ਕੈਨੇਡੀਅਨ ਸਿੱਖਾਂ ਉਤੇ ਸ੍ਰੀ ਹਾਰਪਰ ਵੱਲੋਂ ਸਖਤੀ ਕਰਨ ਦੇ ਪ੍ਰਗਟਾਏ ਵਿਚਾਰ ਅਤਿ ਦੁੱਖਦਾਇਕ : ਮਾਨ

ਫਤਹਿਗੜ੍ਹ ਸਾਹਿਬ – “ਕੈਨੇਡਾ ਵੱਲੋਂ ਜਦੋਂ ਮੁੰਬਈ ਵਿਖੇ ਆਟੋਮਿਕ ਰਿਐਕਟਰ ਲਗਾਇਆ ਗਿਆ ਸੀ, ਤਾਂ ਹਿੰਦ ਨੇ ਕੌਮਾਂਤਰੀ ਸੰਧੀਆਂ ਅਤੇ ਕਾਨੂੰਨ ਦੀ ਘੋਰ ਉਲੰਘਣਾਂ ਕਰਕੇ ਆਟੋਮਿਕ ਤਕਨੀਕ ਅਤੇ ਰੇਡੀਅਮ ਚੁਰਾ ਲਏ ਸਨ । ਜਿਸ ਦੀ ਬਦੌਲਤ ਹਿੰਦ ਨੇ ਪਹਿਲਾ ਐਟਮ ਬੰਬ ਬਣਾਇਆ ਸੀ । ਜਦੋਕਿ ਕੈਨੇਡਾ ਨੇ ਇਹ ਆਟੋਮਿਕ ਰਿਐਕਟਰ ਅਮਨ ਪੂਰਵਕ ਮਿਸਨ ਦੀ ਪ੍ਰਾਪਤੀ ਲਈ ਦਿੱਤਾ ਸੀ । ਦੂਸਰੇ ਪਾਸੇ ਹਿੰਦ ਨੇ ਅੱਜ ਤੱਕ ਕੌਮਾਂਤਰੀ ਪ੍ਰਮਾਣੂ ਅਪਸਾਰ ਸੰਧੀ (ਐਨ.ਪੀ.ਟੀ.) ਉੱਤੇ ਦਸਤਖ਼ਤ ਨਹੀ ਕੀਤੇ । ਫਿਰ ਕੈਨੇਡਾ ਵੱਲੋਂ ਹਿੰਦ ਨੂੰ ਪ੍ਰਮਾਣੂ ਸਮੱਗਰੀ ਅਤੇ ਹੋਰ ਸਹਾਇਤਾ ਦੇਣ, ਸਿੱਖ ਕੌਮ ਜੋ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਆਪਣੀ ਕੌਮੀ ਆਜ਼ਾਦੀ ਦੀ ਜੱਦੋ-ਜ਼ਾਹਿਦ ਕਰ ਰਹੀ ਹੈ, ਉਸ ਨੂੰ ਕੈਨੇਡਾ ਵਿਚ ਗੈਰ ਇਖ਼ਲਾਕੀ ਅਤੇ ਗੈਰ ਕਾਨੂੰਨੀ ਤਰੀਕੇ ਕੈਨੇਡਾ ਦੀ ਹਕੂਮਤ ਵੱਲੋਂ ਦਬਾਉਣ ਦੇ ਅਮਲ ਕਿਉਂ ਕੀਤੇ ਜਾ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਸਟੀਫਨ ਹਾਰਪਰ ਵੱਲੋਂ ਸਿੱਖ ਕੌਮ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਿਖੇ ਕੈਨੇਡਾ ਵਿਚ ਵਿਚਰਣ ਵਾਲੇ ਖ਼ਾਲਿਸਤਾਨੀਆਂ ਨੂੰ ਦਬਾਉਣ ਦੇ ਪ੍ਰਗਟਾਏ ਸਿੱਖ ਕੌਮ ਵਿਰੋਧੀ ਵਿਚਾਰਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਸਮੁੱਚੀ ਦੁਨੀਆਂ ਦੇ ਮੁਲਕਾਂ ਅਤੇ ਕੌਮਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕਾਊਮਨਿਸਟ ਮੁਲਕ ਚੀਨ, ਮੁਸਲਿਮ ਮੁਲਕ ਪਾਕਿਸਤਾਨ ਅਤੇ ਹਿੰਦੂ ਮੁਲਕ ਹਿੰਦੂਸਤਾਨ ਤਿੰਨੇ ਖ਼ਤਰਨਾਕ ਮਨੁੱਖਤਾਮਾਰੂ ਪ੍ਰਮਾਣੂ ਤਾਕਤਾਂ ਦੇ ਮਾਲਿਕ ਹਨ ਅਤੇ ਇਨ੍ਹਾਂ ਤਿੰਨਾਂ ਮੁਲਕਾਂ ਦੇ ਵਿਚਕਾਰ ਸਿੱਖ ਵਸੋਂ ਵਾਲੇ ਇਲਾਕਿਆਂ ਪੰਜਾਬ, ਹਿਮਾਚਲ, ਹਰਿਆਣਾ, ਚੰਡੀਗੜ੍ਹ, ਯੂਟੀ, ਜੰਮੂ-ਕਸ਼ਮੀਰ, ਰਾਜਸਥਾਨ, ਲੇਹ-ਲਦਾਂਖ ਆਦਿ ਵਿਚ ਵੱਸਣ ਵਾਲੇ ਸਿੱਖਾਂ ਦਾ ਨਾ ਤਾਂ ਚੀਨ ਨਾਲ, ਨਾ ਪਾਕਿਸਤਾਨ ਨਾਲ ਅਤੇ ਨਾ ਹੀ ਹਿੰਦ ਨਾਲ ਕਿਸੇ ਤਰ੍ਹਾਂ ਦਾ ਵੈਰ-ਵਿਰੋਧ ਹੈ । ਫਿਰ ਕੈਨੇਡਾ ਹਿੰਦ ਨੂੰ ਪ੍ਰਮਾਣੂ ਸਮੱਗਰੀ ਦੇਕੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਦਾ ਅਖ਼ਾੜਾਂ ਬਣਾਉਣ ਵਿਚ ਕਿਉਂ ਸਹਿਯੋਗ ਕਰ ਰਿਹਾ ਹੈ ? ਅਜਿਹਾ ਹੋਣ ਨਾਲ ਤਾਂ ਸਿੱਖ ਕੌਮ ਖ਼ਤਮ ਹੋਕੇ ਰਹਿ ਜਾਵੇਗੀ । ਜਦੋਕਿ ਹਿੰਦ ਹਕੂਮਤ ਨੇ 1984 ਵਿਚ ਹਿੰਦ ਅਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾਂ ਕਰਕੇ ਪਹਿਲੇ ਵੀ ਸਿੱਖ ਕੌਮ ਦਾ ਬੇਰਹਿਮੀ ਨਾਲ ਕਤਲੇਆਮ ਅਤੇ ਨਸ਼ਲਕੁਸੀ ਕੀਤੀ ਹੈ । ਫਿਰ ਕੈਨੇਡਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੇ ਹਿੰਦ ਨੂੰ ਪ੍ਰਮਾਣੂ ਸਮੱਗਰੀ ਕਿਸ ਖੁਸ਼ੀ ਵਿਚ ਦੇ ਰਿਹਾ ਹੈ ?

ਉਹਨਾਂ ਕਿਹਾ ਕਿ ਇਹ ਵੀ ਸਭ ਨੂੰ ਜਾਣਕਾਰੀ ਹੈ ਕਿ 1984 ਵਿਚ ਕੈਨੇਡਾ ਵਿਖੇ ਜੋ ਕਨਿਸਕ ਏਅਰ ਇੰਡੀਆਂ ਦਾ ਜਹਾਜ਼ ਵਿਸ਼ਫੋਟ ਹੋਇਆ ਸੀ, ਜਿਸ ਵਿਚ 380 ਯਾਤਰੀ ਮਾਰੇ ਗਏ ਸਨ । ਇਸ ਸਾਜ਼ਸੀ ਕਾਂਡ ਨੂੰ ਅੰਜ਼ਾਮ ਦੇਣ ਵਾਲੀ ਹਿੰਦ ਦੀ ਰਾਜ਼ੀਵ ਗਾਂਧੀ ਹਕੂਮਤ ਸੀ ਤਾਂ ਜੋ ਇਸ ਨੂੰ ਸਿੱਖ ਕੌਮ ਸਿਰ ਮੜ੍ਹਕੇ ਸਿੱਖ ਕੌਮ ਨੂੰ ਸਮੁੱਚੀ ਦੁਨੀਆਂ ਵਿਚ ਬਦਨਾਮ ਕੀਤਾ ਜਾ ਸਕੇ । ਉਸ ਸਮੇਂ ਇਸ ਦੁੱਖਦਾਂਇਕ ਕਾਂਡ ਦੀ ਛਾਣਬੀਨ ਕਰਨ ਲਈ ਕੈਨੇਡਾ ਹਕੂਮਤ ਨੇ ਮੇਜ਼ਰ ਕਮਿਸ਼ਨ ਕਾਇਮ ਕੀਤਾ ਸੀ । ਮੇਜ਼ਰ ਕਮਿਸ਼ਨ ਨੇ ਅਤੇ ਕੈਨੇਡਾ ਦੀ ਕਿਸੇ ਵੀ ਅਦਾਲਤ ਨੇ ਕਿਸੇ ਵੀ ਸਿੱਖ ਨੂੰ ਕਨਿਸਕਾ ਕਾਂਡ ਲਈ ਦੋਸੀ ਨਹੀ ਠਹਿਰਾਇਆ । ਫਿਰ ਕੈਨੇਡਾ ਹਕੂਮਤ ਉਸ ਕਨਿਸਕਾ ਕਾਂਡ ਕਰਨ ਵਾਲੇ ਅਸਲ ਦੋਸੀਆਂ ਨੂੰ ਸਾਹਮਣੇ ਲਿਆਉਣ ਤੋਂ ਅਤੇ ਉਹਨਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਂ ਦਿਵਾਉਣ ਦੇ ਅਮਲ ਤੋ ਕਿਉਂ ਭੱਜ ਰਹੀ ਹੈ ? ਸ. ਮਾਨ ਨੇ ਆਪਣੇ ਬਿਆਨ ਦੇ ਅਖ਼ੀਰ ਵਿਚ ਸਪੱਸਟ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਖ਼ਾਲਸਾ ਰਾਜ ਦੀ ਸੋਚ ਨੂੰ ਨਾ ਤਾ ਮੁਗਲ, ਨਾ ਅਫਗਾਨੀ, ਨਾ ਹੀ ਅੰਗਰੇਜ਼ ਅਤੇ ਨਾ ਹੀ ਹੁਣ ਹਿੰਦੂਤਵ ਹਕੂਮਤ ਖ਼ਤਮ ਕਰ ਸਕੀ ਹੈ ਅਤੇ ਨਾ ਹੀ ਕੈਨੇਡਾ ਜਾਂ ਕੋਈ ਹੋਰ ਤਾਕਤ ਅਜਿਹਾ ਕਰ ਸਕੇਗੀ । ਉਹਨਾਂ ਕਿਹਾ ਕਿ ਹਿਟਲਰ ਨੇ 60 ਲੱਖ ਯਹੂਦੀਆਂ ਨੂੰ ਗੈਂਸ ਚੈਬਰਾਂ ਵਿਚ ਪਾਕੇ ਅਣਮਨੁੱਖੀ ਤਸੀਹੇ ਦੇਕੇ ਇਸ ਲਈ ਖ਼ਤਮ ਕਰ ਦਿੱਤਾ ਸੀ ਤਾਂ ਕਿ ਯਹੂਦੀ ਆਪਣੀ ਆਜ਼ਾਦੀ ਦੀ ਗੱਲ ਨਾ ਕਰਨ । ਲੇਕਿਨ ਕੋਈ ਵੀ ਤਾਨਾਸ਼ਾਹ ਯਹੂਦੀਆਂ ਨੂੰ ਆਜ਼ਾਦ ਹੋਣ ਤੋ ਨਹੀ ਰੋਕ ਸਕਿਆ । ਇਸ ਲਈ ਸਿੱਖ ਕੌਮ ਦੀ ਆਜ਼ਾਦੀ  ਦੀ ਸੋਚ ਨੂੰ ਵੀ ਦੁਨੀਆਂ ਦੀ ਕੋਈ ਵੀ ਤਾਕਤ ਕਦੀ ਵੀ ਨਹੀ ਦਬਾਅ ਸਕੇਗੀ ਅਤੇ ਨਾ ਹੀ ਸ੍ਰੀ ਹਾਰਪਰ ਨੂੰ ਕੈਨੇਡਾ ਵਿਚ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰਨ ਵਾਲੇ ਖ਼ਾਲਿਸਤਾਨੀਆਂ ਉਤੇ ਜ਼ਬਰ-ਜੁਲਮ ਕਰਨ ਦਾ ਕੋਈ ਹੱਕ ਹੈ । ਸ੍ਰੀ ਹਾਰਪਰ 1984 ਦੇ ਸਿੱਖਾਂ ਦੇ ਕਾਤਿਲ, ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੂੰ ਸਜ਼ਾਂ ਦਿਵਾਉਣ ਦੀ ਗੱਲ ਕਿਉਂ ਨਹੀ ਕਰਦੇ ? ਸਿੱਖਾਂ ਉਤੇ ਸਖ਼ਤੀ ਕਰਨ ਦੀ ਗੱਲ ਕਰਕੇ ਹਿੰਦ ਹਕੂਮਤ ਨੂੰ ਖੁਸ਼ ਕਰਨ ਦੇ ਗੈਰ ਇਖ਼ਲਾਕੀ ਅਮਲ ਕਿਉਂ ਕਰ ਰਹੇ ਹਨ ? ਸ. ਮਾਨ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਤਰਲੋਚਨ ਸਿੰਘ ਵੱਲੋਂ, ਸਿੱਖ ਕੌਮ ਵਿਰੁੱਧ ਅਮਲ ਕਰਨ ਦੇ ਵਿਚਾਰ ਪ੍ਰਗਟਾਉਣ ਵਾਲੇ ਸ੍ਰੀ ਹਾਰਪਰ ਨੂੰ ਖ਼ਾਲਸੇ ਦੀ ਧਰਤੀ ਤੋਂ ਸਿਰਪਾਓ ਦੇਣ ਦਾ ਵੀ ਸਖ਼ਤ ਨੋਟਿਸ ਲੈਦੇ ਹੋਏ ਕਿਹਾ ਕਿ ਸ੍ਰੀ ਹਾਰਪਰ ਜੋ ਸਿੱਖਾਂ ਉਤੇ ਹਿੰਦ ਹਕੂਮਤ ਦੀ ਤਰ੍ਹਾਂ ਜ਼ਬਰ-ਜੁਲਮ ਕਰਨ ਦੀ ਗੱਲ ਕਰਦੇ ਹਨ, ਉਹਨਾਂ ਨੂੰ ਬਾਦਲ ਦਲੀਆਂ ਜਾਂ ਜੱਥੇਦਾਰਾਂ ਵੱਲੋਂ ਸਿਰਪਾਓ ਦੇਣਾ ਅਤਿ ਦੁੱਖਦਾਂਇਕ ਅਤੇ ਸ਼ਰਮਨਾਕ ਵਰਤਾਰਾ ਹੈ । ਉਹਨਾਂ ਕੈਨੇਡਾ ਦੀ ਐਮ.ਪੀ. ਰੂਬੀ ਢੱਲ੍ਹਾਂ ਅਤੇ ਟਿਮਉੱਪਲ ਵੱਲੋਂ ਸ੍ਰੀ ਹਾਰਪਰ ਦੀਆਂ ਸਿੱਖ ਵਿਰੋਧੀ ਨੀਤੀਆਂ ਅਤੇ ਅਮਲਾ ਦਾ ਸਾਥ ਦੇਣ ਦੇ ਅਮਲ ਉਤੇ ਵੀ ਗਹਿਰਾ ਅਫ਼ਸੋਸ ਪ੍ਰਗਟ ਕੀਤਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>