ਮਨਮੋਹਨ ਸਿੰਘ ਦਾ ਸਖਤ ਰਵੱਈਆ

ਤਾਏ ਵਲੈਤੀਏ ਦੀ ਬੈਠਕ ਸੰਸਦ ਦੇ ਸੈਸ਼ਨ ਵਾਂਗ ਕਈ ਮਹੀਨਿਆਂ ਬਾਅਦ ਸੱਜ ਰਹੀ ਸੀ। ਤਾਏ ਨਾਲ ਗਲੱਬਾਤ ਨੂੰ ਓਦਰੇ ਸਾਰੇ ਹੀ ਬੁਲਾਰੇ ਆਪੋ ਆਪਣੀਆਂ ਗੱਲਾਂ ਦੇ ਪਿਟਾਰੇ ਭਰੀ ਤਾਏ ਦੀ ਬੈਠਕ ਵਲ ਤੁਰੇ ਜਾ ਰਹੇ ਸਨ। ਤਾਇਆ ਵੀ ਆਪਣੇ ਕੰਮਾਂ ਕਾਰਾਂ ਤੋਂ ਵੇਹਲਾ ਹੋਕੇ ਓਦਰਿਆ ਬੈਠਾ ਇਨ੍ਹਾਂ ਦੀ ਉਡੀਕ ਕਰ ਰਿਹਾ ਸੀ। ਸ਼ੀਤਾ ਜਿਹੜਾ ਆਪਣੇ ਦਿਲ ਦੀ ਭੜਾਸ ਕੱਢਣ ਲਈ ਕੁਝ ਵਧੇਰੇ ਹੀ ਉਤਾਵਲਾ ਹੋਇਆ ਪਿਆ ਸੀ। ਉਹ ਸਭ ਤੋਂ ਪਹਿਲਾਂ ਹੀ ਤਾਏ ਦੀ ਬੈਠਕ ਵਿਚ ਬੈਠਾ ਤਾਏ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰ ਰਿਹਾ ਸੀ। ਉਸਤੋਂ ਬਾਅਦ ਨਿਹਾਲਾ ਅਮਲੀ, ਧਰਮਾ ਮਾਸਟਰ, ਛੁੱਟੀ ਲੈਕੇ ਪਹੁੰਚਿਆ ਮਾਸਟਰ ਜਗੀਰ ਅਤੇ ਕਮਾਲਪੁਰੀਆ ਗੱਪੀ ਸਾਰੇ ਹੀ ਹੌਲੀ-ਹੌਲੀ ਬੈਠਕ ਵਿਚ ਆਕੇ ਆਪੋ ਆਪਣੀਆਂ ਸੀਟਾਂ ‘ਤੇ ਬਿਰਾਜਮਾਨ ਹੋਈ ਜਾ ਰਹੇ ਸਨ।

ਸਾਰੇ ਹੀ ਤਾਏ ਪਾਸੋਂ ਇਸ ਵਾਰ ਲੇਟ ਦੇਰੀ ਨਾਲ ਗੇੜਾ ਮਾਰਨ ਬਾਰੇ ਪੁਛ ਰਹੇ ਸਨ ਅਤੇ ਤਾਇਆ ਘਰ ਦੇ ਕੰਮਾਂ ਕਾਰਾਂ ਦੀ ਗੱਲ ਕਰਕੇ ਸਾਰਿਆਂ ਨੂੰ ਇਕੋ ਹੀ ਜਵਾਬ ਦੇਈ ਜਾ ਰਿਹਾ ਸੀ। ਕੁਝ ਲੋਕਾਂ ਪਾਸੋਂ ਪਤਾ ਚਲਿਆ ਸੀ ਕਿ ਤਾਏ ਦੀ ਛੋਟੀ ਭੈਣ ਦੀ ਤਬੀਅਤ ਠੀਕ ਨਾ ਹੋਣ ਕਰਕੇ ਇਸ ਵਾਰ ਤਾਇਆ ਕਾਫੀ ਚਿਰ ਬਾਅਦ ਪਿੰਡ ਆਇਆ ਹੈ। ਪਰ ਤਾਇਆ ਆਪਣਾ ਦੁੱਖ ਦੱਸਕੇ ਕਿਸੇ ਦਾ ਦਿਲ ਨਹੀਂ ਸੀ ਦੁਖਾਉਣਾ ਚਾਹੁੰਦਾ।

ਆਪਣੇ ਅੰਦਾਜ਼ ਵਿਚ ਤਾਏ ਨੇ ਸ਼ੀਤੇ ਨੂੰ ਮਸ਼ਕਰੀ ਕਰਦਿਆਂ ਹੋਇਆਂ ਕਿਹਾ, “ਕਿਉਂ ਬਈ ਸ਼ੀਤਿਆ ਕੀ ਗੱਲ ਬੜਾ ਲਿੱਸਾ-ਲਿੱਸਾ ਜਿਹਾ ਲੱਗ ਰਿਹੈਂ?”

-ਹੋਰ ਤਾਇਆ! ਨਾ ਤਾਂ ਇਹਨੂੰ ਤੇਰੀ ਬੈਠਕ ਵਾਲੇ ਸਮੋਸੇ ਪਕੌੜੇ ਤੇ ਮਿਠਾਈਆਂ ਮਿਲੀਆਂ ਅਤੇ ਨਾ ਹੀ ਇਸਨੂੰ ਆਪਣੇ ਦਿਲ ਦੀਆਂ ਗੱਲਾਂ ਕਿਸੇ ਨੂੰ ਦੱਸਣ ਦਾ ਮੌਕਾ ਮਿਲਿਆ। ਹੁਣ ਤੇਰੀ ਬੈਠਕ ਤੋਂ ਸਿਵਾਇ ਇਹਦੀਆਂ ਗੱਲਾਂ ਸੁਣਨ ਨੂੰ ਕੋਈ ਤਿਆਰ ਹੀ ਨਹੀਂ ਸੀ। ਪਿੰਡ ਦੀ ਸੱਥ ‘ਤੇ ਬਹਿਣ ਵਾਲੇ ਬਾਬੇ ਵੀ ਅੱਜ ਕੱਲ ਟੀਵੀ ‘ਤੇ ਅੰਗ੍ਰੇਜ਼ੀ ਡਾਂਸ ਵੇਖਣ ਲੱਗ ਪਏ ਨੇ। ਕਮਾਲਪੁਰੀਏ ਗੱਪੀ ਨੇ ਆਉਂਦੇ ਸਾਰ ਹੀ ਪਹਿਲਾ ਗੋਲ ਸ਼ੀਤੇ ‘ਤੇ ਕਰ ਦਿੱਤਾ।

ਹਾਸਿਆਂ ਵਿਚ ਖਿੜ-ਖਿੜਾ ਕੇ ਹੱਸਦੀ ਹੋਈ ਸਾਰੀ ਬੈਠਕ ਵਿੱਚ ਸ਼ੀਤਾ ਆਪਣਾ ਸਿਰ ਖੁਰਕਦਾ ਹੋਇਆ ਬੋਲ ਉਠਿਆ, “ਲੈ ਤਾਇਆ! ਇਹਨੇ ਇਹ ਤਾਂ ਦੱਸਿਆ ਦੀ ਨਹੀਂ ਕਿ ਸ਼ੀਤੇ ਨੂੰ ਆਪਣੇ ਤਾਏ ਦਾ ਉਦਰੇਵਾਂ ਵੀ ਤਾਂ ਲੱਗਿਆ ਹੋਇਆ ਸੀ।”

ਤਾਏ ਨੇ ਹਾਮੀ ਭਰਦਿਆਂ ਹੋਇਆਂ ਕਿਹਾ, “ਬਈ ਮੁੰਡਿਓ! ਜੇ ਤੁਹਾਨੂੰ ਤਾਏ ਨੂੰ ਮਿਲਣ ਦਾ ਉਦਰੇਵਾਂ ਰਹਿੰਦੈ ਤਾਂ ਤੁਹਾਡਾ ਤਾਇਆ ਵੀ ਤਾਂ ਤੁਹਾਨੂੰ ਮਿਲਣ ਲਈ ਤਰਲੋਮੱਛੀ ਹੋ ਰਿਹਾ ਸੀ। ਅੱਛਾ ਚਲੋ ਹੁਣ ਦੱਸੋ ਤੁਹਾਡੀ ਸਿਆਸਤ ਕੀ ਕਹਿੰਦੀ ਆ ਮੁੰਡਿਓ!” ਤਾਏ ਨੇ ਆਪਣੀ ਗੱਲ ਬਦਲਦਿਆਂ ਕਿਹਾ।

“ਗੱਲ ਇੰਜ ਆ ਤਾਇਆ! ਪਹਿਲਾਂ ਕੈਪਟਨ ਅਤੇ ਸੁਖਬੀਰ ਵਾਹਵਾ ਬਾਹਵਾਂ ਚੁੱਕੀ ਇਕ ਦੂਜੇ ‘ਤੇ ਵਾਰ ਕਰਨ ਲਈ ਚਾਂਗਰਾਂ ਮਾਰਦੇ ਰਹਿੰਦੇ ਸਨ। ਹੁਣ ਚੋਣਾਂ ਤੋਂ ਬਾਅਦ ਦੋਵੇਂ ਈ ਜਿਵੇਂ ਹਿੰਦ-ਪਾਕਿ ਵਾਂਗ ਇਲਜ਼ਾਮਬਾਜ਼ੀ ਤੋਂ ਤੌਬਾ ਕਰੀ ਬੈਠੇ ਨੇ।” ਮਾਸਟਰ ਜਗੀਰ ਨੇ ਬੋਲਦਿਆਂ ਹੋਇਆਂ ਕਿਹਾ।

-ਤਾਹਿਉਂ ਤਾਂ ਇੰਜ ਲਗਦਾ ਹੈ ਜਿਵੇਂ ਪੰਜਾਬ ਵਿਚ ਕੁਝ ਹੋ ਈ ਨਹੀਂ ਰਿਹਾ। ਤਾਏ ਨੇ ਮਾਸਟਰ ਜਗੀਰ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ।

“ਲੈ ਤਾਇਆ! ਤੂੰ ਇਹ ਗੱਲ ਕਿਵੇਂ ਕਹਿ ਦਿੱਤੀ। ਪੰਜਾਬ ਵਿਚ ਕਤਲਾਂ, ਚੋਰੀਆਂ, ਨਸ਼ਿਆਂ, ਬਲਾਤਕਾਰ, ਭ੍ਰਿਸ਼ਟਾਚਾਰ ਅਤੇ ਕੁੜੀਆਂ ਨਾਲ ਛੇੜਛਾੜ ਦੀਆਂ ਗੱਲਾਂ ਨੂੰ ਛੱਡ ਦਿੱਤਾ ਜਾਵੇ ਤਾਂ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਪੂਰੀ ਤਰ੍ਹਾਂ ਅਮਨੋ-ਅਮਾਨ ਹੈ।” ਸ਼ੀਤੇ ਨੇ ਆਪਣੀ ਆਦਤ ਮੁਤਾਬਕ ਵਿਅੰਗ ਭਰਪੂਰ ਲਹਿਜ਼ੇ ਵਿਚ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦੀ ਸੰਖਿਪਤ ਜਿਹੀ ਤਸਵੀਰ ਪੇਸ਼ ਕਰਦਿਆਂ ਕਿਹਾ।

-ਲੈ ਬਈ! ਇਹ ਗਲ ਕਰਕੇ ਤਾਂ ਸ਼ੀਤਾ ਮਨਮੋਹਨ ਸਿੰਘ ਦੇ ਬਿਆਨ ਵਾਂਗ ਸਾਡੇ ਸਾਰਿਆਂ ਤੋਂ ਵਧੇਰੇ ਨੰਬਰ ਲੈ ਗਿਆ। ਤਾਏ ਨੇ ਸ਼ੀਤੇ ਦੀ ਸਿਫ਼ਤ ਕਰਦਿਆਂ ਕਿਹਾ।

“ ਲੈ ਤਾਇਆ! ਇਸ ਵੇਲੇ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਮਨਮੋਹਨ ਸਿੰਘ ਨੂੰ ਗੱਦੀਓਂ ਲਾਹੁਣ ਲਈ ਰੌਲਾ ਪਾਈ ਜਾ ਰਹੀਆਂ ਨੇ ਤੇ ਤੂੰ ਕਹਿੰਦੈਂ ਕਿ ਉਹ ਨੰਬਰ ਲੈ ਗਿਆ।” ਗੱਪੀ ਕਮਾਲਪੁਰੀਏ ਨੇ ਤਾਏ ਨੂੰ ਸਵਾਲ ਕਰਦਿਆਂ ਕਿਹਾ।

“ਵੇਖ ਬਈ! ਗੱਲ ਇੰਜ ਆ ਕਿਹਾ ਇਹ ਤਾਂ ਉਹੀ ਗੱਲ ਹੋਈ ਮੈਂ ਇਹਦੇ ਨਹੀਂ ਵੱਸਣਾ ਇਹਦੀ ਹਸਦੇ ਦੀ ਮੁੱਛ ਹਿਲਦੀ ਐ। ਵਿਰੋਧੀ ਪਾਰਟੀਆਂ ਨੇ ਤਾਂ ਮਨਮੋਹਨ ਸਿੰਘ ਨੂੰ ਮਾੜਿਆਂ ਕਹਿਣ ਦਾ ਕੋਈ ਬਹਾਨਾ ਨਹੀਂ ਛੱਡਣਾ। ਸ਼ੁਰੂ ਤੋਂ ਈ ਜਦੋਂ ਦਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਿਆਂ ਕਦੀ ਵਿਰੋਧੀ ਉਸਨੂੰ ਛਿਖੰਡੀ ਕਹਿੰਦੇ ਨੇ ਕਦੀ ਨਪੁੰਸਕ ਅਤੇ ਕਦੀ ਕੋਈ ਹੋਰ ਨਾਮ ਦੇ ਦਿੰਦੇ ਨੇ। ਇਹ ਤਾਂ ਇੰਜ ਲਗਦੈ ਜਿਵੇਂ ਭਾਜਪਾ ਵਾਲਿਆਂ ਦੀ ਮਨਮੋਹਨ ਸਿੰਘ ਨਾਲ ਜ਼ਾਤੀ ਦੁਸ਼ਮਣੀ ਹੋਵੇ।” ਮਾਸਟਰ ਧਰਮੇ ਨੇ ਮਨਮੋਹਨ ਸਿੰਘ ਦਾ ਪੱਖ ਪੂਰਦਿਆਂ ਕਿਹਾ।

“ਵੇਖ ਮਾਸਟਰਾ! ਤੇਰੀ ਇਸ ਗੱਲ ਵਿਚ ਦੁਸ਼ਮਣੀ ਵਾਲੀ ਭਾਵੇਂ ਸੱਚਾਈ ਹੋਵੇ। ਪਰ ਤੈਨੂੰ ਇਹ ਤਾਂ ਮੰਨਣਾ ਪਊ ਕਿ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਵਰਗੇ ਮੁੱਦਿਆਂ ‘ਤੇ ਮਨਮੋਹਨ ਸਿੰਘ ਦਾ ਕੋਈ ਕਾਬੂ ਨਹੀਂ ਰਿਹਾ।” ਸ਼ੀਤੇ ਨੇ ਮਾਸਟਰ ਧਰਮੇ ਦੀ ਗੱਲ ਕੱਟਦਿਆਂ ਕਿਹਾ।

“ਸ਼ੀਤਿਆ! ਇਹ ਤਾਂ ਤੇਰੀ ਗੱਲ ਠੀਕ ਆ। ਪਰ ਇਹ ਗੱਲ ਦੱਸ ਪਿਛਲੀ ਵਾਰ ਕੋਇਲਾ ਘੁਟਾਲੇ ਬਾਰੇ ਮਨਮੋਹਨ ਸਿੰਘ ਨਾਲ ਕਿਸੇ ਕਿਸਮ ਦੀ ਬਹਿਸ ਕਰਨ ਦੀ ਬਜ਼ਾਇ ਜਿਹੜਾ ਭਾਜਪਾ ਨੇ ਸੰਸਦ ਦਾ ਬਾਈਕਾਟ ਕਰੀ ਰੱਖਿਆ ਉਸ ਨਾਲ ਜਿਹੜਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਇਸਤੋਂ ਬਾਅਦ ਤੇਲ ਦੀਆਂ ਕੀਮਤਾਂ ਵਧਣ ਕਰਕੇ ਜਿਹੜਾ ਬੰਦ  ਹੋਇਆ ਉਸ ਨਾਲ ਭਾਰਤ ਵਿਚ ਜਿਹੜਾ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ। ਉਸ ਲਈ ਭਾਜਪਾ ਜ਼ਿੰਮੇਵਾਰ ਨਹੀਂ। ਜਿਹੜੇ ਵਿਚਾਰੇ ਗਰੀਬ ਰੋਜ਼ਾਨਾ ਦਿਹਾੜੀ ਕਰਕੇ ਢਿੱਡ ਪਾਲਦੇ ਨੇ ਕਦੀ ਇਸ ਭਾਜਪਾ ਨੇ ਸੋਚਿਆ ਕਿ ਉਨ੍ਹਾਂ ਦੇ ਪ੍ਰਵਾਰ ਨੂੰ ਰੋਟੀ ਕਿਥੋਂ ਮਿਲੀ ਹੋਵੇਗੀ? ਗੱਲ ਸਿਰਫ ਇੰਨੀ ਹੈ ਕਿ ਭਾਜਪਾ ਸਮੇਂ ਵੀ ਭ੍ਰਿਸ਼ਟਾਚਾਰ ਹੁੰਦਾ ਰਿਹਾ ਅਤੇ ਕਾਂਗਰਸ ਵੇਲੇ ਵੀ ਹੋ ਰਿਹਾ ਹੈ। ਇਹਨਾਂ ਲੀਡਰਾਂ ਨੂੰ ਆਮ ਆਦਮੀ ਨਾਲ ਕੋਈ ਲੈਣਾ ਦੇਣਾ ਨਹੀਂ। ਇਨ੍ਹਾਂ ਜਿਹੜੇ ਲੱਖਾਂ ਕਰੋੜਾਂ ਰੁਪਏ ਇਲੈਕਸ਼ਨ ਵੇਲੇ ਖਰਚੇ ਸਨ, ਉਹ ਇਨ੍ਹਾਂ ਨੇ ਅਜਿਹੀਆਂ ਹੇਰਾਫੇਰੀਆਂ ਨਾਲ ਈ ਪੂਰੇ ਕਰਨੇ ਨੇ।” ਇਕ ਲੰਮਾ ਚੌੜਾ ਭਾਸ਼ਣ ਝਾੜਦਿਆਂ ਮਾਸਟਰ ਜਗੀਰ ਨੇ ਕਿਹਾ।

“ਪਰ ਇਹ ਗੱਲ ਤਾਂ ਸਾਰਿਆਂ ਨੂੰ ਮੰਨਣੀ ਪਊ। ਆਹ ਜਿਹੜਾ ਐਫਡੀਆਈ ਵਾਲਾ ਪੰਗਾ ਪੈ ਗਿਆ ਇਸ ਨਾਲ ਆਮ ਬਿਜ਼ਨੈਸਮੈਨਾਂ ਦਾ ਕੀ ਬਣੂ?” ਸ਼ੀਤੇ ਨੇ ਗੱਲ ਨੂੰ ਅੱਗੇ ਤੋਰਦਿਆਂ ਕਿਹਾ।

-ਵੇਖ ਸ਼ੀਤਿਆ! ਇਸ ਵੇਲੇ ਭਾਰਤ ਵਿਚ ਕਾਰਾਂ ਬਾਹਰ ਦੀਆਂ, ਫੋਨ ਬਾਹਰ ਦੇ, ਟੀਵੀ ਸਟੇਸ਼ਨ ਬਾਹਰ ਦੇ, ਜੁੱਤੀਆਂ ਕਪੜੇ ਬਾਹਰ ਦੇ ਗੱਲ ਕੀ ਹਰ ਚੀਜ਼ ਤਾਂ ਬਾਹਰ ਦੀ ਆਈ ਹੋਈ ਆ। ਫਿਰ ਜੇ ਵਾਲਮਾਰਟ ਜਾਂ ਕੁਝ ਹੋਰ ਕੰਪਨੀਆਂ ਆ ਜਾਣਗੀਆਂ ਤਾਂ ਫਿਰ ਕੀ ਫਰਕ ਪੈ ਜਾਣਾ ਹੈ। ਤੂੰ ਕਿਹੜਾ ਆਪਣੇ ਪਿੰਡ ਦੇ ਕਸ਼ਮੀਰੀ ਦੀ ਹੱਟੀ ਨੂੰ ਛੱਡਕੇ ਅੰਮ੍ਰਿਤਸਰੋਂ, ਜਲੰਧਰੋਂ ਜਾਂ ਫਿਰ ਲੁਧਿਆਣਿਉਂ ਵਾਲਮਾਰਟ ਤੋਂ ਸ਼ਾਪਿੰਗ ਕਰਨ ਜਾਣੈ। ਇਹ ਵੀ ਤਾਂ ਸੋਚੋ ਇੰਜ ਕਰਕੇ ਬਾਹਰੀਆਂ ਕੰਪਨੀਆਂ ਜਿਹੜਾ ਭਾਰਤ ਵਿਚ ਇਨਵੈਸਟਮੈਂਟ ਕਰ ਰਹੀਆਂ ਨੇ ਉਸ ਨਾਲ ਗਰੀਬਾਂ ਨੂੰ ਕੰਮਕਾਰ ਵੀ ਤਾਂ ਮਿਣਗੇ। ਤਾਏ ਨੇ ਸ਼ੀਤੇ ਨੂੰ ਸਮਝਾਉਂਦਿਆਂ ਹੋਇਆਂ ਕਿਹਾ।

“ਪਰ ਤਾਇਆ! ਇਸ ਨਾਲ ਉਸ ਦੇ ਲਾਗਲੇ ਕਈ ਛੋਟੇ ਦੁਕਾਨਦਾਰਾਂ ਦੀ ਤਾਂ ਰੋਟੀ ਰੋਜ਼ੀ ਬੰਦ ਹੋ ਜਾਵੇਗੀ?” ਸ਼ੀਤੇ ਨੇ ਆਪਣਾ ਖਦਸ਼ਾ ਪ੍ਰਗਟਾਉਦਿਆਂ ਕਿਹਾ।

-ਇਹ ਤਾਂ ਤੇਰੀ ਗੱਲ ਸੱਚ ਆ ਕਿ 51% ਹੋਣ ਨਾਲ ਜਦੋਂ ਵਾਲਮਾਰਟ ਜਾਂ ਹੋਰ ਸਟੋਰ ਖੁਲ੍ਹਣਗੇ ਤਾਂ ਲਾਗਲੇ ਦੁਕਾਨਦਾਰਾਂ ਦੇ ਕਾਰੋਬਾਰ ਬੰਦ ਹੋ ਜਾਣਗੇ। ਪਰ ਪਹਿਲਾਂ ਜਿਹੜਾ 49% ਨਾਲ ਖੁਲ੍ਹਣੇ ਸਨ। ਉਸ ਨਾਲ ਕਾਰੋਬਾਰਾਂ ‘ਤੇ ਅਸਰ ਨਹੀਂ ਸੀ ਪੈਣਾ। ਗੱਲ ਇੰਜ ਆ ਕਿ ਸ਼ੀਤਿਆ ਇਹ ਸਾਰੀ ਸਿਆਸਤ ਆ। ਬਾਹਰਲੇ ਦੇਸ਼ਾਂ ਵਿਚ ਬੈਠੇ ਆਪਣੇ ਕਈ ਪੰਜਾਬੀ ਭਰਾ ਵੀ ਇਥੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ। ਪਰ ਕੋਈ ਇਹ ਨਹੀਂ ਚਾਹੁੰਦਾ ਕਿ ਆਪਣੀ ਖੂਨ ਪਸੀਨੇ ਦੀ ਕਮਾਈ ਦਾ 49% ਪੈਸਾ ਲਾਕੇ ਕਾਰੋਬਾਰ ਹੋਰਨਾਂ ਚੋਰ ਕਿਸਮ ਦੇ ਕਾਰੋਬਾਰੀਆਂ ਦੇ ਹੱਥ ਫੜਾ ਦਿੱਤਾ ਜਾਵੇ। ਉਹ ਚਾਹੁੰਦੇ ਨੇ ਕਿ ਅੱਧੇ ਤੋਂ ਵੱਧ ਉਨ੍ਹਾਂ ਦਾ ਹਿੱਸਾ ਹੋਏ ਅਤੇ ਉਨ੍ਹਾਂ ਦੇ ਖੂਨ ਪਸੀਨੇ ਦੀ ਕਮਾਈ ਉਨ੍ਹਾਂ ਦੇ ਆਪਣੇ ਹੱਥਾਂ ਵਿਚ ਹੀ ਰਹੇ। ਸਾਡੇ ਇਹ ਲੀਡਰ ਤਾਂ ਟਿੰਡ ਵਿਚ ਕਾਨਾ ਪਾਉਣ ਵਾਲੀ ਗੱਲ ਕਰ ਰਹੇ ਨੇ। ਪਹਿਲਾਂ ਤੂੰ ਇਹ ਦੱਸ ਕਿ ਪੈਸਾ ਤੂੰ ਲਾਵੇਂ ਅਤੇ ਕਬਜ਼ਾ ਨਿਹਾਲੇ ਅਮਲੀ ਦਾ ਹੋਵੇ? ਤਾਏ ਨੇ ਆਪਣੀ ਗੱਲ ਸਮਝਾਉਂਦਿਆਂ ਸ਼ੀਤੇ ਨੂੰ ਕਿਹਾ।

“ਲੈ ਤਾਇਆ! ਇਹ ਕਿਵੇਂ ਹੋ ਸਕਦੈ ਕਿ ਕਮਾਈ ਮੇਰੀ ਹੋਵੇ ਅਤੇ ਉਸ ਪੈਸੇ ਨਾਲ ਨਸ਼ਾ ਪੱਤਾ ਨਿਹਾਲੇ ਅਮਲੀ ਦਾ ਚਲਦਾ ਰਹੇ। ਸ਼ੀਤੇ ਨੇ ਸਿਰ ਖੁਰਕਦਿਆਂ ਕਿਹਾ।

“ਹਾਂ ਤਾਇਆ! ਇਥੇ ਤਾਂ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਘਰ ਕੋਈ ਬਣਾਉਂਦਾ ਹੈ ਅਤੇ ਕਬਜ਼ਾ ਕਰਕੇ ਕਿਰਾਏਦਾਰ ਬੈਠਿਆ ਹੁੰਦਾ ਹੈ। ਇਹ ਤਾਂ ਇਥੋਂ ਦੀ ਗੱਲ ਆ ਜੇਕਰ ਪਤਾ ਹੋਵੇ ਕਿ ਪੈਸੇ ਲਾਉਣ ਵਾਲੇ ਬਾਹਰ ਬੈਠਾ ਹੈ ਤਾਂ ਫਿਰ ਤਾਂ ਚੋਰਾਂ ਦੇ ਕਪੜੇ ‘ਤੇ ਡਾਂਗਾਂ ਦੇ ਗਜ ਵਾਲੀ ਕਹਾਵਤ ਪੂਰੀ ਤਰ੍ਹਾਂ ਢੁਕੇਗੀ।” ਮਾਸਟਰ ਜਗੀਰ ਨੇ ਤਾਏ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ।

-ਫਿਰ ਤੂੰ ਦੱਸ ਬਾਹਰ ਬੈਠੇ ਲੋਕੀਂ ਜਾਂ ਕੰਪਨੀਆਂ ਇਹ ਕਿਵੇਂ ਚਾਹੁਣਗੀਆਂ ਕਿ ਡਾਲਰ, ਪੌਂਡ ਜਾਂ ਯੂਰੋ ਉਨ੍ਹਾਂ ਦੇ ਹੋਣ ਅਤੇ ਅੱਯਾਸ਼ੀਆਂ ਇਥੇ ਬੈਠੇ ਸਰਮਾਏਦਾਰ ਕਰਦੇ ਰਹਿਣ ਅਤੇ ਕੁਝ ਸਾਲਾਂ ਬਾਅਦ ਆਪਣੀਆਂ ਜੇਬਾਂ ਭਰਕੇ ਕਾਰੋਬਾਰ ਨੂੰ ਦੀਵਾਲੀਆ ਐਲਾਨਕੇ ਬਾਹਰ ਬੈਠੇ ਲੋਕਾਂ ਨੂੰ ਅੰਗੂਠਾ ਵਿਖਾ ਜਾਣ। ਹੁਣ ਵੀ ਤਾਂ ਕਈ ਵੱਡੀਆਂ ਕੰਪਨੀਆਂ ਆਊਟ ਸੋਰਸਿੰਗ ਰਾਹੀਂ ਇਥੇ ਬੈਠੇ ਲੋਕਾਂ ਨੂੰ ਕੰਮਕਾਰ ਦੇ ਹੀ ਰਹੀਆਂ ਨੇ। ਤਾਏ ਨੇ ਆਪਣੀ ਗੱਲ ਨੂੰ ਸਮਝਾਉਂਦਿਆਂ ਹੋਇਆ ਕਿਹਾ।

“ ਇਹ ਤਾਂ ਤੇਰੀ ਗੱਲ ਠੀਕ ਆ।” ਸ਼ੀਤੇ ਨੇ ਗੱਲ ਨੂੰ ਕੁਝ ਕੁਝ ਸਮਝਦਿਆਂ ਕਿਹਾ।

“ਇਹ ਤਾਂ ਤੇਰੀ ਗੱਲ ਠੀਕ ਆ ਤਾਇਆ! ਪਹਿਲਾਂ ਸਾਰੀਆਂ ਵਿਰੋਧੀ ਪਾਰਟੀਆਂ ਮਨਮੋਹਨ ਸਿੰਘ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਕਹਿਕੇ ਰੌਲਾ ਪਾਈ ਜਾ ਰਹੀਆਂ ਸਨ। ਹੁਣ ਜਦੋਂ ਸਿੰਘ ਨੇ ਆਪਣਾ ਦਮ ਵਿਖਾਇਆ ਤਾਂ ਸਾਰੇ ਈ ਰੌਲਾ ਪਾਈ ਜਾ ਰਹੇ ਨੇ। ਦੂਜੀ ਰਹੀ ਤੇਲ ਦੀਆਂ ਕੀਮਤਾਂ ਵਧਣ ਦੀ ਗੱਲ ਹੁਣ ਜੇ ਸਾਰੀ ਦੁਨੀਆਂ ਵਿਚ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ ਤਾਂ ਮਨਮੋਹਨ ਸਿੰਘ ਦਾ ਇਸ ਵਿੱਚ ਕੀ ਕਸੂਰ?” ਤਾਏ ਦੀ ਗੱਲ ਦੀ ਹਿਮਾਇਤ ਕਰਦਿਆਂ ਮਾਸਟਰ ਧਰਮੇ ਨੇ ਕਿਹਾ।

-ਹੁਣ ਅਮਰੀਕਾ ਦੀ ਹੀ ਗੱਲ ਕਰ ਲਈਏ ਉਥੇ ਵੀ ਕੁਝ ਸਾਲ ਪਹਿਲਾਂ ਦੋ ਢਾਈ ਡਾਲਰ ਦਾ ਗੈਲਨ ਤੇਲ ਮਿਲਦਾ ਸੀ। ਅਤੇ ਹੁਣ ਉਸੇ ਤੇਲ ਦੀ ਕੀਮਤ ਚਾਰ ਡਾਲਰ ਤੋਂ ਵੱਧ ਹੋਈ ਪਈ ਆ। ਹੁਣ ਇਥੇ ਦੱਸੋ ਜੇਕਰ ਅਮਰੀਕਾ ਵਰਗਾ ਦੇਸ਼ ਤੇਲ ਦੀਆਂ ਕੀਮਤਾਂ ‘ਤੇ ਕਾਬੂ ਨਹੀਂ ਕਰ ਸਕਿਆ ਜਿਹਦਾ ਪੂਰੇ ਮਿਡਲ ਈਸਟ ਦੀਆਂ ਅਨੇਕਾਂ ਕੰਪਨੀਆਂ ‘ਤੇ ਕਬਜ਼ਾ ਹੈ ਤਾਂ ਫਿਰ ਭਾਰਤ ਦੀ ਗੱਲ ਕਿਥੇ ਰਹੀ। ਜੇਕਰ ਪਟਰੌਲ ਡੀਜ਼ਲ ਦੀਆਂ ਕੀਮਤਾਂ ਵਧਣੀਆਂ ਨੇ ਤਾਂ ਫਿਰ ਢੋਆ ਢੁਆਈ ਦੇ ਖਰਚੇ ਵਧਣ ਕਰਕੇ ਹੋਰਨਾਂ ਚੀਜ਼ਾਂ ਦੀਆਂ ਕੀਮਤਾਂ ‘ਤੇ ਵੀ ਅਸਰ ਤਾਂ ਪੈਣਾ ਹੀ ਹੈ। ਨਾਲੇ ਸ਼ੀਤਿਆ ਜਦੋਂ ਤੱਕ ਸਾਡੇ ਆਹ ਆਬਾਦੀ ਵਧਦੀ ਜਾਣੀ ਹੈ, ਮਹਿੰਗਾਈ ‘ਤੇ ਕਾਬੂ ਪਾਊਣਾ ਬੜਾ ਹੀ ਮੁਸ਼ਕਲ ਹੈ। ਭਾਰਤ ਦੀ ਜ਼ਮੀਨ ਤਾਂ ਬੱਲਿਆ ਉਨੀਂ ਹੀ ਰਹਿਣੀ ਆ। ਖਾਣ ਵਾਲੇ ਢਿੱਡ ਵਧਦੇ ਜਾਣਗੇ ਤਾਂ ਫਿਰ ਵਧੀਆ ਜੀਵਨ ਦਾ ਸੋਚਣਾ ਇਹ ਸੁਪਨਾ ਜਿਹਾ ਲਗਦਾ ਹੈ। ਜਿਹੜੇ ਦਸ ਕਿਲਿਆਂ ਦੀ ਜ਼ਮੀਨ ‘ਤੇ ਪਹਿਲਾਂ ਇਕ ਘਰ ਪਲਦਾ ਸੀ ਜਦੋਂ ਉਸੇ ਘਰ ਵਿਚ ਪੰਜ ਮੁੰਡੇ ਹੋ ਜਾਣ ਨਾਲ ਪੈਲੀ ਇਕ ਦੇ ਹਿੱਸੇ ਦੋ-ਦੋ ਕਿਲੇ ਆਵੇਗੀ ਤਾਂ ਤੂੰ ਈ ਦੱਸ ਦੋ ਕਿਲਿਆਂ ਵਿਚ ਇਕ ਟੱਬਰ ਦਾ ਗੁਜ਼ਾਰਾ ਕਿਵੇਂ ਹੋਊ? ਫਿਰ ਉਨ੍ਹਾਂ ਦੋ ਕਿਲਿਆਂ ਵਿਚ ਉਨ੍ਹਾਂ ਨੂੰ ਘਰ ਪਾਉਣ ਲਈ ਵੀ ਪੰਜੀਂ ਥਾਈਂ ਜਗ੍ਹਾ ਦੀ ਲੋੜ ਵੀ ਤਾਂ ਪਵੇਗੀ। ਤਾਏ ਨੇ ਇਕ ਲੰਮਾ ਚੌੜਾ ਭਾਸ਼ਣ ਝਾੜਦਿਆਂ ਕਿਹਾ।

“ਲੈ ਫਿਰ ਤਾਇਆ! ਇਹ ਤਾਂ ਫਿਰ ਉਹੀ ਗੱਲ ਹੋਈ ਕਿ ਵਿਰੋਧੀ ਮਨਮੋਹਨ ਸਿੰਘ ਨੂੰ ਕਮਜ਼ੋਰ-ਕਮਜ਼ੋਰ ਕਹਿਕੇ ਰੌਲਾ ਪਾਈ ਜਾ ਰਹੇ ਸੀ ਅਤੇ ਹੁਣ ਜਦੋਂ ਉਸਨੇ ਆਪਣੀ ਸਖਤੀ ਵਿਖਾਈ ਹੈ ਤਾਂ ਸਾਰਿਆਂ ਨੂੰ ਦੰਦਲਾਂ ਪੈਣ ਲੱਗ ਪਈਆਂ ਨੇ।” ਗੱਪੀ ਨੇ ਵੀ ਗਲਬਾਤ ਵਿਚ ਆਪਣਾ ਹਿੱਸਾ ਪਾਉਂਦਿਆਂ ਕਿਹਾ।

“ਚਲ ਤਾਇਆ! ਬਾਕੀ ਦੀਆਂ ਗੱਲਾਂ ਬਾਅਦ ਵਿਚ ਕਰਾਂਗੇ। ਹੁਣ ਕੱਢ ਇਕ ਕੜਕਦਾ ਹੋਇਆ ਨੋਟ ਅਤੇ ਸਾਡੇ ਗਰੀਬੀ ਵੀ ਦੂਰ ਕਰ। ਅਸੀਂ ਵੀ ਚਾਹ ਨਾਲ ਗਰਮਾ ਗਰਮ ਪਕੌੜੇ ਤੇ ਜਲੇਬੀਆਂ ਖਾਕੇ ਬੈਠਕ ਵਿਚ ਬੈਠੇ ਪ੍ਰਵਾਰ ਦੀ ਭੁੱਖ ਮਿਟਾਈਏ।”ਸ਼ੀਤੇ ਦੀ ਇਹ ਗੱਲ ਸੁਣਕੇ ਸਾਰੀ ਬੈਠਕ ਵਿਚ ਹਾਸਾ ਖਿਲਰ ਗਿਆ ਅਤੇ ਤਾਇਆ ਆਪਣੇ ਬਟੂਏ ਚੋਂ ਸ਼ੀਤੇ ਨੂੰ ਦੇਣ ਲਈ ਨੋਟ ਲੱਭਣ ਲੱਗ ਪਿਆ।i

This entry was posted in ਤਾਇਆ ਵਲੈਤੀਆ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>