ਪੰਜਾਬ ਕਣਕ-ਝੋਨਾ ਫ਼ਸਲ ਚੱਕਰ ਤੋਂ ਬਦਲ ਕੇ ਦਾਲਾਂ ਸਬਜ਼ੀਆਂ ਦੀ ਕਾਸ਼ਤ ਵੱਲ ਵਧੇ- ਸ਼ਰਦ ਪਵਾਰ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ ਸ਼ੁਰੂ ਹੋਈ 7ਵੀਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਕੌਮੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਹਰੇ ਇਨਕਲਾਬ ਦੀ ਜਨਮ ਭੂਮੀ ਪੰਜਾਬ ਹੈ ਅਤੇ ਪੰਜਾਬ ਨੂੰ ਇਹ ਮਾਣ ਦਿਵਾਉਣ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਰੁਤਬਾ ਕੌਮਾਂਤਰੀ ਪੱਧਰ ਤੇ ਪਛਾਣਿਆ ਜਾਂਦਾ ਹੈ। ਉਨ੍ਹਾਂ ਆਖਿਆ ਕਿ 50 ਸਾਲ ਪਹਿਲਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਦੇਸ਼ ਦੀ ਖੇਤੀਬਾੜੀ ਖੋਜ ਜਿੰਮੇਂਵਾਰੀ ਸੰਭਾਲੀ ਸੀ ਅਤੇ ਦੇਸ਼ ਦਾ ਅਨਾਜ ਭੰਡਾਰ ਭਰਨ ਵਿੱਚ ਇਥੋਂ ਦੇ ਵਿਗਿਆਨੀਆਂ ਦੀ ਸੇਵਾ ਨੂੰ ਪ੍ਰਵਾਨ ਕਰਦੇ ਹੋਏ ਕੁਝ ਸਾਲ ਪਹਿਲਾਂ ਭਾਰਤ ਸਰਕਾਰ ਵੱਲੋਂ 100 ਕਰੋੜ ਰੁਪਏ ਦੀ ਸ਼ਲਾਘਾ ਰਾਸ਼ੀ ਦਿੱਤੀ ਗਈ ਸੀ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਕਣਕ-ਝੋਨਾ ਫ਼ਸਲ ਚੱਕਰ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਆਪਣੇ ਫ਼ਸਲ ਚੱਕਰ ਵਿੱਚ ਤਬਦੀਲੀ ਕਰਨੀ ਪਵੇਗੀ ਕਿਉਂਕਿ ਪਾਣੀ ਦਾ ਮਿਆਰ ਅਤੇ ਪੱਧਰ ਹੇਠਾਂ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਸੰਬੰਧ ਵਿੱਚ ਪੰਜਾਬ ਸਰਕਾਰ ਨਾਲ ਵੀ ਗੱਲ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਝੋਨੇ ਅਧੀਨ ਰਕਬਾ ਘਟਾ ਲੈਣਾ ਚਾਹੀਦਾ ਹੈ ਕਿਉਂਕਿ ਹੁਣ ਉੱਤਰ ਪੂਰਬੀ ਰਾਜ ਬਿਹਾਰ, ਪੂਰਬੀ ਯੂ ਪੀ, ਪੱਛਮੀ ਬੰਗਾਲ, ਛਤੀਸ਼ਗੜ੍ਹ ਅਤੇ ਉੜੀਸਾ ਝੋਨੇ ਦੀ ਕਾਸ਼ਤ ਵਿੱਚ ਕਾਫੀ ਅੱਗੇ ਚਲੇ ਗਏ ਹਨ ਅਤੇ ਕੇਂਦਰੀ ਅਨਾਜ ਭੰਡਾਰ ਵਿੱਚ ਵੱਡਾ ਹਿੱਸਾ ਪਾ ਰਹੇ ਹਨ। ਸ਼੍ਰੀ ਪਵਾਰ ਨੇ ਆਖਿਆ ਕਿ ਇਸ ਵੇਲੇ 30 ਹਜ਼ਾਰ ਕਰੋੜ ਰੁਪਏ ਦੇ ਖਾਣ ਵਾਲੇ ਤੇਲ ਅਤੇ 10 ਹਜ਼ਾਰ ਕਰੋੜ ਰੁਪਏ ਦੀਆਂ ਦਾਲਾਂ ਹਰ ਵਰ੍ਹੇ ਵਿਦੇਸ਼ਾਂ ਵਿਚੋਂ ਮੰਗਵਾਉਣੀਆਂ ਪੈ ਰਹੀਆਂ ਹਨ। ਇਸ ਘਾਟੇ ਨੂੰ ਪੂਰਾ ਕਰਨ ਵਿੱਚ ਪੰਜਾਬ ਵੱਡਾ ਹਿੱਸਾ ਪਾ ਸਕਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਹਾਂ ਪੱਖੀ ਹੁੰਗਾਰਾ ਦਿੰਦਿਆਂ ਪ੍ਰਸਤਾਵ ਭੇਜਿਆ ਹੈ ਕਿ ਦਾਲਾਂ, ਤੇਲ ਬੀਜ ਫ਼ਸਲਾਂ, ਫ਼ਲਾਂ ਅਤੇ ਸਬਜ਼ੀਆਂ ਲਈ ਉਹ ਰਕਬਾ ਵਧਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਯਕੀਨੀ ਮੰਡੀਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਜ਼ਰੂਰ ਮਿਲਣਾ ਚਾਹੀਦਾ ਹੈ। ਇਸ ਬਾਰੇ ਪੰਜਾਬ ਅਤੇ ਕੇਂਦਰ ਸਰਕਾਰ ਵਿਚਕਾਰ ਵਿਚਾਰ ਵਟਾਂਦਰਾ ਜਾਰੀ ਹੈ।

ਸ਼੍ਰੀ ਪਵਾਰ ਨੇ ਆਖਿਆ ਕਿ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ ਵਧਾਉਣ ਲਈ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਵੱਲੋਂ ਭਾਵੇਂ ਸਿਫਾਰਸ਼ ਨਹੀਂ ਕੀਤੀ ਗਈ ਪਰ ਖੇਤੀਬਾੜੀ ਮੰਤਰਾਲਾ ਇਸ ਸੰਬੰਧ ਵਿੱਚ ਅਗਲੇ 10 ਦਿਨਾਂ ਵਿੱਚ ਜ਼ਰੂਰ ਹਾਂ ਪੱਖੀ ਫੈਸਲਾ ਕਰੇਗਾ। ਕੇਂਦਰੀ ਕੈਬਨਿਟ ਦੀ ਮੰਨਜੂਰੀ ਨਾਲ ਹੀ ਇਹ ਕੰਮ ਹੋ ਸਕੇਗਾ। ਉਨ੍ਹਾਂ ਆਖਿਆ ਕਿ ਅਨਾਜ ਭੰਡਾਰ ਲਈ ਦੇਸ਼ ਅੰਦਰ 40 ਲੱਖ ਮੀਟਰਕ ਟਨ ਸਮਰੱਥਾ ਦੇ ਨਵੇਂ ਗੁਦਾਮ ਉੱਸਰ ਰਹੇ ਹਨ ਪਰ ਪੰਜਾਬ ਅਤੇ ਮਹਾਂਰਾਸ਼ਟਰ ਦਾ ਹੁੰਗਾਰਾ ਢਿੱਲਾ ਹੈ ਕਿਉਂਕਿ ਇਨ੍ਹਾਂ ਰਾਜਾਂ ਵਿੱਚ ਜ਼ਮੀਨਾ ਮਹਿੰਗੀਆਂ ਹੋਣ ਕਾਰਨ ਗੁਦਾਮ ਬਣਾਉਣ ਵੱਲ ਰੁਝਾਨ ਨਹੀਂ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਬੰਜਰ ਥਾਵਾਂ ਤੇ ਇਹ ਗੁਦਾਮ ਬਣਾਉਣ ਲਈ ਸੁਝਾਅ ਦਿੱਤਾ ਹੈ। ਸ਼੍ਰੀ ਪਵਾਰ ਨੇ ਆਖਿਆ ਕਿ 50 ਹਜ਼ਾਰ ਕਰੋੜ ਰੁਪਏ ਦੇ ਫ਼ਲ ਅਤੇ ਸਬਜ਼ੀਆਂ ਹਰ ਵਰ੍ਹੇ ਭਾਰਤ ਵਿੱਚ ਖੇਤ ਤੋਂ ਖਪਤਕਾਰ ਤੀਕ ਪਹੁੰਚਣ ਤੋਂ ਪਹਿਲਾਂ ਹੀ ਤਬਾਹ ਹੋ ਜਾਂਦੇ ਹਨ। ਵਿਦੇਸ਼ੀ ਪੂੰਜੀ ਨਿਵੇਸ਼ ਨਾਲ ਇਹ ਨੁਕਸਾਨ ਘਟਣਗੇ ਜਿਸ ਦਾ ਲਾਭ ਕਿਸਾਨ ਨੂੰ ਮਿਲੇਗਾ। ਉਨ੍ਹਾਂ ਆਖਿਆ ਕਿ ਕੋਲਡ ਚੇਨ ਨਾਲ ਹੀ ਇਹ ਨੁਕਸਾਨ ਘੱਟ ਸਕਦਾ ਹੈ। ਸ਼੍ਰੀ ਪਵਾਰ ਨੇ ਆਖਿਆ ਕਿ ਵਿਦੇਸੀ ਪੂੰਜੀ ਨਿਵੇਸ਼ ਕੇਵਲ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿੱਚ ਹੀ ਕੀਤਾ ਜਾ ਸਕੇਗਾ। ਇਸ ਲਈ ਛੋਟੇ ਦੁਕਾਨਦਾਰਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਮਾਸ, ਦੁੱਧ, ਫ਼ਲ ਅਤੇ ਸਬਜ਼ੀਆਂ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਮੰਗੀ ਹੈ , ਇਸ ਸੰਬੰਧੀ ਵਿਦੇਸ਼ ਅਤੇ ਵਪਾਰ ਮੰਤਰਾਲੇ ਨਾਲ ਸਾਂਝੇ ਫੈਸਲੇ ਉਪਰੰਤ ਹੀ ਅੱਗੇ ਵਧਿਆ ਜਾ ਸਕੇਗਾ। ਸ਼੍ਰੀ ਪਵਾਰ ਨੇ ਆਖਿਆ ਕਿ ਡਾ: ਬੋਰਲਾਗ ਦੀ ਯਾਦ ਵਿੱਚ ਲਾਢੂਵਾਲ ਵਿਖੇ ਉਸਾਰਿਆ ਜਾ ਰਿਹਾ ਡਾ: ਬੋਰਲਾਗ ਇੰਸਟੀਚਿਊਟ ਦੱਖਣੀ ਏਸ਼ੀਆ ਲਈ ਚਾਨਣ ਮੁਨਾਰਾ ਬਣੇਗਾ। ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੱਤੀ ਜਿਨ੍ਹਾਂ ਨੇ ਖੇਤਰੀ ਲੋੜਾਂ ਅਧਾਰਿਤ ਸੰਚਾਰ ਅਤੇ ਪਸਾਰ ਤਕਨੀਕਾਂ ਰਾਹੀਂ ਖੇਤੀਬਾੜੀ ਗਿਆਨ ਪਿੰਡਾਂ ਤੀਕ ਪਹੁੰਚਾਇਆ ਅਤੇ ਪਿਛਲੇ ਸਾਲ ਰਿਕਾਰਡ ਤੋੜ ਅਨਾਜ ਉਤਪਾਦਨ ਹੋਇਆ। ਉਨ੍ਹਾਂ ਆਖਿਆ ਕਿ ਖੇਤੀ ਵਿੱਚ ਔਰਤਾਂ ਦੀ ਭਾਈਵਾਲੀ ਵਧਾਉਣ ਦੇ ਨਾਲ ਨਾਲ ਜਵਾਨ ਪੀੜ੍ਹੀ ਨੂੰ ਖੇਤੀ ਕਾਰਜਾਂ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਸਰਕਾਰੀ ਅਤੇ ਗੈਰ ਸਰਕਾਰੀ ਪਸਾਰ ਸੇਵਾਵਾਂ ਰਾਹੀਂ ਅਗਾਂਹਵਧੂ ਕਿਸਾਨਾਂ ਨੂੰ ਉਤਸ਼ਾਹਤ ਕਰਕੇ ਵੀ ਚੰਗੇ ਨਤੀਜੇ ਹਾਸਿਲ ਕੀਤੇ ਜਾ ਸਕਣਗੇ। ਉਨ੍ਹਾਂ ਆਖਿਆ ਕਿ ਵਾਤਾਵਰਨ ਅਤੇ ਸਮਾਜਿਕ ਆਰਥਿਕ ਹਾਲਾਤ ਤੇ ਅਧਾਰਿਤ ਤਕਨੀਕਾਂ ਹੀ ਲੋਕ ਅਪਣਾਉਂਦੇ ਹਨ, ਇਸ ਲਈ ਵਿਗਿਆਨੀ ਇਨ੍ਹਾਂ ਦੋਹਾਂ ਨੁਕਤਿਆਂ ਨੂੰ ਹਮੇਸ਼ਾਂ ਧਿਆਨ ਵਿੱਚ ਰੱਖਣ । ਸ਼੍ਰੀ ਪਵਾਰ ਨੇ ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਵਿਕਸਤ ਤਕਨੀਕਾਂ ਤੇ ਅਧਾਰਿਤ ਕੁਝ ਪ੍ਰਕਾਸ਼ਨਾਵਾਂ ਅਤੇ ਇਕ ਸੀ ਡੀ ਵੀ ਰਿਲੀਜ਼ ਕੀਤੀ।

ਭਾਰਤ ਦੇ ਖੇਤੀਬਾੜੀ ਰਾਜ ਮੰਤਰੀ ਡਾ: ਚਰਨ ਦਾਸ ਮਹੰਤ ਨੇ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਗੌਰਵਸ਼ਾਲੀ ਇਤਿਹਾਸ ਸੰਭਾਲੀ ਬੈਠੀ ਹੈ ਅਤੇ 700 ਤੋਂ ਵੱਧ ਕਿਸਮਾਂ ਦਾ ਵਿਕਾਸ ਕਰਕੇ ਇਸ ਨੇ ਦੇਸ਼ ਨੂੰ ਅਨਾਜ ਭੰਡਾਰ ਬਣਨ ਵਿੱਚ ਹਮੇਸ਼ਾਂ ਅਗਵਾਈ ਕੀਤੀ ਹੈ। ਉਨ੍ਹਾਂ ਆਖਿਆ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਹ ਗੱਲ ਪੂਰੀ ਕੌਮ ਨੂੰ ਆਖੀ ਕਿ ਹੋਰ ਸਭ ਕੁਝ ਰੋਕਿਆ ਜਾ ਸਕਦਾ ਹੈ ਪਰ ਖੇਤੀਬਾੜੀ ਵਿਕਾਸ ਨਹੀਂ। ਅੱਜ ਵੀ ਸਾਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਅਗਵਾਈ ਹੇਠ ਇਹ ਸਬਕ ਦੁਹਰਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਖੇਤੀ ਜੋਤਾਂ ਸੁੰਗੜ ਰਹੀਆਂ ਹਨ ਅਤੇ ਫ਼ਸਲਾਂ ਦੀ ਕਟਾਈ ਉਪਰੰਤ ਸੰਭਾਲ ਅਤੇ ਪ੍ਰੋਸੈਸਿੰਗ ਵੱਲ ਵਿਸ਼ੇਸ਼ ਧਿਆਨ ਦੇ ਕੇ ਨਵੀਂ ਪੀੜ੍ਹੀ ਨੂੰ ਖੇਤੀ ਨਾਲ ਜੋੜਿਆ ਜਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਮਹਿਲਾ ਸ਼ਕਤੀਕਰਨ ਦੀ ਮਿਸਾਲ ਇਸ ਕਾਨਫਰੰਸ ਦੀ ਪ੍ਰਦਰਸ਼ਨੀ ਵਿਚੋਂ ਮਿਲਦੀ ਹੈ। ਇਸ ਨੂੰ ਹੋਰ ਅੱਗੇ ਵਧਾਉਣ ਲਈ ਸਿਖਲਾਈ ਤੋਂ ਇਲਾਵਾ ਸੰਚਾਰ ਮਾਧਿਅਮਾਂ ਦੀ ਭਰਪੂਰ ਵਰਤੋਂ ਕਰਨ ਦੀ ਲੋੜ ਹੈ। ਜੈ ਕਿਸਾਨ ਦਾ ਨਾਅਰਾ ਬੁ¦ਦ ਕਰਕੇ ਉਨ੍ਹਾਂ ਨੇ ਦੇਸ਼ ਭਰ ਤੋਂ ਆਏ ਵਿਗਿਆਨੀਆਂ ਨੂੰ ਨਵੀਆਂ ਚੁਣੌਤੀਆਂ ਨਵੀਂ ਸ਼ਕਤੀ ਨਾਲ ਪ੍ਰਵਾਨ ਕਰਨ ਦੀ ਗੱਲ ਆਖੀ। ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਨਵੀਂ ਦਿੱਲੀ ਤੋਂ ਆਏ ਅਗਾਂਹਵਧੂ ਕਿਸਾਨ ਕ੍ਰਿਸ਼ਨਾ ਯਾਦਵ ਅਤੇ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੀ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆ ਨੂੰ ਖੇਤੀਬਾੜੀ ਖੇਤਰ ਵਿੱਚ ਉਚੇਰੇ ਯੋਗਦਾਨ ਲਈ ਸਨਮਾਨਿਤ ਕੀਤਾ। ਵੱਖ ਵੱਖ ਸੂਬਿਆਂ ਅਤੇ ਖੇਤੀਬਾੜੀ ਖੇਤਰਾਂ ਤੋਂ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ: ਐਸ ਅਯੱਪਨ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਖੇਤਰੀ ਲੋੜਾਂ ਦੀ ਪਛਾਣ ਅਤੇ ਉਨ੍ਹਾਂ ਦੀ ਪੂਰਤੀ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਹੋਰ ਵਧੇਰੇ ਸ਼ਕਤੀ ਨਾਲ ਕਾਰਜਸ਼ੀਲ ਹੋਣਾ ਪਵੇਗਾ ਅਤੇ ਗਲੋਬਲ ਮੁਕਾਬਲੇਬਾਜ਼ੀ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਸਲ ਚੱਕਰ ਤਬਦੀਲੀ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਮੌਕੇ ਏਨੇ ਵਿਗਿਆਨੀਆਂ ਦਾ ਇਥੇ ਆਉਣਾ ਇਤਿਹਾਸਕ ਘਟਨਾ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਦੇਸ਼ ਭਰ ਵਿੱਚ ਕਾਰਜਸ਼ੀਲ 630 ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲਗਪਗ 1000 ਵਿਗਿਆਨੀਆਂ  ਦਾ ਸਿਰ ਜੋੜ ਕੇ ਵਿਚਾਰ ਵਟਾਂਦਰਾ ਕਰਨਾ ਯਕੀਨਨ ਮੇਰੇ ਭਵਿੱਖ ਲਈ ਯੋਜਨਾਕਾਰੀ ਕਰੇਗਾ। ਉਨ੍ਹਾਂ ਆਖਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨ ਅਤੇ ਵਿਗਿਆਨ ਵਿਚਕਾਰ ਮਜ਼ਬੂਤ ਪੁਲ ਵਾਂਗ ਹਨ ਜਿਨ੍ਹਾਂ ਤੇ ਰੌਸ਼ਨ ਭਵਿੱਖ ਦੀ ਉਸਾਰੀ ਹੋਣੀ ਹੈ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ: ਕੇ ਡੀ ਕੋਕਾਟੇ ਨੇ ਆਖਿਆ ਕਿ ਤਿੰਨ ਦਿਨ ਚੱਲਣ ਵਾਲੀ ਇਸ ਕਾਨਫਰੰਸ ਵਿੱਚ ਅੱਠ ਤਕਨੀਕੀ ਸੈਸ਼ਨ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪੱਧਰ ਤੇ ਖੇਤੀਬਾੜੀ ਗਿਆਨ ਕੇਂਦਰ ਵਜੋਂ ਉਸਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਸਾਰਥਿਕਤਾ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਜੀ ਨੇ ਪ੍ਰਵਾਨ ਕੀਤਾ ਹੈ। ਇਸੇ ਕਰਕੇ ਪਿਛਲੇ ਪੰਜ ਸਾਲਾਂ ਦੌਰਾਨ 345 ਕ੍ਰਿਸ਼ੀ ਵਿਗਿਆਨ ਕੇਂਦਰ ਭਾਰਤ ਭਰ ਵਿੱਚ ਖੋਲੇ ਗਏ ਹਨ। ਦੇਸ਼ ਦੀਆਂ ਯੂਨੀਵਰਸਿਟੀਆਂ ਤੋਂ ਆਏ ਵਿਗਿਆਨੀਆਂ ਤੋਂ ਇਲਾਵਾ ਲਗਪਗ 10 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਸਾਹਿਬਾਨ ਵੀ ਇਸ ਕਾਨਫਰੰਸ ਵਿੱਚ ਭਾਗ ਲੈ ਰਹੇ ਹਨ। ਲੁਧਿਆਣਾ ਸਥਿਤ ਜ਼ੋਨਲ ਕੋਅਰਡੀਨੇਟਰ ਡਾ: ਏ ਐਮ ਨਰੂਲਾ ਨੇ ਆਏ ਵਿਗਿਆਨੀਆਂ, ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ: ਜਸਪਿੰਦਰ ਸਿੰਘ ਕੋਲਾਰ ਅਤੇ ਸਰਦਾਰਨੀ ਉਰਵਿੰਦਰ ਕੌਰ ਗਰੇਵਾਲ ਤੋਂ ਇਲਾਵਾ ਕਈ ਹੋਰ ਪ੍ਰਮੁਖ ਵਿਅਕਤੀ ਹਾਜ਼ਰ ਸਨ। ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਕਾਨਫਰੰਸ 22 ਨਵੰਬਰ ਤੀਕ ਚੱਲੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>