ਪੀ ਏ ਯੂ ਪੰਜਾਬ ਦਾ ਹੀ ਨਹੀਂ ਸਗੋਂ ਸਮੁੱਚੇ ਭਾਰਤ ਦਾ ਮਾਣ ਹੈ-ਸੁਖਬੀਰ ਬਾਦਲ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫਾਊਂਡੇਸ਼ਨ ਦਿਵਸ ਮੌਕੇ ਗੋਲਡਨ ਜੁਬਲੀ ਦੀ ਵਧਾਈ ਦਿੰਦਿਆਂ ਸ: ਸੁਖਬੀਰ ਸਿੰਘ ਬਾਦਲ, ਮਾਣਯੋਗ ਡਿਪਟੀ ਮੁੱਖ ਮੰਤਰੀ, ਪੰਜਾਬ ਨੇ ਕਿਹਾ ਕਿ ਯੂਨੀਵਰਸਿਟੀ ਨੇ ਖੇਤੀਬਾੜੀ ਖੋਜ, ਅਧਿਆਪਨ ਅਤੇ ਪਸਾਰ ਖੇਤਰਾਂ ਵਿੱਚ ਲੰਮਾ ਸਫ਼ਰ ਤੈਅ ਕਰਕੇ ਵਿਸ਼ਵ ਭਰ ਵਿੱਚ ਜੋ ਪ੍ਰਸਿੱਧੀ ਹਾਸਿਲ ਕੀਤੀ ਹੈ, ਉਸ ਨਾਲ ਨਾ ਕੇਵਲ ਪੰਜਾਬ ਨੂੰ ਸਗੋਂ ਪੂਰੇ ਭਾਰਤ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ  ਪ੍ਰਧਾਨ ਰਾਜ ਪੰਜਾਬ ਕੋਲ ਭਾਵੇਂ ਬਹੁਤ ਘੱਟ ਭੂਗੋਲਿਕ ਖਿੱਤਾ ਹੈ ਲੇਕਿਨ ਦੇਸ਼ ਦਾ ਅਨਾਜ ਭੰਡਾਰ ਭਰਨ ਵਿੱਚ ਜੋ ਭ੍ਯੂਮਿਕਾ ਪੰਜਾਬ ਦੇ ਕਿਸਾਨਾਂ ਨੇ ਨਿਭਾਈ ਹੈ, ਉਸ ਦਾ ਸਾਰਾ ਸਿਹਰਾ ਪੀ ਏ ਯੂ ਦੇ ਵਿਗਿਆਨੀਆਂ ਨੂੰ ਜਾਂਦਾ ਹੈ। ਪੰਜਾਬ ਦੇ ਵਿਕਾਸ ਨੂੰ ਪੀ ਏ ਯੂ ਤੋਂ ਬਿਨਾਂ ਅਸੰਭਵ ਮੰਨਦਿਆਂ ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਸਦਕਾ ਹੀ ਅੱਜ ਪੰਜਾਬ ਦੇ ਕਿਸਾਨ ਵਿਗਿਆਨਕ ਲੀਹਾਂ ਤੇ ਖੇਤੀ ਕਰਦਿਆਂ ਰਿਕਾਰਡ ਤੋੜ ਫ਼ਸਲਾਂ ਦਾ ਉਤਪਾਦਨ ਕਰ ਰਹੇ ਹਨ। ਦੇਸ਼ ਦੀ ਨਿਤਾਪ੍ਰਤੀ ਵਧ ਰਹੀ ਅਬਾਦੀ ਅਤੇ ਘੱਟ ਰਹੀ ਜ਼ਮੀਨ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਵੱਧ ਅਤੇ ਮਿਆਰੀ ਉਤਪਾਦਨ ਦੇ ਨਾਲ ਨਾਲ ਸਾਨੂੰ ਆਪਣੇ ਕੁਦਰਤੀ ਸੋਮਿਆਂ ਦੇ ਰੱਖ-ਰਖਾਅ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪੰਜਾਬ ਦੀ ਜ਼ਰਖੇਜ਼ ਧਰਤੀ ਕਿਤੇ ਮਾਰੂਥਲ ਨਾ ਬਣ ਜਾਏ ਇਸ ਲਈ ਧਰਤੀ ਹੇਠਲੇ ਪਾਣੀ ਦੀ ਗਿਰਾਵਟ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨੀਆਂ ਨੂੰ ਅਜਿਹੀਆਂ ਫ਼ਸਲਾਂ ਦੇ ਬੀਜ ਵਿਕਸਤ ਕਰਨ ਦੀ ਲੋੜ ਹੈ, ਜੋ ਘੱਟ ਤੋਂ ਘੱਟ ਪਾਣੀ ਵਿੱਚ ਵੱਧ ਤੋਂ ਵੱਧ ਝਾੜ ਦੇਣ ਤਾਂ ਜੋ ਸਾਡੇ ਜਲ ਸਰੋਤ ਹਮੇਸ਼ਾਂ ਲਈ ਕਾਇਮ ਰਹਿ ਸਕਣ। ਕੀਟਨਾਸ਼ਕ ਜ਼ਹਿਰਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀਆਂ ਤਕਨਾਲੋਜੀਆਂ ਵਿਕਸਿਤ ਕਰਨ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਸਾਡੇ ਹਰੇ ਭਰੇ ਪੰਜਾਬ ਵਿੱਚ ਪੰਛੀਆਂ ਦੀ ਚਹਿਕ ਸਦਾ ਸੁਣਾਈ ਦਿੰਦੀ ਰਹੇਗੀ ਉਥੇ ਮਨੁੱਖੀ ਸਿਹਤ ਦਾ ਵੀ ਨੁਕਸਾਨ ਨਹੀਂ ਹੋਵੇਗਾ ਅਤੇ ਖੇਤੀ ਲਾਗਤਾਂ ਵਿੱਚ ਵੀ ਕਮੀ ਆਵੇਗੀ। ਕਟਾਈ ਉਪਰੰਤ ਤਕਨਾਲੋਜੀ ਦੀ ਘਾਟ ਕਾਰਨ ਫ਼ਸਲ ਦੀ ਘੱਟ ਤੋਂ ਘੱਟ 30 ਪ੍ਰਤੀਸ਼ਤ ਹੋ ਰਹੀ ਬਰਬਾਦੀ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਦੱਸਿਆ ਕਿ ਐਗਰੀਕਲਚਰਲ ਪ੍ਰੋਸੈਸਿੰਗ ਤੇ ਪੰਜਾਬ ਸਰਕਾਰ ਵੱਲੋਂ ਨਵੀਂ ਨੀਤੀ ਉਲੀਕੀ ਜਾ ਰਹੀ ਹੈ, ਜਿਸਦੇ ਤਹਿਤ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਅਤਿ ਆਧੁਨਿਕ ਤਕਨਾਲੋਜੀ ਵਿਕਸਿਤ ਕੀਤੀ ਜਾਵੇਗੀ ਅਤੇ ਵਿਸ਼ਵ ਭਰ ਦੀਆਂ ਸਰਵੋਤਮ ਤਕਨੀਕਾਂ ਨੂੰ ਅਪਣਾਇਆ ਜਾਵੇਗਾ। ਪੰਜਾਬ ਦੀ ਕਿਰਸਾਨੀ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦ੍ਰਿੜ ਕਰਦਿਆਂ ਉਨ੍ਹਾਂ ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੂੰ ਨਵੀਆਂ ਤਜਵੀਜ਼ਾਂ ਉਲੀਕਣ ਲਈ ਕਿਹਾ। ਉਨ੍ਹਾਂ ਨੇ ਇਸ ਮੌਕੇ ਸ਼੍ਰੀ ਆਰ ਐਲ ਮੀਨਾ, ਐਸ ਐਸ ਪੀ ਓਜ਼, ਇੰਡੀਅਨ ਪੋਸਟਸ ਨਾਲ ਪੀ ਏ ਯੂ ਦਾ ਸਪੈਸ਼ਲ ਪੋਸਟਲ ਕਵਰ ਜਾਰੀ ਕੀਤਾ ਅਤੇ ਤਕਨਾਲੋਜੀ ਤੇ ਪ੍ਰੋਡਕਟ ਸੇਲ ਸੈਂਟਰ ਦਾ  ਉਦਘਾਟਨ ਵੀ ਕੀਤਾ। ਇਸ ਮੌਕੇ ਸ: ਸ਼ਰਨਜੀਤ ਸਿੰਘ ਢਿੱਲੋਂ, ਮੰਤਰੀ, ਲੋਕ ਨਿਰਮਾਣ ਵਿਭਾਗ,  ਸ: ਮਹੇਸ਼ਇੰਦਰ ਸਿੰਘ ਗਰੇਵਾਲ, ਸਲਾਹਕਾਰ ਮੁੱਖ ਮੰਤਰੀ, ਪੰਜਾਬ,  ਸ: ਹੀਰਾ ਸਿੰਘ ਗਾਬੜੀਆ, ਸਾਬਕਾ ਮੰਤਰੀ ਅਤੇ ਵਿਧਾਇਕ ਸ: ਰਣਜੀਤ ਸਿੰਘ ਢਿੱਲੋਂ ਨੇ ਵੀ ਵਿਸ਼ੇਸ਼  ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਸ਼ਿਰਕਤ ਕਰ ਰਹੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਡਾ: ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀ ਏ ਯੂ ਨੇ ਰਾਸ਼ਟਰ ਦੀ ਸੇਵਾ ਵਿੱਚ ਸਮਰਪਿਤ ਯੂਨੀਵਰਸਿਟੀ ਦੇ 50 ਸਾਲ ਦੇ ਲੰਬੇ ਸਫ਼ਰ ਤੇ ਝਾਤ ਪੁਆਂਦਿਆਂ ਦੱਸਿਆ ਕਿ ਯੂਨੀਵਰਸਿਟੀ ਮਾਹਿਰਾਂ ਦੀ ਲਗਨ, ਪੰਜਾਬ ਦੇ ਕਿਸਾਨਾਂ ਦਾ ਸਿਰੜ ਅਤੇ ਸਰਕਾਰੀ ਨੀਤੀਆਂ ਦੇ ਸਹਿਯੋਗ ਨਾਲ ਹੀ ਅੱਜ ਇਹ ਸੰਸਥਾ ਵਿਸ਼ਵ ਭਰ ਦੀਆਂ ਮੋਹਰੀ ਸੰਸਥਾਵਾਂ ਵਿੱਚ ਗਿਣੀ ਜਾਂਦੀ ਹੈ। ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਵਿਭਿੰਨ ਫ਼ਸਲਾਂ ਦੀਆਂ 707 ਕਿਸਮਾਂ ਵਿਕਸਿਤ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ 117 ਕਿਸਮਾਂ ਦੀ ਸਿਫ਼ਾਰਸ਼ ਰਾਸ਼ਟਰ ਪੱਧਰ ਤੇ ਕੀਤੀ ਗਈ ਹੈ। ਬੀਜ ਉਤਪਾਦਨ, ਅਤਿ ਆਧੁਨਿਕ ਖੇਤੀ ਮਸ਼ੀਨਰੀ ਵਿਕਸਿਤ ਕਰਨ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਪ੍ਰਤੀ ਯੂਨੀਵਰਸਿਟੀ ਮਾਹਿਰਾਂ ਵੱਲਂ ਕੀਤੇ ਜਾ ਰਹੇ ਅਣਥੱਕ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਣਕ ਝੋਨੇ ਦੇ ਫ਼ਸਲੀ ਚੱਕਰ ਨੂੰ ਤਿਆਗ ਕੇ ਖੇਤੀ ਵੰਨਾ ਸੁਵੰਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਸਾਡੇ ਵਿਗਿਆਨੀ ਪੂਰੀ ਮਿਹਨਤ ਕਰ ਰਹੇ ਹਨ। ਇਟਾਲੀਅਨ ਮਧੂ ਮੱਖੀ ਲਿਆ ਕੇ ਐਪੀਕਲਚਰ ਨੂੰ ਵਿਕਸਿਤ ਕਰਨ ਵਿੱਚ ਯੂਨੀਵਰਸਿਟੀ ਦਾ ਅਹਿਮ ਯੋਗਦਾਨ ਹੈ, ਜਿਸ ਕਰਕੇ ਉਨ੍ਹਾਂ ਅਨੁਸਾਰ ਅੱਜ 30,000 ਮਧੂ ਮੱਖੀ ਪਾਲਕ ਇਸ ਧੰਦੇ ਨਾਲ ਜੁੜੇ ਹੋਏ ਹਨ, ਇਸੇ ਤਰ੍ਹਾਂ ਖੁੰਭਾਂ ਦੇ ਉਤਪਾਦਨ ਵਿੱਚ ਵੀ ਯੂਨੀਵਰਸਿਟੀ ਵਿਸ਼ੇਸ਼ ਭੂਮਿਕਾ ਨਿਭਾ ਰਹੀ ਹੈ। ਇਸ ਸਾਲ ਕਣਕ ਦੀ ਹੋਈ ਰਿਕਾਰਡ ਤੋੜ ਪੈਦਾਵਾਰ ਦਾ ਸਮੁੱਚਾ ਸਿਹਰਾ ਯੂਨੀਵਰਸਿਟੀ ਵਿਗਿਆਨੀਆਂ, ਪੰਜਾਬ ਦੇ ਸਿਰੜੀ ਕਿਸਾਨਾਂ ਅਤੇ ਖੇਤੀਬਾੜੀ ਵਿਭਾਗ, ਪੰਜਾਬ ਦੇ ਸਿਰ ਬੰਨਦਿਆਂ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਮਾਹਿਰਾਂ ਵੱਲੋਂ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਸਹੀ ਪ੍ਰਬੰਧ ਬਾਰੇ ਵੀ ਵੱਡੀ ਪੱਧਰ ਤੇ ਖੋਜ ਕਾਰਜ ਜਾਰੀ ਹਨ ਤਾਂ ਜੋ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਆਦਿ ਨੂੰ ਸਾੜਿਆ ਨਾ ਜਾਵੇ ਅਤੇ ਖੇਤੀਬਾੜੀ ਦੀ ਲਗਾਤਾਰਤਾ ਕਾਇਮ ਰਹਿ ਸਕੇ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਵਿੱਚ ਛੇ ਸਾਲ ਦਾ ਪ੍ਰੋਗਰਾਮ ਸ਼ੁਰੂ ਕਰਨ ਨਾਲ ਪੇਂਡੂ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਸਮਾਜ ਦੀਆਂ ਲੋੜਾਂ ਨੂੰ ਪੂਰਨ ਲਈ ਯੂਨੀਵਰਸਿਟੀ ਵੱਲੋਂ ਮਾਨਵੀਂ ਕਦਰਾਂ ਕੀਮਤਾਂ ਤੇ ਪੜਾਏ ਜਾਂਦੇ ਕੋਰਸਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਨਾਲ ਸਾਡੇ ਸਮਾਜ ਵਿੱਚ ਬਹੁ-ਪੱਖੀ ਸੁਧਾਰ ਹੋਣ ਦੀ ਸੰਭਾਵਨਾ ਹੈ। ਯੂਨੀਵਰਸਿਟੀ ਨੂੰ ਹਾਸਿਲ ਹੋਏ ਐਵਾਰਡਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 1995 ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਬੈਸਟ ਇੰਸਟੀਚਿਊਟ ਐਵਾਰਡ ਨਾਲ ਸਨਮਾਨਿਤ ਹੋਣ ਉਪਰੰਤ 2006 ਵਿੱਚ ਮਿਲੀ 100 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਨਾਲ ਯੂਨੀਵਰਸਿਟੀ ਖੋਜ ਨੂੰ ਹੁਲਾਰਾ ਮਿਲਿਆ। ਪੰਜਾਬ ਸਰਕਾਰ ਵੱਲੋਂ 95 ਕਰੋੜ ਦੇ ਬਜਟ ਨੂੰ 190 ਕਰੋੜ ਕਰਨ ਤੇ ਉਨ੍ਹਾਂ ਨੇ ਸ: ਬਾਦਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਡਾ: ਅਰਵਿੰਦ ਕੁਮਾਰ, ਡਿਪਟੀ ਡਾਇਰੈਕਟਰ ਜਨਰਲ (ਐਜੂਕੇਸ਼ਨ) ਭਾਰਤੀ ਖੇਤੀ ਖੋਜ ਪ੍ਰੀਸ਼ਦ, ਡਾ: ਆਰ ਬੀ ਸਿੰਘ, ਪ੍ਰਧਾਨ, ਨੈਸ਼ਨਲ ਅਕਾਦਮੀ ਆਫ਼ ਐਗਰੀਕਲਚਰਲ ਸਾਇੰਸਜ਼, ਡਾ: ਐਸ ਐਲ ਮਹਿਤਾ, ਸਾਬਕਾ ਵਾਈਸ ਚਾਂਸਲਰ, ਮਹਾਂਰਾਣਾ ਪ੍ਰਤਾਪ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਤਕਨਾਲੋਜੀ, ਉਦੇਪੁਰ, ਡਾ: ਜੀ ਐਸ ਕਾਲਕਟ, ਚੇਅਰਮੈਨ, ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ, ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾ: ਅਮਰਜੀਤ ਸਿੰਘ ਖਹਿਰਾ, ਡਾ: ਕਿਰਪਾਲ ਸਿੰਘ ਔਲਖ, ਡਾ: ਮਨਜੀਤ ਸਿੰਘ ਕੰਗ ਤੋਂ ਇਲਾਵਾ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਹਿਸਾਰ, ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਯੂਨੀਵਰਸਿਟੀ, ਪਾਲਮਪੁਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਤੋਂ ਪ੍ਰਤੀਨਿਧਾਂ ਅਤੇ ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਡਾ: ਆਰ ਬੀ ਸਿੰਘ, ਪ੍ਰਧਾਨ ਨੈਸ਼ਨਲ ਅਕਾਦਮੀ ਆਫ ਐਗਰੀਕਲਚਰਲ ਸਾਇੰਸਜ਼ ਨੇ ਸਦਾਬਹਾਰ ਹਰੀ ਕ੍ਰਾਂਤੀ ਤੇ ਭਾਸ਼ਣ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਜਿਥੇ ਭਾਰਤ ਵੱਲੋਂ ਖੇਤੀਬਾੜੀ ਦੇ ਖੇਤਰ ਵਿੱਚ ਹਾਸਿਲ ਕੀਤੀਆਂ ਅਹਿਮ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਉਥੇ ਬੱਚਿਆਂ ਅਤੇ ਮਾਵਾਂ ਵਿੱਚ ਵਧ ਰਹੀ ਪੌਸ਼ਟਿਕਤਾ ਦੀ ਘਾਟ ਪ੍ਰਤੀ ਚਿੰਤਾ ਵੀ ਪ੍ਰਗਟ ਕੀਤੀ। ਖੇਤੀਬਾੜੀ ਦੇ ਖੇਤਰ ਵਿੱਚ ਵੱਧ ਨਿਵੇਸ਼ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਚੀਨ ਵਿੱਚ ਭਾਰਤ ਨਾਲੋਂ ਲਗਪਗ ਤਿੰਨ ਗੁਣਾਂ ਜ਼ਿਆਦਾ ਨਿਵੇਸ਼ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਫ਼ਜਿਕਸ, ਮੈਥ ਅਤੇ ਹੋਰ ਵਿਸ਼ਿਆਂ ਦੀ ਗਲੋਬਲ ਰਿਸਰਚ ਵਿੱਚ ਵੀ ਭਾਰਤ, ਚੀਨ ਨਾਲੋਂ ਪਿੱਛੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਸਗੋਂ ਉਨ੍ਹਾਂ ਦਾ ਢਿੱਡ ਭਰਨ ਲਈ ਵਿਗਿਆਨ ਅਤੇ ਤਕਨਾਲੋਜੀ ਨੂੰ ਹੋਰ ਸਿਖ਼ਰਾਂ ਤੇ ਲਿਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੇਵਾ ਪ੍ਰਦਾਨ ਕਰਕੇ ਹੀ ਅਸੀਂ ਖੇਤੀ ਨੂੰ ਬਚਾ ਸਕਦੇ ਹਾਂ।
ਇਸ ਮੌਕੇ ਡਾ: ਐਸ ਐਲ ਮਹਿਤਾ ਸਾਬਕਾ ਵਾਈਸ ਚਾਂਸਲਰ, ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ਼  ਐਗਰੀਕਲਚਰ ਆਫ ਤਕਨਾਲੋਜੀ, ਉਦੇਪੁਰ ਨੇ ਖੇਤੀਬਾੜੀ ਵਿੱਚ ਮਿਆਰੀ ਸਿੱਖਿਆ ਨੂੰ ਵਿਸ਼ਵ ਮੁਕਾਬਲੇ ਵਿੱਚ ਸਫਲਤਾ ਦੀ ਕੁੰਜੀ ਦਸਦਿਆਂ ਕਿਹਾ ਕਿ ਅੱਜ ਭਾਰਤ ਵਿੱਚ 56 ਐਗਰੀਕਲਚਰਲ ਯੂਨੀਵਰਸਿਟੀਆਂ ਹਨ, ਜਿਨ੍ਹਾਂ ਵਿੱਚ ਲਗਪਗ 360 ਕਾਲਜ ਹਨ ਅਤੇ ਇਨ੍ਹਾਂ ਵਿੱਚ ਅੰਡਰ ਗਰੈਜੂਏਟ ਪੱਧਰ ਤੇ 13 ਵਿਸ਼ੇ ਅਤੇ ਪੋਸਟ ਗਰੈਜੂਏਟ ਪੱਧਰ ਤੇ 90 ਵਿਸ਼ੇ ਪੜਾਏ ਜਾਂਦੇ ਹਨ। ਇਨ੍ਹਾਂ ਯੂਨੀਵਰਸਿਟੀਆਂ ਵਿੱਚ ਖੋਜ, ਅਧਿਆਪਨ ਅਤੇ ਪਸਾਰ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਵੇਂ ਜਿਵੇਂ ਉਪਭੋਗਤਾਵਾਂ ਦੀਆਂ ਮੰਗਾਂ ਵਧ ਰਹੀਆਂ ਹਨ, ਉਨ੍ਹਾਂ ਨੂੰ ਪੂਰਨ ਲਈ ਸਾਨੂੰ ਖੇਤੀਬਾੜੀ ਦੇ ਵਿਦਿਅਕ ਮਿਆਰ ਨੂੰ ਉੱਚਾ ਚੁੱਕਣਾ ਪਵੇਗਾ। ਉਨ੍ਹਾਂ ਦੱਸਿਆ ਕਿ ਮੰਡੀਕਰਨ, ਗੁਣਵਤਾ ਵਧਾਉਣ , ਬਾਰੀਕੀ ਦੀ ਖੇਤੀ, ਨੈਨੋ ਤਕਨਾਲੋਜੀ, ਬਾਇਓ ਤਕਨਾਲੋਜੀ, ਪ੍ਰੋਸੈਸਿੰਗ  ਆਦਿ ਵਿਸ਼ਿਆਂ ਵਿੱਚ ਮੁਹਾਰਤ ਹਾਸਿਲ ਕਰਨ ਦੀ ਵਿਸ਼ੇਸ਼ ਲੋੜ ਹੈ। ਖੇਤੀਬਾੜੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਕਈ ਮਹੱਤਵਪੂਰਨ ਸੁਝਾਅ ਦਿੰਦਿਆਂ ਉਨ੍ਹਾਂ ਨੇ ਖੇਤੀਬਾੜੀ ਸਵੈ-ਉੱਦਮਾਂ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ। ਰਵਾਇਤੀ ਸਿੱਖਿਆ ਦੀ ਥਾਂ ਸਮਾਜ ਦੀਆਂ ਲੋੜਾਂ ਅਨੁਸਾਰ ਖੋਜ ਅਤੇ ਅਧਿਆਪਨ ਵਿੱਚ ਨਵੀਨੀਕਰਨ ਲਿਆਉਣ ਹਿਤ ਉਨ੍ਹਾਂ ਨੇ ਪ੍ਰਾਈਵੇਟ ਸੰਸਥਾਵਾਂ, ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀਆਂ ਸੰਸਥਾਵਾਂ, ਆਈ ਆਈ ਟੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਆਦਿ ਨਾਲ ਸਾਂਝ ਸਥਾਪਿਤ ਕਰਨ ਤੇ ਜ਼ੋਰ ਦਿੱਤਾ।
ਇਸ ਮੌਕੇ ਡਾ: ਸੀ ਡੀ ਮਾਈ ਸਾਬਕਾ ਚੇਅਰਮੈਨ, ਐਗਰੀਕਲਚਰਲ ਸਾਇੰਟਿਸਟਜ਼ ਰਿਕਰੂਟਮੈਂਟ ਬੋਰਡ ਅਤੇ ਸਾਬਕਾ ਐਗਰੀਕਲਚਰਲ ਪ੍ਰੋਡਕਸ਼ਨ ਕਮਿਸ਼ਨਰ, ਭਾਰਤ ਸਰਕਾਰ ਨੇ ਜੀ ਐਮ ਤਕਨਾਲੋਜੀ ਨੂੰ ਭਾਰਤ ਵਿੱਚ ਦਰਪੇਸ਼ ਚੁਣੌਤੀਆਂ ਅਤੇ ਸੰਭਾਵਨਾਵਾਂ ਤੇ ਭਾਸ਼ਣ ਦਿੱਤਾ, ਜਿਸ  ਵਿੱਚ ਉਨ੍ਹਾਂ ਨੇ ਬੀ ਟੀ ਨਰਮਾ, ਬੀ ਟੀ ਬੈਂਗਣ ਅਤੇ ਹੋਰ ਉਤਪਾਦਨਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਡਾ: ਜੀ ਐਸ ਕਾਲਕਟ, ਚੇਅਰਮੈਨ ਪੰਜਾਬ ਸਟੇਟ ਫਾਰਮਰਜ਼ ਨੇ ਵੀ ਸੰਬੋਧਨ ਕੀਤਾ ਅਤੇ ਡਾ: ਪੀ ਕੇ ਖੰਨਾ, ਟੈਕਨੀਕਲ ਐਡਵਾਈਜ਼ਰ ਟੂ ਵਾਈਸ ਚਾਂਸਲਰ ਨੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ ਵੱਖ ਵਿਭਾਗਾਂ ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀ ਪ੍ਰਦਰਸ਼ਨੀ  ਲਗਾਈ ਗਈ ਅਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>