ਜਸਪਾਲ ਭੱਟੀ ਦੀ ਮੌਤ : ਸਾਫ਼ ਸੁਥਰੀ ਪੰਜਾਬੀ ਹਾਸ ਕਲਾ ਦਾ ਅੰਤ

ਜਸਪਾਲ ਭੱਟੀ ਇਕ ਅਜਿਹਾ ਕਲਾਕਾਰ ਸੀ, ਜਿਸਨੇ ਪੰਜਾਬੀ ਕਲਾਕਾਰੀ ਨੂੰ ਇਕ ਨਵੀਂ ਸੇਧ ਦਿੱਤੀ। ਉਸਨੇ ਆਪਣੇ ਕਿਰਦਾਰ ਨਿਭਾਉਂਦਿਆਂ ਜਿਥੇ ਪੰਜਾਬੀ ਅਦਾਕਾਰੀ ਦੇ ਵੱਡੇ ਅਤੇ ਛੋਟੇ ਦੋਵੇਂ ਹੀ ਪਰਦਿਆਂ ‘ਤੇ ਆਪਣੀ ਇਕ ਵਿਲੱਖਣ ਥਾਂ ਬਣਾਈ, ਹੁਣ ਸਾਡੇ ਵਿਚ ਨਹੀਂ ਰਿਹਾ। ਉਸਦੀ ਕਲਾ ਦਾ ਲੋਹਾ ਹਿੰਦੀ ਸਿਨੇਮਾ ਨੇ ਵੀ ਮੰਨਿਆ। ਇਸ ਅਦਾਕਾਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਕਦੀ ਵੀ ਪੁੱਠੀਆਂ ਸਿੱਧੀਆਂ ਛਾਲਾਂ ਮਾਰਕੇ ਆਪਣੇ ਦਰਸਕਾਂ ਦਾ ਮਨੋਰੰਜਨ ਕਰਨ ਦੀ ਗੱਲ ਨਹੀਂ ਕੀਤੀ, ਸਗੋਂ ਜਦੋਂ ਵੀ ਉਹ ਪਰਦੇ ‘ਤੇ ਆਇਆ ਉਸਨੇ ਆਪਣੇ ਦਰਸ਼ਕਾਂ ਲਈ ਇਕ ਸੰਦੇਸ਼ ਛੱਡਿਆ।

ਜਸਪਾਲ ਭੱਟੀ ਜਿਸਦੀ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ ਅਤੇ ਉਸਦਾ ਬੇਟਾ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਜਸਪਾਲ ਭੱਟੀ ਆਪਣੇ ਬੇਟੇ ਦੀ ਫਿਲਮ ‘ਪਾਵਰ ਕੱਟ’ ਦੀ ਪ੍ਰਮੋਸ਼ਨ ਲਈ ਜਾ ਰਿਹਾ ਸੀ, ਜਿਹੜੀ 26 ਅਕਤੂਬਰ ਨੂੰ ਰਲੀਜ਼ ਹੋਣ ਵਾਲੀ ਸੀ।

ਜਸਪਾਲ ਭੱਟੀ ਦੀ ਮੌਤ ਨਾਲ ਪੰਜਾਬੀ ਕਲਾ ਖੇਤਰ ਵਿਚ ਇਕ ਅਜਿਹਾ ਸਦਮਾ ਪਹੁੰਚਿਆ ਹੈ, ਜਿਸਨੂੰ ਪੂਰਿਆਂ ਕਰਨਾ ਨਾਮੁਮਕਿਨ ਹੈ। ਜਸਪਾਲ ਭੱਟੀ ਨੇ ਇੰਜੀਨੀਅਰਿੰਗ ਕੀਤੀ ਹੋਈ ਸੀ ਪਰੰਤੂ ਪੰਜਾਬੀ ਅਤੇ ਹਿੰਦੀ ਅਦਾਕਾਰਾਂ ਵਿਚ ਆਪਣਾ ਇਕ ਵਖਰਾ ਹੀ ਥਾਂ ਬਣਾਇਆ। ਉਸਨੂੰ ਇਕ ਅਜਿਹੇ ਵਿਅੰਗਕਾਰ ਵਜੋਂ ਯਾਦ ਕੀਤਾ ਜਾਵੇਗਾ ਜਿਸਨੇ ਸਮਾਜਕ ਅਤੇ ਰਾਜਨੀਤਕ ਪੱਧਰ ‘ਤੇ ਦੇਸ਼ ਵਿਚ ਪਨਪ ਰਹੀਆਂ ਬੁਰਾਈਆਂ ਨੂੰ ਇਕ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ।

1980 ਅਤੇ 90 ਦੇ ਦਹਾਕਿਆਂ ਵਿਚ ਜਦੋਂ ਜਸਪਾਲ ਭੱਟੀ ਨੇ ਦੂਰਦਰਸ਼ਨ ਦੁਆਰਾ ਪ੍ਰਦਰਸ਼ਿਤ ਆਪਣੇ ਸੀਰੀਅਲਾਂ ‘ਫਲਾਪ ਸ਼ੋਅ’ ਅਤੇ ‘ਉਲਟਾ ਪੁਲਟਾ’ ਰਾਹੀਂ ਸ਼ੁਰੂਆਤ ਕੀਤੀ ਤਾਂ ਉਸਤੋਂ ਬਾਅਦ ਉਸਨੇ ਪਿਛਲੇ ਮੁੜਕੇ ਨਹੀਂ ਵੇਖਿਆ। ਉਹ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਹੀ ਚਲਾ ਗਿਆ। ਇਨ੍ਹਾਂ ਰਾਹੀਂ ਜਸਪਾਲ ਭੱਟੀ ਨੇ ਦੇਸ਼ ਵਿਚ ਲਗਾਤਾਰ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਉਜਾਗਰ ਕੀਤਾ।

ਜਸਪਾਲ ਭੱਟੀ ਦਾ ਜਨਮ 3 ਮਾਰਚ, 1955 ਨੂੰ ਅੰਮ੍ਰਿਤਸਰ ਵਿਖੇ ਹੋਇਆ। ਜਸਪਾਲ ਭੱਟੀ ਨੇ ਆਪਣੀ ਕਲਾ ਦਾ ਲੋਹਾ ਕਾਲਜ ਦੇ ਦਿਨਾਂ ਵਿਚ ਹੀ ਮਨਵਾ ਲਿਆ। ਉਨ੍ਹਾਂ ਦਾ ‘ਨੌਨਸੈਂਸ ਕੱਲਬ’ ਕਾਫ਼ੀ ਮਸ਼ਹੁਰ ਹੋਇਆ। ਇਸਦੇ ਨਾਲ ਹੀ ਸਮੇਂ ਸਮੇਂ ਉਹ ਅਖਬਾਰ ਟ੍ਰਿਬਿਊਨ ਲਈ ਇਕ ਕਾਰਟੂਨਿਸਟ ਵਜੋਂ ਵੀ ਕੰਮ ਕਰਦੇ ਰਹੇ। ਉਨ੍ਹਾਂ ਨੇ ਆਪਣੇ ਕਾਰਟੂਨਜ਼ ਰਾਹੀਂ ਦੇਸ਼ ਵਿਚ ਫੈਲ ਰਹੇ ਭ੍ਰਿਸ਼ਟਾਚਾਰ ਅਤੇ ਲੀਡਰਾਂ ਦੇ ਕਿਰਦਾਰਾਂ ਨੂੰ ਭਲੀ ਭਾਂਤ ਉਜਾਗਰ ਕੀਤਾ। ਇਹ ਹੀ ਨਹੀਂ ਜਦੋਂ ਵੀ ਕਦੀ ਮਹਿੰਗਾਈ ਆਪਣੀਆਂ ਹੱਦਾਂ ਤੋਂ ਉਪਰ ਹੋਈ ਤਾਂ ਜਸਪਾਲ ਭੱਟੀ ਨੇ ਦੇਸ਼ ਦੇ ਲੀਡਰਾਂ ਉਪਰ ਵੀ ਵਿੰਅਗ ਕੱਸਣ ਤੋਂ ਪਰਹੇਜ਼ ਨਹੀਂ ਕੀਤਾ। ਉਨ੍ਹਾਂ ਦੀ ਇਕ ਖਾਸੀਅਤ ਇਹ ਵੀ ਰਹੀ ਕਿ ਉਹ ਕਿਸੇ ਇਕ ਪਾਰਟੀ ਨੇ ਬੱਝਕੇ ਇਕ ਦੂਜੀ ਪਾਰਟੀ ਦੀਆਂ ਸਿਫ਼ਤਾਂ ਕਰਨ ਵਾਲਿਆਂ ਵਿਚ ਨਹੀਂ ਸਨ। ਸਗੋਂ ਕਾਂਗਰਸ, ਭਾਜਪਾ ਜਾਂ ਅਕਾਲੀ ਸਰਕਾਰ ਜਿਸਨੇ ਵੀ ਕਿਤੇ ਕੋਈ ਅਣਗਹਿਲੀ ਕੀਤੀ ਉਨ੍ਹਾਂ ਨੇ ਆਪਣੇ ਵਿਅੰਗ ਭਰਪੂਰ ਤੀਰਾਂ ਨਾਲ ਉਨ੍ਹਾਂ ਦੀਆਂ ਚਾਲਾਂ ਦਾ ਭਾਂਡਾ ਸ਼ਰੇਆਮ ਭੰਨਿਆਂ।

ਇਥੋਂ ਤੱਕ ਜਦੋਂ ਵੀ ਪੰਜਾਬ ਜਾਂ ਦੇਸ਼ ਵਿਚ ਚੋਣਾਂ ਦਾ ਦੌਰ ਦੌਰਾ ਚਲਿਆ ਜਸਪਾਲ ਭੱਟੀ ਨੇ ਚੰਡੀਗੜ੍ਹ ਵਿਚ ਆਪਣੀ ਪਾਰਟੀ ਦੇ ਜ਼ਰੀਏ ਲੀਡਰਾਂ ਦੀਆਂ ਚਾਲਾਂ ਉਪਰ ਭਰਪੂਰ ਵਿਅੰਗ ਕੱਸੇ। ਪੰਜਾਬੀ ਕਲਾ ਖੇਤਰ ਦੀ ਇਹ ਸਦਾ ਹੀ ਬਦਕਿਸਮਤੀ ਰਹੀ ਹੈ ਕਿ ਉਸ ਪਾਸ ਚੰਗੇ ਅਤੇ ਉਸਾਰੂ ਕਲਾਕਾਰਾਂ ਦੀ ਬਹੁਤ ਹੀ ਘਾਟ ਰਹੀ। ਜੇਕਰ ਕੋਈ ਹਾਸ ਕਲਾਕਾਰ ਆਇਆ ਵੀ ਤਾਂ ਉਸਨੇ ਦੋਹਰੇ ਮਤਲਬ ਵਾਲੀਆਂ ਗੱਲਾਂ ਕਰਕੇ ਹੀ ਆਪਣੀ ਕਲਾ ਦਾ ਲੋਹਾ ਕੋਸ਼ਿਸ਼ ਮਨਵਾਉਣ ਦੀ  ਕੀਤੀ। ਇਥੋਂ ਤੱਕ ਕਿ ਸਾਡੇ ਹਾਸ ਕਲਾਕਾਰਾਂ ਪਾਸ ਚੰਗੀ ਵਿਅੰਗ ਸ਼ੈਲੀ ਦੀ ਘਾਟ ਹੋਣ ਕਰਕੇ ਉਨ੍ਹਾਂ ਨੇ ਕੁਝ ਚੁਟਕਲਿਆਂ ਨੂੰ ਇੱਕਠਿਆਂ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਪਰੰਤੂ ਜਸਪਾਲ ਭੱਟੀ ਇਸ ਸਭ ਤੋਂ ਬਹੁਤ ਦੁਰ ਸਨ। ਉਨ੍ਹਾਂ ਨੇ ਸਮਾਜਕ, ਪ੍ਰਵਾਰਕ ਅਤੇ ਰਾਜਨੀਤਕ ਬਰਾਈਆਂ ਦਾ ਭਾਂਡਾ ਬੜੇ ਹੀ ਮਾਸੂਮੀਅਤ ਭਰੇ ਅੰਦਾਜ਼ ਨਾਲ ਭੰਨਿਆਂ। ਲੀਡਰਾਂ, ਸਰਕਾਰੀ ਦਫ਼ਤਰਾਂ, ਸਮਾਜਕ ਵਰਕਰਾਂ, ਡਾਕਟਰਾਂ, ਇੰਜੀਨੀਅਰਾਂ ਹਰ ਖੇਤਰ ਵਿਚ ਪੈਦਾ ਹੋਈਆਂ ਬੁਰਾਈਆਂ ਦੀ ਉਨ੍ਹਾਂ ਨੇ ਪੂਰਨ ਤੌਰ ‘ਤੇ ਨਿਖੇਧੀ ਕੀਤੀ।
ਇਸ ਮੌਕੇ ‘ਤੇ ਅਸੀਂ ਭੱਟੀ ਪ੍ਰਵਾਰ ਨਾਲ ਸ਼ੋਕ ਪ੍ਰਗਟਾਉਂਦੇ ਹੋਏ ਪ੍ਰਮਾਤਮਾ ਪਾਸ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।

This entry was posted in ਸੰਪਾਦਕੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>