ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪਾਏਦਾਰ ਖੇਤੀ ਬਾਰੇ ਅੰਤਰਰਾਸ਼ਟਰੀ ਗੋਸ਼ਟੀ ਦਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਵੱਲੋਂ ਉਦਘਾਟਨ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਗੋਲਡਨ ਜੁਬਲੀ ਸਮਾਗਮਾਂ ਨੂੰ ਸਮਰਪਿਤ ਭੋਜਨ ਅਤੇ ਜੀਵਨ ਨਿਰਬਾਹ ਸੁਰੱਖਿਆ ਲਈ ਪਾਏਦਾਰ ਖੇਤੀ ਬਾਰੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ  ਨੇ ਆਖਿਆ ਹੈ ਕਿ ਦੇਸ਼ ਦੀ ਭੋਜਨ ਸੁਰੱਖਿਆ ਯਕੀਨੀ ਬਣਾਉਣ ਵਾਲੀ, ਹਰੇ ਇਨਕਲਾਬ ਦੀ ਜਨਮ ਦਾਤੀ ਇਸ ਯੂਨੀਵਰਸਿਟੀ ਵਿੱਚ ਰਾਸ਼ਟਰਪਤੀ ਵਜੋਂ ਮੇਰੀ ਪਹਿਲੀ ਪੰਜਾਬ ਫੇਰੀ ਉਸ ਵਕਤ ਹੋਈ ਹੈ ਜਦ ਦੁਨੀਆਂ ਭਰ ਦੇ ਵਿਗਿਆਨੀ ਦੇਸ਼ ਦੀ ਅਨਾਜ ਸੁਰੱਖਿਆ ਦੇ ਨਾਲ ਨਾਲ ਅਨਾਜ ਪੈਦਾ ਕਰਨ ਵਾਲਿਆਂ ਦੇ ਜੀਵਨ ਨਿਰਬਾਹ ਦੀ ਸੁਰੱਖਿਆ ਲਈ ਪਾਏਦਾਰ ਖੇਤੀ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਖੇਤੀਬਾੜੀ ਭਾਰਤ ਦੀ ਰੀੜ ਦੀ ਹੱਡੀ ਹੈ ਅਤੇ ਦੇਸ਼ ਦੇ ਵਿਕਾਸ ਵਿੱਚ ਖੇਤੀਬਾੜੀ ਵਿਕਾਸ ਦਾ ਵਡਮੁੱਲਾ ਯੋਗਦਾਨ ਹੈ। ਪਿਛਲੇ ਸਾਲ 257.44 ਮਿਲੀਅਨ ਟਨ ਅਨਾਜ ਪੈਦਾ ਹੋਣਾ ਸਭ ਤੋਂ ਵੱਡੀ ਛਾਲ ਹੈ ਅਤੇ ਇਸ ਨੂੰ ਹੋਰ ਅੱਗੇ ਵਧਾਉਣ ਲਈ ਵਿਗਿਆਨੀਆਂ ਅਤੇ ਕਿਸਾਨਾਂ ਦੀ ਸਾਂਝੀ ਸ਼ਕਤੀ ਦਾ ਸੁਮੇਲ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਭਾਵੇਂ ਖੇਤੀ ਸੈਕਟਰ ਨੂੰ ਆਰਥਿਕ ਤੌਰ ਤੇ ਯੋਗ ਬਣਾਈ ਰੱਖਣਾ ਬਹੁਤ ਵੱਡੀ ਵੰਗਾਰ ਹੈ ਪਰ ਇਸ ਨੂੰ ਪ੍ਰਵਾਨ ਕਰਨਾ ਹੀ ਪੈਣਾ ਹੈ। ਦੇਸ਼ ਦੇ ਕੁਝ ਭਾਗਾਂ ਵਿੱਚ ਕਿਸਾਨਾਂ ਨਾਲ ਵਾਪਰਦੇ ਦੁਖਾਂਤ ਸਾਨੂੰ ਉਦਾਸ ਕਰਦੇ ਹਨ ਪਰ ਇਸ ਵਿਚੋਂ ਨਿਕਲਣ ਲਈ ਖੇਤੀਬਾੜੀ ਕਰਦੇ ਭਰਾਵਾਂ ਨੂੰ ਵਿੱਤੀ, ਤਕਨੀਕੀ, ਢਾਂਚਾਗਤ ਮਦਦ ਦੇ ਨਾਲ ਨਾਲ ਯੋਗ ਮੰਡੀਕਰਨ ਅਤੇ ਆਵਾਜਾਈ ਸਹੂਲਤਾਂ ਦੇਣ ਦੀ ਲੋੜ ਹੈ ਜਿਸ ਨਾਲ ਉਹ ਪੂਰੀ ਸ਼ਕਤੀ ਨਾਲ ਦੇਸ਼ ਦੀ ਅਨਾਜ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਸਕਣ।

ਮਾਨਯੋਗ ਰਾਸ਼ਟਰਪਤੀ ਜੀ ਨੇ ਆਖਿਆ ਕਿ ਫ਼ਲ ਤੇ ਸਬਜ਼ੀਆਂ ਪੈਦਾ ਕਰਨ ਵਿੱਚ ਭਾਰਤ ਪ੍ਰਮੁਖ ਦੇਸ਼ ਹੈ ਪਰ ਆਪਣੀ ਉਪਜ ਦਾ ਕੇਵਲ 3 ਫੀ ਸਦੀ ਹਿੱਸਾ ਹੀ ਪ੍ਰੋਸੈਸਿੰਗ ਵਿੱਚ ਵਰਤਦਾ ਹੈ ਜਿਸ ਨੂੰ ਵਧਾਉਣ ਦੀ ਲੋੜ ਹੈ। ਸ਼੍ਰੀ ਮੁਖਰਜੀ ਨੇ ਆਖਿਆ ਕਿ 98 ਫੀ ਸਦੀ ਖੇਤੀ ਉਪਜ ਤੁੜਾਈ ਅਤੇ ਕਟਾਈ ਉਪਰੰਤ ਸਿੱਧੀ ਵੇਚੀ ਜਾਂਦੀ ਹੈ। ਇਸ ਨੂੰ ਪਕਵਾਨ ਬਣਾ ਕੇ ਵੇਚਿਆਂ ਕਮਾਈ ਵੱਧ ਸਕਦੀ ਹੈ।ਉਨ੍ਹਾਂ ਆਖਿਆ ਕਿ 25 ਫੀ ਸਦੀ ਤੋਂ ਵੱਧ ਖੇਤੀ ਉਪਜ ਕਟਾਈ ਅਤੇ ਤੁੜਾਈ ਉਪਰੰਤ ਨਸ਼ਟ ਹੋ ਜਾਂਦੀ ਹੈ ਜਿਸ ਲਈ ਸਾਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ। ਸੂਬਾ ਅਤੇ ਕੇਂਦਰ ਸਰਕਾਰਾਂ ਇਸ ਨੁਕਸਾਨ ਦੀ ਨਿਗਰਾਨੀ ਕਰਨ ਅਤੇ ਇਸ ਨੂੰ ਰੋਕਣ ਲਈ ਯੋਜਨਾਵਾਂ ਉਲੀਕਣ।ਉਨ੍ਹਾਂ ਆਖਿਆ ਕਿ ਸਿਖਲਾਈ, ਉੱਦਮੀ ਵਿਕਾਸ, ਤਕਨੀਕੀ ਮੁਹਾਰਤ ਤੋਂ ਇਲਾਵਾ ਖੇਤੀਬਾੜੀ ਗਿਆਨ ਦੀ ਵਰਤੋਂ, ਖੇਤੀਬਾੜੀ ਮੰਡੀਕਰਨ ਬਾਰੇ ਚੇਤਨਾ ਤੋਂ ਇਲਾਵਾ ਖੇਤੀ ਸਾਧਨਾਂ ਦੀ ਸੁਯੋਗ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਖੇਤੀਬਾੜੀ ਦੀ ਨਿਰਭਰਤਾ ਮੌਸਮ ਤੇ ਬਹੁਤ ਜ਼ਿਆਦਾ ਹੈ। ਇਸ ਲਈ ਮੌਸਮ ਬਰੇ ਅਗੇਤ ਅਨੁਮਾਨ ਲਈ ਸੰਚਾਰ ਤੰਤਰ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਆਖਿਆ ਕਿ ਵੱਖ ਵੱਖ ਫ਼ਸਲਾਂ, ਫ਼ਲਾਂ ਅਤੇ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਦੇ ਵਿਕਾਸ, ਤਕਨੀਕਾਂ ਦੇ ਵਿਕਾਸ ਅਤੇ ਤੁੜਾਈ ਉਪਰੰਤ ਪ੍ਰੋਸੈਸਿੰਗ ਅਤੇ ਸੰਭਾਲ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ।

ਸ਼੍ਰੀ  ਮੁਖਰਜੀ ਨੇ ਆਖਿਆ ਕਿ ਅਗਲੀ ਪੰਜ ਸਾਲਾ ਯੋਜਨਾ ਵਿੱਚ ਖੇਤੀਬਾੜੀ ਖੋਜ ਤੇ ਖਰਚਿਆ ਜਾਣ ਵਾਲਾ ਧਨ ਵਧਾਉਣ ਦੀ ਲੋੜ ਹੈ ਤਾਂ ਜੋ ਭਵਿੱਖ ਦੀਆਂ ਚੁਣੌਤੀਆਂ ਦੇ ਹਾਣ ਦਾ ਗਿਆਨ ਵਿਕਸਤ ਹੋ ਸਕੇ।ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਦੋ ਮਿਲੀਅਨ ਟਨ ਅਨਾਜ ਭੰਡਾਰਨ ਸਮਰੱਥਾ ਨੂੰ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਦੇਸ਼ ਨੂੰ ਅਨਾਜ ਸੁਰੱਖਿਆ ਪ੍ਰਦਾਨ ਕਰਨ ਵਾਲੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹਵਾਲੇ ਨਾਲ ਉਨ੍ਹਾਂ ਮੁੜ ਕਿਹਾ ਕਿ ਇਸ ਸੰਸਥਾ ਨੇ ਭਾਰਤ ਦਾ ਖੇਤੀ ਮੁਹਾਂਦਰਾ ਸੰਵਾਰਿਆ ਹੈ ਅਤੇ ਵਧਦੀ ਆਬਾਦੀ ਨੂੰ ਅਨਾਜ ਪੱਖੋਂ ਆਤਮ ਨਿਰਭਰ ਕੀਤਾ ਹੈ।

ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਸ਼ਿਵ ਰਾਜ ਵੀ ਪਾਟਿਲ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਦੁਨੀਆਂ ਭਰ ਦੇ ਸਿਰਕੱਢ ਵਿਗਿਆਨੀਆਂ ਨੂੰ ਇਸ ਤਿੰਨ ਰੋਜ਼ਾ ਕਾਨਫਰੰਸ ਵਿੱਚ ਇਸ ਗੱਲ ਤੇ ਵੀ ਵਿਚਾਰ ਕਰਨੀ ਚਾਹੀਦੀ ਹੈ ਕਿ ਸਾਡੇ ਸਾਹਮਣੇ ਤੁਰੰਤ ਚੁਣੌਤੀਆਂ ਕਿਹੜੀਆਂ ਹਨ, ਨੇੜ ਭਵਿੱਖ ਵਿੱਚ ਕਿਹੜੀਆਂ ਸਮੱਸਿਆਵਾਂ ਉੱਭਰ ਰਹੀਆਂ ਹਨ ਅਤੇ ਦੂਰਵਰਤੀ ਸਮੱਸਿਆਵਾਂ ਨੂੰ ਕਿਵੇਂ ਨਜਿੱਠਣਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੀ ਸਰਵੋਤਮ ਵਿੱਚ ਅੱਜ ਮਾਨਯੋਗ ਰਾਸ਼ਟਰਪਤੀ ਜੀ ਦੀ ਫੇਰੀ ਇਤਿਹਾਸਕ ਬਣ ਗਈ ਹੈ ਕਿਉਂਕਿ ਅੱਜ ਅੰਤਰਰਾਸ਼ਟਰੀ ਪੱਧਰ ਦੀਆਂ ਦੋ ਹੋਰ ਸੰਸਥਾਵਾਂ ਅੰਤਰ ਰਾਸ਼ਟਰੀ ਝੋਨਾ ਖੋਜ ਕੇਂਦਰ ਮਨੀਲਾ (ਫਿਲਪਾਈਨਜ਼) ਅਤੇ ਕਣਕ-ਮੱਕੀ ਖੋਜ ਕੇਂਦਰ (ਮੈਕਸੀਕੋ) ਦੇ ਡਾਇਰੈਕਟਰ ਜਨਰਲ ਵੀ ਇਸ ਕਾਨਰੰਸ ਵਿੱਚ ਸ਼ਾਮਿਲ ਹਨ।ਉਨ੍ਹਾਂ ਆਖਿਆ ਕਿ ਧਰਤੀ ਦੀ ਸਿਹਤ ਸੰਭਾਲਣ, ਜਲ ਸੋਮਿਆਂ ਦੀ ਸੁਯੋਗ ਵਰਤੋਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਗੱਲ ਵੀ ਧਿਆਨ ਵਿੱਚ ਰੱਖੋ ਕਿ ਸ਼ਹਿਰਾਂ ਦੇ ਫੈਲਾਅ ਕਾਰਨ ਜ਼ਮੀਨ ਸੁੰਗੜ ਰਹੀ ਹੈ। ਉਨ੍ਹਾਂ ਆਖਿਆ ਕਿ ਜਲ ਸੋਮਿਆਂ ਤੋਂ ਵੀ ਖੁਰਾਕ ਪੈਦਾ ਕੀਤੀ ਜਾ ਸਕਦੀ ਹੈ। ਪੰਜਾਬ ਦੀ ਖੇਤੀਬਾੜੀ ਵੰਨ ਸੁਵੰਨਤਾ ਬਾਰੇ ਬੋਲਦਿਆਂ ਉਨ੍ਹਾਂ ਆਖਿਆ ਕਿ ਝੋਨੇ ਦੀ ਥਾਂ ਬਦਲਵੀਆਂ ਫ਼ਸਲਾਂ ਦੇ ਨਾਲ ਨਾਲ ਵਿਗਿਆਨੀਆਂ ਨੂੰ ਬੰਜਰ ਧਰਤੀਆਂ ਤੇ ਉੱਗਣ ਵਾਲੀ ਬਨਸਪਤੀ ਦੇ ਜ਼ੀਨਜ਼ ਝੋਨੇ ਅਤੇ ਕਮਾਦ ਵਰਗੀਆਂ ਫ਼ਸਲਾਂ ਵਿੱਚ ਪਾਉਣੇ ਚਾਹੀਦੇ ਹਨ ਤਾਂ ਜੋ ਘੱਟ ਪਾਣੀ ਨਾਲ ਇਹ ਫ਼ਸਲਾਂ ਪੈਦਾ ਹੋ ਸਕਣ।

ਸ਼੍ਰੀ ਪਾਟਿਲ ਨੇ ਆਖਿਆ ਕਿ ਨਵੇਂ ਗਿਆਨ ਦੀ ਸਿਰਜਣਾ ਜਿੰਨਾਂ ਹੀ ਮਹੱਤਵਪੂਰਨ ਉਸ ਦਾ ਪਸਾਰ ਅਤੇ ਸੰਚਾਰ ਹੈ। ਇਸ ਲਈ ਇਲੈਕਟਰਾਨਿਕ ਮੀਡੀਆ ਦੀ ਵਰਤੋਂ ਵਧਾਈ ਜਾਵੇ। ਉਨ੍ਹਾਂ ਆਖਿਆ ਕਿ ਦੇਸ਼ ਨੂੰ ਇਸ ਵੇਲੇ ਖੇਤਰੀ ਭਾਸ਼ਾਵਾਂ ਵਿੱਚ ਖੇਤੀਬਾੜੀ ਚੈਨਲਾਂ ਦੀ ਜ਼ਰੂਰਤ ਹੈ ਕਿਉਂਕਿ ਗਿਆਨ ਵਿਗਿਆਨ ਦੀ ਤੁਰੰਤ ਪਹੁੰਚ ਕੇਵਲ ਵਿਸ਼ੇਸ਼ ਸੈਟੇਲਾਈਟ ਚੈਨਲ ਰਾਹੀਂ ਹੀ ਸੰਭਵ ਹੈ।

ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਪੰਜਾਬ ਨੇ ਇਸ ਮਹਾਨ ਯੂਨੀਵਰਸਿਟੀ ਦੀ ਤਕਨੀਕੀ ਦੇਖਰੇਖ ਹੇਠ ਆਪਣੇ ਕੁਦਰਤੀ ਸੋਮੇ ਖਰਚ ਕੇ ਦੇਸ਼ ਦੀ ਅਨਾਜ ਸੁਰੱਖਿਆ ਤਾਂ ਯਕੀਨੀ ਬਣਾ ਦਿੱਤੀ ਪਰ ਆਪਣੀ ਧਰਤੀ ਮਾਂ ਅਤੇ ਪਾਣੀ ਪਿਤਾ ਦੀ ਕੁਰਬਾਨੀ ਕਰਕੇ ਅੱਜ ਅਸੀਂ ਕੇਂਦਰ ਤੋਂ ਖੇਤੀਬਾੜੀ ਵੰਨ ਸੁਵੰਨਤਾ ਲਈ ਸਹਾਇਤਾ ਮੰਗ ਰਹੇ ਹਨ।ਉਨ੍ਹਾਂ ਆਖਿਆ ਕਿ ਵਰਤਮਾਨ ਖੇਤੀ ਸਾਡੇ ਕਿਸਾਨਾਂ ਨੂੰ ਕਮਾਈ ਨਹੀਂ ਦੇ ਰਹੀ, ਇਸ ਲਈ ਕੇਂਦਰ ਸਰਕਾਰ ਨੂੰ ਖੇਤੀਬਾੜੀ ਵੰਨ ਸੁਵੰਨਤਾ ਅਧੀਨ ਬੀਜੀਆਂ ਜਾਣ ਫ਼ਸਲਾਂ ਦਾ ਯਕੀਨੀ ਮੰਡੀਕਰਨ ਅਤੇ ਸਮਰਥਨ ਮੁੱਲ ਵੀ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਖੇਤੀਬਾੜੀ ਵੰਨ ਸਵੰਨਤਾ ਲਈ ਰਾਜ ਸਰਕਾਰ ਨੇ ਕੇਂਦਰ ਸਰਕਾਰ ਤੋਂ 5 ਹਜ਼ਾਰ ਕਰੋੜ ਦਾ ਵਿਸ਼ੇਸ਼ ਪੈਕੇਜ ਮੰਗਿਆ ਹੈ।

ਸ: ਬਾਦਲ ਨੇ ਆਖਿਆ ਕਿ ਅਟਾਰੀ ਵਾਘਾ ਸਰਹੱਦ ਰਾਹੀਂ ਦੱਖਣੀ ਏਸ਼ੀਆ ਦੇ ਮੁਲਕਾਂ ਵਿਚਕਾਰ ਵਪਾਰ ਦਾ ਖੁੱਲਾ ਅਦਾਨ ਪ੍ਰਦਾਨ ਸਮੇਂ ਦੀ ਲੋੜ ਹੈ। ਇਸ ਵੱਲ ਕੇਂਦਰ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਸ: ਬਾਦਲ ਨੇ ਆਖਿਆ ਕਿ ਕਿਸਾਨ ਖੁਦਕੁਸ਼ੀ ਦੇ ਰਾਹ ਉਦੋਂ ਤੁਰਦਾ ਹੈ ਜਦੋਂ ਖੇਤੀਬਾੜੀ ਉਸ ਨੂੰ ਜੀਵਨ ਨਿਰਬਾਹ ਦੇਣ ਦੇ ਸਮਰੱਥ ਨਹੀਂ ਰਹਿੰਦੀ। ਖੇਤੀ ਛੱਡ ਰਹੇ ਕਿਸਾਨ ਪਰਿਵਾਰਾਂ ਦੇ ਹਵਾਲੇ ਨਾਲ ਉਨ੍ਹਾਂ ਆਖਿਆ ਕਿ ਐਗਰੋ ਪ੍ਰੋਸੈਸਿੰਗ ਰਾਹੀਂ ਰੁਜ਼ਗਾਰ ਯੋਗਤਾ ਤਾਂ ਹੀ ਵਧ ਸਕੇਗੀ ਜੇਕਰ ਕੇਂਦਰ ਸਰਕਾਰ ਸਾਡੀ ਮਦਦ ਕਰੇਗੀ। ਸ: ਬਾਦਲ ਨੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਖੁੱਲੇ ਦਿਲ ਨਾਲ ਗਰਾਂਟ ਦੇਣ ਲਈ ਕੇਂਦਰ ਸਰਕਾਰ ਨੂੰ ਸਿਫਾਰਸ਼ ਕਰਨ ਕਿਉਂਕਿ ਇਸ ਮਹਾਨ ਯੂਨੀਵਰਸਿਟੀ ਵਿਚੋਂ ਵਿਕਸਤ ਵਿਗਿਆਨ ਨੇ ਹੀ ਦੇਸ਼ ਨੂੰ ਭਿਖਾਰੀ ਤੋਂ ਭੰਡਾਰੀ ਬਣਾਇਆ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਫੁੱਲਾਂ ਦੇ ਗੁਲਦਸਤੇ, ਦੁਸ਼ਾਲੇ ਅਤੇ ਸਨਮਾਨ ਚਿੰਨ• ਭੇਂਟ ਕਰਕੇ ਮਾਨਯੋਗ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ, ਮਾਨਯੋਗ ਰਾਜਪਾਲ ਪੰਜਾਬ ਸ਼੍ਰੀ ਸ਼ਿਵ ਰਾਜ ਵੀ ਪਾਟਿਲ ਅਤੇ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਕਾਸ਼ਤ ਕੀਤੀਆਂ ਪ੍ਰਕਾਸ਼ਨਾਵਾਂ ਮਾਨਯੋਗ ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੇ ਲੋਕ ਅਰਪਣ ਕਰਕੇ ਪਹਿਲੀਆਂ ਕਾਪੀਆਂ ਮਾਨਯੋਗ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਜੀ ਨੂੰ ਭੇਂਟ ਕੀਤੀਆਂ। ਡਾ: ਢਿੱਲੋਂ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਆਖਿਆ ਕਿ ਭੋਜਨ ਸੁਰੱਖਿਆ ਅਤੇ ਜੀਵਨ ਨਿਰਬਾਹ ਦੀ ਸਲਾਮਤੀ ਲਈ ਇਹ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿਗਿਆਨੀਆਂ ਦਾ ਮਹਾਨ ਕੁੰਭ ਹੈ ਜਿਸ ਵਿੱਚ ਕੀਤੀਆਂ ਵਿਚਾਰਾਂ ਦੇਸ਼ ਦੇ ਖੇਤੀਬਾੜੀ ਭਵਿੱਖ ਲਈ ਯਕੀਨਨ ਚੰਗੇ ਨਤੀਜੇ ਕੱਢਣਗੀਆਂ। ਉਨ੍ਹਾਂ ਆਖਿਆ ਕਿ ਭਾਰਤ ਦੇ ਰਾਸ਼ਟਰਪਤੀ ਜੀ ਦੀ ਆਮਦ ਨਾਲ ਸਾਡੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਨਵਾਂ ਉਤਸ਼ਾਹ ਅਤੇ ਹੋਰ ਸਮਰਪਿਤ ਭਾਵਨਾ ਨਾਲ ਚੁਣੌਤੀਆਂ ਨੂੰ ਕਬੂਲ ਕਰਨ ਦਾ ਬਲ ਮਿਲੇਗਾ।

ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਮਨੀਲਾ (ਫਿਲਪਾਈਨਜ਼) ਦੇ ਡਾਇਰੈਕਟਰ ਜਨਰਲ ਡਾ: ਰੋਬਰਟ ਐਸ ਜੀਗਲਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਲੰਮੇ ਸਮੇਂ ਤੋਂ ਸਹਿਯੋਗ ਚੱਲਦਾ ਆ ਰਿਹਾ ਹੈ ਅਤੇ ਝੋਨਾ ਖੋਜ ਵਿੱਚ ਦੁਵੱਲੇ ਸਹਿਯੋਗ ਸਦਕਾ ਹੀ ਕਈ ਗੁਣਾ ਵਾਧਾ ਸੰਭਵ ਹੋ ਸਕਿਆ ਹੈ।ਉਨ੍ਹਾਂ ਆਖਿਆ ਕਿ ਜ਼ਮੀਨ ਅਤੇ ਪਾਣੀ ਦੀ ਵਰਤੋਂ ਸੰਬੰਧੀ ਪੰਜਾਬ ਇਸ ਵੇਲੇ ਖਤਰੇ ਅਧੀਨ ਹੈ ਪਰ ਇਸ ਨੂੰ ਸੁਯੋਗ ਨੀਤੀਆਂ ਅਤੇ ਸਮਾਂਬੱਧ ਪ੍ਰੋਗਰਾਮ ਨਾਲ ਹੀ ਨਜਿੱਠਿਆ ਜਾ ਸਕਦਾ ਹੈ।ਉਨ੍ਹਾਂ ਆਖਿਆ ਕਿ ਕੱਲ ਦੀ ਸਮੱਸਿਆਵਾਂ ਦਾ ਹੱਲ ਅੱਜ ਹੀ ਲੱਭਣਾ ਪਵੇਗਾ ਤਾਂ ਜੋ ਸਮੱਸਿਆਵਾਂ ਵਧੇਰੇ ਵਿਰਾਟ ਰੂਪ ਨਾ ਧਾਰ ਲੈਣ। ਡਾ: ਜੀਗਲਰ ਨੇ ਆਖਿਆ ਕਿ ਸਰਵਪੱਖੀ ਗਿਆਨ ਅਧਾਰਿਤ ਟੀਮਾਂ ਬਣਾ ਕੇ ਸਰਵਪੱਖੀ ਹੱਲ ਲੱਭਣ ਵੱਲ ਤੁਰਨ ਦੀ ਲੋੜ ਹੈ।

ਅੰਤਰਰਾਸ਼ਟਰੀ ਕਣਕ-ਮੱਕੀ ਖੋਜ ਕੇਂਦਰ ਮੈਕਸੀਕੋ ਦੇ ਡਾਇਰੈਕਟਰ ਜਨਰਲ ਡਾ: ਥਾਮਸ ਲੰਪਕਿਨ ਨੇ ਆਖਿਆ ਕਿ ਹਰੇ ਇਨਕਲਾਬ ਦੀ ਜਨਮ ਦਾਤਾ ਇਸ ਯੂਨੀਵਰਸਿਟੀ ਨੂੰ ਡਾ: ਨਾਰਮਨ ਈ ਬੌਰਲਾਗ ਦੇ ਸਾਥ ਕਾਰਨ ਹੀ ਇਹ ਰੁਤਬਾ ਮਿਲਿਆ।ਉਨ੍ਹਾਂ ਦੀ ਇਸ ਸਹਿਯੋਗੀ ਧਰਤੀ ਤੇ ਆ ਕੇ ਮੈਂ ਉਨ੍ਹਾਂ ਨੂੰ ਚੇਤੇ ਕਰ ਰਿਹਾ ਹਾਂ।ਉਨ੍ਹਾਂ ਆਖਿਆ ਕਿ ਖੇਤੀਬਾੜੀ ਦਾ ਭਵਿੱਖ ਅੱਜ ਵੀ ਬਹੁਤ ਰੌਸ਼ਨ ਹੈ ਪਰ ਚੁਣੌਤੀਆਂ ਵੀ ਵੱਡੀਆਂ ਹਨ। ਘੱਟ ਜ਼ਮੀਨ ਵਿੱਚੋਂ ਵੱਧ ਅਨਾਜ ਪੈਦਾ ਕਰਨਾ ਸਾਡੇ ਸਾਹਮਣੇ ਵੱਡੀ ਵੰਗਾਰ ਹੈ।ਉਨ੍ਹਾਂ ਆਖਿਆ ਕਿ ਕਣਕ ਅਤੇ ਝੋਨੇ ਤੋਂ ਬਾਅਦ ਹੁਣ ਤੀਸਰਾ ਹਰਾ ਇਨਕਲਾਬ ਮੱਕੀ ਰਾਹੀਂ ਆਵੇਗਾ ਅਤੇ ਇਸ ਵੱਲ ਚੀਨ ਵਰਗੇ ਦੇਸ਼ ਨੇ ਵੀ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੀ ਭੋਜਨ ਸੁਰੱਖਿਆ ਯਕੀਨੀ ਰੱਖਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੂੰ ਦਿਲ ਖੋਲ ਕੇ ਆਰਥਿਕ ਸਹਾਇਤਾ ਦੇਣ ਕਿਉਂਕਿ ਚੰਗੇ ਵਿਗਿਆਨੀਆਂ ਵੱਲੋਂ ਵਿਕਸਤ ਵਿਗਿਆਨ ਨਾਲ ਹੀ ਚੰਗੇ ਨਤੀਜੇ ਹਾਸਿਲ ਹੋ ਸਕਦੇ ਹਨ।

ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ: ਐਸ ਆਯੱਪਨ ਨੇ ਜਿਥੇ ਅੰਤਰਰਾਸ਼ਟਰੀ ਮਿਆਰ ਵਾਲੀ ਇਸ ਯੂਨੀਵਰਸਿਟੀ ਦੀ ਪਹਿਲੀ ਫੇਰੀ ਤੇ ਆਉਣ ਲਈ ਮਾਨਯੋਗ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦਾ ਸੁਆਗਤ ਕਰਦਿਆਂ ਕਿਹਾ ਕਿ ਦੇਸ਼ ਦੀ ਅਨਾਜ ਸੁਰੱਖਿਆ ਅਤੇ ਵਾਤਾਵਰਨ ਸੁਰੱਖਿਆ ਲਈ ਉਨ੍ਹਾਂ ਵੱਲੋਂ ਮਿਲਿਆ ਅਸ਼ੀਰਵਾਦ ਸਾਨੂੰ ਸਭ ਨੂੰ ਨਵੀਂ ਸ਼ਕਤੀ ਦੇਵੇਗਾ। ਡਾ: ਆਯੱਪਨ ਨੇ ਇਸ ਕਾਨਫਰੰਸ ਵਿੱਚ ਸ਼ਾਮਿਲ ਵਿਗਿਆਨੀਆਂ ਨੂੰ ਵੀ ਜੀ ਆਇਆਂ ਨੂੰ ਕਿਹਾ। ਇਸ ਕਾਨਫਰੰਸ ਦੇ ਮੁੱਖ ਪ੍ਰਬੰਧਕ ਡਾ: ਅੱਲ•ਾ ਰੰਗ ਨੇ ਮਾਨਯੋਗ ਰਾਸ਼ਟਰਪਤੀ, ਮਾਨਯੋਗ ਰਾਜਪਾਲ, ਮਾਨਯੋਗ ਮੁੱਖ ਮੰਤਰੀ, ਪੰਜਾਬ ਤੋਂ ਇਲਾਵਾ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁਖੀ ਸਾਹਿਬਾਨ ਅਤੇ ਦੇਸ਼ ਵਿਦੇਸ਼ ਤੋਂ ਆਏ ਵਿਗਿਆਨੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ: ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਸ: ਬਲਵਿੰਦਰ ਸਿੰਘ ਬੈਂਸ, ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਸ: ਮਹੇਸ਼ ਇੰਦਰ ਸਿੰਘ ਗਰੇਵਾਲ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਡਾ: ਸਰਦਾਰਾ ਸਿੰਘ ਜੌਹਲ, ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ: ਗੁਰਚਰਨ ਸਿੰਘ ਕਾਲਕਟ, ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਾਬਕਾ ਡਾਇਰੈਕਟਰ ਜਨਰਲ ਡਾ: ਆਰ ਐਸ ਪੜੌਦਾ, ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ: ਜਸਪਿੰਦਰ ਸਿੰਘ ਕੋਲਾਰ, ਸਰਦਾਰਨੀ ਉਰਵਿੰਦਰ ਕੌਰ ਗਰੇਵਾਲ, ਸ: ਹਰਦੇਵ ਸਿੰਘ ਰਿਆੜ, ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾ: ਖੇਮ ਸਿੰਘ ਗਿੱਲ, ਡਾ: ਅਮਰਜੀਤ ਸਿੰਘ ਖਹਿਰਾ, ਡਾ: ਮਨਜੀਤ ਸਿੰਘ ਕੰਗ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਵਿਜੇ ਕੁਮਾਰ ਤਨੇਜਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਮੇਸ਼ ਕੰਵਰ,  ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਿਗਿਆਨੀ ਡਾ: ਗੁਰਦੇਵ ਸਿੰਘ ਖੁਸ਼, ਡਾ: ਰਤਨ ਲਾਲ, ਡਾ: ਕੁਲਵਿੰਦਰ ਗਿੱਲ, ਡਾ: ਪਰਵਿੰਦਰ ਗਰੇਵਾਲ, ਡਾ: ਜ਼ੋਰਾ ਸਿੰਘ ਖੰਗੂੜਾ, ਡਾ: ਬੇਅੰਤ ਆਹਲੂਵਾਲੀਆ, ਡਾ: ਮਹਿੰਦਰ ਸਿੰਘ ਬਾਜਵਾ ਤੋਂ ਇਲਾਵਾ ਕਈ ਹੋਰ ਸਿਰਕੱਢ ਵਿਗਿਆਨੀ ਅਤੇ ਅਧਿਕਾਰੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>