ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ-ਸ: ਭੂੰਦੜ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਬਠਿੰਡਾ ਵਿਖੇ ਆਯੋਜਤ ਇੱਕ ਰੋਜਾ ਕਿਸਾਨ ਮੇਲੇ ਦੇ ਉਦਘਾਟਨੀ ਸਮਾਗਮ ਮੌਕੇ ਮੈਂਬਰ ਰਾਜ ਸਭਾ, ਸ. ਬਲਵਿੰਦਰ ਸਿੰਘ ਭੂੰਦੜ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।  ਇਸ ਮੌਕੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਡਾ: ਜੈ ਰੂਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਦਘਾਟਨ ਉਪਰੰਤ ਸਰਦਾਰ ਭੂੰਦੜ ਨੇ ਯੂਨੀਵਰਸਿਟੀ ਵੱਲੋਂ ਕੀਤੀਆਂ ਖੇਤੀ ਖੋਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨ ਵੀਰਾਂ ਨੂੰ ਖੇਤੀ ਵਿਗਿਆਨੀਆਂ ਵੱਲੋਂ ਦਿਖਾਏ ਰਾਹਾਂ ਤੇ ਚੱਲਣ ਵਿੱਚ ਹੀ ਬਿਹਤਰੀ ਹੈ।  ਸ. ਭੂੰਦੜ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਵਿਕਸਤ ਕਿਸਮਾਂ ਅਤੇ ਤਕਨੀਕਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਇਸ ਮੇਲੇ ਦਾ ਉਦੇਸ਼ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਹੈ, ਸਾਨੂੰ ਇਸ ਸੰਦੇਸ਼ ਦੀ ਭਾਵਨਾ ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਦਗੀ ਵੱਲ ਵੱਧ ਤੋਂ ਵੱਧ ਤੁਰਨਾ ਚਾਹੀਦਾ ਹੈ ਅਤੇ ਫਜ਼ੂਲ ਖਰਚੀਆਂ ਤੋਂ ਗੁਰੇਜ਼ ਕਰਨੀ ਚਾਹੀਦੀ ਹੈ।

ਸ. ਭੂੰਦੜ ਨੇ ਕਿਹਾ ਕਿ ਕਿਸਾਨਾਂ ਲਈ ਨਵੀਆਂ ਇਜ਼ਾਦ ਕੀਤੀਆਂ ਤਕਨੀਕਾਂ ਨੂੰ ਅਤੇ ਵਿਕਸਤ ਤਕਨਾਲੋਜੀ ਨੂੰ ਜਾਨਣ ਲਈ ਇਹ ਕਿਸਾਨ ਕੇਲੇ ਇਕ ਅਹਿਮ ਰੋਲ ਅਦਾ ਕਰਦੇ ਹਨ।  ਉਹਨਾਂ ਕਿਹਾ ਕਿ ਵਾਤਾਵਰਣ ਅਨੁਕੂਲ ਅਤੇ ਛੋਟੇ ਕਿਸਾਨਾਂ ਦੇ ਹਿਤ ਪੂਰਦੀ ਤਕਨਾਲੋਜੀ ਨੂੰ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪਸਾਰਿਆ ਜਾ ਰਿਹਾ ਹੈ ਅਤੇ ਇਸ ਤਕਨਾਲੋਜੀ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਖੇਤੀ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਖੇਤੀ, ਵਿਗਿਆਨ ਅਤੇ ਕੁਦਰਤ ਦਾ ਸੁਮੇਲ ਹੈ ਜਿਸ ਨੂੰ ਕਿਸਾਨਾਂ ਦੀ ਮਿਹਨਤ, ਵਿਗਿਆਨਕ ਸੋਚ ਅਤੇ ਵਪਾਰਕ ਸੂਝ ਹੀ ਫਾਇਦੇਮੰਦ ਬਣਾਉਦੀ ਹੈ।  ਦਿਨੋ-ਦਿਨ ਵਿਗੜ ਰਹੇ ਵਾਤਾਵਰਣ ਤੇ ਚਿੰਤਾ ਪ੍ਰਗਟ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਸ਼ੁੱਧ ਵਾਤਾਵਰਣ ਅਤੇ ਕੁਦਰਤੀ ਸੋਮੇ ਮਨੁੱਖੀ ਜ਼ਿੰਦਗੀ ਅਤੇ ਖੇਤੀ ਦੇ ਪਹਿਰੇਦਾਰ ਹਨ।  ਇਸ ਲਈ ਅੱਜ ਸਾਨੂੰ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ ਜਿਸ ਨਾਲ ਅਸੀਂ ਵਾਤਾਵਰਣ ਨੂੰ ਸ਼ੁੱਧ ਰੱਖ ਸਕੀਏ ਅਤੇ ਕੁਦਰਤੀ ਸੋਮਿਆਂ ਦੀ ਵਰਤੋਂ ਵਿੱਚ ਸੰਜਮ ਲਿਆ ਸਕੀਏ।  ਪੰਜਾਬ, ਹਰਿਆਣਾ ੳਤੇ ਰਾਜਸਥਾਨ ਦੇ ਨਾਲ ਲਗਦੇ ਇਲਾਕਿਆਂ ਤੋਂ ਆਏ ਹਜ਼ਾਰਾਂ ਕਿਸਾਨਾਂ ਨਾਲ ਤਕਨੀਕ ਸਾਂਝੀ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਇਸ ਵੇਲੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਅਤੇ ਕਣਕ ਦਾ ਨਾੜ ਕੁਇੰਟਲਾਂ ਦੇ ਰੂਪ ਵਿਚ ਸਾੜਿਆ ਜਾ ਰਿਹਾ ਹੈ।  ਜੋ ਮਨੁੱਖ ਅਤੇ ਧਰਤੀ ਦੋਹਾਂ ਦੀ ਸਿਹਤ ਲਈ ਬੇਹੱਦ ਨੁਕਸਾਨਦੇਹ ਹੈ।  ਇਸ ਲਈ ਉਨ੍ਹਾਂ ਨੇ ਲੇਜ਼ਰ ਕਰਾਹੇ ਦੀ ਵਰਤੋਂ ਕਰਨ ਅਤੇ ਟੈਂਸ਼ੀਓਮੀਟਰ ਆਦਿ ਯੰਤਰਾਂ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ। ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਉਨ੍ਹਾਂ ਨੇ ਰਸਾਇਣਾਂ ਦੀ ਥਾਂ ਦੇਸੀ ਰੂੜੀ ਵਰਤਣ ਲਈ ਕਿਹਾ। ਖੇਤੀ ਲਾਗਤਾਂ ਨੂੰ ਘਟਾਉਣ ਸੰਬੰਧੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਨਾਈਟਰੋਜਨ ਦੀ ਵਰਤੋਂ ਪੱਤਾ ਰੰਗ ਚਾਰਟ ਨਾਲ ਹੀ ਕਰਨੀ ਚਾਹੀਦੀ ਹੈ, ਜਿਸ ਨਾਲ ਜਿਥੇ ਫ਼ਸਲ ਦੀ ਗੁਣਵਤਾ ਵਿੱਚ ਵਾਧਾ ਹੋਵੇਗਾ ਉਥੇ ਮੁਨਾਫ਼ਾ ਵੀ ਵੱਧ ਹੋਵੇਗਾ । ਖੇਤੀ ਦੇ ਨਾਲ ਨਾਲ ਸ਼ਹਿਦ, ਖੁੰਭਾਂ, ਹਾਈਬ੍ਰਿਡ ਬੀਜ ਅਤੇ ਨਰਸਰੀਆਂ ਆਦਿ ਦਾ ਉਤਪਾਦਨ ਕਰਨ ਬਾਰੇ ਮਸ਼ਵਰਾ ਦਿੰਦਿਆਂ ਉਨ੍ਹਾਂ ਕਿਹਾ ਕਿ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੁੰ ਅਪਣਾ ਕੇ ਅਸੀਂ ਆਪਣੀ ਆਮਦਨ ਵਿੱਚ ਵਾਧਾ ਕਰ ਸਕਾਂਗੇ। ਭਰੂਣ ਹੱਤਿਆ ਅਤੇ ਨਸ਼ਾਖੋਰੀ ਆਦਿ ਸਮਾਜਿਕ ਅਲਾਹਮਤਾਂ ਤੋਂ ਦੂਰ ਰਹਿਣ ਲਈ ਪ੍ਰੇਰਦਿਆਂ ਕਿਹਾ ਕਿ ਸਾਨੂੰ ਹੱਥੀਂ ਕੰਮ ਕਰਨ ਤੋਂ ਕਦੇ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਨੂੰ ਮੰਡੀਕਰਨ ਅਤੇ ਮਸ਼ੀਨੀਕਰਨ ਲਈ ਇਕਮੁੱਠ ਹੋ ਕੇ ਤੁਰਨਾ ਪਵੇਗਾ।
ਡਾ. ਮੁਖਤਾਰ ਸਿੰਘ ਗਿੱਲ, ਨਿਰਦੇਸਕ ਪਸਾਰ ਸਿੱਖਿਆ, ਪੀ.ਏ.ਯੂ. ਲੁਧਿਆਣਾ ਨੇ ਕਿਸਾਨਾਂ ਨੂੰ ਮੇਲੇ ਵਿੱਚ ਪਹੁੰਚਣ ਤੇ ਸਵਾਗਤ ਕਰਦਿਆਂ ਕਿਹਾ ਕਿ ਕਿਸਾਨ ਮੇਲੇ ਕਿਸਾਨਾਂ ਅਤੇ ਤਕਨੀਕੀ ਮਾਹਿਰਾਂ ਦਾ ਆਪਸੀ ਤਾਲਮੇਲ ਬਣਾਉਦੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਅਤੇ ਤਕਨਾਲੋਜੀ ਨੂੰ ਕਿਸਾਨਾਂ ਤੀਕ ਪਹੁੰਚਾਉਣ ਲਈ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਸਥਾਪਿਤ ਕੀਤੇ ਗਏ ਹਨ । ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਸਹਾਇਕ ਧੰਦੇ ਜਿਵੇ ਕਿ ਸਹਿਦ ਦੀਆਂ ਮੱਖੀਆਂ ਪਾਲਣਾ, ਡੇਅਰੀ ਫਾਰਮਿੰਗ, ਪੋਲਟਰੀ, ਨਰਸਰੀ ਅਤੇ ਖੁੰਬਾਂ ਦੀ ਕਾਸਤ ਅਪਨਾਉਣ ਅਤੇ ਇਨ੍ਹਾਂ ਧੰਦਿਆਂ ਨੂੰ ਵਧੀਆਂ ਤਰੀਕੇ ਨਾਲ ਚਲਾਉਣ ਆਪਣੇ ਨੇੜੇ ਦੇ ਕਿਸੇ ਵੀ ਖੇਤਰੀ ਖੋਜ ਕੇਦਰ, ਕਿਸ੍ਰੀ ਵਿਗਿਆਨ ਕੇਦਰ ਅਤੇ ਫਾਰਮ ਸਲਾਹਕਾਰ ਸੰਸਥਾ ਦੇ ਮਾਹਿਰਾਂ ਤੋ ਸਲਾਹ ਲੈਣ ਲਈ ਕਿਹਾ।  ਡਾ. ਗਿੱਲ ਨੇ ਕਿਹਾ ਕਿ ਇਨ੍ਹਾਂ ਧੰਦਿਆਂ ਦੇ ਸਬੰਧ ਵਿੱਚ ਟ੍ਰੇਨਿੰਗ ਦੇਣ ਲਈ ਹਰੇਕ ਕ੍ਰਿਸੀ ਵਿਗਿਆਨ ਕੇਦਰ ਤੇ ਟ੍ਰੇਨਿੰਗ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਜਿਸ ਵਿੱਚ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਸਿਖਲਾਈ ਲੈ ਕੇ ਆਪਣੇ ਸਹਾਇਕ ਧੰਦੇ ਸੁਰੂ  ਕਰ ਸਕਦੇ ਹਨ। ਤਕਨੀਕੀ ਮਾਹਿਰਾਂ ਨੇ ਮੇਲੇ ਵਿੱਚ  ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਬਾਰੇ ਜਾਣਕਾਰੀ ਦਿੱਤੀ।

ਡਾ: ਪਿਆਰਾ ਸਿੰਘ ਚਾਹਲ ਸਹਿਯੋਗੀ ਨਿਰਦੇਸ਼ਕ ਖੋਜ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਫ਼ਸਲਾਂ ਦੀਆ ਲਗਪਗ 707 ਕਿਸਮਾਂ ਸਿਫਾਰਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 117 ਕਿਸਮਾਂ ਦੀ ਸਿਫਾਰਸ਼ ਰਾਸ਼ਟਰੀ ਪੱਧਰ ਤੇ ਵੀ ਕੀਤੀ ਗਈ ਹੈ। ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਅਨੁਸਾਰ ਖੇਤੀ ਲੋੜਾਂ ਦੇ ਵਧਣ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਮਾਹਿਰਾਂ ਵੱਲੋਂ ਝੋਨੇ ਦੀਆਂ ਉਹ ਕਿਸਮਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਜੋ ਘੱਟ ਤੋਂ ਘੱਟ ਪਾਣੀ ਅਤੇ ਪੱਕਣ ਵਿੱਚ ਘੱਟ ਸਮਾਂ ਲੈਣ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਕਣਕ ਵਿੱਚ ਵੀ ਵੱਧ ਤਾਪਮਾਨ ਨੂੰ ਸਹਿਣ ਵਾਲੀਆਂ ਉਹ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਘੱਟ ਤੋਂ ਘੱਟ ਬਿਮਾਰੀ ਲੱਗੇ ਅਤੇ ਜ਼ਹਿਰਾਂ ਦਾ ਛਿੜਕਾਅ ਵੀ ਨਾ ਮਾਤਰ ਹੀ ਕਰਨਾ ਪਵੇ। ਖੇਤਰੀ ਕੇਂਦਰ ਬਠਿੰਡਾ ਦੇ ਨਿਰਦੇਸ਼ਕ ਡਾ: ਜਸਪਾਲ ਸਿੰਘ ਗਿੱਲ ਨੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕਹੇ।

ਕਿਸਾਨਾਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਹਾਜ਼ਰ ਖੇਤੀ ਵਿਗਿਆਨੀਆਂ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਦਿੱਤੇ ਗਏ।  ਇਸ ਮੇਲੇ ਦੌਰਾਨ ਕਿਸਾਨਾਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਫਸਲਾਂ ਦੀਆਂ ਨਵੀਆਂ ਕਿਸਮਾਂ ਦੇ ਬੀਜ ਅਤੇ ਖੇਤੀ ਪੁਸਤਕਾਂ ਪ੍ਰਾਪਤ ਕਰਨ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>