ਗੁਰੂ ਗ੍ਰੰਥ ਗੁਰੂ ਪੰਥ

ਸਰਬੰਸਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 42 ਸਾਲ ਪਰਮ ਪੁਰਖ ਦੇ ਦਾਸ ਵਜੋਂ ਜਗਤ ਤਮਾਸ਼ਾ ਵੇਖ, ਧਰਮ ਪੰਥ ਪ੍ਰਚੁਰ ਕਰਨ ਦੀ ਰੱਬੀ ਆਗਿਆ ਪੂਰੀ ਕਰ ਜੀਵਨ ਹਯਾਤੀ ਦੇ ਅੰਤਲੇ ਦਿਵਸ ਵਿੱਚ ਜੋ ਇਲਾਹੀ ਕ੍ਰਿਸ਼ਮਾ ਕੀਤਾ, ਧਰਮ ਮਜਹੱਬ ਦੇ ਇਤਿਹਾਸ ਵਿੱਚ ਇਸ ਦੀ ਮਿਸਾਲ ਨਹੀਂ ਮਿਲਦੀ। ਪੰਜਾਬ ਤੋਂ ਦੂਰ ਦੱਖਣ ਵਿੱਚ ਨੰਦੇੜ ਨਾਮਕ ਸਥਾਨ (ਜੋ ਹੁਣ ਸਿੱਖ ਪੰਥ ਲਈ ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਹੈ) ਵਿਖੇ ਗੁਰੂ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵਲੋਂ ਬਖ਼ਸ਼ਿਸ਼ ਕੀਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਾਕਾਰ ਕਰਦਿਆਂ, ਸਖਸ਼ੀ ਗੁਰੂ ਦੀ ਪਰਪਾਟੀ ਖਤਮ ਕਰ ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੀ ਸਦੀਵੀ ਬਖਸ਼ਿਸ਼ ਕੀਤੀ।

ਭਾਵੇਂ ਸ਼ਬਦ ਗੁਰੂ ਦਾ ਸ੍ਰੀ ਗ੍ਰੰਥ ਸਾਹਿਬ ਦੇ ਰੂਪ ਵਿਚ ਪਹਿਲਾ ਪ੍ਰਕਾਸ਼ ਪੰਚਮ ਪਾਤਸ਼ਾਹ ਨੇ ਸੰ 1604 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰ ਦਿੱਤਾ ਸੀ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਸਤਿਗੁਰੂ ਗੁਰੁ ਤੇਗ ਬਹਾਦਰ ਸਾਹਿਬ ਜੀ ਵਲੋਂ ਉਚਾਰੀ ਰੱਬੀ ਬਾਣੀ (59 ਸ਼ਬਦ ਤੇ 57 ਸ਼ਲੋਕ)  ਸ੍ਰੀ ਦਮਦਮਾ ਸਾਹਿਬ ਵਿਖੇ  ਭਾਈ ਮਨੀ ਸਿੰਘ ਜੀ ਤੋਂ ਗ੍ਰੰਥ ਸਾਹਿਬ ਵਿਚ ਅੰਕਿਤ ਕਰਵਾ ਸਰੂਪ ਸੰਪੂਰਣ ਕਰਨ ਦੀ ਬਖਸ਼ਿਸ਼ ਕੀਤੀ । ਸਿਖ ਸੰਗਤਾਂ ਦੇ ਸਜੇ ਦੀਵਾਨ ਵਿਚ, ਸਰੀਰਕ ਚੋਲਾ ਤਿਆਗ ਸਚਖੰਡ ਪਿਆਨਾ ਕਰਨ ਦਾ ਫੈਸਲਾ ਸੁਣਾਉਂਦਿਆਂ, ‘ਗ੍ਰੰਥ ਸਾਹਿਬ’ ‘ਨੂੰ ਗੁਰਤਾ ਦੀ ਗੱਦੀ ਬਖਸ਼ ‘ਗੁਰੂ ਮਾਨਿਓ ਗ੍ਰੰਥ’ ਦਾ ਸਦੀਵੀ ਆਦੇਸ਼ ਦਿੱਤਾ, ਜਿਸਨੂੰ ਸਿੱਖ ਸੰਗਤਾਂ ਅਰਦਾਸ ਉਪਰੰਤ ਹਰ ਰੋਜ਼ ਦੋਹਿਰੇ ਦੇ ਰੂਪ ਵਿਚ ਇਉਂ ਦ੍ਰਿੜ ਕਰਦੀਆਂ ਹਨ।

ਆਗਿਆ ਭਈ ਅਕਾਲ ਕੀ ,ਤਬੈ ਚਲਾਯੋ ਪੰਥ

ਸਭ ਸਿਖਨ ਕੋ ਹੁਕਮ ਹੈ ਗੁਰੁ ਮਾਨਿਓ ਗ੍ਰੰਥ

ਭਾਵੇਂ ਹਰ ਧਰਮ ਨੇ ਸਰੀਰ ਦੀ ਨਾਸ਼ਮਾਨਤਾ ਪ੍ਰਵਾਨੀ ਪਰ ਇਹ ਅਜੇ ਵੀ ਦੇਹਧਾਰੀਆ ਜਗਤ ਗੁਰੁਆ ਆਦਿ ਸ਼ਂਕਰਚਾਰੀਆ, ਨਾਥਾ, ਜੋਗੀਆ, ਕਾਜੀਆ, ਮੁਫਤੀਆ ਅਤੇ ਪਾਦਰੀਆ ਦਾ ਮਾਨਸਿਕ ਤੋਰ ਤੇ ਗੁਲਾਮ ਹੈ ਜਾ ਫਿਰ ਮੂਰਤੀਆਂ, ਤਸਵੀਰਾਂ ਤੇ ਬੁੱਤਾਂ ਦੀ ਪੂਜਾ ਕਰਦਾ ਹੈ।ਵੇਦ, ਸਿਮਰਤੀ, ਸ਼ਾਸ਼ਤਰ, ਕੁਰਾਨ ਸ਼ਰੀਫ, ਅੰਜੀਲ ਜਾਂ ਬਾਈਬਲ ਸਭ ਸਤਿਕਾਰਤ ਪਾਵਨ ਧਰਮ ਗ੍ਰੰਥ ਹਨ, ਲੇਕਿਨ ਇਹਨਾਂ ਨੂੰ ਅਵਤਾਰੀ ਜਾਂ ਪੈਗੰਬਰੀ ਦਰਜ਼ਾ ਪ੍ਰਾਪਤ ਨਹੀਂ ਹੈ।

ਦਸਵੇਂ ਪਾਤਸ਼ਾਹ ਨੇ ਜਦੋਂ ਸਰੀਰਕ  ਚੋਲਾ ਤਿਆਗਣ ਅਤੇ ਗੁਰੂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਥਾਪਿਤ ਕਰਨ ਦਾ ਫੈਸਲਾ ਸੁਣਾਇਆ ਤਾਂ ਵੈਰਾਗੀ ਤੇ ਬਿਹਬਲ ਹੋਈ ਸੰਗਤ ਨੇ  ਕਰੁਣਾਮਈ ਅਵਾਜ਼ ਵਿੱਚ ਪੁਛਿਆ ਕਿ ਅਸੀਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ,

ਲਖੀਏ ਤੁਮਰਾ ਦਰਸ਼ ਕਹਾਂ। ਕਹਹੁੰ ਤੋਹਿ ਸਮਝਾਇ

ਹਜੂਰੀ ਅਰਸ਼ੀ ਕਵੀ ਭਾਈ ਨੰਦ ਲਾਲ ਸਿੰਘ ਜੀ ਅਨੁਸਾਰ, ਗੁਰੂ ਪਾਤਸ਼ਾਹ ਨੇ ਸਤਿਗੁਰੂ ਦਾ ਸੰਕਲਪ ਸਿਧਾਂਤ ਅਤੇ ਦਰਸ਼ਨ ਇਉਂ ਸਮਝਾਇਆ,

ਤੀਨ ਰੂਪ ਹੈਂ ਮੋਹਿ ਕੇ, ਸੁਨਹੁ ਨੰਦ ਚਿੱਤ ਲਾਇ।
ਨਿਰਗੁਣ, ਸਰਗੁਣ, ਗੁਰਸ਼ਬਦ ਕਹਹੁੰ ਤੋਹਿ ਸਮਝਾਏ।

ਸਤਿਗੁਰ ਦਾ ਪ੍ਰਥਮ ਰੂਪ ਉਹੀ ਦਰਸਾਇਆ ਜਿਸ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਸੁਮੇਰ ਪ੍ਰਬਤ ਤੇ ਸਿੱਧਾਂ ਵਲੋਂ ਕੀਤੇ ਪ੍ਰਸ਼ਨ ਦੇ ਉਤਰ ਵਿੱਚ ਫਰਮਾਇਆ ਕਿ ਪਾਰਬ੍ਰਹਮ ਪ੍ਰਮੇਸ਼ਵਰ ਹੀ ਆਦਿ ਗੁਰੁ ਹੈ

ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ॥

ਗੁਰੁ ਦਸਮੇਸ਼ ਨੇ ਇਸੇ ਵਿਚਾਰ ਨੂੰ ਇਉˆ ਬਿਆਨ ਕੀਤਾ ਹੈ:-

ਏਕੁ ਰੂਪ ਤਿਹ ਗੁਣ ਤੇ ਪਰੈ । ਨੇਤਿ ਨੇਤਿ ਜਿਹ ਨਿਗਮ ਉਚਰੈ।

ਇਹੀ ਪ੍ਰਮਾਤਮਾ ਦਾ ਪ੍ਰਥਮ ਤੇ ਸਦੀਵੀ ਸਰੂਪ ਹੈ ਜਿਸ ਤੋˆ ਸਾਰੇ ਗੁਰੂ ਅਵਤਾਰ ਤੇ ਪੈਗੰਬਰ ਰੌਸ਼ਨੀ ਪ੍ਰਾਪਤ ਕਰਦੇ ਹਨ। ਗੁਰੂ ਪਾਤਸ਼ਾਹ ਨੇ ਦੂਜਾ ਰੂਪ ਇਉਂ ਬਿਆਨ ਕੀਤਾ

ਦੂਸਰ ਰੂਪ ਗ੍ਰੰਥ ਜੀ ਜਾਨਹੁ । ਆਪਨ ਅੰਗ ਮੇਰੇ ਕਰਿ ਮਾਨਹੁ॥
ਮੇਰਾ ਰੂਪ ਗ੍ਰੰਥ ਜੀ ਜਾਨ। ਇਸ ਮੇਂ ਭੇਦ ਨ ਰੰਚਕ ਮਾਨ ॥

ਜਦੋਂ ਸਿਖਾਂ ਨੇ ਪੁਛਿਆ ਜੇ ਤੁਹਾਡੇ ਦਰਸ਼ਨਾਂ ਦੀ ਚਾਹ ਹੋਵੇ, ਤਾਂ ਗੁਰੂ ਪਾਤਸ਼ਾਹ ਨੇ ਫੁਰਮਾਇਆ,

‘ਜੋ ਸਿਖ ਗੁਰੁ ਦਰਸ਼ਨ ਕੀ ਚਾਹਿ। ਦਰਸ਼ਨ ਕਰੇ ਗ੍ਰੰਥ ਜੀ ਆਹਿ।’ ਸਿਖਾਂ ਨੇ ਪੁਛਿਆ ਸਤਿਗੁਰ ਜੀ ਜੇ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ, ਤਾਂ ਗੁਰ ਫੁਰਮਾਇਆ! ’ਜੋ ਮਮ ਸਾਥ ਚਹੇ ਕਰਿ ਬਾਤ।ਗ੍ਰੰਥ ਜੀ ਪੜਹਿ ਬਿਚਾਰਹਿ ਸਾਥ।‘ਜੋ ਸਿੱਖ ਅਗਵਾਈ ਜਾਂ ਆਦੇਸ਼ ਪ੍ਰਾਪਤ ਕਰਨਾ ਚਾਹੁੰਦੇ ਹਨ ਉਨਾਂ ਬਾਰੇ ਫੁਰਮਾਇਆ ’ਜੋ ਮੁਝ ਬਚਨ ਸੁਨਨ ਕੀ ਚਾਇ। ਗ੍ਰੰਥ ਵਿਚਾਰ ਸੁਨਹੁ ਚਿਤ ਲਾਇ’ ਅਰਥਾਤ ਜੋ ਗੁਰੂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਨਾ ਚਾਹੇ ਉਹ ਗੁਰਬਾਣੀ ਦੀ ਵਿਚਾਰ ਕਰ ਅਗਵਾਈ ਪ੍ਰਾਪਤ ਕਰੇ ।ਸਰਰਗੁਣ ਰੂਪ ਦੱਸ ਗੁਰੂ ਸਾਹਿਬਾਨ ਤੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਹਨ। ਤੇ ਦਸ਼ਮ ਪਾਤਿਸ਼ਾਹ ਨੇ ਅੰਮ੍ਰਿਤ ਛਕਾਉਣ ਉਪ੍ਰੰਤ

ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ ………

ਖਾਲਸੇ ਤੇ ਬਖਸ਼ਿਸ਼ ਕਰ ਖਾਲਸੇ ਨੂੰ ਗੁਰੂ ਰੂਪ ਪ੍ਰਦਾਨ ਕਰ ਦਿੱਤਾ।ਗੁਰ ਸੰਗਤ ਨੂੰ ਖਾਲਸੇ ਦੇ ਰੂਪ ਵਿਚ ਪ੍ਰਗਟ ਕਰ ਆਪਣਾ ਜਾਮਾ ਬਖਸ਼ ਇਉ ਫਰਮਾਇਆ:

ਵਾਹਿ ਸਮੇ ਗੁਰੁ ਬੈਨ ਸੁਨਾਯੋ।ਖਾਲਸ ਅਪਨੋ ਰੂਪ ਬਤਾਯੋ।
ਖਾਲਸ ਹੀ ਸੋ ਹੈ ਮਮ ਕਾਮਾ।ਬਖਸ ਕਿਯੋ ਖਾਲਸ ਕੇ ਜਾਮਾ।……
‘ਖਾਲਸਾ ਮੇਰੋ ਰੁਪ ਹੇ ਖਾਸ। ਖਾਲਸੇ ਮਹਿ ਹਉ ਕਰਹੁ ਨਿਵਾਸ।………
ਹਉ ਖਾਲਸੇ ਕਾ ਖਾਲਸਾ ਮੋਰਾ ਓਤਿ ਪੋਤਿ ਸਾਗਰ ਬੁੰਦੇਰਾ’।

ਇਸੇ ਨੁੰ ਅੰਤਮ ਸਮੇ ਇਨਾ ਸ਼ਬਦਾ ਰਾਹੀ ਫਿਰ ਦੁਹਰਾਇਆ

‘ਤੀਸਰ ਰੂਪ ਸਿਖ ਹੈ ਮੋਰ।ਗੁਰਬਾਣੀ ਰਚਿ ਜਿਹ ਨਿਸ ਭੋਰ।
ਵਿਸਾਹ ਪ੍ਰੀਤਿ ਗੁਰਸ਼ਬਦ ਜੁ ਧਰੇ ।ਗੁਰ ਕਾ ਦਰਸ਼ਨ ਨਿਤ ਉਠ ਕਰੇ ।’

ਇਉ ਗੁਰੁ ਦਸ਼ਮੇਸ਼ ਨੇ ਤਿੰਨ ਪ੍ਰਕਰਮਾ ਕਰਕੇ

ਕਰ ਪ੍ਰਕਰਮਾ ਗੁਰੂ ਜੀ ਨਿਜ ਮਾਥ ਝੁਕਾਯੋ।…
ਗੁਰੂ ਗ੍ਰੰਥ ਕੋ ਗੁਰ ਥਪਿਓ, ਕੁਣਕਾ ਬਟਵਾਯੋ’।

ਭਾਈ ਦਇਆ ਸਿੰਘ ਜੀ ਪ੍ਰਥਮ ਪਿਆਰੇ ਅਨੁਸਾਰ ਗੁਰੂ ਦਸ਼ਮੇਸ਼ ਜੀ ਨੇ ਅੱਗੇ ਇਉ ਫੁਰਮਾਇਆ

ਸ਼੍ਰੀ ਅਕਾਲ ਪੁਰਖ ਕੇ ਬਚਨ ਸਿਉਂ,ਪ੍ਰਗਟਿਓ ਪੰਥ ਮਹਾਨ ।
ਗ੍ਰੰਥ ਪੰਥ ਗੁਰੂ ਮਾਨੀਏ , ਤਾਰੇ ਸਕਲ ਕੁਲਾਨ॥

ਇਉਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਿਆਈ ਬਖ਼ਸ਼ ਇਕ ਅਦਭੁੱਤ ਅਤੇ ਅਲੋਕਿਕ, ਅਧਿਆਤਮਕ ਗਣਤੰਤਰ (Spiritual Republic) ਦੀ ਸਥਾਪਨਾ ਕਰ ਦਿੱਤੀ।ਰਾਜਨੀਤੀ ਵਿੱਚ ਤਾਂ ਵਿਅਕਤੀਗਤ ਰਾਜੇ ਦੀ ਬਜਾਏ ਲੋਕਸ਼ਾਹੀ ਆ ਗਈ ਹੈ, ਪਰ ਧਰਮ ਅਤੇ ਮਜ਼ਹਬ ਦੀ ਦੁਨੀਆ ਵਿੱਚ ਅਜੇ ਵੀ ਵਿਅਕਤੀ ਪ੍ਰਧਾਨ ਹੈ।ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਸਰੀਰਕ ਪੂਜਾ ਦੀ ਜਕੜ ਤੇ ਗੁਲਾਮੀ ਤੋਂ ਸਦਾ ਸਦਾ ਲਈ ਮੁਕਤ ਕਰ ਦਿਤਾ।ਗੁਰੂ ਗ੍ਰੰਥ ਅਤੇ ਪੰਥ ਦਾ ਸਮੇਲ ਹੀ ਜੋਤਿ ਅਤੇ ਜੁਗਤ ਦਾ ਮੇਲ ਹੈ।

ਗੁਰੂ ਜੋਤ ਸ਼ਬਦ ਬਾਣੀ  ਦੁਆਰਾ ਪ੍ਰਕਾਸ਼ਮਾਨ ਹੈ।ਗੁਰੂ ਗ੍ਰੰਥ ਦੱਸ ਗੁਰੁ ਸਾਹਿਬਾਨ ਦੀ ਜੋਤ ਹਨ,ਅਤੇ ਗੁਰਬਾਣੀ ਦੇ ਸਿਧਾਂਤ ਅਤੇ ਵਿਚਾਰ ਨੁੰ ਗੁਰਮਤੇ ਅਨੂਸਾਰ ਜਗਤ ਵਿਚ ਕਿਰਿਆਸ਼ੀਲ ਕਰਨ ਦੀ ਜੁਗਤ ਗੁਰੂ ਪੰਥ ਦਵਾਰਾ ਹੀ ਵਰਤੀ ਜਾ ਸਕਦੀ ਹੈ, ਅਥਵਾ ਗੁਰੂਪੰਥ ਨੇ ਗੁਰਸ਼ਬਦ ਦੀ ਰੌਸਨੀ ਅਤੇ ਅਗਵਾਈ ਅਧੀਨ ਕਾਰਜਸ਼ੀਲ ਹੋਣਾ ਹੈ ਕਿਉਂਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਨਿਰਾ ਫਲਸਫਾ ਜਾਂ ਵਿਚਾਰਾਂ ਦੀ ਉਡਾਰੀ ਹੀ ਨਹੀ ਬਲਕਿ ਧਰਮ ਮਾਰਗ ਹੈ ।

ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥   

ਇਹ ਸਿਖਾਉਂਦਾ ਹੈ ਕਿ ਪਾਪ,ਜੁਲਮ ਤੇ ਬਦੀ ਤੋਂ ਡਰਕੇ ਸਮਾਜ ਤੋਂ ਕਿਨਾਰਾਕਸ਼ੀ ਨਹੀ ਕਰਨੀ ਬਲਕਿ ਪਾਪੀ ਤੇ ਜਾਲਿਮ ਦਾ ਸਫਲਤਾ ਨਾਲ ਮੁਕਾਬਲਾ ਕਿਵੇਂ ਕਰਨਾ ਹੈ ।ਸਿੱਖੀ ਜੀਵਨ ਕਿਸੇ ਕਿਸਮ ਦਾ ਅਨਿਆਏ, ਸ਼ੋਸ਼ਣ ਜਾਂ ਬੇਇਨਸਾਫੀ ਪ੍ਰਵਾਨ ਨਹੀ ਕਰਦਾ ਬਲਕਿ ਹੱਕ ਸੱਚ ਇਨਸਾਫ ਲਈ ਜਦੋ ਜਹਿਦ ਦੀ ਪ੍ਰੇਰਣਾ ਦਿੰਦਾ ਹੈ। ਭਗਵਤ ਗੀਤਾ ਦਾ ਸਿਖਰ ਹੈ ਕਿ ਕੁਰਕਸ਼ੇਤਰ ਦੇ ਮੈਦਾਨ ਵਿਚ ਜਦੋਂ ਹਤਾਸ਼ ਤੇ ਨਿਰਾਸ਼ ਹੋਕੇ ਅਰਜਨ ਸ਼ਸ਼ਤਰ ਰੱਖ ਦਿੰਦਾ ਹੈ ਤਾਂ ਭਗਵਾਨ ਕ੍ਰਿਸ਼ਨ ਉਸਨੂੰ ਆਪਣਾ ਵਿਰਾਟ ਰੂਪ ਵਿਖਾਕੇ ਹੱਕ ਸੱਚ ਤੇ ਇਨਸਾਫ ਲਈ ਯੁਧ ਕਰਨ ਲਈ ਪ੍ਰੇਰਣਾ ਦਿੰਦੇ ਹਨ ਤੇ ਅਰਜਨ ਮੁੜ ਸ਼ਸ਼ਤਰ ਗ੍ਰਹਿਣ ਕਰ ਲੈਂਦਾ ਹੈ।ਸ੍ਰੀ ਗੁਰੁ ਗ੍ਰੰਥ ਸਾਹਿਬ ਨੇ ਤਾਂ ਸਿੱਖੀ ਮਾਰਗ ਅਪਨਾਉਣ ਵਾਲੇ ਹਰ ਵਿਅਕਤੀ ਨੂੰ ਮੁਢ ਤੋਂ ਹੀ ਮਰਨਾ ਸਵੀਕਾਰ ਕਰਨ ਦੀ ਵੰਗਾਰ ਪਾਈ ਹੈ ।ਇਸ ਮਾਰਗ ਤੇ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਆਪ ਚਲਕੇ ਸਾਧਾਰਣ ਲੋਕਾਂ ਲਈ ਇਕ ਆਦਰਸ਼ ਨਿਸ਼ਚਿਤ ਕੀਤਾ। ਸਿੱਖੀ ਵਿਚ ਪ੍ਰਵੇਸ਼ ਦੀ ਸ਼ਰਤ ‘ਸਿਰ ਧਰਿ ਗਲੀ ਮੋਰੀ ਆਉ’ ਤੇ ‘ਪਹਿਲਾ ਮਰਨ ਕਬੂਲ’ ਰੱਖੀ ।ਗੁਰਬਾਣੀ ਦੀ ਹਰ ਪੰਗਤੀ ਦਾ ਸੱਚ ,ਪਹਿਲਾਂ ਗੁਰੁ ਪਾਤਿਸ਼ਾਹ ਨੇ ਜੀਵਨ ਰਾਹੀ  ਉਜਾਗਰ ਕੀਤਾ। ਪੰਚਮ ਪਾਤਸ਼ਾਹ ਨੇ ਤਤੀਆਂ ਤਵੀਆਂ ਤੇ ਬੈਠ ਕੇ ਧਰਮ ਤੇ ਗੁਰਬਾਣੀ ਦੀ ਪਵਿਤ੍ਰਤਾ ਅਤੇ ਸ਼ੁੱਧਤਾ ਕਾਇਮ ਕਰ ਗੁਰਮਤਿ ਦਾ ਸ਼ਹੀਦੀ ਮਾਰਗ ਰੌਸ਼ਨ ਕਰ ਸ਼ਹੀਦਾਂ ਦੇ ਸਿਰਤਾਜ ਅਖਵਾਏ। ਨੌਵੇਂ ਗੁਰਦੇਵ ਗੁਰੁ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਪਰ ਧਰਮ ਅਤੇ ਉਸ ਦੇ ਚਿੰਨ ਤਿਲਕ ਜੰਝੂ ਦੀ ਰਾਖੀ ਕਰਦਿਆਂ ਹੋਇਆ ਧਰਮ ਦੀ ਆਜ਼ਾਦੀ ਦਾ ਹੱਕ ਹਰ ਮਨੁੱਖ ਲਈ ਰਾਖਵਾਂ ਕਰ ਦਿੱਤਾ।

ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਹੇਤ, ਗੁਲਾਮੀ ਦੇ ਵਿਰੁੱਧ ਅਤੇ ਮਨੁਖੀ ਸਨਮਾਨ ਅਤੇ ਆਜਾਦੀ ਸਥਾਪਤ ਕਰਨ ਲਈ ਪਹਿਲਾ ਗੁਰ ਪਿਤਾ ਅਤੇ ਪਿਛੋਂ ਸਾਹਿਬਜਾਦਿਆ ਦੀ ਸ਼ਹਾਦਤਾਂ ਨੇ ਵਿਸ਼ਵ ਦਾ ਇਕ ਐਸੇ ਨਿਆਰੇ ਇਨਕਲਾਬ ਦੀ ਨੀਹਂ ਰੱਖ ਦਿੱਤੀ ਕਿ ਹਜਾਰਾਂ ਲੱਖਾਂ ਸਿੱਖ ਜੁਲਮ ਜਬਰ ਦੀ ਹਨੇਰੀ ਨੂੰ ਠੱਲ ਪਾਉਂਣ, ਸੈਂਕੜੇ ਸਾਲਾਂ ਦੀ ਗੁਲਾਮੀ ਦਾ ਜੂਲਾ ਉਤਾਰਨ ਅਤੇ ਮਨੁਖੀ ਸਨਮਾਨ ਅਤੇ ਧਰਮ ਦੀ ਅਜਾਦੀ ਬਹਾਲ ਕਰਨ ਲਈ ਸ਼ਹੀਦੀਆਂ ਪਾ ਗਏ ।ਅਸਮਾਨ ਵਿਚ ਇਤਨੇ ਸਿਤਾਰੇ ਨਹੀਂ ,ਜਿਤਨੇ ਇਸ ਮਾਰਗ ਉੱਤੇ ਚਲ ਕੇ ਸਿੰਘ ਸ਼ਹੀਦ ਹੋਏ ।ਸਿੱਖ ਹਰ ਰੋਜ ਅਰਦਾਸ ਵਿਚ ਧਰਮ ਹੇਤ ਸ਼ਹੀਦੀਆਂ ਪਾਉਣ ਵਾਲੇ ਸਿੰਘਾ ਸਿੰਘਨੀਆ ਨੂੰ ਨਿਤ ਇਹਨਾਂ ਸ਼ਬਦਾਂ ਰਾਹੀਂ ਸ਼ਹੀਦਾਂ ਨੂੰ , ‘ਜਿਨ੍ਹਾਂ ਧਰਮ ਨਹੀ ਹਾਰਿਆ,ਸਿੱਖੀ ਕੇਸਾ ਸੁਆਸਾਂ ਸੰਗ ਨਿਭਾਈ’ ਨੂੰ ਨਤ ਮਸਤਕ ਹੁੰਦਾ ਹਨ।

ਸ੍ਰੀ ਗੁਰੁ ਗ੍ਰੰਥ ਸਾਹਿਬ ਬ੍ਰਹਮ ਗਿਆਨ ਦਾ ਸਾਗਰ ਹੈ ਅਤੇ ਇਹ ਸਮੁਚੀ ਮਨੁੱਖਤਾ ਲਈ ਸਰਬਸਾਂਝਾ ਹੈ ਪਰ ਹਰ ਸਿੱਖ ਲਈ ਇਹ ਜਾਗਤੁ ਜੋਤਿ ਹਾਜ਼ਰਾ ਹਜ਼ੂਰ ਸਤਿਗੁਰੂ ਹਨ।ਕੁਪ ਰਹੀੜੇ(ਮਲੇਰਕੋਟਲਾ) ਦੇ ਮੈਦਾਨ ਵਿਚ ਜਦੋਂ   ਇਕ ਦਿਨ ਵਿਚ 30 ਹਜਾਰ ਸਿੰਘ ਸਿੰਘਨੀਆ ਦੇ ਖੁਨ ਦੇ ਦਰਿਆ ਵੱਗ ਤੁਰੇ ਤਾ ‘ਪੰਥ ਬਚਾਵਣ ਹੈ ਬਡ ਕਰਮ’ ਜਾਣ, ਹਰਨ ਹੋਣ ਲਈ ਮਜਬੂਰ ਹੋਕੇ ਗੁਰੀਲਾ ਢੰਗ ਨਾਲ ਜੰਗ ਲੜਨ ਦਾ ਫੈਸਲਾ ਕੀਤਾ, ਇਸ ਭੱਜ ਦੌੜ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਾਇਮ ਨਹੀਂ ਸੀ ਰੱਖਿਆ ਜਾ ਸਕਦਾ ਇਸ ਕਾਰਨ ਗੁਰੂ ਗ੍ਰੰਥ ਸਾਹਿਬ ਦੇ  ਪਾਵਣ ਇਤਿਹਾਸਕ ਸਰੂਪ ਜਲ ਪ੍ਰਵਾਹ ਕਰਨ ਦਾ ਫੈਸਲਾ ਕੀਤਾ। ਪੰਥ ਦੇ ਜਰਨੈਲ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੇ ਉਸ ਸਮੇਂ ਜੋ ਅਰਦਾਸ ਕੀਤੀ, ਪ੍ਰਾਚੀਨ ਪੰਥ ਪ੍ਰਕਾਸ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਨੇ ਇਉਂ ਅੰਕਿਤ ਕੀਤੀ,’ਪੰਥ ਕੀ ਰਹੇਗੀ ਤੋ ਗਰੰਥ ਕੀ ਭੀ ਰਹੇਗੀ ਨਾਥ। ਪੰਥ ਨਾ ਰਹਾ ਤੋ ਤੇਰੇ ਗਰੰਥ ਕੋ ਕੌਣ ਮਾਨੇਗਾ।  

ਸਿੱਖ ਉਹੀ ਹੈ ਜੋ ਗੁਰੁ ਗ੍ਰੰਥ ਸਾਹਿਬ ਵਿਚ ਪੂਰੀ ਆਸਥਾ ਰੱਖਦਾ ਹੈ, ਥਾਂ ਥਾਂ ਮੜੀਆਂ ਮਸਾਣਾਂ, ਬੁੱਤਾਂ ਅਤੇ ਨਕਲੀ ਗੁਰੂਆ ਸਾਹਮਣੇ ਨਤ ਮਸਤਕ ਨਹੀ ਹੁੰਦਾ।ਸਿਖ ਜਾਗਤ ਜੋਤਿ ਦੀ ਆਰਾਧਨਾ ਕਰਦਾ ਹੈ ਅਤੇ ਗੁਰਬਾਣੀ ਅਨੂਸਾਰ ਹੀ ਜੀਵਨ ਜਿਉਂਦਾ ਹੈ।ਡਾ: ਸਰ ਮੁਹੰਮਦ ਇਕਬਾਲ ਨੇ ਵੀ ਇਸ ਸਬੰਧ ਵਿਚ ਬਹੁਤ ਸੋਹਣਾ ਕਿਹਾ ਹੈ :ਜਿਸ ਦਰ ਪੇ ਨਾ ਹੋ ਸਜਦੇ  ਉਸੇ ਦਰ ਨਹੀ ਕਹਤੇ,ਹਰ ਦਰ ਪੇ ਜੋ ਝੁਕ ਜਾਏ ਉਸੇ ਸਰ ਨਹੀ ਕਹਤੇ

ਦਸਮ ਪਿਤਾ ਗੁਰੁ ਗੋਬਿੰਦ ਸਾਹਿਬ ਵਲੋਂ ਸ਼੍ਰੀ ਨਾਦੇਂੜ ਸਾਹਿਬ ਵਿਖੇ ਕੀਤੇ 52 ਸਿਖਰ ਦੇ ਹੁਕਮਾਂ ਵਿਚੋਂ ਮੁੱਖ ਹੈ ‘ਪੂਜਾ ਅਕਾਲ ਕੀ,ਪਰਚਾ ਸ਼ਬਦ ਕਾ,ਦੀਦਾਰ ਖਾਲਸੇ ਦਾ ਤੇ ਲੋਚਾ ਗੁਰੁ ਪੰਥ ਦੇ ਵਾਧੇ ਦੀ’।     ਗੁਰੂ ਗ੍ਰੰਥ ਦਾ ਸਿੱਖ ਜਗਤ ਤੇ ਸ਼ਾਸਨ ਅਟੱਲ ਹੈ, ਹਾਜ਼ਰਾ ਹਜੂਰ ਤੇ ਜ਼ਾਹਿਰਾ ਜ਼ਹੂਰ ਹਨ, ਹੋਰ ਕੋਈ ਦੇਹ ਧਾਰੀ ਸਿੱਖ ਧਰਮ ਵਿਚ ਗੁਰੂ ਨਹੀਂ। ਇਤਿਹਾਸ ਵਿਚ ਜ਼ਿਕਰ ਹੈ ਕਿ ਗੁਰੁ ਤੇਗ ਬਹਾਦਰ ਸਾਹਿਬ ਦੇ ਨਿਵਾਸ ਅਸਥਾਨ ਬਾਬਾ ਬਕਾਲਾ ਵਿਖੇ ਨਕਲੀ ਗੁਰੂਆਂ ਨੇ 22 ਮੰਜੀਆਂ ਲਾਈਆਂ। ਜੇ ਉਹ ਨਹੀਂ ਰਹੀਆਂ ਹੁਣ ਵੀ ਲੱਗੀਆਂ ਮੰਜੀਆਂ ਨੇ ਨਹੀਂ ਰਹਿਣਾ। ਗੱਦੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਸਦੀਵੀਂ ਰਹੇਗੀ, ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੀ  ਪ੍ਰਕਾਸ਼ ਰਹੇਗਾ।

‘ਗੁਰੂ ਮਾਨਿਯੋ ਗ੍ਰੰਥ’ ਦਾ ਸਿਧਾਂਤ ਸਪਸ਼ਟ ਰੂਪ ਵਿਚ ਪ੍ਰਗਟ ਹੈ, ਪਰ ਗੁਰੂ ਪੰਥ ਦਾ ਸਿਧਾਂਤ ਪੂਰੀ ਤਰਾਂ  ਅਮਲ ਵਿਚ ਨਹੀ ਲਿਆਂਦਾ ਜਾ ਸਕਿਆ ।ਅਠਾਰਵੀਂ ਸਦੀ ਵਿਚ ਗੁਰੂ ਪੰਥ ਦਾ ਸਿਧਾਂਤ ਅਮਲ ਵਿਚ ਆਇਆ, ਅਤੇ ਗੁਰਮੱਤੇ ਦਵਾਰਾ ਪੰਥ ਦੀ ਅਗਵਾਈ ਕਰਦਾ ਰਿਹਾ ਪਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰੁਕਾਵਟ ਪੈ ਗਈ। ਵੀਹਵੀਂ ਸਦੀ ਦੇ ਆਰੰਭ ਵਿਚ ਸ਼੍ਰੋਮਣੀ ਗੁਰਦਵਾਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੁਰੂ ਪੰਥ ਨੇ ਗੁਰਮਤੇ ਰਾਹੀਂ ਹੀ ਸ਼੍ਰੀ ਅਕਾਲ ਤਖੱਤ ਸਾਹਿਬ ਤੇ ਸਥਾਪਤ ਕੀਤੇ। ਪਰ ਅਜ ਧੜੇਬੰਦੀ ਅਤੇ ਵੋਟ ਪ੍ਰਨਾਲੀ ਨੇ ਗੁਰੂ ਪੰਥ ਅਤੇ ਗੁਰਮਤੇ ਨੂੰ  ਗ੍ਰਹਿਣ ਲਗਾ ਦਿਤਾ ਹੈ।ਅਜ ਅਤਿ ਆਵਸ਼ਕ ਹੈ ਕਿ ਦੁਰਦਰਸ਼ੀ ਪੰਥਪ੍ਰਸਤ ਸਿੰਘ ਗੁਰੂ ਪੰਥ ਦੇ ਰੂਪ ਵਿਚ  ਗੁਰਮਤੇ ਨੂੰ ਮੁੜ ਉਜਾਗਰ ਕਰਨ। ਸਤਿਗੁਰੂ ਪੰਥ ਦੇ ਆਪ ਸਹਾਈ ਹੋਣ ਅਤੇ ਸਿੱਖ ਨੂੰ ਸਦੀਵ ਯਾਦ ਰਹੇ
 ‘ਸਿੱਖ ਦੀ ਹੱਸਤੀ ਪੰਥ ਦੇ ਨਾਲ – ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ’   

ਸਾਬਕਾ :-
ਚੀਫ ਸਕੱਤਰ ਸ਼੍ਰੋਮਣੀ ਗੁ:ਪ੍ਰ: ਕਮੇਟੀ
ਕੈਬਨਿਟ ਮੰਤਰੀ ਪੰਜਾਬ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>