਸੱਤਵੇਂ ਮਹੀਨੇ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦੀਆਂ ਸਾਰੀਆਂ ਘਟਨਾਵਾਂ ਨੂੰ ਮਨ ਸਿੱਧੇ ਜਾਂ ਅਸਿੱਧੇ ਢੰਗ ਨਾਲ਼ ਰਿਕਾਰਡ ਕਰਦਾ ਰਹਿੰਦਾ ਹੈ, ਚਾਹੇ ਉਹ ਘਟਨਾਵਾਂ ਸਕੂਲ ‘ਚ ਵਾਪਰਨ, ਘਰ ‘ਚ ਜਾਂ ਕਿਸੇ ਹੋਰ ਸਮਾਜਿਕ ਖੇਤਰ ‘ਚ ਵਿਚਰਦਿਆਂ ਹੋਇਆਂ । ਕਿਸੇ ਵੀ ਸਮੇਂ ਦੌਰਾਨ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਚਾਹੇ ਉਹ ਬਹੁਤ ਜਿਆਦਾ ਕੁੱਟਮਾਰ ਦਾ ਸ਼ਿਕਾਰ ਹੋਵੇ, ਮਾਨਸਿਕ ਸ਼ੋਸ਼ਣ ਹੋਵੇ, ਸਰੀਰਕ ਸ਼ੋਸ਼ਣ ਜਾਂ ਯੌਨ ਸ਼ੋਸ਼ਣ ਆਦਿ, ਉਹ ਮਨ ‘ਚ ਰਿਕਾਰਡ ਰਹਿੰਦੀਆਂ ਹਨ । ਕਿਸੇ ਵੀ ਵਿਅਕਤੀ ਦਾ ਵਿਅਕਤੀਤਵ, ਧਾਰਣਾਵਾਂ ਜਾਂ ਕਿਸੇ ਚੀਜ਼ ‘ਤੇ ਵਿਸ਼ਵਾਸ਼ ਤੱਕ ਕਰਨਾ ਉਸਦੇ ਅਵਚੇਤਨ ਮਨ ਦੀ ਸਥਿਤੀ ‘ਤੇ ਨਿਰਭਰ ਕਰਦਾ ਹੈ । ਜਦ ਅਵਚੇਤਨ ਮਨ ਦੀ ਅਜਿਹੀ ਕੋਈ ਘਟਨਾ ਉਸ ਵਿਅਕਤੀ ਦੇ ਵਿਚਾਰਾਂ ‘ਚ ਫਸ ਜਾਂਦੀ ਹੈ ਤਾਂ ਉਹ ਮਨੋਰੋਗਾਂ ਦਾ ਰੂਪ ਧਾਰਣ ਕਰ ਲੈਂਦੀ ਹੈ । ਭੂਤ ਪ੍ਰੇਤ ਵੀ ਮਨੋਰੋਗਾਂ ਦੀ ਹੀ ਇੱਕ ਕਿਸਮ ਹੈ । ਇਸ ਮਨੋਰੋਗ ਨੂੰ “ਮਲਟੀਪਲ ਪ੍ਰਸਨੈਲਟੀਜ਼ ਡਿਸਆਰਡਰ” ਕਿਹਾ ਜਾਂਦਾ ਹੈ । ਇਸ ਵਿਸ਼ੇ ‘ਤੇ ਬਹੁਤ ਸਾਰੇ ਨਾਵਲ ਲਿਖੇ ਗਏ ਤੇ ਫਿਲਮਾਂ ਵੀ ਬਣੀਆਂ ਹਨ । ਬਾਅਦ ‘ਚ ਇਸਦਾ ਮਨੋਰੋਗ ਦਾ ਨਾਮ ਬਦਲ ਕੇ “ਡਿਸੋਸੀਏਟਿਵ ਆਈਡੈਂਟਟੀ ਡਿਸਆਰਡਰ” ਰੱਖਿਆ ਗਿਆ ਹੈ, ਭਾਵ ਰੋਗਗ੍ਰਸਤ ਵਿਅਕਤੀ ਆਪਣੇ ਅਸਲ ਵਿਅਕਤੀਤਵ ਤੇ ਹਕੀਕਤ ਨਾਲੋਂ ਟੁੱਟ ਜਾਂਦਾ ਹੈ, ਉਸਨੂੰ ਭੁੱਲ ਜਾਂਦਾ ਹੈ ਤੇ ਇੱਕ ਨਵਾਂ ਵਿਅਕਤੀਤਵ ਆਉਣ ਕਾਰਣ ਆਪਣੇ ਆਪ ਨਾਲੋਂ ਅਲੱਗ ਹੋ ਜਾਂਦਾ ਹੈ । ਇਸ ਦਾ ਕਾਰਣ ਭੂਤਕਾਲ ਜਾਂ ਬਚਪਨ ‘ਚ ਵਾਪਰੀਆਂ ਕੁਝ ਅਣਚਾਹੀਆਂ ਘਟਨਾਵਾਂ ਉਸਨੂੰ ਪ੍ਰੇਸ਼ਾਨ ਕਰਦੀਆਂ ਹਨ, ਉਸਦਾ ਮਨ ਆਪਣੇ ਆਪ ਉਨ੍ਹਾਂ ਤੋਂ ਬਚਣ ਲਈ ਇੱਕ ਮਾਹੌਲ, ਇੱਕ ਨਵਾਂ ਵਿਅਕਤੀਤਵ ਸਿਰਜਦਾ ਹੈ, ਉਸ ਘਟਨਾ ਨੂੰ ਭੁੱਲਣ ਦਾ ਯਤਨ ਕਰਦਾ ਹੈ ਤੇ ਉਹ ਨਵਾਂ ਕਾਲਪਨਿਕ ਵਿਅਕਤੀਤਵ ਉਸ ਉਪਰ ਭਾਰੂ ਹੋ ਜਾਂਦਾ ਹੈ ਤੇ ਆਲੇ ਦੁਆਲੇ ਦੇ ਮਾਹੌਲ ਮੁਤਾਬਿਕ ਜਿਸ ਪ੍ਰਤੀ ਉਸਦੀ ਆਸਥਾ ਹੁੰਦੀ ਹੈ, ਕਿਸੇ ਬਾਬੇ ਪ੍ਰਤੀ, ਧਾਰਮਿਕ ਸੰਸਥਾ ਪ੍ਰਤੀ ਜਾਂ ਭੂਤਾਂ ਪ੍ਰੇਤਾਂ ਪ੍ਰਤੀ ਆਸਥਾ ਹੋਵੇ, ਉਸੇ ਨੂੰ ਉਸ ਵਿਅਕਤੀ ‘ਚ ਪ੍ਰਗਟ ਹੋਇਆ ਮੰਨ ਲਿਆ ਜਾਂਦਾ ਹੈ । ਜਦ ਉਸਦੀ ਅਜਿਹੀ ਅਵਸਥਾ ਹੁੰਦੀ ਹੈ, ਤਾਂ ਉਸਦੇ ਅਸਲ ਵਿਅਕਤੀਤਵ ਨਾਲ ਉਸਦਾ ਕੋਈ ਮੇਲ ਨਹੀਂ ਹੁੰਦਾ । ਇਹ ਅਜਿਹੀ ਗੰਭੀਰ ਅਵਸਥਾ ਹੁੰਦੀ ਹੈ ਕਿ ਕੁਝ ਸਮੇਂ ਲਈ ਉਹ ਆਪਣੇ ਅਸਲ ਵਿਅਕਤੀਤਵ ਨਾਲੋਂ ਬਿਲਕੁੱਲ ਹੀ ਟੁੱਟ ਜਾਂਦਾ ਹੈ । ਸਾਡਾ ਸਮਾਜਿਕ ਮਾਹੌਲ ਵੀ ਅਜਿਹੇ ਮਨੋਰੋਗੀ ਨੂੰ ਮਾਨਸਿਕ ਤੌਰ ‘ਤੇ ਸਹਾਰਾ ਦੇਣ ਵਾਲਾ ਨਾ ਹੋਣ ਕਾਰਨ ਇਹ ਬਿਮਾਰੀ ਬਹੁਤ ਹੱਦ ਤੱਕ ਵਧ ਜਾਂਦੀ ਹੈ । ਜੋ ਭੂਤ ਕੱਢਣ ਵਾਲੇ ਬਾਬੇ ਹਨ, ਜੋ ਆਪਣੇ ਆਪ ਨੂੰ ਦੂਜੇ ‘ਚੋਂ ਭੂਤ ਕੱਢਣ ਦੇ ਸਮਰੱਥ ਸਮਝਦੇ ਹਨ, ਅਸਲ ‘ਚ ਉਹ ਵੀ ਮਨੋਰੋਗ ਨਾਲ਼ ਪੀੜਿਤ ਹੁੰਦੇ ਹਨ, ਜਿਸਨੂੰ “ਡਲਿਊਜ਼ਨਲ ਡਿਸਆਰਡਰ” ਕਿਹਾ ਜਾਂਦਾ ਹੈ । ਉਹ ਲੋਕ ਮਨੋ ਭਰਮ ਦੇ ਸ਼ਿਕਾਰ ਹੁੰਦੇ ਹਨ ਤੇ ਉਨ੍ਹਾਂ ਨੂੰ ਆਪਣੇ ਆਪ ਵਿੱਚ ਅਲੌਕਿਕ ਸ਼ਕਤੀ ਹੋਣ ਦਾ ਭਰਮ ਪੈਦਾ ਹੋ ਜਾਂਦਾ ਹੈ । ਆਮ ਜਨਤਾ ਦੀ ਆਸਥਾ ਤਾਂ ਪਹਿਲਾਂ ਹੀ ਅਜਿਹੀਆਂ ਸ਼ਕਤੀਆਂ ਪ੍ਰਤੀ ਬਹੁਤ ਜਿਆਦਾ ਹੁੰਦੀ ਹੈ ਤੇ ਜਦ ਉਹ ਲੋਕ ਅਜਿਹੀਆਂ ਸਕਤੀਆਂ ਦੇ ਹੋਣ ਦਾ ਜਿਕਰ ਕਰਦੇ ਹਨ ਤਾਂ ਆਮ ਲੋਕ ਬਿਨਾਂ ਸੱਚ ਦੀ ਕਸੌਟੀ ‘ਤੇ ਪਰਖਿਆਂ, ਉਨ੍ਹਾਂ ਦੇ ਮਗਰ ਲੱਗ ਜਾਂਦੇ ਹਨ । ਉਨ੍ਹਾਂ ਕੋਲ ਵੀ ਸੰਮੋਹਨ ਦੀ ਕਲਾ ਹੋ ਸਕਦੀ ਹੈ, ਜਿਸ ਰਾਹੀਂ ਉਹ ਮਨੋਰੋਗੀ ਨੂੰ ਆਪਣੇ ਮਗਰ ਲਗਾ ਲੈਂਦੇ ਹਨ ਤੇ ਮਨੋਰੋਗੀ ਆਪਣੇ ਆਪ ‘ਚ ਆਰਾਮ ਵੀ ਮਹਿਸੂਸ ਕਰ ਸਕਦਾ ਹੈ । ਮਨੋਭਰਮ ਦੇ ਰੋਗੀ ਭਾਵ ਚੇਲੇ ਜਾਂ ਤਾਂਤਰਿਕ ਇਲਾਜ ਕਰਨ ਦੇ ਨਾਮ ‘ਤੇ ਵਹਿਸ਼ਿਆਨਾ ਵਿਵਹਾਰ ਵੀ ਕਰ ਸਕਦੇ ਹਨ । ਉਹ ਲੋਕ ਭੂਤ ਵਾਸੇ ਵਾਲੇ ਨੂੰ ਭਾਵ ਮਨੋਰੋਗੀ ਨੂੰ ਬੁਰੀ ਤਰ੍ਹਾਂ ਕੁੱਟ ਮਾਰ ਕਰ ਸਕਦੇ ਹਨ, ਕਿਉਂ ਜੋ ਉਹ ਆਪਣੇ ਤੌਰ ‘ਤੇ ਭੂਤ ਨੂੰ ਕੁੱਟਦੇ ਹਨ । ਉਹ ਲੋਕ ਆਪਣੇ ਆਪ ਨੂੰ ਵੀ ਕੁੱਟ ਮਾਰ ਕਰ ਸਕਦੇ ਹਨ, ਕਿਉਂ ਜੋ ਉਹ ਆਪਣੇ ਅਸਲ ਵਿਅਕਤੀਤਵ ਤੋਂ ਕੋਹਾਂ ਦੂਰ ਹੁੰਦੇ ਹਨ । ਜਿਕਰਯੋਗ ਹੈ ਕਿ ਸੰਮੋਹਿਤ ਕੀਤੇ ਗਏ ਵਿਅਕਤੀ ਨੂੰ ਵੀ ਚੂੰਢੀ ਆਦਿ ਵੱਢਣ ਜਾਂ ਮਾਰਨ ਨਾਲ ਦਰਦ ਦਾ ਅਹਿਸਾਸ ਨਹੀਂ ਹੁੰਦਾ ।

ਭੂਤ ਆਉਣਾ, ਸਿਰ ਘੁਮਾਉਣਾ, ਕਸਰ ਹੋਣਾ ਆਦਿ ਸਮੱਸਿਆਵਾਂ ਜਿਆਦਾਤਰ ਔਰਤਾਂ ‘ਚ ਪਾਈਆਂ ਜਾਂਦੀਆਂ ਹਨ । ਇਸਦਾ ਕਾਰਣ ਭੂਤਕਾਲ ‘ਚ ਵਾਪਰੀਆਂ ਘਟਨਾਵਾਂ ਤੋਂ ਇਲਾਵਾ ਸੰਬੰਧਿਤ ਵਿਅਕਤੀ ਜਾਂ ਔਰਤ ਨੂੰ ਹੋਰਨਾਂ ਵੱਲੋਂ ਨਜ਼ਰਅੰਦਾਜ ਕਰਨਾ, ਆਰਥਿਕ ਤੌਰ ‘ਤੇ ਕਮਜ਼ੋਰ ਹੋਣਾ ਜਾਂ ਕਾਣੀ ਵੰਡ ਹੋਣਾ, ਭਾਵਨਾਵਾਂ ਦਾ ਦਬਿਆ ਰਹਿ ਜਾਣਾ ਆਦਿ ਹੁੰਦੀਆਂ ਹਨ । ਉਹ ਅਜਿਹੀਆਂ ਹਰਕਤਾਂ ਕਰ ਕੇ ਦੂਜਿਆਂ ਦਾ ਧਿਆਨ ਆਪਣੇ ਵੱਲ ਖਿਚਣਾ ਚਾਹੁੰਦੇ ਹਨ । ਖਾਸ ਤੌਰ ‘ਤੇ ਜੁਆਨ ਕੁੜੀਆਂ ‘ਚ ਜੇਕਰ ਇਹ ਸਮੱਸਿਆ ਪਾਈ ਜਾਵੇ ਤਾਂ ਉਸਦਾ ਕਾਰਣ ਵਿਆਹ ‘ਚ ਦੇਰੀ ਜਾਂ ਵਿਆਹ ਦੀ ਜ਼ਰੂਰਤ ਹੋ ਸਕਦਾ ਹੈ । ਜੋ ਲੋਕ ਕਾਲਪਨਿਕ ਦ੍ਰਿਸ਼ ਦੇਖਦੇ ਹਨ, ਉਹ ਵੀ ਹੈਲੋਸੀਨੇਸ਼ਨ ਨਾਮਕ ਮਾਨਸਿਕ ਰੋਗ ਦੇ ਸ਼ਿਕਾਰ ਹੁੰਦੇ ਹਨ । ਇਹ ਦੋ ਤਰ੍ਹਾਂ ਦੇ ਹੋ ਸਕਦੇ ਹਨ, ਇੱਕ ਤਾਂ ਕਿਸੇ ਵਸਤੂ ਨੂੰ ਹੋਰ ਕੋਈ ਵਸਤੂ ਸਮਝ ਲੈਣਾ ਤੇ ਦੂਜੀ ਸਥਿਤੀ ਹੋਰ ਵੀ ਗੰਭੀਰ ਹੁੰਦੀ ਹੈ, ਜਿਵੇਂ ਕਿ ਕੁਝ ਵੀ ਨਾ ਹੁੰਦੇ ਹੋਏ ਕੋਈ ਵਸਤੂ ਦੇਖਣਾ । ਉਦਾਹਰਣ ਦੇ ਤੌਰ ‘ਤੇ ਇੱਕ ਤਾਂ ਉਹ ਜੋ ਕਿ ਰੱਸੀ ਨੂੰ ਸੱਪ ਸਮਝ ਬੈਠਦੇ ਹਨ ਤੇ ਦੂਜੇ ਉਹ ਜੋ ਕੁਝ ਵੀ ਨਾ ਹੁੰਦੇ ਹੋਏ ਸੱਪ ਦੇਖਦੇ ਹਨ । ਸੰਮੋਹਨ ਵਿੱਚ ਪੰਜੇ ਗਿਆਨ ਇੰਦਰੀਆਂ ਸੰਮੋਹਨਕਰਤਾ ਦੇ ਹੱਥ ‘ਚ ਆ ਜਾਂਦੀਆਂ ਹਨ । ਸੰਮੋਹਨਕਰਤਾ ਮਨੋਰੋਗੀ ਨੂੰ ਕੋਈ ਵੀ ਕਾਲਪਨਿਕ ਦ੍ਰਿਸ਼ ਦਿਖਾ ਸਕਦਾ ਹੈ, ਸੁਆਦ ਦਾ ਅਨੁਭਵ ਕਰਵਾ ਸਕਦਾ ਹੈ, ਆਮ ਵਸਤੂ ਦਾ ਗਰਮ ਜਾਂ ਠੰਢਾ ਅਨੁਭਵ ਕਰਵਾ ਸਕਦਾ ਹੈ, ਬਿਨਾਂ ਬੋਲੇ ਕੋਈ ਆਵਾਜ਼ ਸੁਣਾ ਸਕਦਾ ਹੈ । ਜੇਕਰ ਕੋਈ ਵਿਦਿਆਰਥੀ ਕਿਸੇ ਵਿਸ਼ੇ ਨੂੰ ਬਹੁਤ ਜਿਆਦਾ ਖੁੱਭ ਕੇ ਪੜ੍ਹਨ ਲੱਗ ਜਾਵੇ ਜਾਂ ਕਿਸੇ ਵਿਅਕਤੀ ਦੀ ਕਿਸੇ ਵਿਸ਼ੇਸ਼ ਗੱਲ ਜਾਂ ਸਖਸ਼ੀਅਤ ‘ਚ ਬਹੁਤ ਜਿਆਦਾ ਦਿਲਚਸਪੀ ਹੋ ਜਾਵੇ ਤਾਂ ਸੰਭਵ ਹੈ ਕਿ ਉਸਨੂੰ ਉਸ ਵਿਸ਼ੇ ਨਾਲ਼ ਸੰਬੰਧਿਤ ਕੁਝ ਦਿਸਣ ਲੱਗ ਜਾਵੇ । ਸੰਮੋਹਨ ਵਿੱਦਿਆ ‘ਚ ਮਨੋਰੋਗੀ ਨੂੰ ਇਸ ਅਵਸਥਾ ‘ਚ ਲੈ ਜਾ ਕੇ ਉਸਨੂੰ ਕਾਲਪਨਿਕ ਦ੍ਰਿਸ਼ ਦਿਖਾ ਕੇ ਰੂਹ ਜਾਂ ਭੂਤ ਦੇ ਨਿੱਕਲ ਜਾਣ ਬਾਰੇ ਦਿਖਾਇਆ ਤੇ ਸਮਝਾਇਆ ਜਾਂਦਾ ਹੈ । ਜਦ ਮਨੋਰੋਗੀ ਇਸ ਨੀਂਦ ਤੋਂ ਜਾਗਦਾ ਹੈ ਤਾਂ ਉਹ ਇਹੀ ਸਮਝਦਾ ਹੈ ਕਿ ਉਸ ‘ਚੋਂ ਭੂਤ ਨਿੱਕਲ ਗਿਆ ਹੈ ਤੇ ਉਹ ਆਪਣੇ ਆਪ ਨੂੰ ਠੀਕ ਮਹਿਸੂਸ ਕਰਦਾ ਹੈ । ਜਦ ਕਿ ਅਸਲੀਅਤ ਇਹ ਹੈ ਕਿ ਸੰਮੋਹਨ ਦੀ ਅਵਸਥਾ ‘ਚ ਉਸਦੇ ਅਵਚੇਤਨ ਮਨ ਦਾ ਕੂੜਾ ਕਬਾੜ (ਵਹਿਮ ਭਰਮ) ਗੱਲਾਂਬਾਤਾਂ ਨਾਲ਼ ਕੱਢ ਦਿੱਤਾ ਜਾਂਦਾ ਹੈ ।

ਜੇਕਰ ਪਰਿਵਾਰ ‘ਚ ਕਿਸੇ ਨੂੰ ਕਸਰ ਹੋ ਜਾਵੇ ਭਾਵ ਮਨੋਰੋਗ ਤੋਂ ਪੀੜਿਤ ਹੋ ਜਾਵੇ ਤਾਂ ਉਸਦੀ ਪਹਿਚਾਣ ਵੀ ਸੰਭਵ ਹੈ । ਜੇਕਰ ਧਿਆਨ ਦਿੱਤਾ ਜਾਵੇ ਤਾਂ ਗੁੰਮਸੁੰਮ ਰਹਿਣ ਵਾਲਾ, ਹਨੇਰੇ ‘ਚ ਰਹਿਣ ਵਾਲਾ, ਸੁਪਨਿਆਂ ਦੀ ਗੱਲ ਕਰਨ ਵਾਲਾ, ਬਾਕੀਆਂ ਤੋਂ ਪਾਸੇ ਰਹਿਣ ਵਾਲਾ, ਗੱਲ ਗੱਲ ‘ਤੇ ਚਿੜਨ ਵਾਲਾ ਜਾਂ ਕੋਈ ਕਾਲਪਨਿਕ ਦ੍ਰਿਸ਼ਾਂ ਦੀ ਗੱਲ ਕਰਨ ਵਾਲਾ ਵਿਅਕਤੀ ਮਨੋਰੋਗੀ ਹੋ ਸਕਦਾ ਹੈ । ਜੇਕਰ ਅਜਿਹੇ ਵਿਅਕਤੀ ਦੀ ਪਹਿਚਾਣ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਉਸ ਨਾਲ਼ ਪਿਆਰ ਤੇ ਹਮਦਰਦੀ ਨਾਲ਼ ਪੇਸ਼ ਆਉਣਾ ਪਹਿਲੀ ਲੋੜ ਹੁੰਦੀ ਹੈ । ਪਰਿਵਾਰ ਦਾ ਹਰ ਮੈਂਬਰ ਉਸ ਨਾਲ਼ ਅਪਣੱਤ ਨਾਲ ਪੇਸ਼ ਆਵੇ ਤਾਂ ਜੋ ਰੋਗੀ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕੇ । ਇਹ ਹਰਗਿਜ਼ ਨਹੀਂ ਹੋਣਾ ਚਾਹੀਦਾ ਕਿ ਉਸ ਉਪਰ ਬਲ ਦਾ ਪ੍ਰਯੋਗ ਕੀਤਾ ਜਾਵੇ ਜਾਂ ਮਜ਼ਾਕ ਦਾ ਪਾਤਰ ਬਣਾਇਆ ਜਾਵੇ । ਇਹੀ ਭੂਤ ਪ੍ਰੇਤ ਜਾਂ ਕਸਰ ਹੋਏ ਵਿਅਕਤੀ ਦੀ ਫਸਟਏਡ ਹੈ । ਸ਼ੁਰੂਆਤ ‘ਚ ਅਜਿਹੀ ਸਮੱਸਿਆ ਨੂੰ ਸਹੀ ਤਰੀਕੇ ਨਾਲ਼ ਨਾ ਸੰਭਾਲ ਸਕਣ ਤੇ ਰੋਗੀ ਨੂੰ ਚੇਲਿਆਂ ਜਾਂ ਤਾਂਤਰਿਕਾਂ ਕੋਲ ਲੈ ਜਾਣ ਨਾਲ਼ ਸਮੱਸਿਆਵਾਂ ਵਧ ਸਕਦੀਆਂ ਹਨ । ਜੇਕਰ ਅਚਾਨਕ ਕੋਈ ਵਿਅਕਤੀ ਸਿਰ ਘੁਮਾਉਣ ਲੱਗ ਜਾਵੇ ਤਾਂ ਉਸ ਸਮੇਂ ਦੀ ਲੋੜ ਹੈ ਕਿ ਸਾਰੇ ਜਾਣੇ ਉਸ ਵੱਲ ਧਿਆਨ ਕੇਂਦਰਿਤ ਨਾ ਕਰਨ ਕਿਉਂ ਜੋ ਉਸ ਦਾ ਮਕਸਦ ਸਭ ਦਾ ਧਿਆਨ ਖਿੱਚਣਾ ਹੁੰਦਾ ਹੈ । ਆਮ ਗਤੀਵਿਧੀਆਂ ਦੀ ਤਰ੍ਹਾਂ ਉਸਨੂੰ ਇੱਕ ਬੰਦਾ ਹੀ ਕੰਟਰੌਲ ਕਰੇ ਤਾਂ ਜੋ ਉਹ ਕਿਸੇ ਨੂੰ ਜਾਂ ਆਪਣੇ ਆਪ ਨੂੰ ਕੋਈ ਸਰੀਰਕ ਨੁਕਸਾਨ ਨਾ ਪਹੁੰਚਾ ਸਕੇ । ਉਨ੍ਹਾਂ ਨੂੰ ਸੁਣਨ ਦੀ ਲੋੜ ਹੁੰਦੀ ਹੈ ਤਾਂ ਜੋ ਮਨ ਅੰਦਰਲੀ ਗੱਲ ਬਾਹਰ ਆ ਸਕੇ । ਇਹ ਵੀ ਜਿ਼ਕਰਯੋਗ ਗੱਲ ਹੈ ਕਿ ਭੂਤ ਪ੍ਰੇਤ ਗ੍ਰਸਤ ਲੋਕ ਮਰਨ ਦੀ ਗੱਲ ਕਰ ਤਾਂ ਸਕਦੇ ਹਨ ਪਰ ਮਰਨ ਦੇ ਚਾਂਸ ਬਹੁਤ ਘੱਟ ਹੁੰਦੇ ਹਨ । ਮਾਨਸਿਕ ਬਿਮਾਰੀਆਂ ਹੋਣ ਦਾ ਕਾਰਣ ਬਚਪਨ ‘ਚ ਬੱਚਿਆਂ ਨਾਲ਼ ਸਹੀ ਵਿਵਹਾਰ ਜਾਂ ਸਹੀ ਪਰਵਰਿਸ਼ ਦਾ ਨਾ ਹੋਣਾ ਵੀ ਹੋ ਸਕਦਾ ਹੈ । ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਬੱਚਿਆਂ ਦੀ ਹਰ ਹਰਕਤ ‘ਤੇ ਨਿਗ੍ਹਾ ਰੱਖਣ ।

ਭਾਰਤ ‘ਚ ਹੋਰ ਰਾਜਾਂ ਦੇ ਮੁਕਾਬਲੇ ‘ਚ ਪੰਜਾਬ ਕੁਝ ਮਨੋਰੋਗਾਂ ‘ਚ ਮੋਹਰੀ ਹੁੰਦਾ ਜਾ ਰਿਹਾ ਹੈ, ਜਿਸ ‘ਚ ਡਿਪਰੈਸ਼ਨ, ਸਬਸਟਾਂਸ ਡਿਸਆਰਡਰ ਭਾਵ ਨਸ਼ਾ ਜਾਂ ਕਿਸੇ ਬੁਰੀ ਆਦਤ ਦਾ ਸ਼ਿਕਾਰ ਹੋਣਾ ਆਦਿ ਪ੍ਰਮੁੱਖ ਹਨ । ਨਸ਼ਿਆਂ ਦੇ ਮਾਮਲੇ ‘ਚ ਪੰਜਾਬ ਬਹੁਤ ਅੱਗੇ ਜਾ ਰਿਹਾ ਹੈ । ਨਸ਼ੇੜੀ ਕਿਸੇ ਵੀ ਕਿਸਮ ਦੇ ਮਨੋਰੋਗ ਨਾਲ਼ ਪੀੜਿਤ ਹੋ ਸਕਦੇ ਹਨ । ਭਾਰਤ ‘ਚ ਹੋਰ ਰੋਗ ਨਿਰਾਸ਼ ਰਹਿਣਾ, ਉਦਾਸੀ ਰੋਗ, ਆਤਮ ਹੱਤਿਆ ਦੇ ਖਿਆਲ ਆਉਣਾ, ਕਮਰੇ ‘ਚ ਬੰਦ ਰਹਿਣ ਨੂੰ ਜੀਅ ਕਰਨਾ ਆਦਿ ਤੇਜ਼ੀ ਨਾਲ਼ ਵਧ ਰਹੇ ਹਨ । ਜਾਣਕਾਰੀ ਨਾ ਹੋਣ ਕਾਰਣ ਇਹ ਰੋਗ ਮਨੋਰੋਗਾਂ ‘ਚ ਤਬਦੀਲ ਹੋ ਰਹੇ ਹਨ । ਹੋਰ ਮਨੋਰੋਗਾਂ ਵਿੱਚੋਂ ਬੇਤੁਕੀਆਂ ਗੱਲਾਂ ਜਿਵੇਂ ਕਿ ਭਵਿੱਖ ‘ਚ ਅਣਹੋਣੀ ਦੇ ਖਤਰੇ ਦਾ ਡਰ ਲੱਗਣਾ ਜਿਵੇਂ ਕਿ ਭੁਚਾਲ ਆਉਣ ‘ਤੇ ਮਾਰੇ ਜਾਣ ਦਾ ਡਰ, ਗੱਡੀ ਚਲਾਉਂਦਿਆਂ ਐਕਸੀਡੈਂਟ ਦਾ ਖਤਰਾ, ਗੱਡੀ ਪੈਂਚਰ ਹੋ ਜਾਣ ਦਾ ਡਰ ਆਦਿ ਵੀ ਬਹੁਤ ਤੇਜ਼ੀ ਨਾਲ਼ ਵਧ ਰਿਹਾ ਹੈ, ਜਿਸ ਨੂੰ ਐਨੈਕਸਾਇਟੀ ਮਨੋਰੋਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਕਈ ਲੋਕਾਂ ਨੂੰ ਫੋਬੀਆ ਹੋ ਜਾਂਦਾ ਹੈ । ਉਨ੍ਹਾਂ ਨੂੰ ਕਿਸੇ ਖਾਸ ਵਸਤੂ ਤੋਂ ਡਰ ਲੱਗਦਾ ਹੈ, ਜਿਵੇਂ ਪਾਣੀ ਤੋਂ ਡਰ, ਉਚਾਈ ਤੋਂ ਡਰ, ਬੰਦ ਜਗ੍ਹਾ ਜਿਵੇਂ ਲਿਫਟ ਤੋਂ ਡਰ, ਮੱਕੜੀ ਤੋਂ ਡਰ, ਲਾਲ ਰੰਗ ਤੋਂ ਡਰ । ਬਹੁਤ ਸਾਰੇ ਲੋਕਾਂ ਨੂੰ ਓਬਸੈਸਿਵ ਕੰਪਲਸਿਵ ਡਿਸਆਰਡਰ (ਓ ਸੀ ਡੀ) ਰੋਗ ਹੋ ਜਾਂਦਾ ਹੈ ਜਿਸ ‘ਚ ਉਹ ਕਿਸੇ ਵੀ ਕੰਮ ਨੂੰ ਦੁਹਰਾਉਂਦੇ ਰਹਿੰਦੇ ਹਨ ਜਿਵੇਂ ਕਿ ਵਾਰ ਵਾਰ ਹੱਥ ਧੋਣਾ, ਸਫ਼ਾਈ ਕਰੀ ਜਾਣਾ, ਪੋਚਾ ਲਗਾਈ ਜਾਣਾ, ਪੱਖਾ ਜਾਂ ਲਾਈਟ ਆਦਿ ਚੱਲਦੇ ਹੋਣ ਦਾ ਖਿਆਲ, ਮੋਬਾਇਲ ‘ਤੇ ਮੈਸੇਜ ਜਾਂ ਮਿਸ ਕਾਲ ਦਾ ਵਾਰ ਵਾਰ ਭੁਲੇਖਾ ਪੈਣਾ ਤੇ ਚੈੱਕ ਕਰਨਾ, ਜਿੰਦਰਾ ਲਗਾ ਕੇ ਵਾਰ ਵਾਰ ਚੈੱਕ ਕਰਨਾ ਆਦਿ ।

ਵਿਗਿਆਨ ਦੇ ਇਸ ਯੁੱਗ ਦੇ ਦੌਰ ‘ਚ ਮਾਨਸਿਕ ਰੋਗ ਘਟਣ ਦੀ ਬਜਾਏ ਵਧ ਰਹੇ ਹਨ । ਸਾਡੇ ਦੇਸ਼ ‘ਚ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਭਾਰੂ ਹਨ ਤੇ ਇਸ ਗੱਲ ਦੀ ਤਾਂ ਅਜੇ ਵਾਰੀ ਹੀ ਨਹੀਂ ਆਈ ਕਿ ਮਾਨਸਿਕ ਚੇਤਨਾ ਜਾਂ ਮਾਨਸਿਕ ਸਿਹਤ ਵੀ ਕੁਝ ਹੁੰਦੀ ਹੈ । ਮਾਨਸਿਕ ਰੋਗੀਆਂ ਦਾ ਜੋ ਇਲਾਜ ਉਪਲਭਦ ਹੈ, ਉਹ ਹੈ ਦਵਾਈਆਂ ਨਾਲ਼ ਇਲਾਜ । ਜਿਨ੍ਹਾਂ ਚਿਰ ਰੋਗੀ ਦਵਾਈ ਖਾਂਦਾ ਹੈ, ਉਹ ਠੀਕ ਰਹਿੰਦਾ ਹੈ ਤੇ ਦਵਾਈ ਛੱਡਣ ਤੋਂ ਬਾਅਦ ਮੁੜ ਉਸੇ ਸਟੇਜ ‘ਤੇ ਪੁੱਜ ਜਾਂਦਾ ਹੈ । ਅਸਲ ਲੋੜ ਹੈ ਮਾਨਸਿਕ ਰੋਗੀਆਂ ਦੇ ਅਵਚੇਤਨ ਮਨ ‘ਚੋਂ ਕੂੜਾ ਕਰਕਟ ਕੱਢਣ ਦੀ, ਜੋ ਕਿ ਸੰਮੋਹਨ ਵਿਧੀ ਨਾਲ਼ ਹੀ ਸੰਭਵ ਹੈ । ਇਸ ਵਿਧੀ ਨੂੰ ਭਾਰਤ ਦੇ ਬਹੁਤੇ ਹਿੱਸਿਆਂ ‘ਚ ਮਾਨਤਾ ਵੀ ਪ੍ਰਾਪਤ ਨਹੀਂ ਹੈ । ਕੁਝ ਕੁ ਲੋਕ ਹੀ ਆਪਣੇ ਤੌਰ ‘ਤੇ ਇਸ ਵਿਧੀ ਨਾਲ਼ ਮਨੋਰੋਗੀਆਂ ਦਾ ਇਲਾਜ ਕਰ ਰਹੇ ਹਨ, ਜੋ ਕਿ ਬਹੁਤ ਹੀ ਕਾਰਾਗਾਰ ਸਿੱਧ ਹੋ ਰਿਹਾ ਹੈ ਪਰ ਅਜਿਹੇ ਲੋਕ ਗਿਣਤੀ ਦੇ ਹੀ ਹਨ । ਐਨ ਜੀ ਓ ਸੰਸਥਾਵਾਂ ਵੀ ਹੋਰ ਰੋਗਾਂ ਸੰਬੰਧੀ ਬਹੁਤ ਕੰਮ ਕਰ ਰਹੀਆਂ ਹਨ ਪਰ ਮਾਨਸਿਕ ਤੰਦਰੁਸਤੀ ਵੱਲ ਬਹੁਤ ਘੱਟ ਧਿਆਨ ਦਿੱਤਾ ਜਾ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>