ਗੁ.ਸ੍ਰੀ ਰਕਾਬ ਗੰਜ ਸਾਹਿਬ ਵਿੱਖੇ ਬ੍ਰਾਹਮਣਾਂ ਨਾਲ ਦਰੁਵਿਹਾਰ ਦਾ ਦੋਸ਼ ਲਗਾਉਣਾ ਬਾਦਲ ਦਲ ਦੀ ਗਿਣੀ-ਮਿੱਥੀ ਤੇ ਕੋਝੀ ਸਾਜਿਸ਼

ਨਵੀਂ ਦਿੱਲੀ :- ਸ. ਭਜਨ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਸ. ਦਲਜੀਤ ਸਿੰਘ ਚੀਮਾ ਵਲੋਂ ਪੰਜਾਬ ਤੋਂ ਬਿਆਨ ਜਾਰੀ ਕਰ ਅਤੇ ਦਿੱਲੀ ਦੇ ਬਾਦਲ ਅਕਾਲੀ ਦਲ ਦੇ ਮੁਖੀਆਂ ਵਲੋਂ ਪ੍ਰੈਸ ਕਾਨਫਰੰਸ ਕਰ  ਪੰਜਾਬੋਂ ਆਏ ਬ੍ਰਾਹਮਣਾਂ ਨਾਲ ਗੁ. ਰਕਾਬ ਗੰਜ ਸਾਹਿਬ ਵਿਖੇ ਕਥਤ ਮਾੜਾ ਵਿਹਾਰ ਕੀਤੇ ਜਾਣ ਦੇ ਦਿੱਲੀ ਗੁਰਦੁਆਰਾ ਕਮੇਟੀ ਅਤੇ ਉਸਦੇ ਮੁਖੀਆਂ ਪੁਰ ਲਾਏ ਗਏ ਦੋਸ਼ਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ, ਵਿਸ਼ੇਸ਼ ਕਰ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਸ. ਹਰਵਿੰਦਰ ਸਿੰਘ ਸਰਨਾ ਨੂੰ ਬਦਨਾਮ ਕਰਨ ਦੀ ਗਿਣੀ-ਮਿਥੀ ਅਤੇ ਕੋਝੀ ਸਾਜ਼ਸ਼ ਕਰਾਰ ਦਿਤਾ ਹੈ। ਸ. ਭਜਨ ਸਿੰਘ ਵਾਲੀਆ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਦਸਿਆ ਕਿ ਪੰਜਾਬ ਤੋਂ ਬ੍ਰਾਹਮਣ ਸਭਾ ਦੀ ਯਾਤਰਾ ਜਦੋਂ ਰਾਤ 11 ਵਜੇ ਗੁਰਦੁਆਰਾ ਰਕਾਬ ਪੁਜੀ, ਭਾਵੇਂ ਉਸ ਵਿੱਚ ਸ਼ਾਮਲ ਬ੍ਰਾਹਮਣਾਂ ਦੀ ਗਿਣਤੀ ਪਹਿਲਾਂ ਦਸੀ ਗਈ ਗਿਣਤੀ ਤੋਂ ਕਿਤੇ ਬਹੁਤ ਹੀ ਵੱਧ ਸੀ, ਫਿਰ ਵੀ ਗੁਰਦੁਆਰਾ ਕਮੇਟੀ ਵਲੋਂ ਬਿਨਾਂ ਕਿਸੇ ਹਿਚਕਿਚਾਹਟ ਦੇ ਰਾਤ ਨੂੰ ਵਿਸ਼ੇਸ਼ ਤੋਰ ਤੇ ਤੰਦੂਰ ਲਵਾਕੇ ਉਨ੍ਹਾਂ ਨੂੰ ਗਰਮ-ਗਰਮ ਲੰਗਰ ਛਕਾਇਆ ਅਤੇ ਸਵੇਰੇ ਪੂੜੀਆਂ, ਆਲੂ ਦੀ ਸਬਜ਼ੀ ਅਤੇ ਚਾਹ ਪਾਣੀ ਆਦਿ ਦੇ ਲੰਗਰ ਨਾਲ ਭਰਵੀਂ ਸੇਵਾ ਕੀਤੀ ਗਈ। ਇਸਦੇ ਨਾਲ ਹੀ ਪਹਿਲਾਂ ਤੋਂ ਹੀ ਸਭਾ ਦੇ ਮੁੱਖੀਆਂ ਨਾਲ ਹੋਏ ਸਹਿਮਤੀ ਅਨੁਸਾਰ ਰਾਤ ਨੂੰ ਗੁ. ਰਕਾਬ ਗੰਜ ਦੇ ਵਡੇ ਲੰਗਰ ਹਾਲ ਵਿੱਚ ਬਿਸਤਰੇ ਆਦਿ ਵਿਛਾ ਉਨ੍ਹਾਂ ਦੇ ਠਹਿਰਣ ਅਤੇ ਆਰਾਮ ਕਰਨ ਦਾ ਪ੍ਰਬੰਧ ਕੀਤਾ ਗਿਆ ਹੋਇਆ ਸੀ। ਫਿਰ ਵੀ ਕੁਝ ਬ੍ਰਾਹਮਣ ਜ਼ਬਰਦਸਤੀ ਹੀ ਲੱਖੀਸ਼ਾਹ ਵਣਜਾਰਾ ਹਾਲ ਵਿੱਚ ਸੌਣ ਚਲੇ ਗਏ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਪਹਿਲਾਂ ਹੀ ਦਸ ਦਿੱਤਾ ਗਿਆ ਕਿ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦਾ ਦੀਵਾਨ ਸਜਾਇਆ ਜਾਣਾ ਹੈ, ਇਸ ਕਰਕੇ ਉਨ੍ਹਾਂ ਨੂੰ ਇਹ ਹਾਲ ਸਵੇਰੇ ਪੰਜ ਵਜੇ ਤੋਂ ਪਹਿਲਾਂ ਹੀ ਖਾਲੀ ਕਰਨਾ ਹੋਵੇਗਾ।
ਸ. ਵਾਲੀਆ ਨੇ ਦਸਿਆ ਕਿ ਰਾਤ ਕੋਈ ਦੋ-ਢਾਈ ਵਜੇ ਕੁਝ ਬ੍ਰਾਹਮਣਾਂ, ਜਿਨ੍ਹਾਂ ਵਿੱਚ ਪੰਜਾਬ ਬ੍ਰਾਹਮਣ ਸਭਾ ਦਾ ਪ੍ਰਧਾਨ ਦੇਵੀ ਦਿਆਲ ਪਰਾਸ਼ਰ ਵੀ ਸ਼ਾਮਲ ਦਸਿਆ ਗਿਆ, ਨੇ ‘ਪ੍ਰਬੰਧ ਚੰਗਾ ਨਾ ਹੋਣ ਅਤੇ ਮਾੜਾ ਵਿਹਾਰ ਹੋਣ ਦਾ ਦੋਸ਼ ਲਾ ਵਾਪਸ ਚਲੋ’ ਦਾ ਸ਼ੋਰ ਮਚਾਣਾ ਸ਼ੁਰੂ ਕਰ ਦਿੱਤਾ। ਸਵੇਰੇ ਬ੍ਰਾਹਮਣ, ਅਜੇ ਗੁਰਦੁਆਰਾ ਰਕਾਬ ਗੰਜ ਤੋਂ ਰਵਾਨਾ ਹੋਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਪੰਜਾਬ ਤੋਂ ਖਬਰ ਆ ਗਈ ਕਿ ਬਾਦਲ ਅਕਾਲੀ ਦਲ ਦੇ ਬੁਲਾਰੇ ਸ. ਦਲਜੀਤ ਸਿੰਘ ਚੀਮਾ ਨੇ ਇੱਕ ਬਿਆਨ ਜਾਰੀ ਕਰ ਗੁਰਦੁਆਰਾ ਰਕਾਬ ਗੰਜ ਵਿੱਖੇ ਬ੍ਰਾਹਮਣਾਂ ਨਾਲ ਮਾੜਾ ਵਿਹਾਰ ਕੀਤੇ ਜਾਣ ਦਾ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਪੁਰ ਦੋਸ਼ ਲਾਇਆ ਹੈ। ਇਧਰ ਅਗਲੇ ਹੀ ਦਿਨ ਦਿੱਲੀ ਦੇ ਬਾਦਲਕਿਆਂ ਵਲੋਂ ਵੀ ਪ੍ਰੈਸ ਕਾਨਫ੍ਰੰਸ ਕਰ ਅਜਿਹਾ ਹੀ ਬਿਆਨ ਦਾਗ਼ ਦਿੱਤਾ ਗਿਆ। ਹਾਲਾਂਕਿ ਇਸ ਯਾਤਰਾ ਦੇ ਇੱਕ ਮੁੱਖ ਆਯੋਜਕ ਸ਼੍ਰੀ ਮੇਘ ਨਾਥ ਵਲੋਂ ਸਵੇਰੇ ਗੁ. ਰਕਾਬ ਗੰਜ ਦੇ ਦੀਵਾਨ ਵਿੱਚ ਭਾਸ਼ਣ ਕਰਦਿਆਂ ਬ੍ਰਾਹਮਣ ਸਭਾ ਦੀ ਯਾਤਰਾ ਵਿੱਚ ਸ਼ਾਮਲ ਹੋ ਦਿੱਲੀ ਪੁਜੇ ਹਜ਼ਾਰਾਂ ਬ੍ਰਾਹਮਣਾਂ ਦੀ ਸੇਵਾ-ਸੰਭਾਲ ਦੇ ਗੁਰਦੁਆਰਾ ਕਮੇਟੀ ਵਲੋਂ ਕੀਤੇ ਗਏ ਸੁਚਜੇ ਪ੍ਰਬੰਧਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।
ਸ. ਭਜਨ ਸਿੰਘ ਵਾਲੀਆ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਉਨ੍ਹਾਂ ਨੂੰ ਬ੍ਰਾਹਮਣ ਸਭਾ ਦੇ ਵਖ-ਵਖ ਮੁਖੀਆਂ ਨਾਲ ਗਲਬਾਤ ਕਰਕੇ, ਜੋ ਜਾਣਕਾਰੀ ਮਿਲੀ ਹੈ, ਉਸਤੋਂ ਜਾਪਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ, ਵਿਸ਼ੇਸ਼ ਕਰ ਸਰਨਾ ਭਰਾਵਾਂ ਨੂੰ ਬਦਨਾਮ ਕਰਨ ਦੀ ਇਹ ਸਾਜ਼ਸ਼ ਪੰਜਾਬ ਵਿੱਚ ਯਾਤਰਾ ਦੀ ਅਰੰਭਤਾ ਦੇ ਨਾਲ ਹੀ ਰਚ ਲਈ ਗਈ ਸੀ। ਉਨ੍ਹਾਂ ਦਸਿਆ ਕਿ ਪਰਾਸ਼ਰ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਬਹੁਤ ਹੀ ਨੇੜਲੀ ਅਤੇ ਨਿਜੀ ਸਾਂਝ ਹੈ। ਉਸੇ (ਸ. ਸੁਖਬੀਰ ਸਿੰਘ ਬਾਦਲ) ਨੇ ਹੀ ਇਸ ਯਾਤਰਾ ਨੂੰ ਮਾਈਸਰਖਾਨਾ ਤੋਂ ਰਵਾਨਾ ਕੀਤਾ ਸੀ, ਜਦਕਿ ਸ੍ਰੀ ਅਨੰਦ ਪੁਰ ਸਾਹਿਬ ਤੋਂ ਰਵਾਨਾ ਹੋਈ ਯਾਤਰਾ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਹਰੀ ਝੰਡੀ ਵਿਖਾਈ ਸੀ। ਸ. ਭਜਨ ਸਿੱੰਘ ਵਾਲੀਆ ਨੇ ਹੋਰ ਦਸਿਆ ਕਿ ਉਨ੍ਹਾਂ ਨੂੰ ਇਹ ਵੀ ਪਤਾ ਚਲਿਆ ਹੈ ਕਿ ਅਕਾਲੀ-ਭਾਜਪਾ ਦੀ ਸਾਂਝੀ ਸਰਪ੍ਰਸਤੀ ਹੇਠ ਹੋਈ ਇਸ ਯਾਤਰਾ ਦਾ ਕੰਟਰੋਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਚੰਡੀਗੜ੍ਹ ਸਥਿਤ ਹੈਡਕੁਆਰਟਰ ਤੋਂ ਕੀਤਾ ਜਾ ਰਿਹਾ ਸੀ, ਉਥੋਂ ਹੀ ਮਿਲ ਰਹੀਆਂ ਹਿਦਾਇਤਾਂ ਅਨੁਸਾਰ ਬਾਦਲ ਅਕਾਲੀ ਦਲ ਦੀਆਂ ਯੂਨਿਟਾਂ ਵਲੋਂ ਥਾਂ-ਥਾਂ ਇਸ ਯਾਤਰਾ ਦਾ ਸੁਆਗਤ ਕਰਨ ਦੇ ਪ੍ਰਬੰਧ ਕੀਤੇ ਗਏ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਸਾਰੀ ਸਥਿਤੀ ਦੀ ਘੋਖ ਕੀਤਿਆਂ ਇਸ ਗਲ ਵਿਚ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਇਸ ਯਾਤਰਾ ਦੀ ਅਰੰਭਤਾ ਦੇ ਨਾਲ ਹੀ ਗੁ. ਰਕਾਬ ਗੰਜ ਵਿਖੇ ਬਾਹਮਣਾਂ ਨਾਲ ਕਥਤ ਮਾੜਾ ਵਿਹਾਰ ਕੀਤੇ ਜਾਣ ਦਾ ਆਧਾਰਹੀਨ ਦੋਸ਼ ਲਾ, ਦਿੱਲੀ ਗੁਰਦੁਆਰਾ ਕਮੇਟੀ ਅਤੇ ਉਸਦੇ ਮੁੱਖੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਲਈ ਗਈ ਹੋਈ ਸੀ। ਉਸੇ ਮਿਥੀ ਗਈ ਹੋਈ ਸਾਜ਼ਸ਼ ਨੂੰ ਸਿਰੇ ਚੜ੍ਹਾਉਣ ਦੇ ਲਈ ਹੀ ਪੰਜਾਬ ਬ੍ਰਾਹਮਣ ਸਭਾ ਦੇ ਪ੍ਰਧਾਨ ਦੇਵੀ ਦਿਆਲ ਪਰਾਸ਼ਰ ਵਲੋਂ ਅਧੀ ਰਾਤ ਨੂੰ ਗੁਰਦੁਆਰਾ ਕਮੇਟੀ ਵਲੋਂ ਮਾੜਾ ਵਿਹਾਰ ਕੀਤੇ ਜਾਣ ਦਾ ਸ਼ੋਰ ਮਚਾ ਸੁਤੇ ਪਏ ਬ੍ਰਾਹਮਣਾਂ ਵਿੱਚ ਹੜਬੜਾਹਟ ਪੈਦਾ ਕਰਕੇ ਪ੍ਰਬੰਧ ਨੂੰ ਵਿਗਾੜਨ ਦੀ ਕੌਸ਼ਿਸ਼ ਕੀਤੀ ਗਈ ਸੀ।
ਸ. ਭਜਨ ਸਿੰਘ ਵਾਲੀਆ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪੰਜਾਬ ਅਤੇ ਦਿੱਲੀ ਦੇ ਮੁਖੀਆਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਨੂੰ ਬਦਨਾਮ ਕਰਨ ਦੇ ਜਿਸ ਉਦੇਸ਼ ਨਾਲ ਬਿਆਨ ਜਾਰੀ ਕੀਤੇ ਅਤੇ ਪ੍ਰੈਸ ਕਾਨਫੰਰਸਾਂ ਕੀਤੀਆਂ, ਉਸ ਉਦੇਸ਼ ਵਿੱਚ ਤਾਂ ਉਹ ਸਫਲ ਨਹੀਂ ਹੋ ਸਕੇ, ਪ੍ਰੰਤੂ ਉਨ੍ਹਾਂ ਆਪਣੇ ਇਨ੍ਹਾਂ ਕੂੜ ਅਧਾਰਤ ਬਿਆਨਾਂ ਰਾਹੀਂ ਇਕ ਪਾਸੇ ਬ੍ਰਾਹਮਣ ਸਭਾ ਦੀ ਯਤਾਰਾ ਦੇ ਉਦੇਸ਼ ਦੀ ਮਿੱਟੀ ਰੋਲਣ ਅਤੇ ਦੂਜੇ ਪਾਸੇ ਸਿੱਖ-ਪੰਥ ਦੀ ਸੇਵਾ ਕਰਨ ਮਾਨਤਾ ਨੂੰ ਮਜ਼ਾਕ ਬਣਾ ਕੌਮ ਦਾ ਸਿਰ ਨੀਵਾਂ ਕਰਨ ਵਿੱਚ ਜ਼ਰੂਰ ਸਫਲਤਾ ਪ੍ਰਾਪਤ ਕਰ ਲਈ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>