ਬਹੁਤ ਕੁਝ ਸੰਕੇਤ ਕਰਨਗੇ ਹਿਮਾਚਲ ਤੇ ਗੁਜਰਾਤ ਦੇ ਚੋਣ ਨਤੀਜੇ

( ਪਰਮਜੀਤ ਸਿੰਘ ਬਾਗੜੀਆ )

ਕੇਂਦਰ ਵਿਚ ਸੱਤਾ ਸੁਖ ਮਾਣ ਰਹੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਇਕ ਤੋਂ ਬਾਅਦ ਇਕ  ਕਮਜੋਰੀਆਂ ਕਰਕੇ ਮੁਖ ਵਿਰੋਧੀ ਪਾਰਟੀ ਭਾਜਪਾ ਦੇ ਹਮਲਿਆਂ ਦਾ ਸਬੱਬ ਬਣੀ ਹੋਈ ਹੈ।  ਭ੍ਰਿਸ਼ਾਚਾਰ ਦੇ ਦੋਸ਼ਾਂ ਅਧੀਨ ਇਸਦੇ ਮੰਤਰੀਆਂ ਦੇ ਘਿਰ ਜਾਣ ਕਰਕੇ ਤਾਂ ਸਰਕਾਰ ਹੋਰ ਵੀ ਕਸੂਤੀ ਸਥਿਤੀ ਵਿਚ ਫਸ ਗਈ। ਭਾਜਪਾ ਨੇ ਸਰਕਾਰ ਦੀਆਂ ਮੰਹਿਗਾਈ ਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਨਾ ਪਾ ਸਕਣ ਦੀਆਂ ਨਕਾਮੀਆਂ ਅਤੇ ਉਦਾਰ ਆਰਥਿਕ ਨੀਤੀਆਂ ਦਾ ਵਿਰੋਧ ਕਰਦਿਆਂ ਅਗਾਮੀ ਲੋਕ ਸਭਾ ਚੋਣਾਂ ਲਈ ਮੈਦਾਨ ਤਿਆਰ ਕਰਨਾ ਅਰੰਭ ਦਿੱਤਾ ਹੈ। ਭਾਜਪਾ ਆਪਣੇ ਸਿਆਸੀ ਸਹਿਯੋਗੀਆਂ ਨਾਲ ਮਿਲ ਕੇ ਦੇਸ਼ ਨੂੰ ਕਾਂਗਰਸ ਦੇ ਮੁਕਾਬਲੇ ਬਦਲਵੀਂ ਸਰਕਾਰ ਦੇਣ ਦੇ ਮੁੱਦੇ ਤੇ ਆਪਣਾ ਸਿਆਸੀ ਆਧਾਰ ਵਧਾਉਣ ਲਈ ਤਾਣ ਲਾ ਰਹੀ ਹੈ। ਕਾਂਗਰਸ ਅਤੇ ਭਾਜਪਾ ਦੋਵੇਂ ਰਾਸ਼ਟਰੀ ਪਾਰਟੀਆਂ ਲਈ ਦੋ ਸੂਬਿਆਂ ਹਿਮਾਚਲ ਪ੍ਰਦੇਸ ਅਤੇ ਗੁਜਰਾਤ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਇਕ ਵੱਡੀ ਪ੍ਰੀਖਿਆ ਦੀ ਘੜੀ ਹਨ। ਹਿਮਾਚਲ ਅਤੇ ਗੁਜਰਾਤ ਦੋਵੇਂ ਸੂਬੇ ਭਾਜਪਾ ਸ਼ਾਸ਼ਤ ਰਾਜ ਹਨ। ਦੋਵਾਂ ਸੂਬਿਆਂ ਵਿਚ ਪ੍ਰਭਾਵਸ਼ਾਲੀ ਤੀਜੀ ਸਿਆਸੀ ਧਿਰ ਦੀ ਅਣਹੋਂਦ ਹੈ, ਕੋਈ ਖੇਤਰੀ ਪਾਰਟੀ ਵੀ ਇਹਨ੍ਹਾਂ ਦੋਵਾਂ ਰਾਸ਼ਟਰੀ ਪਾਰਟੀਆਂ ਲਈ ਚੁਣੌਤੀ ਨਹੀਂ ਬਣਦੀ। ਅਜਿਹੇ ਵਿਚ ਇਥੇ ਟੱਕਰ ਮੁੱਖ ਰੂਪ ਵਿਚ ਕਾਂਗਰਸ ਅਤੇ ਭਾਜਪਾ ਵਿਚਕਾਰ ਹੀ ਹੈ। ਭਾਵੇਂ ਇਹਨਾਂ ਸੁਬਾਈ ਚੋਣਾਂ ਵਿਚ ਲੋਕਾਂ ਨੇ ਸੂਬਾ ਸਰਕਾਰਾਂ ਦੀ ਕਾਰਗੁਜਾਰੀ ਨੂੰ ਮੁੱਖ ਰੱਖ ਕੇ ਹੀ ਭੁਗਤਣਾ ਹੈ ਫਿਰ ਵੀ ਇਹ ਚੋਣਾਂ ਦੇ ਨਤੀਜੇ ਭਵਿੱਖ ਵਿਚ ਕੇਂਦਰ ਦੀ ਸੰਭਾਵੀ ਸਰਕਾਰ ਵੱਖ ਸੰਕੇਤ ਜਰੂਰ ਕਰਨਗੇ।

ਪੰਜਾਬ ਦੇ ਗੁਆਂਢੀ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿਚ ਵੀ ਕੇਂਦਰ ਵਿਚ ਭ੍ਰਿਸ਼ਟਾਚਾਰ ਦਾ ਮੁੱਦਾ ਛਾਇਆ ਹੋਇਆ ਹੈ। ਭਾਜਪਾ ਨੇ ਸੂਬਾ ਸਰਕਾਰ ਦੇ ਆਰਥਿਕ ਵਿਕਾਸ ਅਤੇ ਕੇਂਦਰ ਵਲੋਂ ਵਧਾਈ ਮੰਹਿਗਾਈ ਅਤੇ ਖਪਤਕਾਂਰਾਂ ਨੂੰ ਮਿਲਦੀਆਂ ਸਹੂਲਤਾਂ ਵਿਚ ਕਟੌਤੀ ਦਾ ਮੁੱਦਾ ਪ੍ਰਚੰਡ ਕੀਤਾ ਹੋਇਆ ਹੈ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਦਾ ਵੀ ਇਥੇ ਸੱਤਾ ਤਬਦੀਲੀ ਲਈ ਜ਼ੋਰ ਲੱਗਿਆ ਹੋਇਆ ਹੈ, ਹਾਲਾਂਕਿ ਕਾਂਗਰਸ ਚੜ੍ਹਦੇ ਸਾਲ ਹੀ ਲੰਘੀਆਂ ਪੰਜ ਰਾਜਾਂ ਦੀਆਂ ਚੋਣਾਂ ਵਿਚ ਆਪਣਾ ਜਲਵਾ ਨਹੀਂ ਵਿਖਾ ਸਕੀ ਸਗੋਂ ਆਪਣੇ ਰਵਾਇਤੀ ਗੜ੍ਹ ਉੱਤਰ ਪ੍ਰਦੇਸ਼ ਵਿਚ ਵੀ ਇਕ ਵਾਰ ਫਿਰ ਮਾਤ ਖਾ ਗਈ। ਗੁਜਰਾਤ ਵਿਚ ਕਾਂਗਰਸ ਦੀ ਭਾਜਪਾ ਦੇ ਸਫਲ ਮੁੱਖ ਮੰਤਰੀ ਨਰੇਂਦਰ ਮੋਦੀ ਨਾਲ ਟੱਕਰ ਹੈ ਜੋ ਪ੍ਰਚਾਰ ਵਿਚ ਕਾਂਗਰਸ ਦਾ ਰਾਸ਼ਟਰੀ ਪੱਧਰ ‘ਤੇ ਟਾਕਰਾ ਕਰਦੇ ਹਨ। ਕਾਂਗਰਸ ਜਿਹੜੀ ਹੁਣ ਤੱਕ ਖੁਦ ਨੂੰ ਘੱਟ ਗਿਣਤੀਆਂ ਅਤੇ ਆਦਿਵਾਸੀ ਹਿਤੈਸ਼ੀ ਪਾਰਟੀ ਹੋਣ ਦਾ ਦਾਅਵਾ ਕਰਦੀ ਆਈ ਹੈ ਇਸਦਾ ਫੈਸਲਾ ਵੀ ਗੁਜਰਾਤ ਦੇ ਚੋਣ ਨਤੀਜੇ ਹੀ ਕਰਨਗੇ ਕਿਉਂ ਕਿ ਗੁਜਰਾਤ ਵਿਧਾਨ ਸਭਾ ਦੀਆਂ ਕੁਲ 182 ਸੀਟਾਂ ਵਿਚੋਂ 13 ਸੀਟਾਂ ਅਨੁਸੂਚਿਤ ਜਾਤੀਆਂ ਅਤੇ 26 ਸੀਟਾਂ ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਹਨ। ਮੋਦੀ ਦੇ ਗੁਜਰਾਤ ਵਿਚ ਉਭਾਰ ਤੋਂ ਲੈ ਕੇ ਹੀ ਕਾਂਗਰਸ ਉਸਦੇ ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਵਿਰੋਧੀ ਹੋਣ ਦਾ ਭਖਵਾਂ ਪ੍ਰਚਾਰ ਕਰਦੀ ਆਈ ਹੈ।

ਦੇਸ਼ ਦੀ ਭਵਿੱਖ ਦੀ ਕੌਮੀ ਸਿਆਸਤ ਵਿਚ ਗੁਜਰਾਤ ਦੇ ਚੋਣ ਨਤੀਜੇ ਬੜੇ ਅਹਿਮ ਹੋਣਗੇ। ਅੱਜ ਪੂਰੇ ਦੇਸ਼ ਦੀਆਂ ਨਜ਼ਰਾਂ ਮੌਜੂਦਾ ਲੋਕ ਰੁਖ ਵੱਲ ਲੱਗੀਆਂ ਹੋਈਆਂ ਹਨ, ਲਗਦਾ ਹੈ ਕਿ ਪਾਰਲੀਮੈਂਟ ਚੋਣਾਂ ਨੇੜੇ ਆਉਣ ਕਰਕੇ ਅਤੇ ਦੋ ਸੂਬਿਆਂ ਵਿਚ ਵਿਰੋਧੀ ਪਾਰਟੀ ਭਾਜਪਾ ਦੀਆਂ ਸਰਕਾਰਾਂ ਹੋਣ ਕਰਕੇ ਕੇਂਦਰ ਦੀਆਂ ਆਰਥਿਕ ਨੀਤੀਆਂ, ਵਿਦੇਸ਼ੀ ਨਿਵੇਸ਼ ਅਤੇ ਨਿੱਜੀਕਰਣ ਆਦਿ ਮੁੱਦਿਆਂ  ਪ੍ਰਤੀ ਲੋਕਾਂ ਦੇ ਰੁਝਾਨ ਦੀ ਝਲਕ ਇਨ੍ਹਾਂ ਚੋਣਾਂ ਵਿਚ ਵੇਖਣ ਨੂੰ ਜਰੂਰ ਮਿਲੇਗੀ। ਕਾਂਗਰਸ ਨੂੰ ਪਤਾ ਲੱਗੇਗਾ ਕਿ  ਉਸਦੀਆਂ ਆਰਥਿਕ ਨੀਤੀਆਂ ਨਾਲ ਲੋਕ ਕਿੰਨਾ ਕੁ ਸਹਿਮਤ ਹਨ। ਦੂਜਾ ਗੁਜਰਾਤ ਵਿਚ ਭਾਜਪਾ ਦਾ ਸਿਆਸੀ ਆਧਾਰ ਪੱਕਾ ਕਰਨ ਵਾਲੇ ਭਾਜਪਾ ਆਗੂ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਦੇ ਦਾਅਵੇ ਦੀ ਕਾਫੀ ਹੱਦ ਤੱਕ ਪੁਸ਼ਟੀ ਵੀ ਇਹਨਾਂ ਚੋਣਾਂ ਦੇ ਨਤੀਜੇ ਹੀ ਕਰਨਗੇ। ਤੀਜਾ 39 ਰਾਖਵੀਆਂ ਸੀਟਾਂ ਵਾਲੇ ਰਾਜ ਗੁਜਰਾਤ ਵਿਚ ਅਨੁਸੂਚਿਤ ਅਤੇ ਆਦਿਵਾਸੀ ਵਰਗਾਂ ਪ੍ਰਤੀ ਕਾਂਗਰਸ ਦੇ ਹੇਜ ਦਾ ਸੱਚ ਵੀ ਸਾਹਮਣੇ ਆਵੇਗਾ। ਮੁਕਦੀ ਗੱਲ ਇਹ ਹੈ ਕਿ ਜੇਕਰ ਕਾਂਗਰਸ ਦੋਵੇਂ ਰਾਜਾਂ ਵਿਚੋਂ ਇਕ ਵਿਚ ਆਪਣੀ ਸਰਕਾਰ ਬਣਾਉਦੀ ਹੈ ਤਾਂ ਸਿਆਸੀ ਮੈਦਾਨ ਵਿਚ ਵਿਰੋਧੀ ਪਾਰਟੀ ਭਾਜਪਾ ਦੇ ਮੁਕਾਬਲੇ ਵਿਚ ਟਿਕੀ ਰਹਿ ਸਕਦੀ ਹੈ ਅਤੇ ਜੇਕਰ ਇਹ ਦੋਵੇਂ ਰਾਜਾਂ ਦੇ ਚੋਣ ਨਤੀਜੇ ਭਾਜਪਾ ਦੇ ਹੱਕ ਵਿਚ ਜਾਂਦੇ ਹਨ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਦੋਹਰੀ ਸਿਆਸੀ ਲੜਾਈ ਦੌਰਾਨ ਆਪਣੀ ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਨਾਲ ਨਾਲ ਕੁਝ ਮਜਬੂਤ ਖੇਤਰੀਆਂ ਪਾਰਟੀਆਂ ਦਾ ਵੀ ਸਾਹਮਣਾ ਕਰਨਾ ਪਵੇਗਾ ਅਤੇ ਹੋ ਸਕਦਾ ਹੈ ਦੇਸ਼ ਦੀ ਇਹ ਪੁਰਾਣੀ ਰਾਜਸੀ ਪਾਰਟੀ ਆਪਣੀਆਂ ਨੀਤੀਆਂ ਅਤੇ ਅਸਫਲਤਾਵਾਂ ਸਦਕਾ ਸਿਆਸੀ ਤੌਰ ਤੇ ਹਾਸ਼ੀਏ ਤੇ ਹੀ ਚਲੀ ਜਾਏ। ਅਜਿਹੇ ਮਹੌਲ ਵਿਚ ਕਾਂਗਰਸ ਨੂੰ ਆਪਣਾ ਸਿਆਸੀ ਭਵਿੱਖ ਬਚਾਉਣ ਲਈ ਸੁਥਰੇ ਅਕਸ ਵਾਲੀ ਅਤੇ ਪਾਏਦਾਰ ਸਿਆਸਤ ਹੀ ਬਚਾ ਸਕਦੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>