ਮਲਾਲਾ ਦੀ ਸਲਾਮਤੀ ਲਈ ਦੇਸ਼ਭਰ ‘ਚ ਮੰਗੀਆਂ ਜਾ ਰਹੀਆਂ ਦੁਆਵਾਂ

ਇਸਲਾਮਾਬਾਦ-ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਮਲਾਲਾ ਦੇ ਜਲਦੀ ਠੀਕ ਹੋਣ ਲਈ ਦੇਸ਼ਭਰ ਵਿੱਚ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਸ ਨੂੰ ਹੈਲੀਕਾਪਟਰ ਦੁਆਰਾ ਸੈਨਾ ਦੇ ਸੱਭ ਤੋਂ ਵੱਡੇ ਹਸਪਤਾਲ ਰਾਵਲਪਿੰਡੀ ਲਿਆਂਦਾ ਗਿਆ ਹੈ।

ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੇਸ਼ ਦੇ ਹਰ ਵਰਗ ਵੱਲੋਂ ੳਸ ਦੀ ਸਿਹਤਯਾਬੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਕੁਝ ਲੋਕਾਂ ਵੱਲੋਂ ਕੈਂਡਲ ਮਾਰਚ ਕੱਢ ਕੇ ਇਸ ਕਾਇਰਤਾ ਪੂਰਵਕ ਹਮਲੇ ਦੀ ਨਿੰਦਿਆ ਕੀਤੀ ਗਈ। ਬ੍ਰਿਟੇਨ ਅਤੇ ਪਾਕਿਸਤਾਨੀ ਡਾਕਟਰ ਮਲਾਲਾ ਦਾ ਇਲਾਜ ਕਰ ਰਹੇ ਹਨ। ਮਲਾਲਾ ਲਈ ਖਤਰੇ ਨੂੰ ਵੇਖਦੇ ਹੋਏ ਸੁਰੱਖਿਆ ਪ੍ਰਬੰਧ ਸਖਤ ਕੀਤੇ ਹੋਏ ਹਨ।

ਤਾਲਿਬਾਨ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੀ 14 ਸਾਲਾਂ ਪਾਕਿਸਤਾਨੀ ਲੜਕੀ ਮਲਾਲਾ ਦੀ ਰੀੜ੍ਹ ਦੀ ਹੱਡੀ ਵਿੱਚ ਲਗੀ ਗੋਲੀ ਨੂੰ ਡਾਕਟਰਾਂ ਦੀ ਇੱਕ ਟੀਮ ਨੇ ਸਰਜਰੀ ਕਰਕੇ ਕੱਢ ਦਿੱਤਾ ਹੈ। ਇਸ ਮਸੂਮ ਬੱਚੀ ਨੂੰ ਕੁਝ ਦਿਨ ਪਹਿਲਾਂ ਤਾਲਿਬਾਨਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ।

ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਦੇ ਨਿਊਰੋ ਸਰਜਰੀ ਵਿਭਾਗ ਦੇ ਮੁੱਖੀ ਮੁਮਤਾਜ਼ ਖਾਨ ਦੀ ਅਗਵਾਈ ਵਿੱਚ ਡਾਕਟਰਾਂ ਦੀ ਇੱਕ ਟੀਮ ਨੇ ਸੈਨਾ ਦੇ ਹਸਪਤਾਲ ਵਿੱਚ ਸਵੇਰੇ ਦੋ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਉਸ ਦਾ ਅਪਰੇਸ਼ਨ ਕੀਤਾ। ਡਾਕਟਰਾਂ ਨੇ ਮਲਾਲਾ ਦੇ ਠੀਕ ਹੋ ਜਾਣ ਦੀ ਉਮੀਦ ਜਤਾਈ ਹੈ। ਉਸ ਦੇ ਸਿਰ ਦੀ ਸੋਜ਼ ਨੂੰ ਘੱਟ ਕਰਨ ਲਈ ਉਸ ਦਾ ਇਲਾਜ ਚੱਲ ਰਿਹਾ ਹੈ। ਮਲਾਲਾ ਦੇ ਸਰੀਰ ਵਿੱਚੋਂ ਭਾਂਵੇ ਗੋਲੀ ਕੱਢ ਦਿੱਤੀ ਗਈ ਹੈ ਪਰ ਅਜੇ ਵੀ ਅਪਰੇਸ਼ਨ ਦੌਰਾਨ ਜਿਆਦਾ ਖੂਨ ਵੱਗ ਜਾਣ ਕਰਕੇ ਉਸ ਦੀ ਹਾਲਤ ਗੰਭੀਰ ਹੈ।

ਡਾਕਟਰਾਂ ਨੇ ਮਲਾਲਾ ਨੂੰ ਇਲਾਜ ਲਈ ਪਾਕਿਸਤਾਨ ਤੋਂ ਬਾਹਰ ਨਾਂ ਲਿਜਾਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਹਾਲਤ ਵਿੱਚ ਯਾਤਰਾ ਕਰਨਾ ਉਸ ਦੀ ਸਿਹਤ ਲਈ ਠੀਕ ਨਹੀਂ ਹੈ ਅਤੇ ਅਗਲੇ 10 ਦਿਨ ਉਸ ਦੀ ਸਿਹਤ ਲਈ ਕਾਫ਼ੀ ਮਹੱਤਵਪੂਰਣ ਹਨ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਪੇਸ਼ਾਵਰ ਵਿੱਚ ਇੱਕ ਐਂਬੂਲੈਂਸ ਤਿਆਰ ਰੱਖੀ ਸੀ ਤਾਂ ਜੋ ਲੋੜ ਪੈਣ ਤੇ ਮਲਾਲਾ ਨੂੰ ਦੁੱਬਈ ਲਿਜਾਇਆ ਜਾ ਸਕੇ।

ਮਲਾਲਾ ਪਹਿਲੀ ਵਾਰ 2009 ਵਿੱਚ ਸੁਰਖੀਆਂ ਵਿੱਚ ਆਈ ਜਦੋਂ 11 ਸਾਲ ਦੀ ਉਮਰ ਵਿੱਚ ਉਸ ਨੇ ਤਾਲਿਬਾਨ ਦੇ ਸਾਏ ਹੇਠ ਗੁਜ਼ਰ ਰਹੀ ਜਿੰਦਗੀ ਸਬੰਧੀ ਗੁਲ ਮਕੱਈ ਨਾਂ ਦੇ ਬੀਬੀਸੀ  ਉਰਦੂ ਦੇ ਲਈ ਡਾਇਰੀ ਲਿਖਣਾ ਸ਼ੁਰੂ ਕੀਤਾ ਸੀ। ਤਾਲਿਬਾਨ ਦੇ ਗੜ੍ਹ ਵਿੱਚ ਰਹਿ ਕੇ ਬਹਾਦਰੀ ਨਾਲ ਇਹ ਕੰਮ ਕਰਨ ਲਈ ਮਲਾਲਾ ਨੂੰ ਵੀਰਤਾ ਲਈ ਰਾਸ਼ਟਰੀ ਪੁਰਸਕਾਰ ਮਿਲਿਆ ਅਤੇ ਸਾਲ 2011 ਵਿੱਚ ਬੱਚਿਆਂ ਦੇ ਲਈ ਅੰਤਰਰਾਸ਼ਟਰੀ ਸ਼ਾਂਤੀ ਪੁਰਸਕਾਰ ਦੇ ਲਈ ਉਸ ਨੂੰ ਨਾਮਜ਼ਦ ਕੀਤਾ ਗਿਆ।

ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਦੀ ਸਰਕਾਰ ਨੇ ਹਮਲਾਵਰਾਂ ਸਬੰਧੀ ਸੂਚਨਾ ਦੇਣ ਵਾਲੇ ਨੂੰ ਇੱਕ ਕਰੋੜ ਰੁਪੈ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ। ਤਾਲਿਬਾਨ ਨੇ ਇਸ ਮਸੂਮ ਤੇ ਕੀਤੇ ਗਏ ਹਮਲੇ ਦੀ ਜਿੰਮੇਵਾਰੀ ਕਬੂਲ ਕਰਦੇ ਹੋਏ ਕਿਹਾ ਹੈ ਕਿ ਇਸ ਦੇ ਨਾਕਾਰਤਮਕ ਪ੍ਰਚਾਰ ਕਾਰਨ ਹੀ ਇਸ ਤੇ ਹਮਲਾ ਕੀਤਾ ਗਿਆ ਹੈ।ਤਾਲਿਬਾਨ ਦੇ ਬੁਲਾਰੇ ਅਹਿਸਾਨ ਦਾ ਕਹਿਣਾ ਹੈ ਕਿ ਜੇ ਉਹ ਹੁਣ ਬਚ ਵੀ ਗਈ ਤਾਂ ਫਿਰ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>