ਲੱਖਾਂ ਸੰਗਤਾਂ ਵੱਲੋਂ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤੇ ਗਏ, ਅਲੌਕਿਕ ਨਜ਼ਾਰਾ ਰਿਹਾ ਦੀਪਮਾਲਾ ਤੇ ਆਤਿਸ਼ਬਾਜੀ ਦਾ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਰੀ-ਪੀਰੀ ਦੇ ਮਾਲਕ ਦਾਤਾ ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ‘ਚੋਂ 52 ਰਾਜਿਆਂ ਸਮੇਤ ਰਿਹਾਅ ਹੋਣ ਉਪਰੰਤ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਪਹੁੰਚਣ ਨੂੰ ਸਮਰਪਿਤ ਬੰਦੀ-ਛੋੜ ਦਿਵਸ (ਦੀਵਾਲੀ) 12 ਤੋਂ 14 ਨਵੰਬਰ ਤੀਕ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਲੱਖਾਂ ਸੰਗਤਾਂ ਨੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।

ਇਸ ਮੌਕੇ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਦੀ ਦਰਸ਼ਨੀ ਡਿਊੜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਦੇਂਦਿਆਂ ਕਿਹਾ ਕਿ ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੰਗਤਾਂ ਦੇ ਦਰਸ਼ਨ ਕਰਨੇ ਸਨ, ਪ੍ਰੰਤੂ ਸੇਹਤ ਠੀਕ ਨਾ ਹੋਣ ਕਰਕੇ ਉਹ ਆ ਨਹੀਂ ਸਕੇ।ਮੈਂ ਉਹਨਾਂ ਵੱਲੋਂ ਵੀ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ (ਦੀਵਾਲੀ) ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾਂ ਹਾਂ।

ਸਿੰਘ ਸਾਹਿਬ ਨੇ ਕਿਹਾ ਕਿ ਅੱਜ ਦਾ ਇਹ ਇਤਿਹਾਸਕ ਬੰਦੀ-ਛੋੜ ਦਿਵਸ ਹਰ ਸਾਲ ਸਮੁੱਚੇ ਸਿੱਖ-ਜਗਤ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤੇ 52 ਰਾਜਿਆਂ ਨੂੰ ਮੀਰੀ-ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਆਪਣੇ ਲੜ ਲਾ ਅਜ਼ਾਦ ਕਰਾਉਣ ਦੀ ਇਕ ਅਨੂਠੇ ਅਤੇ ਇਤਿਹਾਸਕ ਕਾਰਜ ਦੀ ਯਾਦ ਦਿਵਾੳਂਦਾ ਹੈ। ਇਸੇ ਕਰਕੇ ਹੀ ਇਤਿਹਾਸ ਵਿਚ ਹਜ਼ੂਰ ਸਤਿਗੁਰੂ ਜੀ ਨੂੰ ਬੰਦੀ-ਛੋੜ ਦਾਤਾ ਕਰਕੇ ਸਤਿਕਾਰਿਆ ਜਾਂਦਾ ਹੈ। ਸਤਿਗੁਰੂ ਜੀ ਦੇ ਸ੍ਰੀ ਅੰਮ੍ਰਿਤਸਰ ਪੁੱਜਣ ‘ਤੇ ਸਿੱਖ ਸੰਗਤਾਂ ਦੇ ਹਿਰਦੇ ਚਿਰੀ-ਵਿਛੁੰਨੇ ਸਤਿਗੁਰੂ ਜੀ ਦੇ ਦਰਸ਼ਨ ਕਰ ਸਕੇ ਅਤੇ ਅੰਮ੍ਰਿਤ-ਬਚਨ ਸੁਣ ਕੇ ਰੁਸ਼ਨਾਅ ਉੱਠੇ, ਜਿਸ ਕਰਕੇ ਆਪਣੇ ਅੰਦਰਲੇ ਹਰਸ਼-ਹੁਲਾਸ ਦੇ ਪ੍ਰਗਟਾਅ ਵਜੋਂ ਸੰਗਤਾਂ ਨੇ ਦੀਪ-ਮਾਲਾ ਕੀਤੀ।

ਇੱਕੀਵੀਂ ਸਦੀ ਨੂੰ ਅਧਿਆਤਮਕ ਰੰਗ ਵਿਚ ਰੰਗਣ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੇ ਅਨੁਸਾਰ ਵਿਸ਼ਵ ਸ਼ਾਂਤੀ ਦੀ ਸਥਾਪਤੀ ਲਈ ਜੁਗੋ-ਜੁਗ ਅਟੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥੀਂ ਕਿਰਤ ਕਰਨ, ਵੰਡ ਛਕਣ, ਨਾਮ ਜਪਣ, ਭਾਣਾ ਮੰਨਣ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਸੰਸਾਰ ਦੇ ਕੋਨੇ-ਕੋਨੇ ਵਿਚ ਪਹੁੰਚਾਉਣਾ ਹਰ ਸਿੱਖ ਦਾ ਫਰਜ਼ ਬਣਦਾ ਹੈ। ਅੱਜ ਦੇ ਇਤਿਹਾਸਕ ਦਿਹਾੜੇ ਉੱਤੇ ਸਮੁੱਚੇ ਪੰਥ ਹਿਤੈਸ਼ੀਆਂ ਨੂੰ ਇਹ ਪ੍ਰਣ ਕਰਨ ਦੀ ਲੋੜ ਹੈ ਕਿ ਗੁਰੂ-ਆਸ਼ੇ ਮੁਤਾਬਿਕ ਸਰਬੱਤ ਦੇ ਭਲੇ ਅਤੇ ਖਾਲਸਾ ਜੀ ਕੇ ਬੋਲਬਾਲੇ ਦੇ ਉਦੇਸ਼ ਦੀ ਪੂਰਤੀ ਹਿਤ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਗੁਰਮਤਿ ਦੀਆਂ ਉੱਚੀਆਂ-ਸੁੱਚੀਆਂ ਮਾਨਵੀ ਕਦਰਾਂ ਕੀਮਤਾਂ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਈਏ ।

ਪਿਆਰੇ ਖਾਲਸਾ ਜੀ! ਪੰਥ ਵਿਚ ਯੋਜਨਾਬੱਧ ਤਰੀਕੇ ਨਾਲ ਫੁਟ-ਪਾਉਣ, ਗੁਰ-ਇਤਿਹਾਸ ਅਤੇ ਧੁਰ ਕੀ ਬਾਣੀ ਬਾਰੇ ਭਰਮ-ਭੁਲੇਖੇ ਪੈਦਾ ਕਰ ਕੇ ਸਾਡੇ ਸ਼ਾਨਦਾਰ ਵਿਰਸੇ ਨੂੰ ਪੰਥ-ਦੋਖੀਆਂ ਵੱਲੋਂ ਬੌਣਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਗੁਰਮਤਿ ਦੇ ਮੂਲ ਉਦੇਸ਼ ਅਤੇ ਸਿੱਖ ਰਹਿਤ ਮਰਯਾਦਾ ਬਾਰੇ ਨਵੇਂ ਨਵੇਂ ਬਖੇੜੇ ਖੜੇ ਕੀਤੇ ਜਾ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਸਾਹਮਣੇ ਚੁਣੌਤੀਆਂ ਗੁੰਝਲਦਾਰ ਹਨ ਅਤੇ ਵੱਡੀਆਂ ਵੀ ਪਰ ਪੰਥ ਨੂੰ ਦਰਪੇਸ਼ ਸਮੱਸਿਆਵਾਂ, ਸਿੱਖੀ-ਸਿਧਾਂਤਾਂ ਅਤੇ ਪ੍ਰੰਪਰਾਵਾਂ ਦੀ ਸਲਾਮਤੀ ਵਾਸਤੇ ਪੰਥਕ ਭਾਵਨਾਵਾਂ ਤੇ ਪ੍ਰਤੀਬੱਧਤਾ ਦੀ ਲੋੜ ਹੈ। ਜੇਕਰ ਅਸੀਂ ਦ੍ਰਿੜ੍ਹਤਾ ਨਾਲ ਚੁਣੌਤੀਆਂ ਨੂੰ ਦੂਰ ਕਰਨ ਦਾ ਪ੍ਰਣ ਕਰਕੇ ਯਤਨ ਅਰੰਭਾਂਗੇ ਤਾਂ ਯਕੀਨਨ ਗੁਰੂ ਸਾਹਿਬ ਸਾਡੇ ਅੰਗ-ਸੰਗ ਹੋ ਸਹਾਇਤਾ ਕਰਨਗੇ ।

ਖਾਲਸਾ ਜੀ! ਸਾਡੀ ਕੌਮ ਕਈ ਝਖੜਾਂ, ਹਨੇਰੀਆਂ ਵਿਚ ਲੰਘੀ ਅਤੇ ਜਾਬਰਾਂ ਜਰਵਾਣਿਆਂ ਦੇ ਜ਼ੁਲਮ ਸਾਡੀ ਹਸਤੀ ਨੂੰ ਮਿਟਾ ਨਹੀਂ ਸਕੇ ਪਰ ਅੱਜ ਸਾਡੇ ਅੰਦਰ ਪੈਦਾ ਹੋ ਰਹੀਆਂ ਕਮਜ਼ੋਰੀਆਂ ਹੀ ਸਾਡੀਆਂ ਦੁਸ਼ਮਣ ਬਣ ਰਹੀਆਂ ਹਨ। ਅੱਜ ਸਾਡੇ ਸਮਾਜ ਸਾਹਮਣੇ ਕਈ ਚੁਣੌਤੀਆਂ ਹਨ। ਸਭ ਤੋਂ ਅਹਿਮ ਚੁਣੌਤੀ ਸਾਡੀ ਕੌਮ ਦੀ ਨੌਜਵਾਨ ਪੀੜ੍ਹੀ ਵਿਚ ਪੈਦਾ ਹੋ ਰਹੀ ਪਤਿਤਪੁਣੇ, ਭਰੂਣ ਹੱਤਿਆ, ਵਾਤਾਵਰਣ ਦਾ ਖਿਲਵਾੜ, ਮਿਲਾਵਟ-ਖੋਰੀ ਅਤੇ ਨਸ਼ਿਆਂ ਦੇ ਰੁਝਾਨ ਦੀ ਹੈ। ਇਸ ਅਨੈਤਿਕ ਪ੍ਰਵਿਰਤੀ ਨੂੰ ਰੋਕਣ ਲਈ ਵਿਦਿਅਕ ਅਦਾਰਿਆਂ ਵਿਚ ਦੁਨਿਆਵੀ ਵਿਦਿਆ ਦੇ ਨਾਲ ਨਾਲ ਬੱਚਿਆਂ ਨੂੰ ਗੁਰੂ ਸਾਹਿਬਾਨ ਵਲੋਂ ਦਿੱਤੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਣ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਮਾਣਮੱਤੇ ਵਿਰਸੇ ਤੇ ਇਤਿਹਾਸ ਨਾਲ ਜੋੜਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ, ਜਿੰਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਇਤਿਹਾਸਕ ਸ਼ਤਾਬਦੀਆਂ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਜਿਸ ਤਰ੍ਹਾਂ ਅਸੀਂ ਪਿਛਲੀਆਂ ਸ਼ਤਾਬਦੀਆਂ ਮਨਾਈਆਂ, ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਵਿੱਚ ਬੰਦੀ-ਛੋੜ ਦਾਤਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ 400 ਸਾਲਾ ਬੰਦੀ-ਛੋੜ ਦਿਵਸ ਵੀ ਗੁਰੂ ਭੈਅ-ਭਾਵਨੀ ਤੇ ਪਿਆਰ ਸ਼ਰਧਾ ਸਹਿਤ ਮਨਾ ਸਕੀਏ। ਆਓ ਸਾਰੇ ਰਲ ਕੇ ਪ੍ਰਣ ਕਰੀਏ ਕਿ ਅਸੀਂ ਬੰਦੀ-ਛੋੜ ਦਾਤਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਆਉਣ ਵਾਲੀ ਸ਼ਤਾਬਦੀ ਨੂੰ ਪੰਥਕ ਜਾਹੋ-ਜਲਾਲ ਤੇ ਖਾਲਸਾਈ ਸ਼ਾਨੋ-ਸ਼ੌਕਤ, ਸ਼ੁਭ-ਇਛਾਵਾਂ ਤੇ ਭਾਵਨਾਵਾਂ ਨਾਲ ਮਨਾ ਸਕੀਏ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ! ਆਉਣ ਵਾਲੇ ਨਵੇਂ ਸਾਲ ਤੋਂ ਹੀ ਆਪਸੀ ਭੇਵ-ਭਾਵ ਭੁਲਾ ਕੇ ਤਿਆਰੀਆਂ ਆਰੰਭਣ ਲਈ ਯਤਨ ਕਰੀਏ।

ਖਾਲਸਾ ਜੀ ਅਕਾਲ ਦਾ ਤਖਤ ਦੁਨੀਆਵੀ ਤਖਤਾਂ ਨਾਲੋਂ ਮਹਾਨ ਹੈ ਤੇ ਪੰਥ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਅੱਜ ਦੇ ਪਾਵਨ ਪਵਿੱਤਰ ਇਤਿਹਾਸਕ ਦਿਹਾੜੇ ‘ਤੇ ਵਧਾਈ ਦੇਂਦਾ ਹੋਇਆ ਅਪੀਲ ਕਰਦਾ ਹਾਂ ਕਿ ਖ਼ਾਲਸਾ ਜੀ! ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਬਣੋ, ਸਿੱਖੀ ਸਿਧਾਂਤਾਂ ਦੀ ਰਾਖੀ ਲਈ ਹਰ ਸਮੇਂ ਤਿਆਰ-ਬਰ-ਤਿਆਰ ਰਹੋ ਅਤੇ “ਬੰਦੀ-ਛੋੜ ਪਾਤਸ਼ਾਹ” ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿਰਜਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤਾਂ ਤੇ ਆਦਰਸ਼ਾਂ ਨੂੰ ਸਦਾ ਆਪਣੇ ਦਿਲ ਵਿਚ ਵਸਾਈ ਰੱਖੋ ਤਾਂ ਜੋ ਰੌਸ਼ਨੀਆਂ ਨਾਲ ਸਜੇ-ਸਵਾਰੇ ਅਤੇ ਅਤਿ ਸਤਿਕਾਰਤ ਸ੍ਰੀ ਹਰਿਮੰਦਰ ਸਾਹਿਬ ਦੇ ਆਦਰਸ਼ ਅਤੇ ਇਸ ਦੀਆਂ ਇਤਿਹਾਸਕ ਯਾਦਾਂ ਸਾਡੇ ਦਿਲਾਂ ਦੇ ਹਨ੍ਹੇਰਿਆਂ ਨੂੰ ਦੂਰ ਕਰਕੇ ਰੁਸ਼ਨਾਉਣ। ਸਤਿਗੁਰੂ ਰਹਿਮਤਾਂ ਕਰਨ ਸਾਨੂੰ ਸਾਰਿਆਂ ਨੂੰ ਨਿਸ਼ਕਾਮਤਾ ਅਤੇ ਨਿਰਭੈਤਾ ਨਾਲ ਪੰਥ ਦੀ ਸੇਵਾ ਕਰਨ ਲਈ ਬਲ ਬੁੱਧ ਪ੍ਰਦਾਨ ਕਰਨ।

ਖਾਲਸਾ ਜੀ! ਜੂਨ 1984 ਵਿੱਚ ਵਾਪਰੇ ਘੱਲੂਘਾਰੇ ਸਮੇਂ ਸਿੱਖ ਕੌਮ ਦਾ ਅਣਗਿਣਤ ਜਾਨੀ, ਮਾਲੀ ਅਤੇ ਵਿਰਾਸਤੀ ਨੁਕਸਾਨ ਹੋਇਆ, ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ। ਜੂਨ 1984 ਦੇ ਘੱਲੂਘਾਰੇ ਤੇ ਨਵੰਬਰ ਦੇ ਸਿੱਖ ਕਤਲੇਆਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ‘ਸਿੱਖ ਨਸਲਕੁਸ਼ੀ’ ਦਾ ਨਾਂ ਦਿੱਤਾ ਗਿਆ ਹੈ। ਉਸ ਸਮੇਂ ਹਜ਼ਾਰਾਂ ਸਿੱਖ ਨੌਜੁਆਨਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਪਰ ਦਹਾਕਿਆਂ ਦੀ ਕੈਦ ਕੱਟਣ ਉਪਰੰਤ ਵੀ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਬੰਦੀ ਖਾਨਿਆਂ ‘ਚੋਂ ਮੁਕਤ ਨਹੀਂ ਕੀਤਾ। ਅੱਜ ‘ਬੰਦੀ-ਛੋੜ ਦਿਵਸ’ ਦੇ ਇਤਿਹਾਸਕ ਮੌਕੇ ‘ਤੇ ਸਮੁੱਚੀ ਕੌਮ ਤੇ ਵਿਸ਼ੇਸ਼ ਕਰਕੇ ਸਿੱਖ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਬੇਗੁਨਾਹਾਂ ਨੂੰ ਮੁਕਤ ਕਰਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ। ਬੇਗੁਨਾਹਾਂ ਨੂੰ ਬੰਧਨ ਮੁਕਤ ਕਰਵਾ ਕੇ ਹੀ ਸਾਡੇ ਘਰਾਂ ਵਿੱਚ ਖੁਸ਼ੀ ਦੇ ਦੀਵੇ ਜਗਣਗੇ। ਆਪਣੇ ਪਰਿਵਾਰਾਂ ਸਮੇਤ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋਂ, ਬਾਣੀ ਅਤੇ ਬਾਣੇ ਦੇ ਧਾਰਨੀ ਹੋਵੋ। ਸਮੂੰਹ ਸੰਗਤਾਂ ਨੂੰ ਇਕ ਵਾਰ ਫਿਰ ‘ਬੰਦੀ-ਛੋੜ ਦਿਵਸ’ ਦੀ ਵਧਾਈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਗਿਆਨੀ ਰਵੇਲ ਸਿੰਘ, ਬਾਬਾ ਹਰਨਾਮ ਸਿੰਘ ਖਾਲਸਾ ਮੁੱਖੀ ਦਮਦਮੀ ਟਕਸਾਲ ਮਹਿਤਾ ਚੌਂਕ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਮੰਚ ਦੀ ਸੇਵਾ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਵੱਲੋਂ ਨਿਭਾਈ ਗਈ।

ਬੰਦੀ ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਦੀਵਾਲ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ 12 ਤੋਂ 14 ਨਵੰਬਰ ਤੀਕ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਤੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਹਨਾਂ ਦਿਨਾਂ ਵਿੱਚ ਰੋਜ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ। 13 ਨਵੰਬਰ ਨੂੰ ਬੰਦੀ-ਛੋੜ ਦਿਵਸ ਮੌਕੇ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੋਈਆਂ ਤੇ ਸਿਰੋਪਾਓ ਨਾਲ 28 ਨਿਹੰਗ ਸਿੰਘ ਜਥੇਬੰਦੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ‘ਚ ਮਨਮੋਹਕ ਦੀਪਮਾਲਾ ਕੀਤੀ ਗਈ ਤੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਗਈ।

ਇਸ ਮੌਕੇ ਜਥੇਦਾਰ ਨਿਰਮਲ ਸਿੰਘ ਘਰਾਚੋ ਮੈਂਬਰ ਸ਼੍ਰੋਮਣੀ ਕਮੇਟੀ, ਸ.ਜੋਗਿੰਦਰ ਸਿੰਘ ਓ.ਐਸ.ਡੀ., ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ.ਹਰਬੰਸ ਸਿੰਘ ਮੱਲ੍ਹੀ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ.ਗੁਰਿੰਦਰ ਸਿੰਘ ਤੇ ਸ.ਰਘਬੀਰ ਸਿੰਘ ਐਡੀ:ਮੈਨੇਜਰ, ਸ.ਜਸਵਿੰਦਰਪਾਲ ਸਿੰਘ ਤੇ ਸ.ਇੰਦਰਮੋਹਣ ਸਿੰਘ ਪੀ.ਏ. ਸਿੰਘ ਸਾਹਿਬ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>