ਗੁਰੂ ਨਾਨਕ ਦੇ ਚਿੱਤਰ: ਜਨਮ ਸਾਖੀਆਂ ਤੋਂ ਲੈਕੇ ਅਜ ਤਕ

‘ਸਰਬਤ ਦੇ ਭਲੇ’ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰਖੀ।ਜਿਸ ਸਮੇਂ ਉਨ੍ਹਾਂ ਨੇ ਅਵਤਾਰ ਧਾਰਿਆ, ਜ਼ਾਤ ਪਾਤ, ਊਚ ਨੀਚ, ਛੂਆ ਛਾਤ, ਵਹਿਮਾਂ ਭਰਮਾਂ ਤੇ ਅੰਧ-ਵਿਸ਼ਵਾਸ਼ ਦਾ ਬੋਲ ਬਲਾ ਸੀ। ਉਸ ਸਮੇਂ ਲਗਭਗ ਸਾਰੇ ਹਿੰਦੁਸਤਾਨ ਉਤੇ ਇਸਲਾਮੀ ਝੰਡਾ ਝੁਲ ਰਿਹਾ ਸੀ, ਮੁਗ਼ਲਾਂ ਦੇ ਹਮਲੇ ਹੋ ਰਹੇ ਸਨ। ਇਸਲਾਮੀ ਹੁਕਮਰਾਨਾਂ ਤੇ ਹਮਲਾਵਰਾਂ ਵਲੋਂ ਹਿੰਦੂਆਂ ਉਤੇ ਬੜਾ ਜ਼ੁਲਮ ਤਸ਼ੱਦਦ ਹੋ ਰਿਹਾ ਸੀ। ਦੋਨਾ ਫਿਰਕਿਆ ਵਿਚਕਾਰ ਬੜੀ ਕੁੜਿਤਨ ਤੇ ਨਫਰਤ ਚਲ ਰਹੀ ਸੀ।ਅਜੇਹੇ ਬਿਖੜੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਦੋਨਾਂ ਧਰਮਾਂ ਦੇ ਪੈਰੋਕਾਰਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਲਈ ਸਿੱਧਾ ਸਾਦਾ ਤੇ ਨੇਕ ਜੀਵਨ ਬਿਤਾਉਣ, ਹੱਥੀ ਕਿਰਤ ਕਰਨ,ਵੰਡ ਛੱਕਣ, ਇਕੋ ਨਾਮ ਜਪਣ ਤੇ ਸਭਨਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿਤਾ। ਆਪਣੀ ਮਧੁਰ ਬਾਣੀ ਤੇ ਰੂਹਾਨੀ ਉਪਦੇਸ਼ਾਂ ਕਾਰਨ ਉਹ ਦੋਨਾਂ ਫਿਰਕਿਆਂ ਵਿਚ ਇਕੋ ਜਿਹਾ ਹਰਮਨ ਪਿਆਰੇ ਹੋਏ ਤੇ ਸਤਿਕਾਰੇ ਜਾਣ ਲਗੇ।ਇਸੇ ਕਾਰਨ ਇਹ ਕਿਹਾ ਜਾਂਦਾ ਸੀ:-

ਨਾਨਕ ਸ਼ਾਹ  ਫਕੀਰ,
ਹਿੰਦੂ ਕਾ ਗੁਰੂ,
ਮੁਸਲਮਾਨ ਕਾ ਪੀਰ

ਉਰਦੂ ਦੇ ਨਾਮਵਰ  ਸ਼ਾਇਰ ਡਾ. ਮਹੁੰਮਦ ਇਕਬਾਲ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿਖਿਆ  ਤੇ ਬਾਣੀ  ਤੋਂ ਬਹੁਤ ਪ੍ਰਭਾਵਤ ਸਨ, ਉਨ੍ਹਾਂ ਵਲੋਂ ਗੁਰੂ ਜੀ ਬਾਰੇ ਲਿਖੀ ਇਕ ਨਜ਼ਮ ਦਾ ਇਕ ਸ਼ੇਅਰ ਹੈ:-

ਫਿਰ ਉਠੀ ਆਖ਼ਰ ਸਦਾ ਤੋਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖਵਾਬ ਸੇ

ਗੁਰੁ ਨਾਨਕ ਦੇਵ ਜੀ, ਜਿਨ੍ਹਾਂ ਨੂੰ ਉਸ ਸਮੇਂ ਦੇ ਕਈ ਲੋਕ ‘ਕੁਰਾਹੀਆ’ ਕਹਿੰਦੇ ਸਨ, ਅਜ ਆਮ ਲੋਕ ਉਨ੍ਹਾਂ ਦੇ ਪਾਏ ਪੂਰਨਿਆਂ ਉਤੇ ਚੱਲਣ ਨੂੰ ਆਪਣਾ ਜੀਵਨ ਆਦਰਸ਼ ਸਮਝਦੇ ਹਨ.ਉਨ੍ਹਾਂ ਦੀ ਬਾਣੀ ਦਾ ਸ਼ਰਧਾ ਨਾਲ ਪਾਠ ਕਰਦੇ ਹਨ, ਉਨ੍ਹਾਂ ਦੀ ਤਸਵੀਰ ਅਗੇ ਨਿਮ੍ਰਤਾ ਸਹਿਤ ਸੀਸ ਝੁਕਾਉਂਦੇ ਹਨ।

 ਉਸ ਮਹਾਨ ਨਾਨਕ ਨੂੰ, ਨਿਰੰਕਾਰੀ ਜੋਤ  ਤੇ ਰੱਬੀ ਨੂਰ ਨੂੰ ਰੰਗਾਂ ਤੇ ਬੁਰਸ਼ ਨਾਲ ਰੂਪਮਾਨ ਕਰਨਾ ਕਿਤਨਾ ਔਖਾ ਹੈ, ਕਿਤਨੀ ਸਾਧਨਾ ਤੇ ਅਰਾਧਨਾ ਦੀ ਲੋੜ ਹੈ। ਇਹ ਤਾਂ ਉਹੋ ਕਰ ਸਕਦਾ ਹੈ ਜਿਸ ਨੇ ਗੁਰੂ ਨਾਨਕ ਨੂੰ ਸਮਝਿਆ ਹੋਵੇ, ਆਪਣੇ ਹਿਰਦੇ ਅੰਦਰ ਵਸਾਇਆ ਹੋਵੇ।ਜਨਮ ਸਾਖੀਆਂ ਲਿਖੇ ਜਾਣ ਵਾਲੇ ਸਮਿਆਂ ਤੋਂ ਲੈ ਕੇ ਅਜ ਤਕ ਕਈ ਕਲਾਕਾਰਾਂ ਨੇ ਰੰਗਾਂ ਤੇ ਆਪਣੇ ਬੁਰਸ਼ ਨਾਲ ਇਸ ਮਹਾਨ ਨਾਨਕ ਨੂੰ, ਚਿਤਰਣ ਦਾ ਯਤਨ ਕੀਤਾ ਹੈ ਅਤੇ ਕਰ ਰਹੇ ਹਨ।

ਇਸ ਗਲ ਦੀ ਤਾਂ ਕੋਈ ਪੱਕੀ ਜਾਣਕਾਰੀ ਨਹੀਂ ਕਿ ਸ਼ੁਰੂਆਤ ਕਦੋਂ ਹੋਈ, ਗੁਰੂ ਨਾਨਕ ਦੇਵ ਜੀ ਤੇ ਦੂਸਰੇ ਗੁਰੁ  ਸਾਹਿਬਾਨ ਦੀਆਂ ਤਸਵੀਰਾਂ ਬਹੁਤ ਲੰਬੇ ਸਮੇਂ ਤੋਂ ਬਣਦੀਆਂ ਆ ਰਹੀਆਂ ਹਨ।ਉਨ੍ਹਾ ਦਾ ਗੁਰੂ ਕਾਲ ਸਮੇਂ ਦਾ ਕੋਈ ਚਿੱਤਰ ਤਾਂ ਨਹੀਂ ਮਿਲਦਾ, ਪਰ ਗੁਰੂ ਨਾਨਕ ਦੇਵ ਜੀ ਬਾਰੇ ਹੱਥ-ਲਿਖਤ  “ਜਨਮ ਸਾਖੀਆਂ” ਵਿਚ ਉਨ੍ਹਾਂ ਦੀਆਂ ਤਸਵੀਰਾਂ ਮਿਲਦੀਆਂ ਹਨ। ਦੇਸ਼ ਉਤੇ ਕਬਜ਼ਾ ਕਰਨ ਉਪਰੰਤ ਅੰਗਰੇਜ਼ ਜਿਥੇ ਇਥੋਂ ਕੱਚਾ ਮਾਲ ਇੰਗਲੈਂਡ ਲਿਜਾਂਦੇ ਰਹੇ, ਉਥੇ ਦੇਸ਼ ਦੀ ਦੌਲਤ ਤੇ ਸਾਹਿੱਤਕ, ਕਲਾਤਮਿਕ ਤੇ ਸਭਿਆਚਾਰਕ ਖਜ਼ਾਨਾ ਵੀ ਇੰਗਲੈਂਡ ਲਿਜਾਂਦੇ ਰਹੇ। ਪੰਜਾਬ ਤੇ ਕਬਜ਼ਾ ਕਰਨ ਪਿਛੋਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੀਆਂ ਅਨੇਕ ਬਹੁਮੁਲੀਆਂ ਵਸਤੂਆਂ ਦੇ ਨਾਲ ਅਨੇਕਾਂ ਜਨਮ ਸਾਖੀਆਂ ਵੀ ਉਧਰ ਲੈ ਗਏ। ਲੰਡਨ ਸਥਿਤ ਇੰਡੀਆ ਆਫਿਸ ਲਾਇਬਰੇਰੀ ਵਿਚ ਹੱਥ ਲਿਖਤ (ਬੀ-40) ਜਨਮ ਸਾਖੀ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ 57 ਚਿੱਤਰ ਹਨ, ਜੋ ਗੁਰੂ ਨਾਨਕ ਦੇਵ ਯੁਨੀਵਰਸਿਟੀ ਨੇ ਡਾ. ਸੁਰਜੀਤ ਹਾਂਸ ਦੀ ਸੰਪਾਦਨਾ ਹੇਠ  ਪ੍ਰਕਾਸ਼ਿਤ ਕੀਤੀ ਹੈ। ਇਹ ਜਨਮ ਸਾਖੀ ਭਾਦੋਂ ਸੁਦੀ 3, ਸੰਮਤ 1790 (ਅਗੱਸਤ 1733 ਈਸਵੀ) ਨੂੰ ਮੁਕੰਮਲ ਹੋਈ ਹੈ, ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਦੇ 25 ਵਰ੍ਹੇ ਪਿਛੋਂ ਦੀ ਹੈ। ਇਹ ਤਸਵੀਰਾਂ, ਜੋ ਮੁਗ਼ਲ ਕਲਮ ਦੀ ਸ਼ੈਲੀ ਵਿਚ ਹਨ।  ਉਸ ਸਮੇਂ ਪਿਛੋਂ ਦੀਆਂ ਤਸਵੀਰਾਂ ਵੀ ਮਿਲਦੀਆਂ ਹਨ।ਇਨ੍ਹਾਂ ਤਸਵੀਰਾਂ ਵਿਚ ਕਿਸੇ ਵੀ ਗੁਰੂ ਸਾਹਿਬ ਦੀ ਦਿਖਾਈ ਗਈ ਤਸਵੀਰ ਨੂੰ ਅਸੀਂ ਸਬੰਧਤ ਗੁਰੂ ਸਾਹਿਬ ਦੀ ਹੂ-ਬ-ਹੂ ਸ਼ਕਲ ਤਾਂ ਨਹੀਂ ਕਹਿ ਸਕਦੇ, ਇਹ ਚਿੱਤਰਕਾਰਾਂ ਦਾ ਕਾਲਪਨਿਕ ਚਿੱਤਰ ਹੀ ਹੁੰਦਾ ਹੈ, ਜੋ ਉਨ੍ਹਾਂ ਸ਼ਰਧਾਲੂਆਂ ਤੋਂ ਗੁਰੂ ਸਾਹਿਬਾਨ ਦੀ ਸ਼ਖਸ਼ੀਅਤ ਬਾਰੇ ਸੁਣੀਆ ਸਾਖੀਆਂ ‘ਤੇ ਆਧਾਰਿਤ ਬਣਾਏ।

ਪੰਜਾਬ ਦੇ ਪਹਾੜੀ ਰਾਜਿਆਂ ਨੇ ਅਨੇਕਾਂ ਚਿੱਤਰਕਾਰ ਦੀ ਸਰਪ੍ਰਸਤੀ ਕੀਤੀ, ਜਿਸ ਕਾਰਨ ਗੁਲੇਰ ਅਤੇ ਸੁਜਾਨਪੁਰ ਟੀਰਾ ਵਿਖੇ ਕਾਂਗੜਾ ਕਲਮ ਸ਼ੈਲੀ ਬਹੁਤ ਵਿਕਸਤ ਹੋਈ ਅਤੇ ਵਿਸ਼ਵ ਕਲਾ ਜਗਤ ਵਿਚ ਮਸ਼ਹੂਰ ਵੀ ਹੋਈ। ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਰੇ ਇਲਾਕੇ ਫਤਹਿ ਕਰਕੇ ਆਪਣੇ ਰਾਜ ਅਧੀਨ ਲੈ ਆਦੇ ਸਨ ਜਿਸ ਉਪਰੰਤ ਅਨੇਕਾਂ ਚਿੱਤਰਕਾਰ ਲਾਹੌਰ ਦਰਬਾਰ ਵਿਚ ਆ ਗਏ ਸਨ। ਮਹਾਰਾਜਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਵੀ ਕਈ ਚਿੱਤਰਕਾਰ ਮੰਗਵਾਏ, ਜਿਨ੍ਹਾਂ ਨੇ ਸਿੱਖ ਕਲਾ ਦਾ ਆਰੰਭ ਕੀਤਾ। ਮਹਾਰਾਜਾ ਦੇ ਸਮੇ ਤੋਂ ਪਹਿਲਾ ਤੇ ਬਾਅਦ ਦੇ ਗੁਰਦੁਆਰਿਆਂ ਵਿਚ ਤਸਵੀਰਾ, ਬਾਬਾ ਅਟਲ  ਸਾਹਿਬ, ਜੂਨ 1984 ਤੋਂ ਪਹਿਲੇ ਵਾਲੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ, ਪਾਕਿਸਤਾਨ ਦੇ ਗੁਰਧਾਮਾਂ ਵਿਚ ਕੰਧ-ਚਿੱਤਰਾਂ ਦੇ ਰੂਪ ਵਿਚ ਵੇਖੀਆਂ ਜਾ ਸਕਦੀਆਂ ਸਨ।

ਸਿੱਖ ਇਤਿਹਾਸ ਬਾਰੇ ਚਿਤੱਰ ਬਣਾਉਣ ਵਾਲੇ ਚਿੱਤਰਕਾਰ ਭਾਈ ਗਿਆਨ ਸਿੰਘ ਨਕਾਸ਼, ਐਸ.ਜੀ. ਠਾਕਰ ਸਿੰਘ, ਸੋਭਾ ਸਿੰਘ, ਕ੍ਰਿਪਾਲ ਸਿੰਘ ਮਾਸਟਰ ਹਰੀ ਸਿੰਘ, ਮਾਸਟਰ ਗੁਰਦਿਤ ਸਿੰਘ, ਜੀ.ਐਸ. ਸੋਹਨ ਸਿੰਘ, ਜਸਵੰਤ ਸਿੰਘ ਜਦੋਂ ਕਲਾ ਖੇਤਰ ਵਿਚ ਆਏ ਉਸ ਤੋਂ ਪਹਿਲਾਂ ਸਿੱਖ ਗੁਰੂਆਂ ਦੀਆਂ ਤਸਵੀਰਾ ਆਮ ਤੌਰ ਤੇ ਲਾਹੌਰ ਦੇ ਚਿੱਤਰਕਾਰ ਅਲ੍ਹਾ ਬਖ਼ਸ਼ ਤੇ ਬ੍ਰਿਜ ਲਾਲ ਬਣਾਇਆ ਕਰਦੇ ਸਨ ਅਤੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਜੋ ਆਮ ਪ੍ਰਚੱਲਤ ਸੀ ਉਸ ਵਿਚ ਉਹ ਸੇਲ੍ਹੀ ਟੋਪੀ ਪਹਿਣੇ ਹੋਏ ਬੇਰੀ ਦੇ ਦਰੱਖ਼ਤ ਹੇਠਾਂ ਬਿਰਾਜਮਾਨ ਹਨ, ਆਸੇ ਪਾਸ ਭਾਈ ਬਾਲਾ ਤੇ ਭਾਈ ਮਰਦਾਨਾ ਬੈਠੇ ਹਨ, ਬੇਰੀ ਉਪਰ ਟੰਗੇ ਇਕ ਪਿੰਜਰੇ ਵਿਚ ਇਕ ਤੋਤਾ ਹੈ।ਲਾਹੌਰ ਸਥਿਤ ਨਾਮਵਾਰ ਚਿੱਤਰਕਾਰ ਅਬਦੁਲ ਰਹਿਮਾਨ ਚੁਗ਼ਤਾਈ ਨੇ ਹਿੰਦੂ ਦੇਵੀ ਦੇਵਤਿਆਂ ਦੀ ਤਸਵੀਰਾਂ ਤਾਂ ਬਹੁਤ ਬਣਾਈਆਂ ਹਨ ਪਰ ਕਿਸੇ ਗੁਰੂ ਸਾਹਿਬ ਦੀ ਕੋਈ ਤਸਵੀਰ ਨਹੀਂ ਬਣਾਈ।

ਗੁਰੂ ਸਾਹਿਬਾਨ ਦੀਆਂ ਸਭ ਤੋਂ ਵੱਧ ਤਸਵੀਰਾਂ ਸੋਭਾ ਸਿੰਘ ਨੇ ਬਣਾਈਆਂ ਜਦੋਂ ਕਿ ਸਿੱਖ ਇਤਿਹਾਸ ਬਾਰੇ ਵਧੇਰੇ ਕਰ ਕੇ ਕ੍ਰਿਪਾਲ ਸਿੰਘ ਤੇ ਮਾਸਟਰ ਗੁਰਦਿਤ ਸਿੰਘ, ਜੋ ਸ੍ਰੀ ਦਰਬਾਰ ਸਾਹਿਬ ਅਮਦਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਬਤੌਰ ਆਰਟਿਸਟ ਸੇਵਾ ਕਰਦੇ ਰਹੇ, ਨੇ ਬਣਾਈਆਂ, ਜੋ ਬਹੁਤ ਮਕਬੂਲ ਹੋਈਆਂ, ਅਤੇ ਜਿਨ੍ਹਾਂ ਚੋਂ ਕਈ ਚਿੱਤਰ ਅਜ ਕੇਂਦਰੀ ਸਿੱਖ ਅਜਾਇਬ ਘਰ ਦਾ ਸ਼ਿੰਗਾਰ ਹਨ।

ਗੁਰੁ ਨਾਨਕ ਦੇਵ ਜੀ ਦੇ ਚਿੱਤਰਾਂ ਦਾ ਅਧਿਐਨ ਕਰੀਏ,ਤਾ ਸਪਸਟ ਹੋ ਜਾਂਦਾ ਹੈ ਜਨਮ ਸਾਖੀਆਂ ਤੇ ਗੁਰਦੁਆਰਿਆਂ ਦੀਆਂ ਪੁਰਾਨੀਆਂ ਇਮਾਰਤਾਂ ਦੇ ਜੋ ਕੰਧ ਚਿਤਰ ਹਨ, ਉਹ ਮੁਗ਼ਲ ਕਲਾ ਸ਼ੈਲੀ ਨਾਲ ਮੇਲ ਖਾਂਦੇ ਹਨ। ਅਲ੍ਹਾ ਬਖ਼ਸ਼ ਤੇ ਬ੍ਰਿਜ ਲਾਲ ਤੋਂ ਬਾਅਦ ਸ਼ਾਂਇਦ ਭਾਈ ਗਿਆਨ ਸਿੰਘ ਨਕਾਸ਼, ਜਿਨ੍ਹਾਂ ਅਪਣੀ ਉਮਰ ਦਾ ਵੱਡਾ ਹਿੱਸਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ  ਸੰਗ ਮਰਮਰੀ ਕੰਧਾਂ ਉਤੇ ਨਕਾਸ਼ੀ ਦੀ ਸੇਵਾ ਵਿਚ ਬਿਤਾਇਆ, ਪਹਿਲੇ ਚਿੱਤਰਕਾਰ ਹਨ, ਜਿੰਨ੍ਹਾਂ ਨੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਗੁਰੁ ਸਾਹਿਬ ਦੇ ਚਿੱਤਰ ਬਣਾਏ, ਜੋ ਉਸ ਸਮੇਂ ਆਮ ਪ੍ਰਚਲਤ ਸਨ ਜਿਵੇ ਕਿ ਗੁਰੁ ਸਾਹਿਬ ਬੇਰੀ ਦੇ ਦਰੱਖ਼ਤ ਹੇਠ ਸ਼ਸ਼ੋਭਿਤ ਹਨ, ਸੇਲ੍ਹੀ ਟੋਪੀ ਪਹਿਣੇ ਹੋਏ ਹਨ ਤੇ ਆਸੇ ਪਾਸੇ ਭਾਈ ਮਰਦਾਨਾ ਤੇ ਭਾਈ ਬਾਲਾ ਬੈਠੇ ਹਨ।ਗੁਰੂ  ਸਾਹਿਬਾਨ ਦੇ ਸਭ ਤੋਂ ਵੱਧ ਚਿੱਤਰ ਮਰਹੂਮ ਸੋਭਾ ਸਿੰਘ ਨੇ ਬਣਾਏ ਹਨ।ਭਾਰਤੀ ਫੌਜ ਦੀ ਡਰਾਫਟਸਮੈਨ ਵਜੋਂ ਨੌਕਰੀ ਛੱਡ ਕੇ ਉਨ੍ਹਾ ਨੇ 1923 ਵਿਚ ਅੰਮ੍ਰਿਤਸਰ ਵਿਖੇ ਇਕ ਚਿੱਤਰਕਾਰ ਵਜੋਂ ਆਜ਼ਾਦਾਨਾ ਤੌਰ ‘ਤੇ ਕੰਮ ਸ਼ੁਰੂ ਕੀਤਾ।ਪ੍ਰਸਿੱਧ ਪੰਥਕ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਤੇ ਭਾਈ ਵੀਰ ਸਿੰਘ ਦੀ ਸੰਗਤ ਨੇ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਚਿਤਰ ਬਣਾਉਣ ਲਈ ਪ੍ਰੇਰਿਆ। ਗੁਰੂ ਨਾਨਕ ਦੇਵ ਜੀ ਦੇ ਚਿੱਤਰ ਵਿਚ ਸਭ ਤੋਂ ਪਹਿਲਾਂ ਸੇਲ੍ਹੀ ਟੋਪੀ ਦੀ ਥਾਂ ਦਸਤਾਰ ਚਿਤਰਕਾਰ ਸੋਭਾ ਸਿੰਘ ਨੇ ਸਜਾਈ ਹੈ। 1930-ਵਿਆ ਦੇ ਦਹਾਕੇ ਜਦੋਂ ਉਨ੍ਹਾ ਦੀ ਦੀ ਪ੍ਰਸਿੱਧ ਤਸਵੀਰ  “ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ ਰਾਤ” ਜਰਮਨ ਤੋਂ ਛੱਪ ਕੇ ਮਾਰਕਿਟ ਵਿਚ ਆਈ, ਪਹਿਲਾਂ ਪਹਿਲਾਂ ਆਮ ਸ਼ਰਧਾਲੂਆਂ ਨੇ ਇਸ ਦੀ ਬੜੀ ਆਲੋਚਨਾ ਕੀਤੀ ਤੇ ਪੁਛਣ ਲਗੇ, “ਸੇਲ੍ਹੀ ਟੋਪੀ ਕਿਥੇ ਹੈ? ਬੇਰੀ ਤੇ ਤੋਤਾ ਕਿਥੇ ਹਨ? ਭਾਈ ਬਾਲਾ ਤੇ ਮਰਦਾਨਾ ਕਿਥੇ ਹਨ?” , ਪਰ ਪਿਛੋਂ ਇਹ ਤਸਵੀਰ ਇਤਨੀ ਮਕਬੂਲ ਹੋਈ ਕਿ ਉਸ ਸਸਤੇ ਜ਼ਮਾਨੇ ਵਿਚ ਇਸ ਦੀ ਇਕ ਇਕ ਕਾਪੀ 50-50 ਰੁਪਏ ਵਿਚ ਵਿਕੀ। ਇਸ ਪਿਛੋਂ ਸਾਰੇ ਚਿੱਤਰਕਾਰ ਹੀ ਸੇਲ੍ਹੀ ਟੋਪੀ  ਦੀ ਥਾ ਦਸਤਾਰ ਵਾਲੀ ਤਸਵੀਰ ਬਣਾਉਣ ਲਗੇ।

ਐਸ.ਜੀ.ਠਾਕਰ ਸਿੰਘ ਨੇ ਵਧੇਰੇ ਕਰਕੇ ਕੁਦਰਤੀ ਦ੍ਰਿਸ਼ਾਂ, ਪਰਬਤਾਂ, ਝਰਨਿਆ ਤੇ ਇਮਾਰਤਾ ਦੇ ਚਿਤਰ ਬਣਾਏ, ਪਰ ਫਿਰ ਗੁਰੁ ਸਾਹਿਬਾਨ ਦੇ ਵੀ ਚਿਤਰ ਬਣਾਉਣ ਲਗੇ। ਜੀ.ਐਸ. ਸੋਹਨ ਸਿੰਘ ਨੇ ਅਪਣੇ ਪਹਿਲੇ ਕੁਝ ਸਾਲਾਂਵਿਚ ਆਪਣੇ ਪਿਤਾ ਭਾਈ ਗਿਆਨ ਸਿੰਘ ਨਕਾਸ਼ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਕਾਸੀ ਦਾ ਕੰਮ ਕੀਤਾ, ਫਿਰ ਸਾਰੀ ਉਮਰ ਗੁਰੂ ਸਾਹਿਬਾਨ ਦੇ ਚਿਤਰਾਂ ਬਣਾਉਣ ਦੇ ਲੇਖੇ ਲਗਾ ਦਿਤੀ। ਦਿੱਲੀ ਸਥਿਤ ਚਿਤਰਕਾਰ ਜਸਵੰਤ ਸਿੰਘ ਦੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਸਮੇਂ ਲੰਬੇ ਪੰਧਾਂ ਦੀ ਇਕ ਚਿਨ੍ਹਾਤਮਿਕ ਤਸਵੀਰ ਬਹੁਤ ਹੀ ਮਕਬੂਲ ਹੋਈ,ਜਿਸ ਵਿਚ ਕੇਵਲ ਉਨਹਾਂ ਦੀਆਂ ਲੱਤਾਂ ਤੇ ਖੜਾਵਾਂ ਪਹਿਣੇ ਚਰਨ ਹੀ ਦਿਖਾਈ ਦੇ ਰਹੇ ਹਨ।

ਪਿਛਲੇ  ਤਿੰਨ ਚਾਰ ਦਹਾਕਿਆ ਤੋਂ ਦੇਵਿੰਦਰ ਸਿੰਘ (ਚੰਡੀਗੜ੍ਹ),ਜਰਨੈਲ ਸਿੰਘ (ਕੈਨੇਡਾ) ਸੁਖਦੇਵ ਸਿੰਘ (ਬਠਿੰਡਾ), ਸਤਪਾਲ ਦਾਨਿਸ਼ ਤੇ ਕਈ ਹੋਰ ਗੁਰੁ ਨਾਨਕ ਦੇਵ ਜੀ ਦੇ ਚਿਤਰ ਬਣਾਉਣ ਤੇ ਅਪਣੀ ਸੇਵਾ ਕਰ ਰਹੇ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>