ਸੱਚੀ ਸੁੱਚੀ ਤੇ ਸਾਊ ਸ਼ੁਹਰਤ ਦਾ ਮਾਲਕ ਪੰਜਾਬੀ ਇੰਦਰ ਕੁਮਾਰ ਗੁਜਰਾਲ

ਸੱਚਾ ਸੁੱਚਾ ਤੇ ਸਾਊ ਸ਼ੁਹਰਤ ਦਾ ਮਾਲਕ ਪੰਜਾਬ ਦਾ ਸਪੂਤ ਤੇ ਸਹੀ ਮਾਅਨਿਆਂ ਵਿੱਚ ਪੰਜਾਬੀ ,ਭਾਰਤ ਦੇ ਸਾਬਕ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਇਸ ਫਾਨੀ ਸੰਸਾਰ ਨੂੰ 30 ਨਵੰਬਰ ਨੂੰ ਅਲਵਿਦਾ ਕਹਿ ਗਏ ਹਨ। ਅੱਜ ਜਦੋਂ ਸਿਆਸਤ ਦੰਭੀ, ਫਰੇਬੀ, ਸ਼ਾਤਰ ਅਤੇ ਤਿਗੜਮ ਬਾਜੀ ਸਿਆਸਤਦਾਨਾਂ ਦਾ ਕਿੱਤਾ ਬਣਕੇ ਰਹਿ ਗਈ ਹੈ ਤਾਂ ਅਜੇਹੇ ਬੇਦਾਗ,ਬੇਲਾਗ ਅਤੇ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਅਤੇ ਨੈਤਿਕਤਾ ਤੇ ਪਹਿਰਾ ਦੇਣ ਵਾਲੇ ਇੰਦਰ ਕੁਮਾਰ ਗੁਜਰਾਲ ਵਰਗੇ ਸਿਆਸਤਦਾਨਾਂ ਦੀ ਅਣਹੋਂਦ ਰੜਕੇਗੀ। ਜਿਹਨਾਂ ਦੇ ਇੱਕ ਇੱਕ ਸ਼ਬਦ ਤੇ ਵਿਸ਼ਵਾਸ਼ ਕੀਤਾ ਜਾ ਸਕਦਾ ਸੀ। ਅੱਜ ਦੇ ਬਹੁਤੇ ਸਿਆਸਤਦਾਨ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਪ੍ਰਵਾਹ ਹੀ ਨਹੀਂ ਕਰਦੇ, ਉਹਨਾਂ ਤੇ ਪਹਿਰਾ ਦੇਣ ਦੀ ਗੱਲ ਤਾਂ ਸਪਨਾ ਬਣ ਗਈ ਹੈ। ਉਹਨਾ ਸਿਆਸੀ ਮੰਤਵ ਲਈ, ਵਿਰੋਧ ਕਰਨ ਕਰਕੇ ਹੀ ਵਿਰੋਧ ਨਹੀਂ ਕੀਤਾ।ਉਹ ਪਾਰਟੀ ਪੱਧਰ ਤੋਂ ਉਪਰ ਉਠਕੇ ਵਿਵਹਾਰ ਕਰਦੇ ਸਨ। ਉਹ ਅਸੂਲਾਂ ਤੇ ਪਹਿਰਾ ਦਿੰਦੇ ਸਨ।ਉਹ ਇੱਕ ਕੁਸ਼ਲ ਵਿਵਾਦਾਂ ਤੋਂ ਨਿਰਲੇਪ,ਦੂਰ ਅੰਦੇਸ਼ ਤੇ ਕੂਟਨੀਤਕ ਸਿਆਸਤਦਾਨ ਸਨ।ਸਹਜਤਾ ਤੇ ਸ਼ਹਿਨਸ਼ੀਲਤਾ ਦੇ ਪ੍ਰਤੀਕ ਸਨ।ਪੰਜਾਬੀ ਹਿੱਤਾਂ ਦੇ ਝੰਡਾ ਬਰਦਾਰ,ਪਰਪੱਕ ਪੰਜਾਬੀ,ਸਾਹਿਤ ਤੇ ਕਲਾ ਦੇ ਕਦਰਦਾਨ ਹੀ ਨਹੀਂ ਸਨ ਸਗੋਂ ਉਸਦੇ ਪ੍ਰਸਾਰ ਤੇ ਵਿਕਾਸ ਦੀ ਹਮੇਸ਼ਾ ਕੋਸ਼ਿਸ਼ ਕਰਦੇ ਸਨ। ਇੰਦਰ ਕੁਮਾਰ ਗੁਜਰਾਲ ਦਾ ਜਨਮ ਸ੍ਰੀ ਅਵਤਾਰ ਨਰਾਇਣ ਗੁਜਰਾਲ ਅਤੇ ਸ੍ਰੀਮਤੀ ਪੁਸ਼ਪਾ ਗੁਜਰਾਲ ਦੇ ਘਰ 4 ਦਸੰਬਰ 1919 ਨੂੰ ਜਿਹਲਮ ਵਿਖੇ ਹੋਇਆ। ਮੁੱਢਲੀ ਸਿਖਿਆ ਜਿਹਲਮ ਤੋਂ ਪ੍ਰਾਪਤ ਕਰਨ ਉਪਰੰਤ ਗ੍ਰੈਜੂਏਸ਼ਨ ਫੋਰਮੈਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਬੀ ਕਾਮ ਦੀ ਡਿਗਰੀ ਕੀਤੀ। ਫਿਰ ਆਪ ਨੇ ਐਮ ਏ ਅਰਥ ਸ਼ਾਸ਼ਤਰ ਦੀ ਡਿਗਰੀ ਕੀਤੀ। ਪੜ੍ਹਾਈ ਵਿੱਚ ਆਪ ਬਹੁਤ ਹੀ ਹੁਸ਼ਿਆਰ ਸਨ। ਆਪ ਦੇ ਮਾਤਾ ਪਿਤਾ ਦੋਵੇਂ ਹੀ ਆਜਾਦੀ ਦੀ ਲੜਾਈ ਵਿੱਚ ਕਾਫੀ ਸਰਗਰਮ ਸਨ। ਇਸ ਲਈ ਦੇਸ਼ ਭਗਤੀ ਦਾ ਜਜਬਾ ਅਤੇ ਆਜਾਦੀ ਦੀ ਲੜਾਈ ਦਾ ਉਤੁਸ਼ਾਹ ਆਪ ਨੂੰ ਪਰਿਵਾਰ ਵਿੱਚੋਂ ਹੀ ਗੁੜ੍ਹਤੀ ਦੇ ਰੂਪ ਵਿੱਚ ਮਿਲਿਆ ਸੀ। ਇਸੇ ਕਰਕੇ ਆਪ ਜਦੋਂ ਅਜੇ 12 ਸਾਲ ਦੀ ਉਮਰ ਵਿੱਚ 1931 ਵਿੱਚ ਸਕੂਲ ਵਿੱਚ ਹੀ ਪੜ੍ਹ ਰਹੇ ਸਨ ਤਾਂ ਆਪ ਨੇ ਅੱਲੜ ਉਮਰ ਵਿੱਚ ਹੀ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਆਜਾਦੀ ਦੀ ਜਦੋਜਹਿਦ ਵਿੱਚ ਸ਼ਾਮਲ ਕੀਤਾ। ਪੜ੍ਹਾਈ ਅਤੇ ਆਜਾਦੀ ਦੀ ਲੜਾਈ ਦੋਵੇਂ ਨਾਲ ਦੀ ਨਾਲ ਜਾਰੀ ਰੱਖੀਆਂ। ਜਦੋਂ ਕਾਂਗਰਸ ਪਾਰਟੀ ਨੇ 1942 ਵਿੱਚ ਭਾਰਤ ਛੋੜੋ ਅੰਦੋਲਨ ਸ਼ੁਰੂ ਕੀਤਾ ਤਾਂ ਆਪਨੇ ਵਿਦਿਆਰਥੀ ਹੁੰਦਿਆਂ ਇਸ ਵਿੱਚ ਸ਼ਮੂਲੀਅਤ ਕੀਤੀ ਜਿਸਦੇ ਸਿੱਟੇ ਵਜੋਂ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਪਦਾ ਵਿਆਹ 26 ਮਈ 1945 ਨੂੰ ਇੱਕ ਕਵਿਤਰੀ ਸ਼ੀਲਾ ਨਾਲ ਹੋਇਆ ਜੋ ਕਿ ਬਾਅਦ ਵਿੱਚ ਸ਼ੀਲਾ ਗੁਜਰਾਲ ਦੇ ਨਾਂ ਨਾਲ ਜਾਣੀ ਜਾਣ ਲੱਗੀ । ਸ੍ਰੀ ਇੰਦਰ ਕੁਮਾਰ ਗੁਜਰਾਲ ਪਹਿਲੀ ਵਾਰ1959 ਵਿੱਚ ਦਿੱਲੀ ਨਗਰ ਕੌਂਸਲ ਦੇ ਉਪ ਪ੍ਰਧਾਨ ਬਣੇ ਸਨ।ਆਪ 1964ਤੋਂ70,70 ਤੋਂ 76 ਅਤੇ 92 ਤੋਂ 98 ਤਿੰਨ ਵਾਰ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ। ਆਪ 1967,69,71,75,89, ਅਤੇ1996 ਵਿੱਚ ਕੇਂਦਰ ਸਰਕਾਰ ਵਿੱਚ ਮੰਤਰੀ ਰਹੇ। ਆਪ 1989 ਅਤੇ 98 ਵਿੱਚ ਅਕਾਲੀ ਦਲ ਬਾਦਲ ਦੀ ਸਪੋਰਟ ਨਾਲ ਜ¦ਧਰ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ। ਆਪ ਬੜੇ ਹੀ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਰਹੇ ,ਜਿਹਨਾਂ ਵਿੱਚੋਂ ਕੁਝ ਕੁ ਹਨ,ਸੰਚਾਰ, ਸੂਚਨਾ ਤੇ ਪ੍ਰਸਾਰਣ,ਵਿਦੇਸ਼,ਵਿਤ, ਵਰਕਸ ਤੇ ਹਾਊਸਿੰਗ, ਯੋਜਨਾ,ਸੰਸਦੀ ਮਾਮਲੇ ਆਦਿ।ਵਿਦੇਸ਼ ਮੰਤਰੀ ਹੁੰਦਿਆਂ ਆਪ ਨੇ ਗੁਆਂਢੀ ਦੇਸ਼ਾਂ ਨਾਲ ਮਿਲਵਰਤਨ ਰੱਖਣ ਦਾ ਸੁਝਾਅ ਦਿੱਤਾ, ਜਿਹੜਾ ਕਿ ਗੁਜਰਾਲ ਡਾਕਟਰੀਨ ਨਾਲ ਜਾਣਿਆਂ ਜਾਂਦਾ ਹੈ। ਪਾਕਿਸਤਾਨ ਨਾਲ ਸੁਖਾਵੇਂ ਸੰਬੰਧਾਂ ਦਾ ਮੁੱਢ ਆਪ ਨੇ ਹੀ  ਬੱਝਾ ਸੀ।

ਆਪ 1976 ਵਿੱਚ ਭਾਰਤ ਦੇ ਰੂਸ ਵਿੱਚ ਵੀ ਰਾਜਦੂਤ ਰਹੇ। ਆਪ ਦੀ ਪ੍ਰਧਾਨ ਮੰਤਰੀ ਵਜੋਂ ਚੋਣ ਵੀ ਰਾਸ਼ਟਰੀ ਮੋਰਚੇ ਨੇ ਸਰਬਸੰਮਤੀ ਨਾਲ ਕੀਤੀ ਸੀ।ਆਪ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਹੜੇ ਰਾਜ ਸਭਾ ਦੇ ਮੈਂਬਰ ਹੁੰਦੇ ਹੋਏ ਪ੍ਰਧਾਨ ਮੰਤਰੀ ਬਣੇ। ਆਪ ਤੋਂ ਬਾਅਦ ਡਾ ਮਨਮੋਹਨ ਸਿੰਘ ਰਾਜ ਸਭਾ ਵਿੱਚੋਂ ਪ੍ਰਧਾਨ ਮੰਤਰੀ ਬਣੇ ਹਨ। ਆਪ 21 ਅਪ੍ਰੈਲ 1997 ਤੋਂ 19 ਮਾਰਚ 1998 ਤੱਕ ਗਿਆਰਾਂ ਮਹੀਨੇ ਭਾਰਤ ਦੇ ਬਾਹਰਵੇਂ ਤੇ ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਸਨ।ਸ੍ਰੀਮਤੀ ਇੰਦਰਾ ਗਾਂਧੀ ਦੀ ਵਜਾਰਤ ਵਿੱਚ ਆਪ ਸੂਚਨਾ ਤੇ ਪ੍ਰਸਾਰਨ ਮੰਤਰੀ ਸਨ, ਜਦੋਂ 1975 ਵਿੱਚ ਅਲਾਹਾਬਾਦ ਹਾਈ ਕੋਰਟ ਨੇ ਸ੍ਰੀ ਰਾਜ ਨਰਾਇਣ ਦੀ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਤੇ ਫੈਸਲਾ ਦਿੰਦਿਆਂ ਸ੍ਰੀਮਤੀ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ ਸੀ। ਆਪਨੇ 1980 ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਸ ਵਿੱਚ ਸ਼ੋਸ਼ਲਿਸਟ ਵਿਚਾਰਧਾਰਾ ਵਾਲੇ ਸਾਰੇ ਲੀਡਰ ਸ਼ਾਮਲ ਹੋ ਗਏ ਸਨ।ਆਪ 1989 ਵਿੱਚ ਵਿਸ਼ਵ ਪ੍ਰਤਾਪ ਸਿੰਘ ਦੀ ਸਰਕਾਰ ਵਿੱਚ ਵੀ ਵਿਦੇਸ਼ ਮੰਤਰੀ ਸਨ। 1989 ਵਿੱਚ ਹੀ ਜੰਮੂ ਕਸ਼ਮੀਰ ਵਿੱਚ ਰੁਬੱਈਆ ਸਈਅਦ ਦੇ ਕਿਡਨੈਪਿੰਗ ਕੇਸ ਨੂੰ ਹਲ ਕਰਨ ਲਈ ਆਪ ਕਸ਼ਮੀਰ ਭੇਜੇ ਗਏ। ਆਪ ਲਈ ਬਤੌਰ ਵਿਦੇਸ਼ ਮੰਤਰੀ ਸਭ ਤੋਂ ਵੱਡਾ ਪਰਖ ਦਾ ਸਮਾਂ ਇਰਾਕ ਵਲੋਂ ਕੁਵੈਤ ਤੇ ਕੀਤੇ ਗਏ ਹਮਲੇ ਸਮੇਂ ਸੀ ਜਦੋਂ ਜਨਵਰੀ 1991 ਵਿੱਚ ਗਲਫ ਲੜਾਈ ਲੱਗੀ ਹੋਈ ਸੀ। ਆਪ ਉਦੋਂ ਦੇ ਇਰਾਕ ਦੇ ਰਾਸ਼ਟਰਪਤੀ ਸ੍ਰੀ ਸੁਦਾਮ ਹੁਸੈਨ ਨੂੰ ਮਿਲੇ ਤੇ ਉਸ ਵਲੋਂ ਆਪ ਨੂੰ ਚੁੰਮਣਾ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆਂ ਰਿਹਾ। ਆਪ 1996 ਵਿੱਚ ਸ੍ਰੀ ਐਚ ਡੀ ਦੇਵਗੌੜਾ ਦੀ ਸਰਕਾਰ ਵਿੱਚ ਵੀ ਵਿਦੇਸ਼ ਮੰਤਰੀ ਬਣੇ। ਆਪ ਨੂੰ ਸ੍ਰੀ ਦੇਵਗੌੜਾ ਦੀ ਸਹਿਮਤੀ ਨਾਲ ਕਾਂਗਰਸ ਦੀ ਸਪੋਰਟ ਨਾਲ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ।ਪ੍ਰਧਾਨ ਮੰਤਰੀ ਹੁੰਦਿਆਂ ਥੋੜ੍ਹੇ ਸਮੇਂ ਬਾਅਦ ਆਪ ਲਈ ਇਮਤਿਹਾਨ ਦਾ ਸਮਾਂ ਆ ਗਿਆ।ਸ੍ਰੀ ਲਾਲੂ ਪ੍ਰਸ਼ਾਦ ਯਾਦਵ ਦਾ ਜਨਤਾ ਦਲ ਜਿਸਦੇ 45 ਮੈਂਬਰ ਲੋਕ ਸਭਾ ਵਿੱਚ ਸਨ ਦੇ ਖਿਲਾਫ ਸੀ ਬੀ ਆਈ ਨੇ ਲਾਲੂ ਪ੍ਰਸ਼ਾਦ ਦੇ ਮੁੱਖ ਮੰਤਰੀ ਹੁੰਦਿਆਂ ਪਸ਼ੂਆਂ ਦੇ ਚਾਰਾ ਸਕੈਮ ਵਿੱਚ ਸ਼ਾਮਲ ਹੋਣ ਦਾ ਦੋਸ਼ ਪੱਤਰ ਤਿਆਰ ਕਰਕੇ ਰਾਜਪਾਲ ਸ੍ਰੀ ਏ ਆਰ ਕਿਦਵਈ ਤੋਂ ਮੁਕੱਦਮਾ ਚਲਾਉਣ ਦੀ ਇਜਾਜਤ ਮੰਗੀ। ਉਸ ਸਮੇਂ ਸ੍ਰੀ ਜੋਗਿੰਦਰ ਸਿੰਘ ਸੀ ਬੀ ਆਈ ਦੇ ਡਾਇਰੈਕਟਰ ਸਨ। ਰਾਜਪਾਲ ਨੇ ਮੁਕੱਦਮਾ ਚਲਾਉਣ ਦੀ ਇਜਾਜਤ ਦੇ ਦਿੱਤੀ। ਸ੍ਰੀ ਗੁਜਰਾਲ ਨੇ ਸ੍ਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਅਸਤੀਫਾ ਦੇਣ ਲਈ ਕਹਿ ਦਿੱਤਾ ਪ੍ਰੰਤੂ ਨਾਲ ਹੀ ਸ੍ਰੀ ਜੋਗਿੰਦਰ ਸਿੰਘ ਦੀ ਬਦਲੀ ਕਰ ਦਿੱਤੀ, ਜਿਸਦਾ ਪ੍ਰਭਾਵ ਇਹ ਗਿਆ ਕਿ ਸ੍ਰੀ ਗੁਜਰਾਲ ਲਾਲੂ ਪ੍ਰਸ਼ਾਦ ਯਾਦਵ ਦੀ ਮੱਦਦ ਕਰਨਾ ਚਾਹੁੰਦੇ ਹਨ। ਜਨਤਾ ਦਲ ਦੋਫਾੜ ਹੋ ਗਿਆ। 17 ਲੋਕ ਸਭਾ ਮੈਂਬਰ ਲਾਲੂ ਪ੍ਰਸ਼ਾਦ ਯਾਦਵ ਨਾਲ ਚਲੇ ਗਏ ਤੇ ਉਹਨਾ ਨਵੀਂ ਪਾਰਟੀ ਰਾਸ਼ਟਰੀ ਜਨਤਾ ਦਲ ਬਣਾ ਲਈ। ਫਿਰ ਇੱਕ ਹੋ ਮਸਲਾ ਖੜ੍ਹਾ ਹੋ ਗਿਆ। ਰਾਜਪਾਲ ਨੇ ਕੇਂਦਰ ਨੂੰ ਉਤਰ ਪ੍ਰਦੇਸ਼ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਸਿਫਾਰਸ਼ ਕਰ ਦਿੱਤੀ। ਕੇਂਦਰੀ ਮੰਤਰੀ ਮੰਡਲ ਨੇ ਇਹ ਸਿਫਾਰਸ਼ ਪ੍ਰਵਾਨ ਕਰਕੇ ਰਾਸ਼ਟਰਪਤੀ ਨੂੰ ਮਨਜੂਰੀ ਲਈ ਭੇਜ ਦਿੱਤੀ ਪ੍ਰੰਤੂ ਰਾਸ਼ਟਰਪਤੀ ਸ੍ਰੀ ਆਰ ਕੇ ਨਰਾਇਨਨ ਨੇ ਉਹ ਸ਼ਿਫਾਰਸ਼ ਨਾ ਮੰਨੀ ਤੇ ਸਰਕਾਰ ਨੂੰ ਦੁਬਾਰਾ ਵਿਚਾਰ ਕਰਨ ਲਈ ਵਾਪਸ ਭੇਜ ਦਿੱਤੀ।ਅਲਾਹਾਬਾਦ ਹਾਈ ਕੋਰਟ ਨੇ ਵੀ ਰਾਜਪਾਲ ਦੀ ਸਿਫਾਰਸ਼ ਰੱਦ ਕਰ ਦਿੱਤੀ। ਤੀਜੀ ਮਹੱਤਵਪੂਰਨ ਸਮੱਸਿਆ ਸ੍ਰੀ ਗੁਜਰਾਲ ਸਾਹਮਣੇ ਰਾਜੀਵ ਗਾਂਧੀ ਹੱਤਿਆ ਕਾਂਢ ਦੀ ਪੜਤਾਲ ਕਰ ਰਹੇ ਜੈਨ ਕਮਿਸ਼ਨ ਦੀ ਰਿਪੋਰਟ ਦਾ ਅਖਬਾਰਾਂ ਵਿੱਚ ਲੀਕ ਹੋ ਜਾਣਾ ਬਣੀ,ਉਸ ਰਿਪੋਰਟ ਵਿੱਚ ਡੀ ਐਮ ਕੇ ਜੋ ਕੇਂਦਰੀ ਸਰਕਾਰ ਵਿੱਚ ਭਾਈਵਾਲ ਸੀ ,ਨੂੰ ਉਸ ਰਿਪੋਰਟ ਵਿੱਚ ਐਲ ਟੀ ਟੀ ਦੀ ਮੱਦਦ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਕਾਂਗਰਸ ਦੀ ਸਪੋਰਟ ਨਾਲ ਸਰਕਾਰ ਚਲ ਰਹੀ ਸੀ, ਕਾਂਗਰਸ ਨੇ ਇਹ ਰਿਪੋਰਟ ਲੋਕ ਸਭਾ ਵਿੱਚ ਰੱਖਣ ਲਈ ਕਿਹਾ। 19 ਨਵੰਬਰ 1997 ਨੂੰ ਇਹ ਰਿਪੋਰਟ ਲੋਕ ਸਭਾ ਵਿੱਚ ਰੱਖੀ ਗਈ। ਸ੍ਰੀ ਗੁਜਰਾਲ ਨੂੰ ਕਾਂਗਰਸ ਨੇ ਡੀ ਐਮ ਕੇ ਦੇ ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚੋਂ ਕੱਢਣ ਲਈਂ ਕਿਹਾ, ਕਾਂਗਰਸ ਦੇ ਉਦੋਂ ਦੇ ਪ੍ਰਧਾਨ ਸ੍ਰੀ ਸੀਤਾ ਰਾਮ ਕੇਸਰੀ ਨੇ ਸ੍ਰੀ ਗੁਜਰਾਲ ਨੂੰ ਇਸ ਸੰਬੰਧੀ ਇੱਕ ਪੱਤਰ ਵੀ ਲਿਖਿਆ। ਸ੍ਰੀ ਗੁਜਰਾਲ ਨੇ 23 ਨਵੰਬਰ 1997 ਨੂੰ ਕਲਕੱਤਾ ਵਿਖੇ ਇੱਕ ਸਮਾਗਮ ਵਿੱਚ ਇਸ਼ਾਰਾ ਕਰ ਦਿੱਤਾ ਕਿ ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਆ ਰਹੀਆਂ ਹਨ। ਕਾਂਗਰਸ ਪਾਰਟੀ ਨੇ ਤੁਰੰਤ ਫੈਸਲਾ ਲੈਂਦਿਆਂ 28 ਨਵੰਬਰ 1997 ਨੂੰ ਗੁਜਰਾਲ ਸਰਕਾਰ ਤੋਂ ਸਪੋਰਟ ਵਾਪਸ ਲੈ ਲਈ। ਸ੍ਰੀ ਗੁਜਰਾਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਪ ਆਪਣੀ ਕਾਬਲੀਅਤ ਕਰਕੇ ਸਿਆਸਤ ਤੇ ਕੂਟਨੀਤੀ ਦੇ ਹਰ ਇਮਤਿਹਾਨ ਵਿੱਚੋਂ ਸਫਲਤਾ ਪੂਰਬਕ ਪਾਸ ਹੁੰਦੇ ਰਹੇ ਹਨ।ਸ੍ਰੀ ਗੁਜਰਾਲ ਵਿੱਚ ਸਭ ਤੋਂ ਵੱਡਾ ਗੁਣ ਇਹ ਸੀ ਕਿ ਉਹ ਹਰ ਪ੍ਰਧਾਨ ਮੰਤਰੀ ਦੇ ਸਭ ਤੋਂ ਨੇੜੇ ਗਿਣੇ ਜਾਂਦੇ ਸਨ। ਸ਼੍ਰੀਮਤੀ ਇੰਦਰਾ ਗਾਂਧੀ ਦੇ ਵੀ ਭਰੋਸੇ ਵਿੱਚ ਸਨ।ਇਸ ਤੋਂ ਬਾਅਦ ਫਰਵਰੀ 1998 ਵਿੱਚ ਮੱਧਕਾਲੀ ਚੋਣਾਂ ਹੋਈਆਂ। ਸ੍ਰੀ ਇੰਦਰ ਕੁਮਾਰ ਗੁਜਰਾਲ ਦੇ ਦੋ ਲੜਕੇ ਅਤੇ ਦੋ ਲੜਕੀਆਂ ਹਨ। ਉਹਨਾ ਦਾ ਇੱਕ ਲੜਕਾ ਸ੍ਰੀ ਨਰੇਸ਼ ਗੁਜਰਾਲ ਅਕਾਲੀ ਦਲ ਦਾ ਰਾਜ ਸਭਾ ਦਾ ਮੈਂਬਰ ਹੈ।

ਆਪਦੇ ਪਰਿਵਾਰ ਵਿੱਚ ਰਾਜਨੀਤੀ,ਸਾਹਿਤ ਅਤੇ ਕਲਾ ਦਾ ਸੰਗਮ ਹੈ। ਆਪਦੀ ਪਤਨੀ ਸ੍ਰੀਮਤੀ ਸ਼ੀਲਾ ਗੁਜਰਾਲ ਸ਼ਰੋਮਣੀ ਹਿੰਦੀ ਕਵਿਤਰੀ ਸੀ ਅਤੇ ਉਸਨੇ ਪੰਜਾਬੀ ਤੇ ਅੰਗਰੇਜੀ ਵਿੱਚ ਵੀ ਕਹਾਣੀਆਂ ਲਿਖੀਆਂ ਹਨ। ਆਪ ਦਾ ਭਰਾ ਸ਼ਤੀਸ਼ ਗੁਜਰਾਲ ਸੰਸਾਰ ਪ੍ਰਸਿਧ ਪੇਂਟਰ ਹੈ। ਸ੍ਰੀ ਗੁਜਰਾਲ ਨੇ ਭਾਰਤ ਦੀ ਸਿਆਸਤ ਦੀ ਆਰਥਕ ਤੇ ਸਮਾਜਕ ਨੀਤੀ ਨੂੰ ਸਿਹਤਮੰਦ ਕਦਰਾਂ ਕੀਮਤਾਂ ਨਾਲ ਜੋੜੀ ਰੱਖਿਆ ਹੈ। ਆਪ ਦੀ ਵਿਦਵਤਾ ਨੂੰ ਮੁੱਖ ਰਖਦਿਆਂ ਕਈ ਯੂਨੀਵਰਸਿਟੀਆਂ ਨੇ ਕਈ ਪਦਵੀਆਂ ਅਤੇ ਡਿਗਰੀਆਂ ਦੇ ਕੇ ਆਪਨੂੰ ਸਨਮਾਨਿਆਂ ਹੈ, ਜਿਹਨਾਂ ਵਿੱਚ ਜਾਮੀਆਂ ਮਿਲੀਆ ਉਰਦੂ ਯੂਨੀਂਵਰਸਿਟੀ ਅਲੀਗੜ੍ਹ,ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਪੀ ਐਚ ਡੀ,ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਡੀ ਲਿਟ ਦੀ ਡਿਗਰੀ ਵਰਣਨਯੋਗ ਹਨ। ਸਾਕਾ ਯੂਨੀਵਰਸਿਟੀ ਟੋਕੀਓ ਜਾਪਾਨ ਨੇ ਵੀ ਆਪਨੂੰ ਡੀ ਲਿਟ ਦੀ ਡਿਗਰੀ ਪ੍ਰਦਾਨ ਕੀਤੀ। ਆਪ ਤੀਖਣ ਬੁਧੀਜੀਵੀ,ਦੂਰ ਅੰਦੇਸ਼ ਨੀਤੀਵੇਤਾ ਤੇ ਵਿਲੱਖਣ ਸ਼ਖਸ਼ੀਅਤ ਦੇ ਮਾਲਕ ਸਨ। ਸਿਆਸਤ ਦੇ ਅਖਾੜੇ ਵਿੱਚ ਜਿਥੇ ਵਿਰੋਧੀ ਹੀ ਵਿਰੋਧੀ ਹੁੰਦੇ ਹਨ ਪ੍ਰੰਤੂ ਆਪ ਦਾ ਉਥੇ ਵੀ ਕੋਈ ਵਿਰੋਧੀ ਨਹੀਂ ਸੀ। ਕਿਸੇ ਵੀ ਸਿਆਸੀ ਬਹਿਸ ਵਿੱਚ ਉਹਨਾ ਕਦੀ ਕੁੜੱਤਣ ਪੈਦਾ ਨਹੀਂ ਹੋਣ ਦਿੱਤੀ। ਆਪ 1999 ਤੋਂ ਸਰਗਰਮ ਸਿਆਸਤ ਤੋਂ ਸਨਿਆਸ ਲੈ ਚੁਕੇ ਸਨ। ਆਪ ਪੰਜਾਬ, ਪੰਜਾਬੀ ਅਤੇ ਅਤੇ ਪੰਜਾਬੀਅਤ ਦੇ ਮੁਦਈ ਸਨ।ਸ੍ਰੀ ਗੁਜਰਾਲ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਹਨਾ ਸ਼੍ਰੀ ਨਰਸਿਮਹਾ ਰਾਓ ਤੋਂ ਬਾਅਦ ਪੰਜਾਬ ਦੇ ਕਰਜੇ ਦੀ2114 ਕਰੋੜ ਰੁਪਏ ਦੀ ਕਿਸ਼ਤ ਭਾਰਤ ਦੇ ਵਿਤ ਕਮਿਸ਼ਨ ਤੋਂ ਮੁਆਫ ਕਰਵਾਈ ਸੀ।ਦੂਰ ਦਰਸ਼ਨ ਕੇਂਦਰ ਜ¦ਧਰ ਵਿੱਚ ਰਿਕਾਰਡਿੰਗ ਸਟੂਡੀਓ ਅਤੇ ਉਚ ਸ਼ਕਤੀ ਦਾ ਟਰਾਂਸਮਿਸ਼ਨ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਦੇ ਤੌਰ ਤੇ ਸਥਾਪਤ ਕਰਵਾਇਆ। ਜਲੰਧਰ ਵਿਖੇ ਸਾਇੰਸ ਸਿਟੀ ਵੀ ਆਪਦੀ ਹੀ ਦੇਣ ਹੈ।ਅੱਜ ਸਮੁਚਾ ਦੇਸ਼ ਅਤੇ ਵਿਸ਼ੇਸ਼ ਤੌਰ ਤੇ ਪੰਜਾਬ ਸਿਆਸੀ ਤੌਰ ਤੇ ਉਹਨਾ ਦੀ ਅਗਵਾਈ ਤੋਂ ਵਾਂਝਾ ਹੋ ਗਿਆ ਹੈ।ਸਿਆਸੀ ਵਿਅਕਤੀਆਂ ਲਈ ਆਪ ਹਮੇਸ਼ਾ ਚਾਨਣ ਮੁਨਾਰਾ ਬਣੇ ਰਹਿਣਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>