ਰੋਗ ਮੁਕਤ ਫ਼ਸਲਾਂ ਨਾਲ ਹੀ ਵਿਸ਼ਵ ਦੀ ਅਨਾਜ ਸੁਰੱਖਿਆ ਯਕੀਨੀ ਹੋ ਸਕੇਗੀ-ਡਾ: ਰਿਚਰਡ ਈ ਫਾਲਊਨ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਕੱਲ੍ਹ ਸ਼ੁਰੂ ਹੋਏ ‘‘ਭੋਜਨ ਅਤੇ ਜੀਵਨ ਨਿਰਬਾਹ ਸੁਰੱਖਿਆ ਲਈ ਪਾਏਦਾਰ ਖੇਤੀ’’ ਵਿਸ਼ੇ ਤੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ ਦੁਨੀਆਂ ਭਰ ਤੋਂ ਆਏ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਨਿਊਜ਼ੀਲੈਂਡ ਸਥਿਤ ਖੋਜ ਸੰਸਥਾਨ ਦੇ ਸੀਨੀਅਰ ਵਿਗਿਆਨੀ ਡਾ: ਰਿਚਰਡ ਈ ਫਾਲਊਨ ਨੇ ਕਿਹਾ ਹੈ ਕਿ ਦੁਨੀਆਂ ਭਰ ਵਿੱਚ ਇਸ ਵੇਲੇ ਫਿਕਰਮੰਦੀ ਇਸ ਗੱਲ ਤੇ ਕੇਂਦਰਿਤ ਹੈ ਕਿ ਵਧਦੀ ਆਬਾਦੀ ਲਈ ਪੌਸ਼ਟਿਕ ਖੁਰਾਕ ਯਕੀਨੀ ਕਿਵੇਂ ਬਣੇ। ਇਹ ਗੱਲ ਵੀ ਨਾਲ ਹੀ ਫਿਕਰਮੰਦੀ ਵਾਲੀ ਹੈ ਕਿ ਵਾਤਾਵਰਨ, ਮੌਸਮੀ ਤਬਦੀਲੀ, ਜੈਵਿਕ ਸੰਪਤੀ ਨੂੰ ਦਰਪੇਸ਼ ਖਤਰੇ ਅਤੇ ਕੁਦਰਤੀ ਆਫਤਾਂ ਨਾਲ ਲੜਨ ਲਈ ਪੌਦਾ ਰੋਗ ਸੁਰੱਖਿਆ ਵਿਗਿਆਨੀਆਂ ਦੀ ਜਿੰਮੇਂਵਾਰੀ ਵੱਡੀ ਹੈ। ਉਨ੍ਹਾਂ ਆਖਿਆ ਕਿ ਇਸ ਵੇਲੇ ਵਿਸ਼ਵ ਦੀ ਅਨਾਜ ਉਪਜ ਆਬਾਦੀ ਨਾਲ ਬਰਾਬਰ ਬਰ ਮੇਚਦੀ ਹੈ ਪਰ ਫਿਰ ਵੀ ਵਿਸ਼ਵ ਦੀ  30 ਫੀ ਸਦੀ ਅਬਾਦੀ ਲਈ ਅਜੇ ਵੀ ਭੋਜਨ ਸੁਰੱਖਿਆ ਯਕੀਨੀ ਨਹੀਂ । ਉਨ੍ਹਾਂ ਆਖਿਆ ਕਿ ਪੌਦਾ ਰੋਗ ਵਿਗਿਆਨੀਆਂ ਸਾਹਮਣੇ ਸਰਵਪੱਖੀ ਕੀਟ ਕੰਟਰੋਲ ਵੱਡੀ ਵੰਗਾਰ ਬਣਨਾ ਚਾਹੀਦਾ ਹੈ ਅਤੇ ਇਸ ਵੰਗਾਰ ਨੂੰ ਬਹੁ ਅਨੁਸ਼ਾਸਨੀ ਖੋਜ ਨਾਲ ਹੀ ਪ੍ਰਵਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੀਨਤਮ ਬਾਇਓ ਟੈਕਨਾਲੋਜੀ ਵਿਧੀ ਨਾਲ ਸਿਹਤਮੰਦ ਫ਼ਸਲਾਂ ਤਿਆਰ ਕਰਕੇ ਰੋਗ ਮੁਕਤ ਫ਼ਸਲਾਂ ਪੈਦਾ ਕਰਨੀਆਂ ਪੈਣਗੀਆਂ।

ਓਹਾਇਓ ਸਟੇਟ ਯੂਨੀਵਰਸਿਟੀ ਅਮਰੀਕਾ ਤੋਂ ਆਏ ਵਿਗਿਆਨੀ ਡਾ: ਪਰਵਿੰਦਰ ਸਿੰਘ ਗਰੇਵਾਲ ਨੇ ਆਖਿਆ ਕਿ ਸਰਵਪੱਖੀ ਕੀਟ ਕੰਟਰੋਲ ਨੇ ਸਾਨੂੰ ਸੁਰੱਖਿਅਤ ਖੇਤੀ ਵੱਲ ਚੰਗੇ ਨਤੀਜੇ ਦਿਵਾਏ ਹਨ ਪਰ ਫਿਰ ਵੀ ਸਾਨੂੰ ਰਸਾਇਣਕ ਜ਼ਹਿਰਾਂ ਦੀ ਸੰਕੋਚਵੀਂ ਵਰਤੋਂ ਵੱਲ ਹੋਰ ਧਿਆਨ ਦੇਣਾ ਪਵੇਗਾ। ਡਾ: ਗਰੇਵਾਲ ਨੇ ਆਖਿਆ ਕਿ ਸਾਨੂੰ ਆਪਣੇ ਵਾਤਾਵਰਨ ਦੇ ਨਾਲ ਖਿਲਵਾੜ ਕਰਨ ਦੀ ਥਾਂ ਘੱਟੋ ਘੱਟ ਲੋੜੀਂਦੀਆਂ ਜ਼ਹਿਰਾਂ ਦੀ ਸੰਕੋਚਵੀਂ ਅਤੇ ਸਹੀ ਵਰਤੋਂ ਕਰਨੀ ਚਾਹੀਦੀ ਹੈ।

ਆਸਟਰੇਲੀਆ ਤੋਂ ਆਏ ਵਿਗਿਆਨੀ ਡਾ: ਜ਼ੋਰਾ ਸਿੰਘ ਖੰਗੂੜਾ ਨੇ ਆਪਣੇ ਖੋਜ ਪੱਤਰ ਵਿੱਚ ਆਖਿਆ ਕਿ ਦੁਨੀਆਂ ਭਰ ਵਿੱਚ ਅੰਬਾਂ ਨੂੰ ਫ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਅਤੇ 94 ਮੁਲਕਾਂ ਵਿੱਚ ਪੈਦਾ ਹੁੰਦੇ  ਅੰਬਾਂ ਦਾ ਕੁੱਲ ਉਤਪਾਦਨ 35.9 ਮਿਲੀਅਨ ਟਨ ਬਣਦਾ ਹੈ। ਅੰਬ ਨੂੰ ਤੁੜਾਈ ਉਪਰੰਤ ਸਹੀ ਸੰਭਾਲ ਨਾ ਹੋਣ ਕਾਰਨ ਹਰ ਵਰ੍ਹੇ 8.6 ਮਿਲੀਅਨ ਟਨ ਉਪਜ ਦਾ ਨੁਕਸਾਨ ਹੁੰਦਾ ਹੈ ਜੋ ਅਮਰੀਕਨ ਡਾਲਰ ਦੇ ਲਿਹਾਜ਼ ਨਾਲ 335.2 ਮਿਲੀਅਨ ਪ੍ਰਤੀ ਸਾਲ ਬਣਦੀ ਹੈ। ਇਹ ਕੁੱਲ ਫ਼ਲ ਉਤਪਾਦਨ ਦਾ ਲਗਪਗ 30 ਫੀ ਸਦੀ ਬਣਦਾ ਹੈ। ਉਨ੍ਹਾਂ ਆਖਿਆ ਕਿ ਕਾਬੂ ਤਾਪਮਾਨ ਵਾਲੀਆਂ ਹਾਲਤਾਂ ਵਿੱਚ ਇਹ ਨੁਕਸਾਨ ਘਟਾਉਣ ਲਈ ਢਾਂਚਾਗਤ ਵਿਕਾਸ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਜੀਨੈਟਿਕ ਇੰਜੀਨੀਅਰਿੰਗ ਨਾਲ ਵੀ ਅੰਬਾਂ ਦੀ ਤਾਜ਼ਗੀ ਵਧੇਰੇ  ਸਮਾਂ ਕਾਇਮ ਰੱਖਣ ਲਈ ਹੰਭਲਾ ਮਾਰਨ ਦੀ ਲੋੜ ਹੈ।

ਨਿਊਜ਼ੀਲੈਂਡ ਤੋਂ ਆਏ ਵਿਗਿਆਨੀ ਡਾ: ਹਰਜਿੰਦਰ ਸਿੰਘ ਨੇ ਆਖਿਆ ਕਿ ਵਿਕਸਤ ਦੇਸ਼ਾਂ ਵਿੱਚ ਉਤਪਾਦਨ ਤੋਂ ਖਪਤਕਾਰ ਤੀਕ ਅਨਾਜ ਪਹੁੰਚਣਾ ਵੱਡੀ ਮੁਸ਼ਕਲ ਨਹੀਂ ਹੈ ਅਤੇ ਸੁਰੱਖਿਅਤ ਢੰਗ ਨਾਲ ਇਹ ਉਪਜ ਪਹੁੰਚਦੀ ਹੈ ਪਰ ਵਿਕਾਸਸ਼ੀਲ ਦੇਸ਼ਾਂ ਵਿੱਚ ਸਹੀ ਸੰਭਾਲ ਨਾ ਹੋਣ ਕਾਰਨ ਸਮੱਸਿਆਵਾਂ ਬਹੁਤ ਗੰਭੀਰ ਹਨ। ਉਨ੍ਹਾਂ ਆਖਿਆ ਕਿ ਭੋਜਨ ਦੀ ਲੋੜੋਂ ਵਧੇਰੇ ਵਰਤੋਂ ਵੀ ਮੋਟਾਪੇ ਵਰਗੀਆਂ ਮੁਸੀਬਤਾਂ ਨੂੰ ਜਨਮ ਦਿੰਦੀ ਹੈ ਅਤੇ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਨੈਨੋ ਤਕਨਾਲੋਜੀ ਵਰਗੀਆਂ ਵਿਧੀਆਂ ਭੋਜਨ ਪੈਦਾ ਕਰਨ ਵਾਲੇ ਖੇਤਰਾਂ ਵਿੱਚ ਵੀ ਵਰਤਣੀਆਂ ਚਾਹੀਦੀਆਂ ਹਨ।

ਡਾ: ਐਚ ਵੀ ਬਤਰਾ ਨੇ ਆਖਿਆ ਕਿ ਉਪਜ, ਭੁੱਖ, ਗਰੀਬੀ ਅਤੇ ਪਾਏਦਾਰੀ ਦਾ ਆਪਸ ਵਿੱਚ ਬਹੁਤ ਨਜ਼ਦੀਕ ਰਿਸ਼ਤਾ ਹੈ। ਉਨ੍ਹਾਂ ਆਖਿਆ ਕਿ ਹੋਰ ਵਧੇਰੇ ਉਤਪਾਦਨ ਲਈ ਬੰਜਰ ਜ਼ਮੀਨਾਂ ਨੂੰ ਵੀ ਵਰਤੋਂ ਵਿੱਚ ਲਿਆਉਣਾ ਪਵੇਗਾ। ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ ਨਾਲ ਫ਼ਸਲਾਂ ਅਧੀਨ ਰਕਬਾ ਵਧਾਉਣ ਹਿਤ ਸਿੰਚਾਈ ਵਿਕਾਸ ਕਰਨਾ ਪਵੇਗਾ। ਦੇਸ਼ਾਂ ਦਾ ਆਪਸੀ ਖੇਤੀਬਾੜੀ ਵਪਾਰ ਅਦਾਨ ਪ੍ਰਦਾਨ ਵਧਾਉਣਾ ਪਵੇਗਾ ਅਤੇ ਫ਼ਸਲਾਂ ਦੇ ਕਟਾਈ ਉਪਰੰਤ ਹੋਣ ਵਾਲੇ ਨੁਕਸਾਨ ਘਟਾਉਣੇ ਪੈਣਗੇ।

ਯੂਨੀਵਰਸਿਟੀ ਆਫ ਕੈਲੇਫੋਰਨੀਆ ਡੇਵਿਸ ਤੋਂ ਆਏ ਵਿਗਿਆਨੀ ਡਾ: ਆਰ ਪਾਲ ਸਿੰਘ ਨੇ ਚੰਗੇਰੀ ਸਿਹਤ ਲਈ ਪਚਣਯੋਗ ਭੋਜਨ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਉਦਯੋਗਿਕ ਤੌਰ ਤੇ ਵਿਕਸਤ ਮੁਲਕਾਂ ਵਿੱਚ ਆਮ ਲੋਕ ਸੁਰੱਖਿਅਤ, ਚੰਗਾ ਮਿਆਰੀ ਅਤੇ ਪੌਸ਼ਟਿਕ ਭੋਜਨ ਮਹਿੰਗੇ ਭਾਅ ਖਰੀਦਣ ਨੂੰ ਤਿਆਰ ਹਨ । ਇਸ ਲਈ ਵਿਗਿਆਨੀਆਂ ਅਤੇ ਖੇਤੀ ਇੰਜੀਨੀਅਰਾਂ ਨੂੰ ਭਵਿੱਖ ਦੀ ਖੋਜ ਇਹ ਗੱਲਾਂ ਧਿਆਨ ਵਿੱਚ ਰੱਖ ਕੇ  ਕਰਨੀ ਪਵੇਗੀ। ਉਨ੍ਹਾਂ ਆਖਿਆ ਕਿ ਪ੍ਰੋਸੈਸਿੰਗ ਹਾਲਾਤ ਬਹੁਤ ਚੰਗੇ ਹੋਣਗੇ ਤਾਂ ਉਪਜ ਦੀ ਪੌਸ਼ਟਿਕਤਾ ਵੀ ਨਹੀਂ ਘਟੇਗੀ।

ਭਾਰਤੀ ਖੇਤੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਬੋਲਦਿਆਂ ਖੇਤੀਬਾੜੀ ਅਰਥਚਾਰਾ ਅਤੇ ਨੀਤੀ ਖੋਜ ਸੰਬੰਧੀ ਕੇਂਦਰ ਦੇ ਨਿਰਦੇਸ਼ਕ ਡਾ: ਰਮੇਸ਼ ਚੰਦ ਨੇ ਆਪਣੇ ਸੰਬੋਧਨ ’ਚ ਆਖਿਆ ਕਿ ਭਾਰਤੀ ਅਰਥਚਾਰੇ ਦਾ ਵੱਡਾ ਹਿੱਸਾ ਖੇਤੀਬਾੜੀ ਤੋਂ ਆਉਂਦਾ ਹੈ ਪਰ ਪਿਛਲੇ ਦੋ ਦਹਾਕਿਆਂ ਤੋਂ ਗੈਰ ਖੇਤੀ ਸੈਕਟਰ ਵਧੇਰੇ ਵਿਕਾਸ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੀ ਕੁੱਲ ਕੌਮੀ ਉਪਜ ਵਿੱਚ ਖੇਤੀ ਦਾ ਹਿੱਸਾ ਜੋ 1950-51 ’ਚ 56 ਫੀ ਸਦੀ ਸੀ ਹੁਣ ਘਟ ਕੇ 16 ਫੀ ਸਦੀ ਰਹਿ ਜਾਣਾ ਫ਼ਿਕਰਮੰਦੀ ਦਾ ਸੁਆਲ ਹੈ। ਦੇਸ਼ ਦੀ ਅਨਾਜ ਸੁਰੱਖਿਆ ਲਈ ਮਹੱਤਵਪੂਰਨ ਖੇਤੀ ਸੈਕਟਰ ਦਾ ਹਿੱਸਾ ਫਿਰ ਵੀ ਉਦਯੋਗ ਖੇਤਰ ਨਾਲੋਂ ਵੱਧ ਹੈ। ਉਨ੍ਹਾਂ ਆਖਿਆ ਕਿ ਜ਼ਮੀਨ, ਪਾਣੀ ਅਤੇ ਜੈਵਿਕ ਸੰਪਤੀ ਅਧਾਰ ਲਗਾਤਾਰ ਸੁੰਗੜ ਰਿਹਾ ਹੈ, ਅਜਿਹੀ ਸੂਰਤ ਵਿੱਚ ਪਾਏਦਾਰ ਖੇਤੀ ਖ਼ਤਰੇ ਅਧੀਨ ਹੈ। ਖੇਤੀ ਕਰਦੇ ਪਰਿਵਾਰਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ । ਇਸੇ ਕਰਕੇ ਕਿਸਾਨ ਪਰਿਵਾਰਾਂ ਦਾ ਖੇਤੀ ਵਿੱਚ ਉਤਸ਼ਾਹ ਮੱਠਾ ਪੈ ਰਿਹਾ ਹੈ। ਵਧਦੀ ਆਬਾਦੀ ਦਾ ਢਿੱਡ ਭਰਨ ਲਈ ਸਾਨੂੰ ਨਿੱਠ ਕੇ ਵਿਚਾਰ ਕਰਨਾ ਪਵੇਗਾ ਅਤੇ ਮੰਗ ਤੇ ਪੂਰਤੀ ਵਿਚਕਾਰਲਾ ਖੱਪਾ ਛੋਟਾ ਕਰਨਾ ਪਵੇਗਾ। ਇਹ ਤੁਰੰਤ ਅਤੇ ¦ਮੀ ਮਿਆਦ ਵਾਲੀ ਯੋਜਨਾਕਾਰੀ ਨਾਲ ਹੀ ਸੰਭਵ ਹੋ ਸਕੇਗਾ।

ਕੈਨੇਡਾ ਦੀ ਸਸਕੈਚੁਅਨ ਯੂਨੀਵਰਸਿਟੀ ਦੇ ਵਿਗਿਆਨੀ ਡਾ: ਬਲਜੀਤ ਸਿੰਘ ਨੇ ਪਸ਼ੂ ਸਿਹਤ, ਵਾਤਾਵਰਨ ਅਤੇ ਮਨੁੱਖੀ ਸਿਹਤ ਦੇ ਹਵਾਲੇ ਨਾਲ ਗੱਲ ਕਰਦਿਆਂ ਆਖਿਆ ਕਿ ਸਾਨੂੰ ਇਨ੍ਹਾਂ ਤਿੰਨਾਂ ਵਿਚਕਾਰ ਰਿਸ਼ਤਾ ਪਛਾਨਣਾ ਪਵੇਗਾ। ਬੰਗਲੌਰ ਤੋਂ ਆਏ ਵਿਗਿਆਨੀ ਡਾ: ਆਰ ਵੈਕਟਰਮਨ ਅਤੇ ਸਾਥੀਆਂ ਨੇ ਆਪਣੇ ਖੋਜ ਪੱਤਰ ਵਿੱਚ ਆਖਿਆ ਕਿ ਨਰੋਈ ਪਸ਼ੂ ਸਿਹਤ ਲਈ ਸਾਨੂੰ ਤਕਨੀਕ ਵਿਕਾਸ ਅਤੇ ਪਸ਼ੂ ਸਿਹਤ ਸੰਭਾਲ ਲਈ ਸਥਾਨਿਕ ਵਿਗਿਆਨੀਆਂ ਨੂੰ ਨਵੇਂ ਗਿਆਨ ਨਾਲ ਜੋੜਨਾ ਪਵੇਗਾ। ਦੂਸਰੇ ਦਿਨ ਮਥੁਰਾ ਦੇ ਕੇਂਦਰੀ ਬੱਕਰੀ ਖੋਜ ਕੇਂਦਰ ਦੇ ਵਿਗਿਆਨੀ ਡਾ: ਦਵਿੰਦਰ ਸਵਰੂਪ, ਹਾਇਓ ਸਟੇਟ ਯੂਨੀਵਰਸਿਟੀ ਤੋਂ ਆਏ ਵਿਗਿਆਨੀ ਡਾ: ਜੇ ਮਾਰਕ ਐਰਾਵਾਗ ਅਤੇ ਡੈਵਿਡ ਜੇ ਹੈਨਸਿਨ ਨੇ ਵੀ ਆਪੋ ਆਪਣੇ ਖੋਜ ਪੱਤਰ ਪੇਸ਼ ਕੀਤੇ। ਡਾ: ਹੈਨਸਨ ਨੇ ਇਕ ਸੈਸ਼ਨ ਦੀ ਪ੍ਰਧਾਨਗੀ ਵੀ ਕੀਤੀ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਵੀ ਕੇ ਤਨੇਜਾ ਨੇ ਅੱਜ ਦੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਕੀਤੀ । ਉਨ੍ਹਾਂ ਸਰਵਪੱਖੀ ਖੇਤੀ ਵਿਕਾਸ ਵਿੱਚ ਅੰਤਰ ਅਨੁਸ਼ਾਸਨੀ ਪਹੁੰਚ ਅਪਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਘੱਟਦੀਆਂ ਜ਼ਮੀਨਾਂ ਵਿਚੋਂ ਵੱਧ ਖੁਰਾਕ ਪੈਦਾ ਕਰਨ ਲਈ ਅਨਾਜ ਦੇ ਨਾਲ ਨਾਲ ਪਸ਼ੂ ਧਨ, ਫ਼ਲਾਂ ਅਤੇ ਸਬਜ਼ੀਆਂ ਦੀ ਵੀ ਮਹੱਤਤਾ ਨੂੰ ਸਮਝ ਕੇ ਖੋਜ ਨੂੰ ਅੱਗੇ ਵਧਾਇਆ ਜਾਵੇ। ਡਾ: ਤਨੇਜਾ ਨੇ ਆਖਿਆ ਕਿ ਮਨੁੱਖੀ ਸਿਹਤ ਨੂੰ ਕੇਂਦਰ ਵਿਚ ਰੱਖਣ ਦੀ ਲੋੜ ਹੈ। ਜੇਕਰ ਖੇਤੀ ਖੋਜ, ਪਸ਼ੂ ਪਾਲਣ ਖੋਜ, ਵਾਤਾਵਰਨ ਸੰਭਾਲ ਅਤੇ ਹੋਰ ਸਬੰਧਿਤ ਵਿਸ਼ੇ ਖੋਜ ਅਦਾਰਿਆਂ ਦੇ ਆਪਸੀ ਸਹਿਯੋਗ ਨਾਲ ਅੱਗੇ ਵਧਾਉਣ ਦੀ ਜ਼ਰੂਰਤ ਹੈ। ਡਾ: ਤਨੇਜਾ ਨੇ ਆਖਿਆ ਕਿ ਲਵੇਰਿਆਂ ਦਾ ਥਣ ਰੋਗ ਮੈਸਟਾਈਟਸ ਹਰ ਵਰ੍ਹੇ ਘੱਟੋ ਘੱਟ 7000 ਕਰੋੜ ਦਾ ਕੌਮੀ ਨੁਕਸਾਨ ਹਰ ਵਰ੍ਹੇ ਕਰ ਰਿਹਾ ਹੈ। ਇਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਦੇਸ਼ ਵਿਦੇਸ਼ ਤੋਂ ਆਏ ਵਿਗਿਆਨੀਆਂ ਨੂੰ ਖੋਜ ਪੱਤਰ ਪੇਸ਼ ਕਰਨ ਲਈ ਸਨਮਾਨ ਚਿੰਨ੍ਹ ਭੇਂਟ ਕੀਤੇ। ਦੇਸ਼ ਵਿਦੇਸ਼ ਤੋਂ ਆਏ ਡੈਲੀਗੇਟਾਂ ਨੂੰ ਪੰਜਾਬ ਦੇ ਅਮਰ ਲੋਕ ਨਾਚ ਭੰਗੜਾ ਤੋਂ ਇਲਾਵਾ ਕਈ ਹੋਰ ਸਭਿਆਚਾਰਕ ਵੰਨਗੀਆਂ ਨਾਲ ਵੀ ਸਰਸ਼ਾਰ ਕੀਤਾ ਗਿਆ। ਕਾਨਫਰੰਸ ਦੇ ਮੁੱਖ ਪ੍ਰਬੰਧਕ ਡਾ: ਅੱਲ੍ਹਾ ਰੰਗ ਨੇ ਦੱਸਿਆ ਕਿ ਗੋਸ਼ਟੀ ਕੱਲ੍ਹ ਵੀ ਜਾਰੀ ਰਹੇਗੀ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>