ਨਿਊਜ਼ੀਲੈਂਡ ਵਸਦੀ ਭਾਰਤੀ ਕੁੜੀ ਰਾਧਿਕਾ ਬਾਂਗੀਆ ਨੇ ਮਾਰੀ ਬਾਲੀਵੁੱਡ ਵਿਚ ਐਂਟਰੀ

ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)- ਮਿਸ ਇੰਡੀਆ ਨਿਊਜ਼ੀਲੈਂਡ 2008 ਦੇ ਵਿਚ ਸੰਭਾਵੀ ਮਾਡਲ ਅਤੇ ਮਿਸ ਟੀਨ ਨਿਊਜ਼ੀਲੈਂਡ-2008 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਕੁੜੀ ਰਾਧਿਕਾ ਬਾਂਗੀਆ (21) ਨੇ ਬਾਲੀਵੁੱਡ ਦੇ ਵਿਚ ਐਂਟਰੀ ਮਾਰ ਲਈ ਹੈ। ਉਹ ਦਲੇਰ ਮਹਿੰਦੀ ਅਤੇ ਨਿੱਕੀ ਮਹਿੰਦੀ ਪ੍ਰੋਡਕਸ਼ਨ ਵੱਲੋਂ ਬਣਾਈ ਫ਼ਿਲਮ ‘ਮੇਰੀ ਸ਼ਾਦੀ ਕਰਾਓ’ ਦੇ ਵਿਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਸ ਫ਼ਿਲਮ ਦੇ ਜ਼ਰੀਏ ਦਲੇਰ ਸਿੰਘ ਮਹਿੰਦੀ ਆਪਣੇ ਪੁੱਤਰ ਗੁਰਦੀਪ ਸਿੰਘ ਮਹਿੰਦੀ ਨੂੰ ਇਕ ਨਾਇਕ ਵਜੋਂ ਪੇਸ਼ ਕਰ ਰਹੇ ਹਨ। ਗੁਰਦੀਪ ਮਹਿੰਦੀ ਸ਼ਾਇਦ ਪਹਿਲਾ ਸਿੱਖ ਨੌਜਵਾਨ ਹੋਵੇਗਾ ਜਿਹੜਾ ਕਿ ਹਿੰਦੀ ਫਿਲਮਾਂ ਦੇ ਵਿਚ ਸਰਦਾਰ ਹੋ ਕੇ ਹੀਰੋ ਦਾ ਰੋਲ ਕਰੇਗਾ।  ਸ. ਦਲੇਰ ਸਿੰਘ ਮਹਿੰਦੀ ਦੀ ਪਤਨੀ ਨਿੱਕੀ ਮਹਿੰਦੀ ਅਤੇ ਬੇਟੀ ਅਜੀਤ ਮਹਿੰਦੀ ਇਸ ਫ਼ਿਲਮ ਨੂੰ ਵੱਡੇ ਪੱਧਰ ’ਤੇ ਰਿਲੀਜ਼ ਕਰ ਰਹੇ ਹਨ। ਅਜੀਤ ਮਹਿੰਦੀ ਇਸ ਫਿਲਮ ਦੇ ਵਿਚ ਇਕ ਗੀਤ ਦੇ ਰਾਹੀਂ ਮਨੋਰੰਜਨ ਵੀ ਕਰ ਰਹੀ ਹੈ ਬਾਕੀ ਗੀਤ ਗੁਰਦੀਪ ਮਹਿੰਦੀ ਨੇ ਗਾਏ ਹਨ। ਨਿੱਕੀ ਮਹਿੰਦੀ ਨੇ ਰਾਧਿਕਾ ਬਾਂਗੀਆ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ ਰੋਮਾਂਟਿਕ  ਅਤੇ ਹਾਸਿਆਂ ਭਰਪੂਰ ਹੈ ਤੇ ਇਸ ਦੀ ਸ਼ੂਟਿੰਗ ਡੁਬਈ ਵਿਖੇ ਕੀਤੀ ਗਈ ਹੈ। ਫਿਲਮ ਦੀ ਕਹਾਣੀ ਇਕ ਵਿਅਕਤੀ ਦੇ ਵਿਆਹੇ ਜਾਣ ਬਾਅਦ ਸ਼ੁਰੂ ਹੁੰਦੀ ਨਵੀਂ ਜ਼ਿੰਦਗੀ ਦੇ ਕੌੜੇ ਕਸੈਲੇ ਤਜ਼ਰਬਿਆਂ ਦੁਆਲੇ ਘੁੰਮਦਾ ਹੈ।  ਇਸ ਕੁੜੀ ਦੇ ਪਰਿਵਾਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਸ ਟੀਨ ਨਿਊਜ਼ੀਲੈਂਡ ਚੁਣੇ ਬਾਅਦ ਉਸ ਨੇ ਧਾਰ ਲਿਆ ਸੀ ਕਿ ਇਕ ਦਿਨ ਉਹ ਬਾਲੀਵੁੱਡ ਫ਼ਿਲਮਾਂ ਦੇ ਵਿਚ ਕੰਮ ਕਰੇਗੀ। ਇਸ ਦੇ ਲਈ ਉਸਨੇ ਬਕਾਇਦਾ ਐਕਟਿੰਗ ਸਿੱਖੀ ਅਤੇ ਬਾਲੀਵੁੱਡ ਦੇ ਵਿਚ ਮਹਿੰਦੀ ਪਰਿਵਾਰ ਦੀ ਪਹਿਲੀ ਫਿਲਮ ਵਿਚ ਹੀਰੋਇਨ ਵੱਜੋਂ ਚੁਣੀ ਗਈ। ਮਿਸ ਇੰਡੀਆ ਨਿਊਜ਼ੀਲੈਂਡ ਵਰਗੇ ਵੱਡੇ ਈਵੈਂਟ ਕਰਵਾਉਣ ਵਾਲੇ ਸ੍ਰੀ ਧਰਮੇਸ਼ ਪਾਰਿਖ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੀਆਂ ਕੁੜੀਆਂ ਦੇ ਵਿਚ ਕਲਾ ਦਾ ਉਹ ਮਾਦਾ ਮੌਜੂਦ ਹੈ ਜਿਹੜਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਆਪਣਾ ਮੁੱਲ ਪਵਾ ਸਕਦਾ ਹੈ। ਉਨ੍ਹਾਂ ਆਪਣੀ ਪ੍ਰੋਡਕਸ਼ਨ ਅਤੇ ਨਿਊਜ਼ੀਲੈਂਡ ਵਸਦੇ ਭਾਰਤੀਆਂ ਵੱਲੋਂ ਰਾਧਿਕਾ ਬਾਂਗੀਆਂ ਨੂੰ ਸ਼ੁੱਭ ਇਛਾਵਾਂ ਭੇਜੀਆਂ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>