ਲੀਡਰ ਬਣਨ ਦੇ ਨੁਸਖੇ

ਮੇਰਾ ਕਈ ਵਾਰ ਵਿਅੰਗ ਲਿਖਣ ਨੂੰ ਬੜਾ ਹੀ ਜੀ ਕਰਦਾ ਹੈ ਪਰ ਫਿਰ ਇਹ ਸੋਚਕੇ ਡਰ ਜਾਂਦਾ ਹਾਂ ਕਿ ਮੇਰਾ ਲਿਖਿਆ ਵਿਅੰਗ ਕਿਸੇ ਦਾ ਦਿਲ ਹੀ ਨਾ ਦੁਖਾ ਦੇਵੇ। ਕਿਉਂਕਿ ਵਿਅੰਗ ਲਿਖਣ ਜਾਂ ਕੱਸਣ ਵਿਚ ਸਿਰਫ਼ ਲਫ਼ਜ਼ਾਂ ਦਾ ਮਾਮੂਲੀ ਜਿਹਾ ਹੇਰ ਫੇਰ ਹੁੰਦਾ ਹੈ। ਕਈ ਵਾਰ ਅਸੀਂ ਕਿਸੇ ‘ਤੇ ਵਿਅੰਗ ਕੱਸਕੇ ਜਾਂ ਲਿਖਕੇ ਆਪਣੇ ਆਪ ਨੂੰ ਬਹੁਤ ਵੱਡਾ ਤੀਸ ਮਾਰ ਖਾਂ ਸਮਝਣ ਲੱਗ ਪੈਂਦੇ ਹਾਂ। ਪਰ ਸਾਨੂੰ ਇਹ ਪਤਾ ਨਹੀਂ ਲਗਦਾ ਕਿ ਅਸੀਂ ਕਿਸੇ ‘ਤੇ ਵਿਅੰਗ ਕੱਸਕੇ ਕੋਈ ਬਹੁਤ ਵੱਡਾ ਤੀਰ ਨਹੀਂ ਮਾਰ ਲਿਆ। ਸਗੋਂ ਅਸੀਂ ਇਹ ਗੁਸਤਾਖੀ ਕਰਕੇ ਕਿਸੇ ਭਲੇ ਮਾਣਸ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਸੱਟ ਮਾਰ ਦਿੱਤੀ ਹੈ।

ਜਿਵੇਂ ਕਿ ਅਸੀਂ ਕਿਸੇ ਲੀਡਰ ਵਲੋਂ ਕੀਤੀ ਜਾ ਰਹੀ ਹੇਰਾਫੇਰੀ ਉਪਰ ਜਾਂ ਗੱਲ-ਗੱਲ ‘ਤੇ ਉਸ ਵਲੋਂ ਆਪਣੇ ਬਿਆਨਾਂ ਤੋਂ ਮੁਕਰਨ ਦੀਆਂ ਗੱਲਾਂ ‘ਤੇ ਵਿਅੰਗ ਤਾਂ ਕੱਸ ਦਿੰਦੇ ਹਾਂ। ਪਰੰਤੂ ਅਸੀਂ ਕਦੀ ਨਹੀਂ ਸੋਚਿਆ ਕਿ ਅਸੀਂ ਇਕ ਲੀਡਰ ਦੇ ਪ੍ਰੋਫੈਸ਼ਨ ਉਪਰ ਸਿੱਧਾ ਹਮਲਾ ਕਰ ਰਹੇ ਹਾਂ। ਇਸ ਵਿਚ ਲੀਡਰ ਦਾ ਕੋਈ ਕਸੂਰ ਨਹੀਂ, ਉਸਨੇ ਜਦੋਂ ਨੇਤਾਗਿਰੀ ਦੀ ਪੌੜੀ ਚੜ੍ਹਣੀ ਸ਼ੁਰੂ ਕੀਤੀ ਸੀ ਤਾਂ ਉਸਨੂੰ ਸਭ ਤੋਂ ਪਹਿਲੀ ਗੁੜ੍ਹਤੀ ਜਾਂ ਸਿਖਿਆ ਹੀ ਇਹੀ ਦਿੱਤੀ ਗਈ ਸੀ ਕਿ ਲੋਕੀਂ ਭਾਵੇਂ ਸ਼ਰੇਆਮ ਤੁਹਾਡੀ ਬੇਇੱਜ਼ਤੀ ਕਰੀ ਜਾਣ ਤੁਸੀਂ ਬੱਸ ਬੇਸ਼ਰਮਾਂ ਵਾਂਗੂੰ ਮੁਸਕਰਾਈ ਜਾਣਾ ਹੈ। ਭਾਵੇਂ ਕੋਈ ਤੁਹਾਡੇ ਵਲੋਂ ਦਿੱਤੇ ਗਏ ਬਿਆਨ ਦੀ ਪੂਰੀ ਵੀਡੀਓ ਹੀ ਕਿਉਂ ਨਾ ਵਿਖਾ ਦੇਵੇ ਤੁਸੀਂ ਸਿਰਫ਼ ਇੰਨਾ ਹੀ ਕਹਿਣਾ ਹੈ ਕਿ  ਸਾਡੀ ਵਿਰੋਧੀ ਪਾਰਟੀ ਵਲੋਂ ਮੇਰੇ ਅਕਸ ਨੂੰ ਖਰਾਬ ਕਰਨ ਦੀ ਨੀਅਤ ਨਾਲ ਇਸ ਸੀਡੀ, ਡੀਵੀਡੀ ਜਾਂ ਵੀਡੀਓ ਨਾਲ ਛੇੜਖਾਨੀ ਕੀਤੀ ਗਈ ਹੈ। ਲੀਡਰਾਂ ਨੂੰ ਇਹ ਵੀ ਨਸੀਅਤ ਦਿੱਤੀ ਗਈ ਹੁੰਦੀ ਹੈ ਕਿ ਭਾਵੇਂ ਲੋਕੀਂ ਤੁਹਾਡੇ ਦਾਦਿਆਂ ਪੜਦਾਦਿਆਂ ਜਾਂ ਨਾਨਿਆਂ ਪੜਨਾਨਿਆਂ ਵਲੋਂ ਕੀਤੀਆਂ ਗਈਆਂ ਕਾਰਸਤਾਨੀਆਂ ਕਰਕੇ ਤੁਹਾਡੇ ‘ਤੇ ਚਿੱਕੜ ਸੁੱਟੀ ਜਾਣ ਤੁਸੀਂ ਨਹੀਂ ਬੋਲਣਾ। ਭਾਵੇਂ ਤੁਹਾਡੇ ਜਾਂ ਤੁਹਾਡੇ ਲੜਕੇ ਦੇ ਕਿਸੇ ਹੋਰ ਨਾਲ ਨਜਾਇਜ਼ ਸਬੰਧਾਂ ਦੀ ਗੱਲ ਕਰਕੇ ਬਿਆਨਬਾਜ਼ੀ ਕਰੀ ਜਾਣ ਤੁਸੀਂ ਕੰਨਾਂ ਵਿਚ ਰੂੰ ਦੇ ਕੇ ਅੱਗੇ ਨਿਕਲ ਜਾਣਾ ਹੈ।

ਸਾਡੇ ਲੀਡਰ ਤਾਂ ਇੰਨੇ ਮਹਾਨ ਹਨ ਕਿ ਕਈ ਵਾਰ ਉਹ ਆਪਣੇ ਅਵਾਰਾ ਲੜਕੇ ਨੂੰ ਕਿਸੇ ਲੜਕੀ ਦੀ ਇੱਜ਼ਤ ਲੁਟਣ ਦੇ ਇਲਜ਼ਾਮ ਤੋਂ ਬਚਾਉਣ ਲਈ ਹਸਪਤਾਲ ਵਿਚ ਭਰਤੀ ਕਰਵਾ ਦਿੰਦੇ ਹਨ। ਨਾਲ ਹੀ ਸਿਫਾਰਸ਼ਾਂ ਨਾਲ ਲੱਗੇ ਡਾਕਟਰ ਨੂੰ ਇਹ ਵੀ ਹਿਦਾਇਤ ਕਰ ਦਿੰਦੇ ਹਨ ਕਿ ਇਸਨੂੰ ਇਕ ਹਫ਼ਤਾ ਪਹਿਲਾਂ ਹਸਪਤਾਲ ਵਿਚ ਦਾਖ਼ਲ ਹੋਏ ਦਾ ਰਿਕਾਰਡ ਤਿਆਰ ਕਰ ਲਵੋ ਅਤੇ ਇਹ ਲਿਖਣਾ ਨਾ ਭੁਲਣਾ ਕਿ ਇਹ ਨਾਮਰਦੀ ਦਾ ਇਲਾਜ ਕਰਵਾਉਣ ਲਈ ਇਥੇ ਦਾਖਲ ਹੋਇਆ ਹੈ।

ਜਦ ਕੇਸ ਮਾਨਯੋਗ ਜੱਜ ਸਾਹਿਬ ਦੀ ਕਚਹਿਰੀ ਵਿਚ ਪਹੁੰਚਦਾ ਹੈ ਤਾਂ ਬਚਾਅ ਪੱਖ ਦਾ ਵਕੀਲ ਪਹਿਲੀ ਦਲੀਲ ਇਹ ਦਿੰਦਾ ਹੈ ਕਿ ਜਦੋਂ ਲੜਕੀ ਦੀ ਇੱਜ਼ਤ ਲੁੱਟੀ ਗਈ ਉਸ ਵੇਲੇ ਤਾਂ ਇਹ ਹਸਪਤਾਲ ਵਿਚ ਦਾਖਲ ਸੀ। ਇਸ ਲਈ ਇਹ ਕੁਕਰਮ ਉਸਨੇ ਨਹੀਂ ਕੀਤਾ। ਨਾਲ ਹੀ ਜੱਜ ਸਾਹਿਬ ਪਾਸ ਡਾਕਟਰ ਦੀ ਰਿਪੋਰਟ ਪੇਸ਼ ਕਰ ਦਿੱਤੀ ਜਾਂਦੀ ਹੈ ਕਿ ਇਹ ਤਾਂ ਹਸਪਤਾਲ ਵਿਚ ਆਪਣੀ ਨਾਮਰਦੀ ਦਾ ਇਲਾਜ ਕਰਵਾ ਰਿਹਾ ਸੀ। ਭਲਾ ਇਕ ਨਾਮਰਦ ਆਦਮੀ ਕਿਸੇ ਲੜਕੀ ਦੀ ਇੱਜ਼ਤ ਕਿਵੇਂ ਲੁੱਟ ਸਕਦਾ ਹੈ?  ਵਕੀਲ ਦੀਆਂ ਦਲੀਲਾਂ ਨੂੰ ਮੰਨਦਿਆਂ ਹੋਇਆਂ ਮੰਤਰੀ ਦਾ ਬੇਟਾ ਬਰੀ ਹੋ ਜਾਂਦਾ ਹੈ। ਹੋਰ ਤਾਂ ਹੋਰ ਪੰਜ ਕੁ ਸਾਲਾਂ ਬਾਅਦ ਜਦੋਂ ਉਸ ਮੰਤਰੀ ਦਾ ਬੇਟਾ ਸਿਆਸਤ ਵਿਚ ਪੈਰ ਧਰਦਾ ਹੈ ਤਾਂ ਵਿਰੋਧੀ ਪਾਰਟੀ ਵਲੋਂ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਫਲਾਨੀ ਲੜਕੀ ਦੇ ਰੇਪ ਕੇਸ ਦੌਰਾਨ ਤਾਂ ਡਾਕਟਰ ਨੇ ਇਸਨੂੰ ਨਾਮਰਦੀ ਦੇ ਇਲਾਜ ਕਰਕੇ ਬਚਾਇਆ ਸੀ, ਹੁਣ ਇਸਦੇ ਤਿੰਨ ਬੱਚੇ ਹਨ। ਇਸਦੇ ਜਵਾਬ ਵਿਚ ਉਹ ਸ਼ਖਸ ਬੜੀ ਹੀ ਬੇਸ਼ਰਮੀ ਨਾਲ ਕਹਿੰਦਾ ਹੈ, “ਬਈ ਉਸ ਡਾਕਟਰ ਦੇ ਮੇਰੀ ਨਾਮਰਦੀ ਠੀਕ ਕਰ ਦਿੱਤੀ ਸੀ। ਉਸਤੋਂ ਬਾਅਦ ਹੀ ਮੇਰੇ ਤਿੰਨ ਬੱਚੇ ਹੋਏ ਹਨ।” ਜਿਸ ਦੇਸ ਵਿਚ ਅਜਿਹੇ ਹੋਣਹਾਰ ਲੀਡਰ ਹੋਣ ਉਸਦੇ ਭਵਿੱਖ ਬਾਰੇ ਅੰਦਾਜ਼ਾ ਲਾਉਣਾ ਕੋਈ ਮੁਸ਼ਕਲ ਗੱਲ ਨਹੀਂ।

ਸਾਰਿਆਂ ਨੂੰ ਪਤਾ ਹੈ ਕਿ ਕੁਝ ਸਾਲ ਪਹਿਲਾਂ ਤੁਸੀਂ ਸਬਜ਼ੀ ਦੀ ਰੇਹੜੀ ਲਾਉਂਦੇ ਹੁੰਦੇ ਸੀ ਅਤੇ ਹੁਣ ਸਿਆਸਤ ਤੋਂ ਸਿਵਾਇ ਤੁਹਾਡਾ ਕੋਈ ਕਾਰੋਬਾਰ ਵੀ ਨਹੀਂ ਹੈ। ਫਿਰ ਵੀ ਤੁਹਾਡੇ ਵਲੋਂ ਇੱਕਠੀ ਕੀਤੀ ਗਈ ਕਰੋੜਾਂ ਰੁਪਿਆਂ ਦੀ ਜਾਇਦਾਦ ਦਾ ਵੇਰਵਾ ਦੇਣ ਦੀ ਤੁਹਾਨੂੰ ਕੋਈ ਲੋੜ ਨਹੀਂ। ਤੁਹਾਡੇ ਉਪਰ ਇਕ ਨਹੀਂ ਭਾਵੇਂ ਅਨੇਕਾਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੀ ਜਾਣ ਤੁਸੀਂ ਇਨ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਸ਼ਾਨ ਵਿਚ ਹੱਥ ਹਿਲਾਕੇ ਇਹ ਕਹਿਕੇ ਅੱਗੇ ਨਿਕਲ ਜਾਣਾ ਹੈ ਕਿ ਇਹ ਸਿਰਫ਼ ਵਿਰੋਧੀ ਪਾਰਟੀ ਦੀ ਚਾਲ ਦਾ ਇਕ ਹਿੱਸਾ ਹੈ।

ਇਥੇ ਸਾਨੂੰ ਇਹ ਵੀ ਨਹੀਂ ਸਮਝ ਲੈਣਾ ਚਾਹੀਦਾ ਕਿ ਲੀਡਰ ਸਾਡੇ ਵਲੋਂ ਕੀਤੇ ਗਏ ਕਿਸੇ ਸਵਾਲ ਦੇ ਜਵਾਬ ਵਿੱਚ ਸਿਰਫ਼ ਇਕ ਮੁਸਕਾਨ ਛੱਡਕੇ ਚਲਿਆ ਗਿਆ। ਇਸਤੋਂ ਬਾਅਦ ਤੁਹਾਨੂੰ ਉਸ ਵਿਅੰਗ ਜਾਂ ਸਵਾਲ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣ ਦੀ ਬਹੁਤ ਲੋੜ ਹੈ। ਲੀਡਰ ਸਾਹਿਬ ਦੇ ਸਿਪਾਹੀ ਉਸੇ ਵੇਲੇ ਹੀ ਸਕਿਊਰਿਟੀ ਸੀਮਾ ਨੂੰ ਤੋੜਣ ਦੇ ਇਲਜ਼ਾਮ ਹੇਠ ਤੁਹਾਨੂੰ ਉਸ ਲੀਡਰ ‘ਤੇ ਹਮਲਾ ਕਰਨ ਲਈ ਆਇਆ ਕੋਈ ਅਤਿਵਾਦੀ ਗਰਦਾਨ ਕੇ ਕੋਈ ਕੇਸ  ਪਾ ਸਕਦੇ ਨੇ ਜਾਂ ਫਿਰ ਘੱਟੋ ਘੱਟ ਸਕਿਊਰਿਟੀ ਦੇ ਕਾਰ ਵਿਹਾਰ ਵਿਚ ਵਿਘਨ ਪਾਉਣ ਕਰਕੇ ਉਥੇ ਹੀ ਤੁਹਾਨੂੰ ਕੁਟਾਪਾ ਵੀ ਚਾੜ੍ਹ ਸਕਦੇ ਨੇ।

ਇਸ ਵੇਲੇ ਮੈਨੂੰ ਵੀ ਕੁਝ ਇੰਜ ਹੀ ਮਹਿਸੂਸ ਹੋ ਰਿਹਾ ਹੈ ਕਿ ਮੈਂ ਦੇਸ਼ ਦੇ ਲੀਡਰਾਂ ਤੋਂ ਲੈਕੇ ਅਖਬਾਰਾਂ ਵਿਚ ਖਾਹਮ ਖਾਹ ਲੀਡਰ ਬਣਨ ਦੇ ਸ਼ੌਕੀਨ ਆਪਣੇ ਦੋਸਤਾਂ ਨਾਲ ਵੀ ਦੁਸ਼ਮਣੀ ਮੁੱਲ ਲੈ ਲਈ ਹੈ। ਜਦੋਂ ਦਾ ਮੀਡੀਆ ਟੀਵੀ, ਅਖਬਾਰਾਂ ਅਤੇ ਇੰਟਰਨੈੱਟ ਦਾ ਜ਼ਮਾਨਾ ਆਇਆ ਹੈ ਲੋਕੀਂ ਰੱਸੀ ਨੂੰ ਸੱਪ ਬਣਾਕੇ ਆਪਣਾ ਨਾਮ ਖ਼ਬਰਾਂ ਵਿਚ ਲਿਆਉਣ ਲਈ ਉਤਾਵਲੇ ਰਹਿੰਦੇ ਹਨ। ਘਰ ਵਿਚ ਹੀ ਚਾਰ ਗਲੀ ਦੇ ਬੰਦਿਆਂ ਨੂੰ ਸੱਦਕੇ ਕਿਸੇ ਦੂਜੇ ਸ਼ਹਿਰ, ਪਿੰਡ, ਕਸਬੇ ਜਾਂ ਬਾਹਰੋਂ ਆਏ ਆਪਣੇ ਕਿਸੇ ਦੋਸਤ ਦਾ ਸਨਮਾਨ ਕਰਕੇ ਆਪਣੀ ਫੋਟੋ ਟੀਵੀ ਦੀ ਸਕਰੀਨ ‘ਤੇ ਲਿਆਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਕਈ ਵਾਰ ਜਦੋਂ ਕੋਈ ਹਾਦਸਾ ਵਾਪਰਦਾ ਹੈ ਉਸ ਨਾਲ ਇਨ੍ਹਾਂ ਲੀਡਰ ਕਿਸਮ ਦੇ ਬੰਦਿਆਂ ਦਾ ਕੋਈ ਵਾਸਤਾ ਵੀ ਨਹੀਂ ਹੁੰਦਾ ਉਹ ਸਿਰਫ਼ ਮੀਡੀਆ ਵਿਚ ਆਪਣੀਆਂ ਖਬਰਾਂ ਲਿਆਉਣ ਲਈ ਹੀ ਐਂਵੇ ਕਿਸੇ ਦੇ ਪੁਤਲੇ ਸਾੜਣੇ ਸ਼ੁਰੂ ਕਰ ਦਿੰਦੇ ਨੇ।

ਇਕ ਆਦਮੀ ਆਪਣਾ ਸਨਮਾਨ ਇਲਾਕੇ ਦੇ ਇਕ ਉਭਰਦੇ ਹੋਏ ਲੀਡਰ ਪਾਸੋਂ ਕਰਵਾਕੇ ਆਇਆ। ਉਸ ਮੁਤਾਬਕ ਉਸ ਦੇ ਪਿਤਾ, ਦਾਦਾ ਜੀ ਅਤੇ ਪੜਦਾਦਾ ਜੀ ਨੇ ਵੀ ਦੇਸ਼ ਸੇਵਾ ਲਈ ਕਾਫ਼ੀ ਕੁਰਬਾਨੀਆਂ ਕੀਤੀਆਂ ਸਨ ਅਤੇ ਜੇਲ੍ਹਾਂ ਕੱਟ ਚੁੱਕੇ ਸਨ।  ਪਿਛੋਂ ਪਤਾ ਲੱਗਿਆ ਕਿ ਉਹ ਸ਼ਖ਼ਸ ਅਜੇ ਲੀਡਰੀ ਵਿਚ ਨਵਾਂ ਨਵਾਂ ਹੀ ਪੈਰ ਧਰ ਰਿਹਾ ਹੈ, ਉਹ ਆਪ ਇਲਾਕੇ ਦਾ ਇਕ ਨਾਮੀ ਸਮਗਲਰ ਹੈ ਜਿਸਦਾ ਕਾਰੋਬਾਰ ਘਰ ਦੀ ਕੱਢੀ ਸ਼ਰਾਬ ਵਿਚ ਰੰਗ ਪਾਕੇ ਉਸਨੂੰ ਦੇਸੀ ਸ਼ਰਾਬ ਬਣਾਕੇ ਪੰਜਾਬ ਦੇ ਠੇਕਿਆਂ ਤੱਕ ਪਹੁੰਚਾਉਣਾ ਹੈ। ਇਸਦੇ ਨਾਲ ਹੀ ਉਹ ਅਫ਼ੀਮ ਅਤੇ ਹੋਰਨਾਂ ਡਰਗਜ਼ ਦੀ ਸਮਗਲਿੰਗ ਨੂੰ ਵੀ ਅੰਜਾਮ ਦਿੰਦਾ ਹੈ। ਇਹ ਹੀ ਨਹੀਂ ਜਦੋਂ ਕਿਸੇ ਰੈਲੀ ਵਿਚ ਲੀਡਰਾਂ ਨੂੰ ਦੰਗਾ ਫਸਾਦ ਕਰਨ ਵਾਲੇ ਗੁੰਡਿਆਂ ਦੀ ਲੋੜ ਹੁੰਦੀ ਹੈ ਤਾਂ ਉਹ ਵੀ ਸਪਲਾਈ ਕਰਨ ਵਿਚ ਲੀਡਰਾਂ ਦੀ ਮਦਦ ਕਰਦਾ ਹੈ। ਭਾਰਤ ਵਿਚ ਲੀਡਰਾਂ ਦੀ ਇਹ ਪਹਿਲੀ ਨਿਸ਼ਾਨੀ ਹੈ। ਇਸ ਲਈ ਸੱਚ ਵਿਚ ਹੀ ਉਹ ਆਦਮੀ ਲੀਡਰੀ ਦੇ ਲਾਇਕ ਹੈ।

ਬਾਕੀ ਰਹੀ ਉਸਦੇ ਪਿਤਾ, ਦਾਦਾ ਜੀ ਅਤੇ ਪੜਦਾਦਾ ਜੀ ਵਲੋਂ ਦੇਸ਼ ਸੇਵਾ ਖਾਤਰ ਜੇਲ੍ਹਾਂ ਕੱਟਣ ਦੀ। ਦਰਅਸਲ ਉਸਦੇ ਮਾਣਯੋਗ ਪੜਦਾਦਾ ਜੀ ਅੰਗ੍ਰੇਜ਼ਾਂ ਸਮੇਂ ਪੁਲਿਸ ਦੇ ਵੱਡੇ ਮੁਖਬਰਾਂ ਵਿਚੋਂ ਇਕ ਗਿਣੇ ਜਾਂਦੇ ਸਨ। ਇਕ ਵਾਰ ਦੇਸ਼ ਘੁਲਾਟੀਆਂ ਵਲੋਂ ਕੱਢੀ ਗਈ ਇਕ ਲਈ ਉਹ ਖ਼ਬਰਾਂ ਇਕੱਤਰ ਕਰਨ ਲਈ ਗਿਆ। ਉਸ ਇਲਾਕੇ ਦੀ ਪੁਲਿਸ ਨੂੰ ਉਸਦੇ ਅਸਲ ਕਿਰਦਾਰ ਬਾਰੇ ਪਤਾ ਨਾ ਹੋਣ ਕਰਕੇ ਉਸਦੇ ਪੜਦਾਦਾ ਜੀ ਨੂੰ ਇਕ ਰਾਤ ਲਈ ਜੇਲ੍ਹ ਵਿਚ ਰਹਿਣਾ ਪਿਆ ਸੀ ਅਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਆਪਣੇ ਮੁਖਬਰੀ ਭਰਪੂਰ ਕਿਰਦਾਰ ਕਰਕੇ ਉਨ੍ਹਾਂ ਨੇ ਆਪਣਾ ਨਾਮ ਵੀ ਦੇਸ਼ ਲਈ ਕੁਰਬਾਨੀਆਂ ਦੇਣ ਅਤੇ ਜੇਲ੍ਹਾਂ ਕੱਟਣ ਵਾਲਿਆਂ ਦੀ ਸੂਚੀ ਵਿਚ ਲਿਖਵਾ ਲਿਆ ਸੀ।

ਉਸ ਦੇ ਦਾਦਾ ਜੀ ਵੀ ਇਕ ਵਾਰ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਗਲਤੀ ਨਾਲ ਪੁਲਿਸ ਦੇ ਹੱਥੀਂ ਲੱਗ ਗਏ ਸਨ। ਜਿਸ ਕਰਕੇ ਦੋ ਕੁ ਦਿਨਾਂ ਲਈ ਉਨ੍ਹਾਂ ਨੂੰ ਵੀ ਸਰਕਾਰੀ ਮਹਿਮਾਨ ਬਣਾਕੇ ਰੱਖਿਆ ਗਿਆ ਸੀ। ਗੱਲ ਕੁਝ ਇੰਜ ਹੋਈ ਸੀ ਕਿ ਉਨ੍ਹਾਂ ਦਿਨਾਂ ਵਿਚ ਪੁਲਿਸ ਦੀਆਂ ਸਖ਼ਤੀਆਂ ਕਰਕੇ ਅਮਲੀਆਂ ਨੂੰ ਰਾਸ਼ਨ ਪਾਣੀ ਮਿਲਣਾ ਕਾਫ਼ੀ ਮੁਸ਼ਕਲ ਹੋ ਗਿਆ ਸੀ। ਜਿਸਦਾ ਫਾਇਦਾ ਚੁਕਦਿਆਂ ਹੋਇਆਂ ਉਨ੍ਹਾਂ ਨੇ ਅਮਲੀਆਂ ਅਤੇ ਸ਼ਰਾਬੀਆਂ ਦੀਆਂ ਦੁਆਵਾਂ ਲੈਣ ਖਾਤਰ ਉਨ੍ਹਾਂ ਨੂੰ ਰਸਦ ਪਾਣੀ ਪਹੁੰਚਾਉਣ ਦੀ  ਜ਼ਿੰਮੇਵਾਰੀ ਆਪਣੇ ਹੱਥੀਂ ਲੈ ਲਈ ਸੀ। ਇਸਦੇ ਸਿੱਟੇ ਵਜੋਂ ਇਕ ਵਾਰ ਉਨ੍ਹਾਂ ਦੀ ਸਾਈਕਲ ਦੀ ਤਲਾਸ਼ੀ ਦੌਰਾਨ ਦੋ ਕੁ ਦੇਸੀ ਸ਼ਰਾਬ ਦੀਆਂ ਬੋਤਲਾਂ ਅਤੇ ਸੌ ਕੁ ਗਰਾਮ ਅਫੀਮ ਪੁਲਿਸ ਦੇ ਹੱਥ ਲੱਗ ਗਈ ਸੀ ਅਤੇ ਉਸਨੂੰ ਵੀ ਜੇਲ੍ਹ ਯਾਤਰਾ ਕਰਨੀ ਪਈ ਸੀ।

ਕੁਝ ਇਹੋ ਜਿਹਾ ਹਾਲ ਹੀ ਉਸਦੇ ਪਿਤਾ ਜੀ ਦਾ ਸੀ ਅਸਲ ਵਿਚ ਉਨ੍ਹਾਂ ਦਾ ਮੁੱਖ ਕਾਰੋਬਾਰ ਤਾਂ ਅਮਲੀਆਂ ਦੀਆਂ ਦੁਆਵਾਂ ਲੈ ਕੇ ਪੁੰਨ ਖੱਟਣ ਦਾ ਹੀ ਸੀ। ਪਰ ਗੱਲ ਕੁਝ ਇੰਜ ਹੋਈ ਜਦੋਂ ਖਾੜਕੂਵਾਦ ਦਾ ਸਮਾਂ ਆਇਆ ਤਾਂ ਪੁਲਿਸ ਨੇ ਹਰ ਸੜਕ ‘ਤੇ ਨਾਕੇ ਲਾਏ ਹੋਏ ਸਨ। ਜਿਸ ਕਰਕੇ ਉਸਦਾ ਅਮਲੀ ਸੇਵਾ ਦਾ ਕਾਰੋਬਾਰ ਕਾਫੀ ਮੱਠਾ ਪਿਆ ਹੋਇਆ ਸੀ। ਉਨ੍ਹਾਂ ਵੇਲਿਆਂ ਵਿਚ ਸਭ ਤੋਂ ਸੌਖਾ ਕੰਮ ਲੋਕਾਂ ਦੇ ਹੱਥ ਇਹੀ ਆਇਆ ਹੋਇਆ ਸੀ ਕਿ ਕੰਬਲ ਦੀ ਬੁੱਕਲ ਮਾਰਕੇ ਕਿਸੇ ਹਨ੍ਹੇਰੇ ਮੋੜ ‘ਤੇ ਖਲੋ ਜਾਵੋ ਅਤੇ ਇਕ ਦੇਸੀ ਪਿਸਤੌਲ ਨਾਲ ਜਾਂ ਫਿਰ ਬੁੱਕਲ ਵਿਚੋਂ ਹੀ ਕਿਸੇ ਡੰਡੇ ਦਾ ਡਰਾਵਾ ਦੇ ਕੇ ਸ਼ਹਿਰੋਂ ਪਿੰਡ ਆਉਂਦੇ ਲੋਕਾਂ ਪਾਸੋਂ ਖਾੜਕੂਆਂ ਦੇ ਨਾਮ ‘ਤੇ ਪੈਸਾ ਧੇਲਾ ਅਤੇ ਗਹਿਣੇ ਗੱਟੇ ਲੁੱਟ ਲਵੋ। ਇਹ ਕਾਰੋਬਾਰ ਉਸਦੇ ਪਿਤਾ ਨੂੰ ਕਾਫ਼ੀ ਰਾਸ ਆਇਆ ਜਿਸ ਕਰਕੇ ਉਸਨੂੰ ਇਕ ਵਾਰ ਥਾਣੇ ਦੀ ਸੈਰ ਵੀ ਕਰਨੀ ਪਈ। ਉਸੇ ਵਕਤ ਉਸਨੇ ਪੁਲਿਸ ਨਾਲ ਮੁਖਬਰੀਆਂ ਕਰਨ ਦੀ ਡੀਲ ਕਰ ਲਈ। ਇਸ ਦੌਰਾਨ ਉਸਨੇ ਰਾਤ-ਬਰਾਤੀਂ ਠਾਹਰ ਲਈ ਪਿੰਡਾਂ ਵਿਚ ਰੁਕਣ ਵਾਲੇ ਮੁੰਡਿਆਂ ਦੀਆਂ ਮੁਖਬਰੀਆਂ ਕਰਕੇ ਵੀ ਕਾਫ਼ੀ ਇਨਾਮ ਹਾਸਲ ਕਰ ਲਏ, ਜਿਸਦੇ ਸਿੱਟੇ ਵਜੋਂ ਸਾਡਾ ਇਹ ਭਵਿੱਖ ਦਾ ਲੀਡਰ ਹੁਣ ਕਾਫ਼ੀ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ ਅਤੇ ਅਗਲੇ ਕੁਝ ਸਾਲਾਂ ਵਿਚ ਲੀਡਰੀ ਪੰਜਾਬ ਜਾਂ ਭਾਰਤ ਦਾ ਭਵਿੱਖ ਤੈਅ ਕਰਨ ਲਈ ਉਤਾਵਲਾ ਹੋਇਆ ਫਿਰਦਾ ਹੈ।

ਸਾਡੇ ਦੇਸ਼ ਦੀ ਇਕ ਖੁਸ਼ ਕਿਸਮਤੀ ਇਹ ਵੀ ਰਹੀ ਹੈ ਕਿ ਇਸਨੂੰ ਆਸ ਤੋਂ ਵਧੇਰੇ ਕਾਬਿਲ ਮੰਤਰੀ ਮਿਲਦੇ ਰਹੇ ਹਨ। ਸਕੂਲ ਦੀ ਚਾਰਦੀਵਾਰੀ ਦੇ ਲਾਗੇ ਮੱਝਾਂ ਚਾਰਨ ਵਾਲੇ, ਜਿਨ੍ਹਾਂ ਨੇ ਸਕੂਲ ਦਾ ਮੂੰਹ ਤਾਂ ਜ਼ਰੂਰ ਵੇਖਿਆ ਪਰ ਸਕੂਲ ਅੰਦਰ ਜਾਕੇ ਨਹੀਂ ਬਾਹਰੋਂ ਹੀ, ਨੂੰ ਸਿਖਿਆ ਮੰਤਰੀ ਦੀ ਕੁਰਸੀ ਪ੍ਰਦਾਨ ਕੀਤੀ ਜਾਂਦੀ ਹੈ। ਸਾਰੇ ਪਿੰਡ ਨਾਲ ਠੱਗੀਆਂ ਮਾਰਨ ਵਾਲੇ ਨੂੰ ਖ਼ਜ਼ਾਨਾ ਮੰਤਰੀ ਦਾ ਅਹੁਦਾ ਮਿਲਦਾ ਹੈ। ਇਕ ਖਿਡਾਰੀ ਜਿਹੜਾ ਨਸ਼ਾ ਕਰਕੇ ਖੇਡਦਾ ਹੋਇਆ ਇਕ ਰੈਫਰੀ ਨੂੰ ਕੁੱਟਣ ਦਾ ਕਸੂਰਵਾਰ ਨਿਕਲਦਾ ਅਤੇ ਜੀਵਨ ਭਰ ਲਈ ਜਿਸਨੂੰ ਬੈਨ ਕਰ ਦਿੱਤਾ ਜਾਂਦਾ ਹੈ। ਉਸ ਪਾਸ ਖੇਡਣ ਦਾ ਤਜਰਬਾ ਹੈ, ਇਸ ਹਿਸਾਬ ਨਾਲ ਉਸਨੂੰ ਖੇਡ ਮੰਤਰਾਲਾ ਮਿਲਣਾ ਚਾਹੀਦਾ ਹੈ। ਦੂਜਾ ਉਸ ਪਾਸ ਡਰਗਜ਼ ਦਾ ਵੀ ਤਜਰਬਾ ਹੈ ਕਿ ਕਿਹੜੀ ਡਰਗ ਲੈ ਕੇ ਵਧੇਰੇ ਤਾਕਤ ਲਈ ਜਾ ਸਕਦੀ ਹੈ, ਇਸ ਹਿਸਾਬ ਨਾਲ ਉਸਨੂੰ ਸਿਹਤ ਵਿਭਾਗ ਮਿਲਣਾ ਜ਼ਰੂਰੀ ਹੋ ਜਾਂਦਾ ਹੈ। ਤੀਜੀ ਰਹੀ ਰੈਫਰੀ ਨੂੰ ਕੁੱਟਣ ਦੀ ਗੱਲ, ਇਸ ਹਿਸਾਬ ਨਾਲ ਉਸਨੂੰ ਕਾਨੂੰਨ ਵਿਵਸਥਾ ਦਾ ਮਹਿਕਮਾ ਵੀ ਮਿਲਣਾ ਚਾਹੀਦਾ ਹੈ।

ਚੋਣਾਂ ਦੌਰਾਨ ਇਕ ਲੀਡਰ ਆਪਣੇ ਵਿਰੋਧੀ ਪਾਰਟੀ ਦੇ ਲੀਡਰ ਦੀ ਪ੍ਰਵਾਰ ਅਤੇ ਸਮਾਜਕ ਪੱਖੋਂ ਅਜਿਹੀ ਬੇਇੱਜ਼ਤੀ ਕਰਦਾ ਹੈ ਕਿ ਰੱਬ ਹੀ ਰਾਖਾ ਹੈ। ਇਹੀ ਕਾਰਨ ਹੈ ਕਿ ਇਕ ਪੜ੍ਹਿਆ ਲਿਖਿਆ ਅਤੇ ਇੱਜ਼ਤਦਾਰ ਆਦਮੀ ਸਿਆਸਤ ਵਿਚ ਸਾਹਮਣੇ ਹੀ ਨਹੀਂ ਆਉਂਦਾ। ਉਹ ਆਪਣੇ ਪੂਰੇ ਪ੍ਰਵਾਰ ਦੀ ਸੱਚੀ ਜਾਂ ਝੂਠੀ ਜਨਮਪੱਤਰੀ ਖੁਲਵਾਉਣ ਤੋਂ ਪਰਹੇਜ਼ ਹੀ ਕਰਦਾ ਹੈ। ਦੂਰ ਕੀ ਜਾਣਾ ਹੈ ਡਾਕਟਰ ਮਨਮੋਹਨ ਸਿੰਘ ਵਲੋਂ ਦੇਸ਼ ਦੀ ਸੰਭਾਲ ਲਈ ਭਾਵੇਂ ਚੰਗੇ ਕੰਮ ਕੀਤੇ ਗਏ ਜਾਂ ਮਾੜੇ ਇਹ ਇਸ ਲੇਖ ਦਾ ਵਿਸ਼ਾ ਨਹੀਂ ਹਨ, ਪਰੰਤੂ ਵਿਰੋਧੀ ਪਾਰਟੀਆਂ ਵਲੋਂ ਇਸ ਸੂਝਵਾਨ ਅਤੇ ਪੜ੍ਹੇ ਲਿਖੇ ਇਨਸਾਨ ਨੂੰ ਸ਼ਿਖੰਡੀ, ਨਾਮਰਦ, ਸਰਦਾਰ ਤੋਂ ਬਦਲਕੇ ਸਿੱਧੂ ਵਰਗੇ ਬੜਬੋਲੇ ਵਲੋਂ ‘ਅਸਰਦਾਰ ਨਹੀਂ’, ਆਦਿ ਕਈ ਤਰ੍ਹਾਂ ਦੇ ਵਿਸ਼ੇਸ਼ਣਾਂ ਨਾਲ ਨਿਵਾਜਿਆ ਗਿਆ।

ਇਸ ਲਈ ਜਿਸ ਵੀ ਇਨਸਾਨ ਵਿਚ ਆਪਣੀ ਬੇਇੱਜ਼ਤੀ ਕਰਵਾਉਣ ਦੀ ਹਿੰਮਤ ਜਾਂ ਸ਼ੌਂਕ ਹੋਵੇ, ਉਹ ਜੀ ਸਦਕੇ ਭਾਰਤ ਵਿਚ ਭ੍ਰਿਸ਼ਟਾਚਾਰੀ ਦੇਸ਼ ਵਿਚ ਲੀਡਰੀ ਲਈ ਇਕ ਯੋਗ ਅਸਾਮੀ ਸਿੱਧ ਹੋ ਸਕਦਾ ਹੈ। ਜਿਸ ਨੂੰ ਆਪਣੀ ਇੱਜ਼ਤ ਪਿਆਰੀ ਹੈ ਤਾਂ ਉਸ ਲਈ ਭਲਾਈ ਇਹੀ ਹੈ ਕਿ ਚੁੱਪ ਕਰਕੇ ਆਪਣਾ ਕੰਮਕਾਰ ਕਰੇ ਅਤੇ ਉਸਦੇ ਹਲਕੇ ਦੇ ਗੁੰਡੇ ਜਿਸ ਪਾਸੇ ਉਸਨੂੰ ਕਹਿਣ ਵੋਟਾਂ ਪਾਈ ਜਾਵੇ। ਜੇਕਰ ਉਹ ਕੁਝ ਪੈਸੇ ਦੇ ਕੇ ਜਾਂ ਨਸ਼ਾ ਪੱਤਾ ਲੈ ਕੇ ਕੁਝ ਦਿਨਾਂ ਲਈ ਤੁਹਾਡਾ ਵੋਟਰ ਸ਼ਨਾਖਤੀ ਪੱਤਰ ਉਧਾਰਾ ਜਾਂ ਕਿਰਾਏ ‘ਤੇ ਲੈਣਾ ਚਾਹੁੰਦੇ ਹਨ ਤਾਂ ਬਿਨਾਂ ਕਿਸੇ ਨਾਹ-ਨੁਕਰ ਦੇ ਉਨ੍ਹਾਂ ਨੂੰ ਦੇ ਦਿਓ। ਐਵੇਂ ਜ਼ਰੂਰ ਹੱਡ ਪੈਰ ਤੁੜਵਾ ਕੇ ਕੰਮ ਤੋਂ ਵੀ ਦੋ ਹਫਤਿਆਂ ਦੀਆਂ ਛੁੱਟੀਆਂ ਲੈਕੇ ਤਨਖਾਹ ਗੁਆਣੀ ਹੈ। ਜੇਕਰ ਕਿਸੇ ਲੀਡਰ ਦਾ ਕੋਈ ਗੁਰਗਾ ਤੁਹਾਥੋਂ ਸਸਤੇ ਭਾਅ ‘ਤੇ ਕੋਈ ਜ਼ਮੀਨ ਜਾਂ ਦੁਕਾਨ ਮਕਾਨ ਖਰੀਦਣਾ ਚਾਹੁੰਦਾ ਹੈ ਤਾਂ ਭਰਾਵੋ! ਉਸਨੂੰ ਸਸਤੇ ਭਾਅ ਹੀ ਵੇਚ ਦਿਓ ਨਹੀਂ ਤਾਂ ਕਿਤੇ ਇਹ ਨਾ ਹੋਵੇ ਕਿ ਲੀਡਰ ਦੇ ਗੁਰਗੇ ਵਲੋਂ ਮੁਫ਼ਤ ਵਿਚ ਹੀ ਕਬਜ਼ਾ ਕਰ ਲਿਆ ਜਾਵੇ ਅਤੇ ਸਾਰੀ ਉਮਰ ਤੁਸੀਂ ਅਤੇ ਤੁਹਾਡੀਆਂ ਕਈ ਪੁਸ਼ਤਾਂ ਉਸਨੂੰ ਹਾਸਲ ਕਰਨ ਲਈ ਕਚਹਿਰੀਆਂ ਦੇ ਚੱਕਰ ਲਾਉਂਦਿਆਂ ਹੀ ਆਪਣੀ ਜ਼ਿੰਦਗ਼ੀ ਗੁਜ਼ਾਰ ਦੇਣ।

ਕੋਸ਼ਿਸ਼ ਤਾਂ ਇਹ ਕਰੋ ਕਿ ਕਿਸੇ ਜਾਇਜ਼ ਜਾ ਨਾਜਾਇਜ਼ ਕੰਮ ਨੂੰ ਕਰਵਾਉਣ ਲਈ ਕਿਸੇ ਨਾ ਕਿਸੇ ਲੀਡਰ ਦੀ ਛੱਤਰ-ਛਾਇਆ ਤੁਹਾਡੇ ਉਪਰ ਹੋਵੇ। ਨਹੀਂ ਤਾਂ ਚੰਗੀਆਂ ਡਿਗਰੀਆਂ ਹੱਥ ਵਿਚ ਫੜੀ ਧੱਕੇ ਖਾਂਦੇ ਰਹੋਗੇ ਜਾਂ ਫਿਰ ਯੋਗਤਾ ਤੋਂ ਘੱਟ ਦੇ ਅਹੁਦੇ ਨੂੰ ਹਾਸਲ ਕਰਕੇ ਹੀ ਗੁਜ਼ਾਰਾ ਕਰਨਾ ਪਵੇਗਾ। ਲੀਡਰ ਦਾ ਆਸ਼ੀਰਵਾਦ ਨਾ ਹੋਣ ਦੀ ਸੂਰਤ ਵਿਚ ਇਕ ਰਾਹ ਇਹ ਵੀ ਹੈ ਕਿ ਤੁਹਾਡੇ ਪੁਰਖਿਆਂ ਦੀ ਇੰਨੀ ਕੁ ਜਾਇਦਾਦ ਜ਼ਰੂਰ ਹੋਵੇ ਜਿਸਨੂੰ ਵੇਚਕੇ ਤੁਸੀਂ ਕਿਸੇ ਮੰਤਰੀ ਸੰਤਰੀ ਦੀ ਜੇਬ ਭਰਕੇ ਕੋਈ ਨੌਕਰੀ ਹਾਸਲ ਕਰਨ ਦੇ ਕਾਬਲ ਹੋਵੇ। ਬਈ ਤੁਸੀਂ ਆਪੇ ਹੀ ਹਿਸਾਬ ਲਾ ਲਵੋ ਜਿਹੜੇ ਲੀਡਰ ਨੇ ਚੋਣ ਜਿੱਤਣ ਲਈ ਕਰੋੜਾਂ ਰੁਪਏ ਖਰਚੇ ਨੇ  ਉਹ ਉਸ ਨੇ ਇਵੇਂ ਹੀ ਪੂਰੇ ਕਰਨੇ ਨੇ।

ਬਾਕੀ ਇਕ ਵਾਰ ਫਿਰ ਕਹਿ ਦਿਆਂ ਜੇਕਰ ਤੁਹਾਡਾ ਲੀਡਰ ਬਣਨ ਦਾ ਇਰਾਦਾ ਹੈ ਤਾਂ ਕਿਸੇ ਕਿਸਮ ਦੀ ਪੜ੍ਹਾਈ ਕਰਨ ਦੀ ਕੱਤਈ ਲੋੜ ਨਹੀਂ। ਜਿਹੜਾ ਸਮਾਂ ਤੁਸੀਂ ਪੜ੍ਹਾਈ ਕਰਨ ਵਿਚ ਬਰਬਾਦ ਕਰਨਾ ਹੈ ਉਹ ਲੀਡਰ ਬਣਨ ਵੱਲ ਦਿਓ। ਇਹ ਲੀਡਰੀ ਬਚਪਨ ਵਿਚ ਹੀ ਘਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਭਾਵ ਆਪਣੀ ਚੌਧਰ ਨੂੰ ਬਰਕਰਾਰ ਰਖਣ ਲਈ ਝੂਠੀਆਂ ਸ਼ਿਕਾਇਤਾਂ ਲਾਕੇ ਜਾਂ ਆਪਣੇ ਰੋਹਬ ਨਾਲ ਦੂਸਰਿਆਂ ਦੀਆਂ ਚੀਜ਼ਾਂ ਖੋਹਣੀਆਂ ਸ਼ੁਰੂ ਕਰ ਦਿਓ। ਉਸਤੋਂ ਬਾਅਦ ਗਲੀ ਵਿਚ ਆਪਣੇ ਸਾਥੀਆਂ ਨੂੰ ਆਪਣੇ ਦਬਦਬੇ ਵਿਚ ਰੱਖੋ ਇੰਜ ਕਰਦੇ ਕਰਦੇ ਪਿੰਡ, ਪਿੰਡ ਤੋਂ ਸ਼ਹਿਰ, ਸ਼ਹਿਰ ਤੋਂ ਤਹਿਸੀਲ, ਤਹਿਸੀਲ ਤੋਂ ਜ਼ਿਲੇ ਦਾ ਸਫ਼ਰ ਕਰਦੇ ਹੋਏ ਲੀਡਰੀ ਦੀਆਂ ਪੌੜੀਆਂ ਚੜ੍ਹਦੇ ਜਾਓਗੇ। ਜੇਕਰ ਤੁਸੀਂ ਇਹ ਕੀਮਤੀ ਸਮਾਂ ਪੜ੍ਹਾਈ ਵਿਚ ਬਰਬਾਦ ਕਰ ਦਿੱਤਾ ਤਾਂ ਹੋ ਸਕਦਾ ਹੈ ਤੁਹਾਡੀ ਸਕੀਮ ਕੋਈ ਹੋਰ ਬੱਚਾ ਅਪਨਾ ਲਵੇ ਅਤੇ ਉਹ ਤੁਹਾਡੇ ਤੋਂ ਪਹਿਲਾਂ ਲੀਡਰ ਬਣ ਜਾਵੇ। ਨਾਲੇ ਪੜ੍ਹਾਈ ਦੀ ਕੀ ਲੋੜ ਹੈ ਜਦੋਂ ਤੁਹਾਡੇ ਕੋਲ ਕੁਰਸੀ ਆ ਗਈ ਤਾਂ ਇਹ ਸਾਰੇ ਵੱਡੇ ਵੱਡੇ ਆਈਏਐਸ ਅਫ਼ਸਰ ਅਤੇ ਬੁੱਧੀਜੀਵੀ ਤੁਹਾਡਾ ਪਾਣੀ ਭਰਦੇ ਨਜ਼ਰ ਆਉਣਗੇ। ਇਥੋਂ ਤੱਕ ਕਿ ਤੁਹਾਡਾ ਭਾਸ਼ਣ ਲਿਖਣ ਵਾਲਿਆਂ ਤੇ ਦਬਕੇ ਖਾਣ ਵਾਲਿਆਂ ਕੋਲ ਵੀ ਪੀਐਚਡੀ ਦੀਆਂ ਡਿਗਰੀਆਂ ਹੋਣਗੀਆਂ। ਕਈ ਵੱਡੇ ਅਹੁਦਿਆਂ ‘ਤੇ ਬੈਠੇ ਲੋਕ ਤੁਹਾਡੇ ਬੂਟਾਂ ਦੇ ਤਸਮੇ ਬਨ੍ਹਦੇ ਨਜ਼ਰ ਆਉਣਗੇ।

ਇਸ ਲੀਡਰੀ ਦਾ ਇਕ ਸਭ ਤੋਂ ਵੱਡਾ ਅਸੂਲ ਇਹ ਵੀ ਹੈ “ਕੋਈ ਮਰੇ ਭਾਵੇਂ ਜੀਵੇ ਸੁਥਰਾ ਘੋਲ ਪਤਾਸੇ ਪੀਵੇ”। ਇਸਦਾ ਭਾਵ ਇਹ ਹੈ ਕਿ ਲੀਡਰ ਵਿਚ ਤਰਸ ਦੀ ਭਾਵਨਾ ਬਿਲਕੁਲ ਨਹੀਂ ਹੋਣੀ ਚਾਹੀਦੀ ਜੇਕਰ ਉਸਦਾ ਦਿਲ ਕਿਸੇ ਗਰੀਬ ਨੂੰ ਵੇਖਕੇ ਪਸੀਜ ਜਾਂਦਾ ਹੈ ਤਾਂ ਉਹ ਲੀਡਰੀ ਦੇ ਬਿਲਕੁੱਲ ਵੀ ਲਾਇਕ ਨਹੀਂ ਹੈ। ਸਗੋਂ ਉਸ ਪਾਸ ਗਰੀਬਾਂ ਨਾਲ ਲੁੱਟ ਖਸੁੱਟ ਕਰਨ, ਉਨ੍ਹਾਂ ਨਾਲ ਧੋਖਾਧੜੀ ਕਰਨ, ਝੂਠੇ ਵਾਅਦੇ ਕਰਨ ਇਥੋਂ ਤੱਕ ਕਿ ਉਨ੍ਹਾਂ ਦੀ ਗਰੀਬੀ ਨੂੰ ਹਥਿਆਰ ਬਣਾਕੇ ਉਨ੍ਹਾਂ ਦਾ ਨਜਾਇਜ਼ ਫਾਇਦਾ ਚੁੱਕਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ।

ਇਸਦੇ ਨਾਲ ਹੀ ਮੈਂ ਇਹ ਵੀ ਦਸਣਾ ਚਾਹਾਂਗਾ ਕਿ ਸੱਚੇ, ਈਮਾਨਦਾਰ ਅਤੇ ਦਇਆ ਭਾਵਨਾ ਰੱਖਣ ਵਾਲੇ ਲੋਕਾਂ ਤੋਂ ਇਸਨੂੰ ਕਿੱਤੇ ਨੂੰ ਬਹੁਤ ਐਲਰਜੀ ਹੈ। ਦੂਜੇ ਅੱਖਰਾਂ ਵਿਚ ਇਹ ਕਹਿ ਲਵੋ ਕਿ ਅਜਿਹੇ ਲੋਕਾਂ ਨੂੰ ਸਿਆਸਤ ਵਿਚ ਜਾਂ ਲੀਡਰੀ ਦਾ ਕਿੱਤਾ ਅਪਨਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸੰਖੇਪ ਵਿਚ ਇੰਨਾ ਹੀ ਕਹਿ ਸਕਦਾ ਹਾਂ ਕਿ ਝੂਠੇ, ਭ੍ਰਿਸ਼ਟਾਚਾਰ, ਨਿਰਦਈ, ਗਾਲੀ ਗਲੋਚ ਕਰਨ ਵਾਲੇ, ਧੋਖਾਧੜੀ ਕਰਨ ਵਾਲੇ ਲੋਕ ਇਸ ਕਿੱਤੇ ਨੂੰ ਅਪਨਾਕੇ  ਰੋੜ-ਪਤੀ ਤੋਂ ਕਰੋੜਪਤੀ ਬਣਨ ਦਾ ਸਫ਼ਰ ਤੈਅ ਕਰ ਸਕਦੇ ਹਨ ਅਤੇ  ਕੁਝ ਹੀ ਸਾਲਾਂ ਵਿਚ ਇੰਨਾ ਅਮੀਰ ਬਣ ਸਕਦੇ ਹਨ ਕਿ ਉਨ੍ਹਾਂ ਦੀਆਂ ਸੱਤ ਨਹੀਂ ਸਗੋਂ ਪੁਸ਼ਤ ਦਰ-ਪੁਸ਼ਤ ਅਨੇਕਾਂ ਪੀੜ੍ਹੀਆਂ ਲਈ ਸਰਮਾਇਆ ਇਕੱਠਾ ਹੋ ਸਕਦਾ ਹੈ। ਇਨ੍ਹਾਂ ਲੀਡਰਾਂ ਦੀਆਂ ਸਿਫ਼ਤਾਂ ਤਾਂ ਇੰਨੀਆਂ ਨੇ ਜੇਕਰ ਮੈਂ ਸਾਰੀ ਜ਼ਿੰਦਗ਼ੀ ਲਿਖਦਾ ਰਹਾਂ ਤਾਂ 10 ਫ਼ੀਸਦੀ ਵੀ ਨਹੀਂ ਲਿਖ ਸਕਦਾ।

ਲੀਡਰਾਂ ਦੀ ਇਸ ਖੇਡ ਨੂੰ ਰਾਜਨੀਤੀ ਇਸ ਲਈ ਕਿਹਾ ਜਾਂਦਾ ਹੈ ਕਿ ਜਿਵੇਂ ਵੀ ਹੋਵੇ ਸੂਬੇ ਅਤੇ ਦੇਸ਼ ਉਪਰ ਰਾਜ ਕਰਨ ਦੀ ਭੈੜੀ ਤੋਂ ਭੈੜੀ ਨੀਤੀ ਨੂੰ ਅਪਨਾਉਣਾ ਹੈ। ਇਸ ਲਈ ਤੁਹਾਨੂੰ ਭਾਵੇਂ ਗਰੀਬ ਦੁਕਾਨਦਾਰਾਂ ਦੀਆਂ ਦੁਕਾਨਾਂ ਦੀ ਸਾੜਫੂਕ ਕਰਨੀ ਪਵੇ, ਟਰਾਂਸਪੋਰਟਾਂ ਦੀਆਂ ਬੱਸਾਂ-ਟੱਰਕਾਂ ਦੀ ਸਾੜਕੇ ਸੁਆਹ ਕਰਨਾ ਪਵੇ। ਕਤਲ ਕਰਨੇ ਪੈਣ, ਦੰਗੇ ਕਰਵਾਉਣੇ, ਦਿਹਾੜੀਦਾਰਾਂ ਦੀਆਂ ਮੁਸ਼ਕਲਾਂ ਨੂੰ ਦਰਕਿਨਾਰ ਕਰਦਿਆਂ ਹੋਇਆਂ ਬਜ਼ਾਰ ਬੰਦ ਕਰਾਉਣੇ  ਪੈਣ ਪਰ ਤੁਸੀਂ ਆਪਣੀ ਰਾਜ ਕਰਨ ਦੀ ਨੀਤੀ ਨੂੰ ਨਹੀਂ ਤਿਆਗਣਾ। ਇਥੋਂ ਤੱਕ ਕਿ ਬੰਦ ਦੌਰਾਨ ਜੇਕਰ ਕੋਈ ਐਂਬੂਲੰਸ ਕਿਸੇ ਮਰੀਜ ਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਤਾਂ ਉਸ ਮਰੀਜ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਹੀ ਐਂਬੂਲੰਸ ਨੂੰ ਵੀ ਰੋਕ ਲੈਣਾ ਹੈ। ਜੇਕਰ ਦੇਸ਼ ਦੇ ਮਹਾਨ ਲੀਡਰਾਂ ਵਲੋਂ ਦੇਸ਼ਵਾਸੀਆਂ ਦੀ ਭਲਾਈ ਲਈ ਇਕ ਮਰੀਜ਼ ਨੂੰ ਕੁਰਬਾਨੀ ਵੀ ਦੇਣੀ ਪਵੇ ਤਾਂ ਕੋਈ ਗੱਲ ਨਹੀਂ। ਬਸ ਕਿਸੇ ਵੀ ਹਾਲਤ ਵਿਚ ਲੀਡਰਾਂ ਵਲੋਂ ਕੀਤਾ ਗਿਆ ਬੰਦ ਕਾਮਯਾਬ ਹੋਣਾ ਚਾਹੀਦਾ ਹੈ। ਜੇਕਰ ਇਕ ਐਂਬੂਲੰਸ ਨਿਕਲ ਗਈ ਤਾਂ ਫਿਰ ਬੰਦ ਨੂੰ ਬੰਦ ਕੌਣ ਕਹੇਗਾ, ਉਹ ਤਾਂ ਫਿਰ ਪੂਰੀ ਤਰ੍ਹਾਂ ਫੇਲ੍ਹ ਹੋ ਜਾਵੇਗਾ। ਜੇਕਰ ਕਿਸੇ ਵਿਚ ਇਹ ਸਾਰੀਆਂ ਖਾਸੀਅਤਾਂ ਹਨ ਤਾਂ ਉਹ ਲੀਡਰ ਬਣਨ ਦੇ ਪੂਰਾ ਯੋਗ ਹੈ। ਉਸਨੂੰ ਆਪਣੀ ਘਰਵਾਲੀ ਦੇ ਹੁੰਦਿਆਂ ਆਪਣੀ ਸੈਕਟਰੀ ਨਾਲ ਰੰਗਰਲੀਆਂ ਮਨਾਉਂਦਿਆਂ ਹੋਇਆਂ ਇਸ ਦੀ ਸ਼ੁਰੂਆਤ ਜਲਦੀ ਤੋਂ ਜਲਦੀ ਕਰ ਦੇਣੀ ਚਾਹੀਦੀ ਹੈ।

This entry was posted in ਵਿਅੰਗ ਲੇਖ.

One Response to ਲੀਡਰ ਬਣਨ ਦੇ ਨੁਸਖੇ

  1. KARAMJIT SINGH says:

    VERY GOOD

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>