ਇਸਲਾਮਾਬਾਦ-ਪਾਕਿਸਤਾਨ ਦੀ ਸੰਸਦ ਵਿਚ ਚਲ ਰਹੀ ਬਹਿਸ ਦੌਰਾਨ ਕੌਮੀ ਮੁਤਾਹਿਦਾ ਮੂਵਮੈਂਟ ਦੇ ਸਾਂਸਦ ਸਾਜਿਦ ਅਹਿਮਦ ਨੇ ਪਾਕਿਸਤਾਨੀ ਰੇਲ ਮੰਤਰਾਲੇ ਦੀਆਂ ਨਾਕਾਮੀਆਂ ਤੋਂ ਖ਼ਫ਼ਾ ਹੋ ਕੇ ਇਥੋਂ ਤੱਕ ਕਹਿ ਦਿੱਤਾ ‘ਜੇਕਰ ਤੁਸੀ ਰੇਲ ਮੰਤਰਾਲੇ ਦੀਆਂ ਮੁਸ਼ਕਲਾਂ ਨਹੀਂ ਸੁਲਝਾ ਸਕਦੇ ਤਾਂ ਲਾਲੂ ਪ੍ਰਸਾਦਿ ਯਾਦਵ ਨੂੰ ਇਸਦਾ ਮੰਤਰੀ ਬਣਾ ਦਿਓ।’ ਪਾਕਿਸਤਾਨੀ ਸਾਂਸਦ ਵਲੋਂ ਦਿੱਤੇ ਗਏ ਇਸ ਸੁਝਾਅ ਤੋਂ ਸਾਰੇ ਹੈਰਾਨ ਰਹਿ ਗਏ।
ਜ਼ਿਕਰਯੋਗ ਹੈ ਕਿ ਮੁਤਾਹਿਦਾ ਕੌਮੀ ਮੂਵਮੈਂਟ ਦੇ ਸਾਂਸਦ ਸਾਜਿਦ ਅਹਿਮਦ ਨੇ ਰੇਲ ਮੰਤਰਾਲੇ ਦੀਆਂ ਕਾਰਗੁਜ਼ਾਰੀਆਂ ਤੋਂ ਨਾਖੁਸ਼ ਹੋਕੇ ਸਵਾਲ ਪੁਛਿਆ ਸੀ। ਰੇਲਵੇ ਦੇ ਸੰਸਦੀ ਸਕੱਤਰ ਨੋਮਾਨ ਇਸਲਾਮ ਸ਼ੇਖ਼ ਸ਼ੁਕਰਵਾਰ ਨੂੰ ਉਨ੍ਹਾਂ ਦੇ ਸਵਾਲ ਦਾ ਜਵਾਬ ਨੈਸ਼ਨਲ ਅਸੰਬਲੀ ਵਿਚ ਦੇ ਰਹੇ ਸਨ।
ਇਸ ਦੌਰਾਨ ਸਾਜਿਦ ਅਹਿਮਦ ਨੂੰ ਦੱਸਿਆ ਗਿਆ ਕਿ ਰੇਲਵੇ ਮੰਤਰਾਲਾ ਮੌਜੂਦਾ ਸਮੇਂ ਮਾਲੀ ਔਕੜਾਂ ਦਾ ਸਾਹਮਣਾ ਕਰ ਰਿਹਾ ਹੈ। ਆਮਦਨ ਘੱਟ ਹੈ ਅਤੇ ਖਰਚੇ ਵੱਧ ਗਏ ਹਨ। ਰੇਲਵੇ ਵਿਭਾਗ ਪਾਸ ਇੰਜਨਾਂ ਦੀ ਘਾਟ ਹੈ। ਪੈਸਿਆਂ ਦੀ ਘਾਟ ਕਰਕੇ ਕਈ ਟਰੇਨ ਸੌਦੇ ਵੀ ਰੱਦ ਹੋ ਗਏ ਹਨ। ਸੰਸਦੀ ਸਕੱਤਰ ਵਲੋਂ ਦਿੱਤੇ ਗਏ ਜਵਾਬ ਤੋਂ ਨਰਾਜ਼ ਸਾਂਸਦ ਸਾਜਿਦ ਅਹਿਮਦ ਨੇ ਆਪਣੀ ਸਰਕਾਰ ਨੂੰ ਭਾਰਤ ਦੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦਿ ਯਾਦਵ ਨੂੰ ਰੇਲ ਮੰਤਰੀ ਬਨਾਉਣ ਦਾ ਸੁਝਾਅ ਦੇ ਦਿੱਤਾ। ਵਰਣਨਯੋਗ ਹੈ ਕਿ ਜਦੋਂ ਭਾਰਤੀ ਰੇਲਵੇ ਘਾਟੇ ਵਿਚ ਚਲ ਰਿਹਾ ਸੀ ਉਦੋਂ ਲਾਲੂ ਪ੍ਰਸਾਦਿ ਯਾਦਵ ਨੂੰ ਰੇਲਵੇ ਮੰਤਰਾਲਾ ਦਿੱਤਾ ਗਿਆ ਸੀ ਅਤੇ ਆਪਣੇ ਕਾਰਜਕਾਲ ਦੌਰਾਨ ਲਾਲੂ ਪ੍ਰਸਾਦਿ ਨੇ ਰੇਲਵੇ ਮੰਤਰਾਲੇ ਨੂੰ ਫਾਇਦੇ ਵਾਲਾ ਮੰਤਰਾਲਾ ਬਣਾ ਦਿੱਤਾ ਸੀ ਅਤੇ ਆਪਣੇ ਸਮੇਂ ਦੌਰਾਨ ਇਕ ਵਾਰ ਵੀ ਰੇਲਾਂ ਦਾ ਕਿਰਾਇਆ ਨਹੀਂ ਸੀ ਵਧਾਇਆ ਗਿਆ। ਇਥੋਂ ਤੱਕ ਕਿ ਪਾਕਿਸਤਾਨ ਵਿਚ ਮਸ਼ਹੂਰ ਇਕ ਪ੍ਰੋਗਰਾਮ ’ਖ਼ਬਰਨਾਕ’ ਵਿਚ ਵੀ ਉਸ ਪ੍ਰੋਗਰਾਮ ਦੇ ਹੋਸਟ ਵਲੋਂ ਲਾਲੂ ਦੀਆਂ ਸਿਫ਼ਤਾਂ ਦੇ ਪੁੱਲ ਬੰਨੇ ਗਏ ਸਨ।