ਸ਼ੰਘਰਸ਼ਸ਼ੀਲ ਜੀਵਨ ਦੀ ਗਾਥਾ ਹੈ ‘ਅਣਕਿਆਸੀ ਮੰਜ਼ਿਲ’

ਲੁਧਿਆਣਾ :- ਪੰਜਾਬੀ ਲੇਖਕ ਸਭਾ ਵਲੋਂ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ‘‘ਅਣਕਿਆਸੀ ਮੰਜ਼ਿਲ’’ ਪੁਸਤਕ ਦੇ ਰਿਲੀਜ਼ ਸਮਾਰੋਹ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਹ ਪੁਸਤਕ ‘ਕੱਚੇ ਕੋਠਿਆਂ ’ਚ ਜੰਮੇ ਜਾਏ ਪੱਕੇ ਇਰਾਦਿਆਂ ਵਾਲੇ ਮਰਦ–ਬੱਚੇ ਸ: ਲਾਭ ਸਿੰਘ ਦੇ ਸੰਘਰਸ਼ ਦੀ ਗਾਥਾ ਹੈ। ਇਹ ਪੁਸਤਕ ਥੁੜ੍ਹੇ ਟੁੱਟੇ ਲੋਕਾਂ ਨੂੰ ਖ਼ੂਬਸੂਰਤ ਤਜ਼ਰਬਿਆਂ ਨਾਲ ਲਬਰੇਜ਼ ਕਰਦੀਹੈ। ਉਨ੍ਹਾਂ ਆਖਿਆ ਕਿ ਇਹ ਕਿਤਾਬ ਆਤਮ–ਬਲ ਮਜ਼ਬੂਤ ਕਰਨ ਦਾ ਟੀਕਾ ਕਹਿ ਲਈਏ ਤਾਂ ਅਤਿਕਥਨੀ ਨਹੀਂ। ਉਨ੍ਹਾਂ ਆਖਿਆ ਕਿ ਮੈਨੂੰ ਸ: ਲਾਭ ਸਿੰਘ ਦਾ ਪਿਆਰ–ਪਾਤਰ ਹੋਣ ਦਾ ਮਾਣ ਹਾਸਲ ਹੈ ਅਤੇ ਉਸਦੇ ਸਰੂਪ ਨੂੰ ‘ਜੀ ਆਇਆਂ’ ਆਖਦਿਆਂ ਮੈਨੂੰ ਤਸੱਲੀ ਹੁੰਦੀ ਹੈ।

ਪੁਸਤਕ ਦੀ ਜਾਣ–ਪਛਾਣ ਕਰਵਾਉਂਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਆਖਿਆ ਕਿ ਲਾਭ ਸਿੰਘ ਨੇ ਆਪਣੇ ਜੀਵਨ–ਸਫ਼ਰ ਦੀਆਂ ਪੈੜਾਂ ਦੀ ਪਛਾਣ ਬੇਬਾਕ ਹੋ ਕੇ ਕੀਤੀ ਹੈ। ਉਨ੍ਹਾਂ ਆਖਿਆ ਕਿ ਸਾਧਾਰਨ, ਸਰਲ ਤੇ ਠੇਠ ਭਾਸ਼ਾ ਵਿਚ ਸਾਫ਼ਗੋਈ ਤੇ ਬੇਬਾਕੀ ਨਾਲ ਲੇਖਕ ਨੇ ਆਪਣਾ ਜੀਵਨ ਤੇ ਘਟਨਾਵਾਂ ਨੂੰ ਉਜਾਗਰ ਕੀਤਾ ਹੈ। ਭਾਰਤ ਸਰਕਾਰ ਦਾ ਕਲਾਸ ਵਨ ਅਧਿਕਾਰੀ ਹੋ ਕੇ ਵੀ ਉਸ ਨੇ ਨਿਰਮਾਣਤਾ ਤੇ ਹਲੀਮੀ ਨਹੀਂ ਤਿਆਗੀ।

ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਡਾ. ਗੁਰਇਕਬਾਲ ਸਿੰਘ ਨੇ ਆਖਿਆ ਕਿ ‘ਅਣਕਿਆਸੀ ਮੰਜ਼ਿਲ’’ ਜੀਵਨ ਦੇ ਓਝੜ  ਤੇ ਸਖ਼ਤ ਪੈਂਡਿਆਂ ਦੀਆਂ ਤਲਖ਼ ਹਕੀਕਤਾਂ ਨੂੰ ਸੰਘਰਸ਼ ਰਾਹੀਂ ਪਾਰ ਕਰਕੇ ਆਪਣੀ ਮੰਜ਼ਿਲ ਦੀ ਨਿਸ਼ਾਨਦੇਹੀ ਕਰਨ ਵਾਲੀ ਲਿਖਤ ਹੈ। ਆਪਣੇ ਅੰਦਰਲੀ ਵਿਸ਼ਵਾਸ ਦੀ ਛਾਂ ਨੂੰ ਸਾਥ ਲੈ ਕੇ ਜ਼ਿੰਦਗੀ ਦੇ ਰੁੱਖ ਨੂੰ ਘਣਛਾਵਾਂ ਕਰਨ ਵਾਲੀ ਇਹ ਲਿਖਤ ਪਰਿਵਾਰਕ ਜੀਵਨ ਦੇ ਦੁੱਖਾਂ, ਸੁੱਖਾਂ ਤੋਂ ਲੈ ਕੇ ਜੀਵਨ ਦੇ ਅਰਜਿਤ ਕੀਤੇ ਅਨੁਭਵਾਂ ਦਾ ਵਿਸਥਾਰ ਹੈ। ਪੰਜਾਬੀ ਕਵੀ ਡਾ. ਪਰਮਜੀਤ ਸੋਹਲ ਨੇ ਇਸ ਵਾਰਤਕ ਪੁਸਤਕ ਨੂੰ ਜ਼ਿੰਦਗੀ ਦੇ ਉਸਾਰ ਦੀ ਤਲਖ਼ ਵਾਰਤਾ ਕਹਿੰਦਿਆਂ ਕਿਹਾ ਕਿ ਡੋਲਦੇ ਪੈਰਾਂ ਨੂੰ ਸਾਹਸ ਤੇ ਪ੍ਰੋਤਸਾਹਨ ਦੇਣ  ਵਾਲੀ ਇਹ ਰਚਨਾ ਸਭ ਨੂੰ ਪੜ੍ਹਨੀ ਚਾਹੀਦੀ ਹੈ ਇਸ ਵਿਚੋਂ ਲੇਖਕ ਦੀ ਬਹੁਪੱਖੀ ਪ੍ਰਤਿਭਾ ਦਾ ਝਲਕਾਰਾ ਮਿਲਦਾ ਹੈ। ਪ੍ਰੋ. ਜਸਵਿੰਦਰ ਧਨਾਨਸੂ ਮੁਤਾਬਕ ਇਹ ਪੁਸਤਕ ਨੰਗੇ ਪੈਰਾਂ ਦੀ ਅੰਤਹੀਣ ਯਾਤਰਾ ਹੈ। ਪੰਜਾਬੀ ਲੇਖਕ ਸਭਾ ਦੇ ਜਰਨਲ ਸਕੱਤਰ ਸ: ਮਨਜਿੰਦਰ ਸਿੰਘ ਧਨੋਆ ਨੇ ਕਿਹਾ ਕਿ ‘‘ਅਣਕਿਆਸੀ ਮੰਜ਼ਿਲ’’ ਅਧੂਰੇ ਸੁਪਨੇ ਦੀ ਖ਼ੂਬਸੂਰਤ ਪੂਰਤੀ ਦਾ ਦਸਤਾਵੇਜ਼ ਬਣਦੀ ਹੈ। ਮਾਨਵਤਾ ਦੇ ਦਰਦ ਨੂੰ ਆਪਣੇ ਜਜ਼ਬੇ ਵਿਚ ਗੁੰਨ ਕੇ ਪੇਸ਼ ਕੀਤਾ ਗਿਆ ਹੈ। ਇਹ ਪੁਸਤਕ ਸਵਾਗਤ ਯੋਗ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸੇਵਾ ਮੁਕਤ ਪ੍ਰੋ: ਅਤੇ ਪੰਜਾਬੀ ਲੇਖਕ ਡਾ. ਅਮਰਜੀਤ ਸਿੰਘ ਹੇਅਰ ਨੇ ਕਿਹਾ ਕਿ ਇਹ ਕਿਤਾਬ ਪੇਂਡੂ ਬੱਚੇ ਦੇ ਸਮਰੱਥਾਵਾਨ ਮਨ ਦੀ ਵੇਦਨਾ ਹੈ ਜੋ ਭਾਰਤ ਸਰਕਾਰ ਦੇ ਉਚ–ਅਧਿਕਾਰੀ ਬਣਨ ਤੀਕ ਵੀ ਸਾਦਗੀ ਨੂੰ ਨਹੀਂ ਤਿਆਗਦਾ। ਅਕਾਦਮੀ ਦੀ ਰੈਫਰੈਂਸ ਲਾਇਬਰੇਰੀ ਦੇ ਡਾਇਰੈਕਟਰ ਪ੍ਰਿੰ: ਪ੍ਰੇਮ ਸਿੰਘ ਬਜਾਜ ਨੇ ਇਸ ਪੁਸਤਕ ਨੂੰ ਪੌੜੀ ਦਰ ਪੌੜੀ ਉਸਰਦੇ ਮਨੁੱਖ ਦੀ ਵਾਰਤਾ ਕਿਹਾ। ਐਸ.ਐਸ.ਡੀ. ਕਾਲਿਜ ਬਰਨਾਲਾ ਦੇ ਪ੍ਰਿੰ: ਡਾ. ਸੁਰਿੰਦਰ ਸਿੰਘ ਭੱਠਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚ ਸਵੈ–ਜੀਵਨੀ ਅਤੇ ਸਫ਼ਰਨਾਮੇ ਦੇ ਅੰਸ਼ ਮਿਸ਼ਰਤ ਹਨ। ਇਸ ਵਿਚ ਘਟਨਾਵਾਂ ਦਾ ਵਰਨਣ ਬੇਬਾਕੀ ਨਾਲ ਕੀਤਾ ਗਿਆ ਹੈ। ਲਿਖਤ ਦੀ ਖੂਬੀ ਇਹ ਹੈ ਕਿ ਲੇਖਕ ਨੇ ਆਪਣੀਆਂ ਕਮਜ਼ੋਰੀਆਂ ਨੂੰ ਵੀ ਲੁਕੋ ਕੇ ਨਹੀਂ ਰੱਖਿਆ ਅਤੇ ਇਸਦੇ ਕੁਝ ਕਾਂਡ ਕਹਾਣੀਆਂ ਵੀ ਬਣ ਸਕਦੇ ਹਨ। ਪੰਜਾਬੀ ਸ਼ਾਇਰ ਹਰਭਜਨ ਸਿੰਘ ਧਰਨਾ ਜੋ ਇਸ ਪੁਸਤਕ ਲਿਖੇ ਜਾਣ ਦੇ ਪ੍ਰੇਰਨਾ ਸੋਰਤ ਹਨ, ਨੇ ਵੀ ਆਪਣੇ ਵਿਚਾਰ ਵਿਅਕਤ ਕੀਤੇ ਅਤੇ ਲੇਖਕ ਦੀ ਸਮੇਂ ਸਮੇਂ ਸਿਰ ਹੌਸਲਾ ਅਫ਼ਜ਼ਾਈ ਕੀਤੀ। ਸਮਾਗਮ ਵਿਚ ਸ੍ਰੀ ਸਤੀਸ਼ ਗੁਲਾਟੀ, ਸਰਦਾਰ ਪੰਛੀ, ਜੋਗਿੰਦਰ ਸਿੰਘ, ਗੁਰਚਰਨ ਕੌਰ ਕੋਚਰ, ਇੰਦਰਜੀਤਪਾਲ ਭਿੰਡਰ, ਕਰਮਜੀਤ ਗਰੇਵਾਲ, ਅੰਮ੍ਰਿਤ ਗਰੇਵਾਲ ਜੌਲੀ, ਡਾ.ਬਲਵੀਰ ਸਿੰਘ, ਦਲਵੀਰ ਲੁਧਿਆਣਵੀ, ਨਛੱਤਰ ਸਿੰਘ ਆਦਿ ਸਮੇਤ 100 ਦੇ ਕਰੀਬ ਲੇਖਕ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>