‘ਨਵੰਬਰ-1984 ਦੇ ਸ਼ਹੀਦਾਂ ਦੀ ਯਾਦਗਾਰ’ ਸੰਬੰਧੀ ਵਿਵਾਦ

-ਜਸਵੰਤ ਸਿੰਘ ‘ਅਜੀਤ’

ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਬੀਤੇ ਦਿਨੀਂ ਨਵੀਂ ਦਿੱਲੀ ਦੇ ਪੰਜਾਬੀ ਬਾਗ ਦੇ ਰਿੰਗ ਰੋਡ ਪੁਰ ਸਥਿਤ ਇਕ ਪਾਰਕ ਵਿੱਚ ‘ਨਵੰਬਰ-1984 ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਮੈਮੋਰੀਅਲ’ ਸਥਾਪਤ ਕੀਤੇ ਜਾਣ ਦਾ ਨੀਂਹ ਪੱਥਰ ਰਖਣ ਦੀ ਰਸਮ ਅਦਾ ਕਰਨ ਲਈ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਸੀ। ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਸਨ ਕਿ ਇੱਕ ਦਿੱਨ ਪਹਿਲਾਂ ਅਚਾਨਕ ਹੀ ਦਿੱਲੀ ਨਗਰ ਨਿਗਮ ਦੇ ਇੱਕ ਅਧਿਕਾਰੀ ਵਲੋਂ ਇਸ ਸਮਾਗਮ ਨੂੰ ਰੱਦ ਕਰ ਦਿੱਤੇ ਜਾਣ ਦਾ ਪਤ੍ਰ ਜਾਰੀ ਕਰ, ਸਮਾਗਮ ਦੇ ਆਯੋਜਕਾਂ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੱਤਾ। ਹਾਲਾਂਕਿ ਇੱਹ ਪਤੱਰ ਭਾਜਪਾ ਦੇ ਸੱਤਾ-ਅਧੀਨ ਦਿੱਲੀ ਨਗਰ ਨਿਗਮ ਦੇ ਇੱਕ ਅਧਿਕਾਰੀ (ਕਮਿਸ਼ਨਰ ਮਨੀਸ਼ ਗੁਪਤਾ) ਵਲੋਂ ਜਾਰੀ ਕੀਤਾ ਦਸਿਆ ਗਿਆ, ਪ੍ਰੰਤੂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੇ ਇਸਦੇ ਲਈ ਇੱਕ ਪਾਸੇ ਦਿੱਲੀ ਦੀ ਕਾਂਗ੍ਰਸੀ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਅਤੇ ਦੂਸਰੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਜ਼ਿਮੇਂਦਾਰ ਠਹਿਰਾਣ ਲਈ ਜ਼ਮੀਨ-ਅਸਮਾਨ ਇਕ ਕਰ ਧੂਆਂਧਾਰ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਚਾਹੀਦਾ ਤਾਂ ਇਹ ਸੀ ਕਿ ਅਚਾਨਕ ਬਣੀ ਇਸ ਸਾਰੀ ਸਥਿਤੀ ਬਾਰੇ ਮੂਲ ਕਾਰਣ ਲਭ ਉਸਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾਂਦੇ, ਪਰ ਅਕਾਲੀਆਂ ਪੁਰ ਵਿਰੋਧੀ ਭਾਵਨਾ ਦਾ ਭੂਤ ਇਤਨਾ  ਜ਼ਿਆਦਾ ਸਵਾਰ ਰਹਿੰਦਾ ਹੈ ਕਿ ਉਹ ਹਰ ਗਲ ਵਿੱਚ, ਭਾਵੇਂ ਇਸ ਵਿੱਚ ਹੋਈ ਗ਼ਲਤੀ ਲਈ, ਉਹ ਆਪ ਹੀ ਜ਼ਿਮੇਂਦਾਰ ਹੋਣ, ਗੁੱਸੇ ਵਿੱਚ ਆਪਾ ਖੋ ਵਿਰੋਧੀਆਂ ਪੁਰ ਹਮਲੇ ਕਰ, ਆਪਣੇ ਦਿਲ ਦਾ ਗ਼ੁਬਾਰ ਕਢਣਾ ਅਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਣਾ ਸ਼ੁਰੂ ਕਰ ਦਿੰਦੇ ਹਨ। ਇਹੋ ਗਲ ਇਸ ਮਾਮਲੇ ਵਿੱਚ ਵੀ ਹੋਈ। ਸੱਚਾਈ ਕੀ ਹੈ? ਇਸ ਤੋਂ ਪਰਦਾ ਤਾਂ ਸ਼ਾਇਦ ਕੁਝ ਸਮੇਂ ਬਾਅਦ ਉਠ ਸਕੇਗਾ। ਪ੍ਰੰਤੂ ਜਿਥੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਵਿਰੁਧ ਲਾਏ ਜਾ ਰਹੇ ਦੋਸ਼ਾਂ ਨੂੰ ਨਾ ਤਾਂ ਦਿੱਲੀ ਸਰਕਾਰ ਵਲੋਂ ਅਤੇ ਨਾ ਹੀ ਦਿੱਲੀ ਪ੍ਰਦੇਸ਼ ਕਾਂਗ੍ਰਸ ਵਲੋਂ ਕੋਈ ਮਹਤੱਵ ਦਿੱਤਾ ਗਿਆ, ਉਥੇ  ਸ. ਪਰਮਜੀਤ ਸਿੰਘ ਸਰਨਾ ਨੇ ਤਾਂ ਇਸ ਸਮਾਗਮ ਦੇ ਰੱਦ ਹੋਣ ਲਈ ਇਕ ਪਾਸੇ ਬਾਦਲ ਅਕਾਲੀ ਦਲ ਦੇ ਹੀ ਮੁੱਖੀਆਂ ਨੂੰ ਹੀ ਦੋਸ਼ੀ ਠਹਿਰਾਇਆ ਅਤੇ ਦੂਜੇ ਪਾਸੇ ਉਨ੍ਹਾਂ ਪੁਰ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਬ-ਸੰਮਤੀ ਨਾਲ ਮਤਾ ਪਾਸ ਕਰ 1947 ਤੋਂ ਹੁਣ ਤਕ ਦੇ ਵਖ-ਵਖ ਸਾਕਿਆਂ ਵਿਚ ਹੋਏ ਸਿੱਖ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਕਾਇਮ ਕਰਨ ਦਾ ਜੋ ਫੈਸਲਾ ਕੀਤਾ ਹੋਇਆ ਹੈ, ਉਸਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਅਧੀਨ ਹੀ ਉਨ੍ਹਾਂ ਵਲੋਂ ਇਹ ਸਾਰਾ ‘ਅਡੰਬਰ’ ਰਚਿਆ ਗਿਆ ਸੀ, ਜੋ ਉਨ੍ਹਾਂ ਦੇ ਆਪਣੇ ਵਿਰੁਧ ਹੀ ਹੋ ਨਿਬੜਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਕੀਤੇ ਗਏ ਹੋਏ ਫੈਸਲੇ ਪੁਰ ਅਮਲ ਕਰਨ ਪ੍ਰਤੀ ਦ੍ਰਿੜਤਾ ਨਾਲ ਵਚਨਬੱਧ ਹੈ। ਉਨ੍ਹਾਂ ਦਸਿਆ ਕਿ ਇਸ ਯਾਦਗਾਰ ਨੂੰ ਕਾਇਮ ਕਰਨ ਲਈ ਜ਼ਮੀਨ ਅਲਾਟ ਕੀਤੇ ਜਾਣ ਵਾਸਤੇ ਸਰਕਾਰ ਨੂੰ ਲਿਖਿਆ ਗਿਆ ਹੋਇਆ ਹੈ, ਜੇ ਸਰਕਾਰ ਨੇ ਜ਼ਮੀਨ ਅਲਾਟ ਕਰਨ ਤੋਂ ਆਨਾਕਾਨੀ ਕੀਤੀ ਤਾਂ ਕੀਤੇ ਗਏ ਹੋਏ ਫੈਸਲੇ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਪ੍ਰਬੰਧ ਹੇਠਲੀ ਕਿਸੇ ਢੁਕਵੀਂ ਥਾਂ ਤੇ ਇਹ ਯਾਦਗਾਰ ਕਾਇਮ ਕੀਤੀ ਜਾਇਗੀ, ਜੋ ਇਤਿਹਾਸਕ ਤੇ ਬੇਮਿਸਾਲ ਹੋਵੇਗੀ। ਉਧਰ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਇੱਕ ਗੁਟ ਨੇ ਵੀ ਇਸ ਪੈਦਾ ਹੋਈ ਹਾਸੋਹੀਣੀ ਸਥਿਤੀ ਲਈ ਸਮਾਗਮ ਦੇ ਆਯੋਜਕ ਆਪਣੇ ਹੀ ਦਲ ਦੇ ਮੁੱਖੀਆਂ ਨੂੰ ਹੀ ਜ਼ਿਮੇਂਦਾਰ ਗਰਦਾਨਿਆ ਹੈ।

ਸ਼ੰਕਾਵਾਂ : ਇਸ ਸਮਾਗਮ ਦੇ ਰੱਦ ਹੋਣ ਜਾਂ ਇਸਨੂੰ ਰੱਦ ਕੀਤੇ ਜਾਣ ਦੇ ਲਈ ਕੌਣ ਜ਼ਿਮੇਂਦਾਰ ਹੈ ਅਤੇ ਕੌਣ ਨਹੀਂ ਅਤੇ ਇਸ ਸਮਾਗਮ ਅਤੇ ਨਵੰਬਰ-1984 ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਰਸਮੀ ਪ੍ਰਵਾਨਗੀ ਲਏ ਜਾਣ ਸਬੰਧੀ ਲੌੜੀਂਦੀ ਪ੍ਰਕ੍ਰਿਆ ਪੂਰੀ ਕੀਤੀ ਗਈ ਸੀ ਜਾਂ ਨਹੀਂ? ਇਨ੍ਹਾਂ ਸੁਆਲਾਂ ਦਾ ਜਵਾਬ ਤਲਾਸ਼ਣ ਲਈ ਲੰਮੀ ਪ੍ਰਕ੍ਰਿਆ ਦੀ ਲੋੜ ਹੈ, ਜਿਸ ਕਾਰਣ ਇਸ ਵਿਵਾਦ ਵਿੱਚ ਪੈਣ ਤੋਂ ਕਿਨਾਰਾ ਕਰਦਿਆਂ, ਇਸ ਸਮਾਗਮ ਲਈ ਜਾਰੀ ‘ਸਦਾ ਪਤ੍ਰ’, ਉਸ ਨਾਲ ਦਿੱਤੀ ਗਈ ਯਾਦਗਾਰ ਦੀ ਫੋਟੋ ਅਤੇ ਇਨ੍ਹਾਂ ਦੇ ਨਾਲ ਹੀ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਆਮ ਲੋਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਦਿੱਤੇ ਗਏ ਸਦੇ ਨਾਲ ਸਬੰਧਤ ਲਿਖੇ ਗਏ ਗਸ਼ਤੀ ਪਤ੍ਰ ਦੀਆਂ ਲਿਖਤਾਂ ਨੂੰ ਇਕ-ਦੂਜੇ ਨਾਲ ਮਿਲਾ ਕੇ ਘੋਖਿਆ ਜਾਏ ਤਾਂ ਕਈ ਆਪਾ-ਵਿਰੋਧੀ ਤੱਥ ਸਾਹਮਣੇ ਆ ਖਲੋਂਦੇ ਹਨ।
ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਜਾਰੀ ਪਤ੍ਰ ਵਿੱਚ ਲਿਖਿਆ ਗਿਆ ਹੋਇਆ ਸੀ ਕਿ ਇਹ ਪਾਰਕ ‘ਨਵੰਬਰ-1984 ਦੇ ਸਾਰੇ ਸ਼ਹੀਦਾਂ ਅਤੇ ਉਨ੍ਹਾਂ ਸਾਰੇ ‘ਜਾਂਬਾਜ਼’ ਹਿੰਦੁਸਤਾਨੀਆਂ ਨੂੰ ਸਮਰਪਤ ਹੈ, ਜਿਨ੍ਹਾਂ ਨੇ ਇਸ ਕਤਲੇ-ਆਮ ਦੌਰਾਨ ਹਜ਼ਾਰਾਂ ਸਿੱਖਾਂ ਦੇ ਜਾਨ-ਮਾਲ ਦੀ ਰਖਿਆ ਕੀਤੀ’। ਇਸਦੇ ਨਾਲ ਹੀ ਇਹ ਵੀ ਦਸਿਆ ਗਿਆ ਸੀ ਕਿ ਇਸ ਸਮਾਰਕ ਵਿੱਚ ਉਨ੍ਹਾਂ ਸਾਰੇ ਸ਼ਹੀਦਾਂ ਦੇ ਨਾਂ ਅੰਕਿਤ ਕੀਤੇ ਜਾਣਗੇ, ਜਿਨ੍ਹਾਂ ਬੇਗੁਨਾਹਾਂ ਨੂੰ ਨਵੰਬਰ-1984 ਵਿੱਚ ਸ਼ਹੀਦ ਕੀਤਾ ਗਿਆ ਸੀ। ਇਸੇ ਪਤ੍ਰ ਅਨੁਸਾਰ ਇਸ ਯਾਦਗਾਰ ਦਾ ਨੀਂਹ-ਪੱਥਰ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਸ਼੍ਰੀ ਅਰੁਣ ਜੇਤਲੀ, ਨੇਤਾ ਵਿਰੋਧੀ ਧਿਰ ਰਾਜਸਭਾ ਅਤੇ ਸ. ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਦੇ ਕਰ ਕਮਲਾਂ ਰਾਹੀਂ ਰਖਿਆ ਜਾਇਗਾ।

ਇਸਦੇ ਨਾਲ ਤਕਰੀਬਨ ਡੇਢ-ਦੋ ਸੌ ਨਾਵਾਂ ਹੇਠ ਜੋ ਸਦਾ ਪਤ੍ਰ ਜਾਰੀ ਕੀਤਾ ਗਿਆ, ਉਸ ਵਿੱਚ ਦਿੱਤੀ ਗਈ ਹੋਈ ਨੀਂਹ ਪੱਥਰ ਦੀ ਫੋਟੋ ਨੂੰ ਸਰਸਰੀ ਨਜ਼ਰ ਨਾਲ ਵੇਖਿਆਂ ਹੀ ਵਿਖਾਈ ਦੇ ਜਾਂਦਾ ਹੈ ਕਿ ਉਸ ਵਿੱਚ ਕੇਵਲ ‘1984 ਸਿੱਖ ਮੈਮੋਰੀਅਲ ਪਾਰਕ’ ਉਕਰਿਆ ਹੋਇਆ ਸੀ। ਇਸ ਤੇ ਨਾ ਤਾਂ ‘ਨਵੰਬਰ’ ਮਹੀਨੇ ਦਾ ਜ਼ਿਕਰ ਸੀ ਅਤੇ ਨਾ ਹੀ 1984 ‘ਦੇ’ ਸਿੱਖ ‘ਸ਼ਹੀਦਾਂ’ ਦੇ ਸ਼ਬਦ ਉਕਰੇ ਹੋਏ ਸਨ। ਇਹੀ ਨਹੀਂ ਇਸ ਪੁਰ ਨੀਂਹ ਪੱਥਰ ਰਖਣ ਵਾਲਿਆਂ ਦੇ ਨਾਂ ਵੀ ਨਹੀਂ ਸਨ। ਇਸਦੇ ਨਾਲ ਹੀ ਸਦਾ ਪਤ੍ਰ ਵਿੱਚ ਵੀ ਕੇਵਲ ਇਤਨਾ ਹੀ ਲਿਖਿਆ ਹੋਇਆ ਸੀ, ਕਿ ‘ਗੁਰਦੁਆਰਾ ਟਿਕਾਣਾ ਸਾਹਿਬ ਰਿੰਗ ਰੋਡ ਪੰਜਾਬੀ ਬਾਗ਼ (ਵੈਸਟ) ਦੇ ਸਾਹਮਣੇ (3 ਏਕੜ) ਪਾਰਕ ਦਾ ‘1984 ਸਿੱਖ ਮੈਮੋਰੀਅਲ ਪਾਰਕ’ ਨਿਰਮਾਣ ਕਾਰਜ ਦਾ ਸ਼ੁਭਾਰੰਭ’। ਇਸ ਵਿੱਚ ਵੀ ਨਾ ਤਾਂ ‘ਸ਼ਹੀਦਾਂ’ ਦਾ ਜ਼ਿਕਰ ਸੀ ਅਤੇ ਨਾ ਹੀ ‘ਨਵੰਬਰ’ ਦਾ।  ਹੋਰ ਤਾਂ ਹੋਰ ਇਸ ਵਿੱਚ ਨੀਂਹ ਪੱਥਰ ਰਖਣ ਵਾਲਿਆਂ ਦੇ ਨਾਂ ਵੀ ਨਹੀਂ ਸੀ ਦਸੇ ਗਏ।

ਇਨ੍ਹਾਂ ਲਿਖਤਾਂ ਨੂੰ ਪੜ੍ਹਨ ਤੋਂ ਇਉਂ ਜਾਪਦਾ ਸੀ ਜਿਵੇਂ ਜਾਂ ਤਾਂ ਆਯੋਜਕ ਆਪ ਭੰਬਲ-ਭੁਸੇ ਵਿੱਚ ਪਏ ਹੋਏ ਹਨ, ਜਾਂ ਫਿਰ ਲੋਕਾਂ ਨੂੰ ਭੰਬਲ-ਭੂਸੇ ਵਿੱਚ ਪਾ ‘ਨਵੰਬਰ-1984 ਦੇ ਸਿੱਖ ਸ਼ਹੀਦਾਂ’ ਦੇ ਨਾਂ ਤੇ ਆਪਣੇ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਂਕਣੀਆਂ ਚਾਹੁੰਦੇ ਹਨ। ਕਿਉਂੁਕ ਇਨ੍ਹਾਂ ਲਿਖਤਾਂ ਤੋਂ ਤਾਂ ਇਹੀ ਜਾਪਦਾ ਸੀ ਕਿ ਜਿਵੇਂ ਇਹ ਪਾਰਕ ਨਵੰਬਰ-1984 ਦੇ ਸ਼ਹੀਦ ਸਿੱਖਾਂ ਦੀ ਯਾਦਗਾਰ ਵਜੋਂ ਨਹੀਂ, ਸਗੋਂ ‘1984 (ਅਣਪਛਾਤੇ) ਸਿੱਖਾਂ ਦੇ ਮੈਮੋਰੀਅਲ’ ਵਜੋਂ ਕਾਇਮ ਕੀਤਾ ਜਾ ਰਿਹਾ ਹੈ। ਇਹ ਗਲ ਵੀ ਉਭਰ ਕੇ ਸਾਹਮਣੇ ਆ ਰਹੀ ਸੀ ਕਿ ਇਥੇ ਸ਼ਹੀਦ ਸਿੱਖਾਂ ਦੀ ‘ਯਾਦਗਾਰ’ ਕਾਇਮ ਨਹੀਂ ਸੀ ਕੀਤੀ ਜਾ ਰਹੀ, ਸਗੋਂ ਪਾਰਕ ਦਾ ਨਾਂ ਹੀ ‘ਯਾਦਗਾਰ’ ਵਜੋਂ ਰਖਿਆ ਜਾ ਰਿਹਾ ਸੀ। ਸਦਾ ਪਤ੍ਰ ਵਿੱਚ ਨੀਂਹ ਪੱਥਰ ਰਖਣ ਦੀ ਰਸਮ ਅਦਾ ਕਰਨ ਵਾਲਿਆਂ ਦੇ ਨਾਂ ਨਾ ਹੋਣ ਤੋਂ ਵੀ ਜਾਪਦਾ ਹੈ ਕਿ ਆਯੋਜਕਾਂ ਨੂੰ ਇਸ ਗਲ ਦਾ ਪੂਰਾ ਪਤਾ ਸੀ ਕਿ ਜਿਨ੍ਹਾਂ ਦੇ ਨਾਂ ਤੇ ਉਹ ਭੀੜ ਇਕੱਠੀ ਕਰਨ ਦੀ ਸੋਚ ਪਾਲੀ ਬੈਠੇ ਹਨ, ਉਨ੍ਹਾਂ ਨੇ ਤਾਂ ਆਉਣਾ ਹੀ ਨਹੀਂ। ਕਿਉਂਕਿ ਸ. ਸੁਖਬੀਰ ਸਿੰਘ ਬਾਦਲ ਦਾ ਤਾਂ ਪਹਿਲਾਂ ਹੀ ਇਨ੍ਹਾਂ ਦਿਨਾਂ ਵਿੱਚ ਉਚ-ਪੱਧਰੀ ਪ੍ਰਤੀਨਿਧੀ ਮੰਡਲ ਲੈ ਕੇ ਪਾਕਿਸਤਾਨ ਜਾਣਾ ਨਿਸਚਿਤ ਹੋ ਚੁਕਾ ਹੋਇਆ ਸੀ ਅਤੇ ਸ਼ਾਇਦ ਅਰੁਣ ਜੇਤਲੀ ਨੂੰ ਵੀ ਇਸ ਸਮਾਗਮ ਦੇ ਕੇਵਲ ‘ਅਡੰਭਰ’ ਹੋਣ ਦੀ ਭਿਣਕ ਪੈ ਚੁਕੀ ਹੋਈ ਸੀ, ਜਿਸ ਕਾਰਣ ਉਨ੍ਹਾਂ ਪਹਿਲਾਂ ਹੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਅਸਮਰਥਾ ਪ੍ਰਗਟ ਕਰ ਦਿੱਤੀ ਸੀ।

…ਅਤੇ ਅੰਤ ਵਿੱਚ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਦੇ ਇਕ ਮੁੱਖੀ ਨੇ ਦਸਿਆ ਕਿ ਉਨ੍ਹਾਂ ਪਹਿਲਾਂ ਹੀ ਆਪਣੇ ਸਾਥੀਆਂ ਨੂੰ ਚਿਤਾਵਨੀ ਦੇ ਦਿੱਤੀ ਹੋਈ ਸੀ ਕਿ ਨਿਯਮਾਂ ਅਨੁਸਾਰ ਰਿੰਗ ਰੋਡ ’ਤੇ ਕੋਈ ਵੀ ਯਾਦਗਾਰ ਨਹੀਂ ਬਣ ਸਕਦੀ, ਇਸ ਕਰਕੇ ਉਹ ਇਹ ਅਡੰਬਰ ਨਾ ਰਚਣ। ਉਸਨੇ ਇਹ ਵੀ ਦਸਿਆ ਕਿ ਦਲ ਦੇ ਕੁਝ ਮੁੱਖੀਆਂ ਨੇ ਉਨ੍ਹਾਂ ਨੂੰ ਇਹ ਵੀ ਸਲਾਹ ਦਿੱਤੀ ਸੀ ਕਿ ਜਦਕਿ ਸ. ਸੁਖਬੀਰ ਸਿੰਘ ਬਾਦਲ ਇਸ ਸਮਾਗਮ ਵਿੱਚ ਪੁਜਣ ਤੋਂ ਇਨਕਾਰ ਕਰ ਚੁਕੇ ਹਨ ਤਾਂ ਫਿਰ ਨੀਂਹ ਪੱਥਰ ਰਖਣ ਲਈ ਉਨ੍ਹਾਂ ਦੇ ਨਾਂ ਦੀ ਵਰਤੋਂ ਨਾ ਕੀਤੀ ਜਾਏ। ਸਮਾਗਮ ਵਿੱਚ ਉਨ੍ਹਾਂ ਦੇ ਨਾ ਪੁਜਣ ਤੇ ਸਥਿਤੀ ਹਾਸੋਹੀਣੀ ਹੋ ਜਾਇਗੀ। ਪਰ ਉਹ ਨਹੀਂ ਮੰਨੇ। ਉਸਨੇ ਹੋਰ ਦਸਿਆ ਕਿ ਦਲ ਵਲੋਂ ਜਾਰੀ ਪਤ੍ਰ ਵਿੱਚ ਅਰੁਣ ਜੇਤਲੀ ਦਾ ਨਾਂ ਪਹਿਲਾਂ ਅਤੇ ਸ. ਸੁਖਬੀਰ ਸਿੰਘ ਬਾਦਲ ਦਾ ਨਾਂ ਬਾਅਦ ਵਿੱਚ ਹੋਣ ਤੇ ਵੀ ਦਲ ਦੇ ਮੁੱਖੀਆਂ ਵਲੋਂ ਇਤਰਾਜ਼ ਕੀਤਾ ਗਿਆ ਅਤੇ ਕਿਹਾ ਗਿਆ ਸੀ ਕਿ ਘਟੋਘਟ ਦਲ ਵਲੋਂ ਜਾਰੀ ਪਤ੍ਰ ਵਿੱਚ ਤਾਂ ਆਪਣੇ ਦਲ ਦੇ ਕੌਮੀ ਪ੍ਰਧਾਨ ਦਾ ਨਾਂ ਪਹਿਲਾਂ ਹੋਣਾ ਚਾਹੀਦੈ। ਪਰ ਉਹ ਇਹ ਵੀ ਨਹੀਂ ਮੰਨੇ, ਜਾਪਦੈ ਉਨ੍ਹਾਂ ਪੁਰ ਆਪਣੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਭਾਜਪਾ ਪ੍ਰਤੀ ਵਫਾਦਾਰੀ ਦਾ ਪ੍ਰਦਰਸ਼ਨ ਕਰਨ ਦੀ ਸੋਚ ਜ਼ਿਆਦਾ ਭਾਰੂ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>