ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ

ਦੁਨੀਆਂ ਵਿੱਚ ਦੋ ਵੱਖ ਵੱਖ ਕਿਸਮ ਦੇ ਵਿਚਾਰ ਹਨ। ਇੱਕ ਅੰਧਵਿਸ਼ਵਾਸੀ ਅਤੇ ਦੂਸਰੇ ਵਿਗਿਆਨਕ ਵਿਚਾਰਾਂ ਨੂੰ ਅਪਣਾਉਦੇ ਹਨ। ਇਨ੍ਹਾਂ ਦੋਹਾਂ ਵਿਚਕਾਰ ਸਦੀਆਂ ਤੋਂ ਇੱਕ ਬਹਿਸ ਚਲਦੀ ਆ ਰਹੀ ਹੈ। ਅੰਧਵਿਸ਼ਵਾਸੀ ਹਮੇਸ਼ਾ ਅਫ਼ਵਾਹਾਂ ਦੇ ਗੁਬਾਰੇ ਫੈਲਾਉਦੇ ਰਹਿੰਦੇ ਹਨ। ਪਿਛਲੇ ਚਾਰ ਪੰਜ ਸਾਲਾਂ ਤੋਂ ਉਨ੍ਹਾਂ ਨੇ ਇਹ ਅਫਵਾਹ ਫੈਲਾਈ ਹੋਈ ਹੈ ਕਿ ਦੁਨੀਆਂ 21 ਦਸੰਬਰ 2012 ਯਾਨੀ ਕਿ ਅੱਜ ਖਤਮ ਹੋ ਜਾਵੇਗੀ। ਪਰ ਮੈਂ ਇਹ ਦਾਅਵੇ ਨਾਲ ਕਹਿੰਦਾ ਹਾਂ ਕਿ ਉਨ੍ਹਾਂ ਦਾ ਇਹ ਪਿਛਾਖੜੀ ਵਿਚਾਰ ਝੂਠਾ ਸਿੱਧ ਹੋਵੇਗਾ। ਮੈਂ ਅਧਿਆਪਕ ਰਿਹਾ ਹਾਂ। ਮੈਂ ਦੱਸ ਸਕਦਾ ਸਾਂ ਕਿ ਮੇਰੀ ਜਮਾਤ ਵਿਚੋਂ ਕਿਹੜਾ ਵਿਦਿਆਰਥੀ ਪਹਿਲੇ ਨੰਬਰ ਤੇ ਅਤੇ ਕਿਹੜਾ ਦੂਜੇ ਨੰਬਰ ਤੇ ਆਵੇਗਾ ਅਤੇ ਅਕਸਰ ਮੇਰੀ ਇਹ ਭਵਿੱਖਬਾਣੀ ਸਹੀ ਸਿੱਧ ਹੋਇਆ ਕਰਦੀ ਸੀ ਕਿਉਕਿ ਮੇਰਾ ਇਹ ਭਵਿੱਖਬਾਣੀ ਕਰਨ ਦਾ ਆਧਾਰ ਜਮਾਤ ਵਿਚ ਵਿਦਿਆਰਥੀਆਂ ਦੇ ਲਏ ਗਏ ਟੈਸਟ ਹੁੰਦੇ ਸਨ। ਸੋ ਕਿਸੇ ਵੀ ਭਵਿੱਖਬਾਣੀ ਦੇ ਸਹੀ ਹੋਣ ਲਈ ਇਹ ਗੱਲ ਅਤਿਅੰਤ ਜ਼ਰੂਰੀ ਹੈ ਕਿ ਉਸ ਭਵਿੱਖਬਾਣੀ ਕਰਨ ਦਾ ਆਧਾਰ ਸਹੀ ਹੋਵੇ। ਦੁਨੀਆਂ ਦੇ ਇਤਿਹਾਸ ਤੇ ਜੇ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਸਾਡੇ ਸਾਹਮਣੇ ਦੁਨੀਆਂ ਦੇ ਨਸ਼ਟ ਹੋ ਜਾਣ ਦੀਆਂ ਸੈਂਕੜੇ ਭਵਿੱਖਬਾਣੀਆਂ ਆ ਜਾਣਗੀਆਂ ਜਿਹੜੀਆਂ ਸਭ ਝੂਠੀਆਂ ਸਾਬਤ ਹੋਈਆਂ ਹਨ। ਹੇਠਾਂ ਮੈਂ ਅਜਿਹੀਆਂ ਹੀ ਕੁੱਝ ਭਵਿੱਖਬਾਣੀਆਂ ਦਰਸਾ ਰਿਹਾ ਹਾਂ।

960 ਈਸਵੀ ਵਿਚ ਯੂਰਪ ਦੇ ਇਕ ਵਿਦਵਾਨ ਬਰਨਾਰਡ ਨੇ ਇਹ ਭਵਿੱਖਬਾਣੀ ਕੀਤੀ ਕਿ ਸੰਨ 992 ਵਿਚ ਦੁਨੀਆਂ ਨਸ਼ਟ ਹੋ ਜਾਵੇਗੀ। ਦੁਨੀਆਂ ਤਾਂ ਨਸ਼ਟ ਨਾ ਹੋਈ ਪਰ ਬਰਨਾਰਡ ਉਸ ਤੋਂ ਪਹਿਲਾਂ ਹੀ ਦੁਨੀਆਂ ਛੱਡ ਗਿਆ।

ਫਿਰ ਇਹ ਕਿਹਾ ਜਾਣ ਲੱਗ ਪਿਆ ਕਿ ਈਸਾ ਮਸੀਹ ਦੇ ਜਨਮ ਤੋਂ ਠੀਕ ਇੱਕ ਹਜ਼ਾਰ ਸਾਲ ਬਾਅਦ 31 ਦਸੰਬਰ 999 ਨੂੰ ਦੁਨੀਆਂ ਤੇ ਪਰਲੋ ਆ ਜਾਵੇਗੀ। ਕਿਸਾਨਾਂ ਨੇ ਉਸ ਸਾਲ ਫ਼ਸਲਾਂ ਵੀ ਨਾ ਬੀਜੀਆਂ। ਦੁਨੀਆਂ ਦੇ ਖਤਮ ਹੋਣ ਤੋਂ ਬਾਅਦ ਅਨਾਜ਼ ਤੋਂ ਕਰਵਾਉਣਾ ਵੀ ਕੀ ਸੀ? ਪਰ ਇਹ ਸਾਲ ਵੀ ਸਹੀ ਸਲਾਮਤ ਲੰਘ ਗਿਆ। ਪਰ ਅਗਲੇ ਸਾਲ ਅਨਾਜ਼ ਦੀ ਕਮੀ ਕਾਰਨ ਕੁੱਝ ਆਕਾਲ ਜ਼ਰੂਰ ਪੈ ਗਏ ਤੇ ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ। ਫਿਰ ਇਹ ਦਾਅਵਾ ਕੀਤਾ ਜਾਣ ਲੱਗ ਪਿਆ ਕਿ 23 ਸਤੰਬਰ 1179 ਨੂੰ ਸਾਰੇ ਗ੍ਰਹਿ ਇੱਕੋ ਰਾਸ਼ੀ ਵਿੱਚ ਇਕੱਠੇ ਹੋ ਜਾਣਗੇ। ਪਰਜਾ ਨੇ ਤਾਂ ਅਜਿਹਾ ਕਰਨਾ ਹੀ ਸੀ ਸਗੋਂ ਰਾਜਿਆਂ ਨੇ ਵੀ ਆਪਣੇ ਮਹਿਲਾਂ ਦੇ ਖਿੜਕੀਆਂ ਦਰਵਾਜ਼ੇ ਬੰਦ ਕਰ ਲਏ ਅਤੇ ਪ੍ਰਭੂ ਦੇ ਚਰਨਾਂ ਵਿੱਚ ਆਪਣਾ ਧਿਆਨ ਲਾ ਲਿਆ ਪਰ ਉਸ ਸਮੇਂ ਵੀ ਧਰਤੀ ਤੇ ਇੱਕ ਦੀਵਾ ਵੀ ਨਾ ਬੁਝਿਆ।

ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ 1524 ਵਿਚ ਵੀ ਕੀਤੀਆਂ ਗਈਆਂ। ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਅਤੇ ਸਮੁੰਦਰੀ ਜਹਾਜ਼ਾਂ ਵਿਚ ਡੇਰੇ ਲਾ ਲਏ। ਪਰ ਉਸ ਦਿਨ ਹੜ੍ਹ ਤਾਂ ਕੀ ਆਉਣੇ ਸੀ ਸਗੋਂ ਇੱਕ ਕਣੀ ਵੀ ਨਾ ਪਈ।

ਇਸ ਤਰ੍ਹਾਂ ਦੀਆਂ ਕਈ ਭਵਿੱਖਬਾਣੀਆਂ ਬ੍ਰਹਮਕੁਮਾਰੀ ਆਸ਼ਰਮ ਦੇ ਸੰਸਥਾਪਕ ਲਾਲਾ ਲੇਖ ਰਾਜ ਜੀ ਵੱਲੋਂ ਵੀ ਕੀਤੀਆਂ ਗਈਆਂ ਸਨ ਤੇ ਇਹ ਹੁਣ ਵੀ ਉਨ੍ਹਾਂ ਦੀਆਂ ਪੁਰਾਤਨ ਕਿਤਾਬਾਂ ਵਿਚ ਦਰਜ਼ ਹਨ। ਪਰ ਹਰ ਵਾਰ ਇਹ ਝੂਠ ਹੀ ਨਿਕਲਦੀਆਂ ਰਹੀਆਂ।

ਅੱਸੀਵਿਆਂ ਦੇ ਦਹਾਕੇ ਵਿਚ ਪੰਜਾਬ ਵਿਚ ਵੀ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਰਹੀਆਂ ਹਨ। ਕਦੇ ਕਿਹਾ ਜਾਂਦਾ ਸੀ ਕਿ ਅੱਠ ਗ੍ਰਹਿ ਇਕੱਠੇ ਹੋਣਗੇ ਅਤੇ ਇਸ ਸਮੇਂ ਲੋਕ ਰਾਤਾਂ ਨੂੰ ਘਰਾਂ ਤੋਂ ਬਾਹਰ ਸੌਂਦੇ। ਇਹ ਸਭ ਕੁਝ ਝੂਠ ਦਾ ਪੁਲੰਦਾ ਹੀ ਸਾਬਤ ਹੋਇਆ।

ਹੁਣ ਇਹ ਕਿਹਾ ਜਾ ਰਿਹਾ ਸੀ ਕਿ ਦੁਨੀਆ 21 ਦਸੰਬਰ 2012 ਨੂੰ ਯਾਨੀ ਕਿ ਅੱਜ ਨਸ਼ਟ ਹੋ ਜਾਵੇਗੀ। ਇਸ ਗੱਲ ਨੂੰ ਕਹਿਣ ਲਈ ਉਹਨਾਂ ਨੇ ‘ਮਾਇਆ ਸਭਿਅਤਾ’ ਦੀ ਨਾ ਸਮਝ ਆਉਣ ਵਾਲੀ ਭਾਸ਼ਾ ਵਿਚ ਲਿਖੇ ਕਲੈਂਡਰ ਨੂੰ ਇਸ ਗੱਲ ਲਈ ਆਧਾਰ ਬਣਾਇਆ ਹੈ। ਇਹ ਗੱਲ ਪੂਰੀ ਤਰ੍ਹਾਂ ਝੂਠੀ ਹੈ। ਮਾਇਆ ਸਭਿਅਤਾ ਦੱਖਣੀ ਅਮਰੀਕਾ ਦੇ ਇਕ ਦੇਸ਼ ਮੈਕਸੀਕੋ ਵਿਚ ਫੈਲੀ ਹੋਈ ਸੀ। ਇਸ ਸਭਿਅਤਾ ਦੇ ਸਾਰੇ ਲੋਕ ਅੱਜ ਤੋਂ ਚਾਰ ਸੌ ਸਾਲ ਪਹਿਲਾਂ ਵਿਦੇਸ਼ੀਆਂ ਦੇ ਹਮਲਿਆਂ ਕਾਰਨ ਅਤੇ ਉਹਨਾਂ ਦੇ ਨਾਲ ਆਏ ਕੀਟਾਣੂਆਂ ਕਰਕੇ ਸਦਾ ਲਈ ਖ਼ਤਮ ਹੋ ਗਏ ਸਨ। ਕਹਿਣ ਦਾ ਮਤਲਬ ਹੈ ਕਿ ਜਿਹੜੇ ਲੋਕ ਆਪਣੇ ਖ਼ਤਮ ਹੋਣ ਦੇ ਕਾਰਨਾਂ ਦੀ ਭਵਿੱਖਬਾਣੀ ਨਾ ਕਰ ਸਕੇ ਕੀ ਉਹਨਾਂ ਦੀ ਦੁਨੀਆਂ ਦੇ ਖ਼ਾਤਮੇ ਬਾਰੇ ਕੀਤੀ ਭਵਿੱਖਬਾਣੀ ਦਰੁਸਤ ਹੋ ਸਕਦੀ ਹੈ। ਉਂਝ ਵੀ ਉਹਨਾਂ ਦੇ ਕੈਲੰਡਰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਤਿਆਰ ਕੀਤੇ ਗਏ ਸਨ ਉਸ ਸਮੇਂ ਲੋਕਾਂ ਕੋਲ ਨਾ ਤਾਂ ਅੱਜ ਦੇ ਵਿਗਿਆਨਕ ਉਪਕਰਣ ਤੇ ਨਾ ਹੀ ਵਿਗਿਆਨਕ ਜਾਣਕਾਰੀ ਉਪਲਬਧ ਸੀ। ਸੋ ਉਹਨਾਂ ਨੇ ਜੋ ਕੁਝ ਵੀ ਕੀਤਾ ਉਹ ਅਟਕਲਾਂ ਹੀ ਹਨ। ਕੈਲੰਡਰ ਦੀ ਮਿਤੀ ਅੱਜ ਦੇ ਅੰਧ ਵਿਸ਼ਵਾਸੀਆਂ ਵੱਲੋਂ ਉਹਨਾਂ ਦੇ ਅੰਕੜਿਆਂ ਨੂੰ ਤੋੜ ਮਰੋੜ ਕੇ ਬਣਾਈ ਗਈ ਹੈ ਜਿਸਦਾ ਦਰੁਸਤ ਹੋਣਾ ਉਂਝ ਹੀ ਗ਼ਲਤ ਹੈ।

ਦੂਸਰੀ ਦਲੀਲ ਉਹ ਸੂਰਜ ਤੋਂ ਉੱਠਣ ਵਾਲੇ ਤੂਫਾਨਾਂ ਦੀ ਦਿੰਦੇ ਹਨ। ਇਹ ਦਲੀਲ ਇਸ ਲਈ ਵੀ ਝੂਠੀ ਹੈ ਕਿ ਮਾਇਆ ਸੱਭਿਅਤਾ ਵਾਲਿਆਂ ਨੂੰ ਤੇ ਦੁਨੀਆਂ ਦੇ ਉਸ ਸਮੇਂ ਦੇ ਵਸਨੀਕਾਂ ਨੂੰ ਤਾਂ ਸੂਰਜੀ ਤੂਫਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਹ ਸਾਰਾਂ ਕੁਝ ਅੰਧਵਿਸ਼ਵਾਸੀਆਂ ਵੱਲੋਂ ਲੋਕਾਂ ਨੂੰ ਡਰਾਉਣ ਲਈ ਅਤੇ ਆਪਣੇ ਆਪ ਨੂੰ ਮੀਡੀਆ ਦਾ ਕੇਂਦਰ ਬਿੰਦੂ ਬਣਾਉਣ ਲਈ ਹੀ ਫੈਲਾਇਆ ਜਾ ਰਿਹਾ ਹੈ। ਉਹਨਾਂ ਅਨੁਸਾਰ ਸੂਰਜ ਤੋਂ ਅਜਿਹੇ ਤੂਫਾਨ ਉੱਠਣਗੇ ਜਿਹੜੇ ਧਰਤੀ ਤੇ ਤਬਾਹੀ ਦਾ ਕਾਰਨ ਬਣਨਗੇ। ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ਸੂਰਜ ਵਿਚੋਂ ਸਮੇਂ ਸਮੇਂ ਸਿਰ ਗੈਸਾਂ ਦੇ ਤੂਫਾਨ ਉੱਠਦੇ ਹੀ ਰਹਿੰਦੇ ਹਨ। ਇਨ੍ਹਾਂ ਵਿਚੋਂ ਕੁਝ ਧਰਤੀ ਤੱਕ ਵੀ ਪੁੱਜ ਕੇ ਰੇਡੀਓ ਸਿਗਨਲਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਕੁਝ ਨੁਕਸਾਨ ਪੁਚਾ ਜਾਂਦੇ ਹਨ। 1958 ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਸੂਰਜੀ ਤੂਫਾਨ ਰਿਕਾਰਡ ਕੀਤਾ ਗਿਆ ਹੈ ਤੇ ਇਸ ਨਾਲ ਕੁਝ ਬਿਜਲੀ ਸਰਕਟ ਵੀ ਨਸ਼ਟ ਹੋਏ ਹਨ ਪਰ ਇਹ ਕਲਪਨਾ ਕਰਨੀ ਕਿ ਇਹ ਸੂਰਜੀ ਤੂਫਾਨ ਸਮੁੱਚੀ ਧਰਤੀ ਨੂੰ ਹੀ ਨਸ਼ਟ ਕਰ ਦੇਣਗੇ ਕੋਰੀ ਗੱਪ ਤੋਂ ਵੱਧ ਕੁਝ ਨਹੀਂ। ਸੂਰਜ ਤੋਂ ਉਠਣ ਵਾਲੇ ਤੂਫਾਨਾਂ ਨੂੰ ਵਿਗਿਆਨਕਾਂ ਦੀਆਂ ਦੂਰਬੀਨਾਂ ਧਰਤੀ ’ਤੇ ਪੁੱਜਣ ਤੋਂ ਕਈ ਦਿਨ ਪਹਿਲਾਂ ਹੀ ਵੇਖ ਲੈਂਦੀਆਂ ਹਨ ਪਿਛਲੇ ਇੱਕ ਹਫ਼ਤੇ ਵਿੱਚ ਧਰਤੀ ਦੇ ਇੱਕ ਵੀ ਵਿਗਿਆਨਕ ਨੇ ਸੂਰਜ ਤੋਂ ਉੱਠੇ ਕਿਸੇ ਤੂਫਾਨ ਦਾ ਜ਼ਿਕਰ ਨਹੀਂ ਕੀਤਾ। ਬਲਕਿ ਨਾਸਾ ਨੇ ਤਾਂ ਇਸ ਅਫ਼ਵਾਹ ਨੂੰ ਝੂਠ ਦਾ ਪੁਲੰਦਾ ਹੀ ਗਰਦਾਨਿਆ ਹੈ।

ਤੀਸਰੀ ਦਲੀਲ ਉਹ ਧਰਤੀ ਦੇ ਚੁੰਬਕੀ ਧਰੁਵਾਂ ਵਿਚ ਹੋਣ ਵਾਲੀ ਤਬਦੀਲੀ ਦੀ ਦਿੰਦੇ ਹਨ। ਇਹ ਦਲੀਲ ਵੀ ਉਪਰੋਕਤ ਦਲੀਲਾਂ ਦੀ ਤਰ੍ਹਾਂ ਝੂਠੀ ਹੈ। ਧਰਤੀ ਦੀ ਕੋਰ ਵਿਚ ਪਿਘਲਿਆ ਹੋਇਆ ਲੋਹਾ ਹੈ। ਧਰਤੀ ਦੇ ਘੁੰਮਣ ਕਾਰਨ ਇਹ ਲੋਹਾ ਇੱਕ ਡਾਇਨਵੋ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਕਾਰਨ ਧਰਤੀ ਦੇ ਆਲੇ ਦੁਆਲੇ ਇੱਕ ਵਿਸ਼ਾਲ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ ਤੇ ਇਸਦਾ ਪ੍ਰਭਾਵ ਧਰਤੀ ਤੋਂ 36000 ਮੀਲ ਤੱਕ ਦੀ ਉਚਾਈ ਤੱਕ ਵੀ ਮਹਿਸੂਸ ਕੀਤਾ ਗਿਆ ਹੈ। ਇਸ ਡਾਇਨਵੋ ਦਾ ਪ੍ਰਭਾਵ ਘੱਟਦਾ ਵੱਧਦਾ ਰਹਿੰਦਾ ਹੈ। ਅੱਜ ਤੋਂ 7,80,000 ਸਾਲ ਪਹਿਲਾਂ ਧਰਤੀ ਦੇ ਚੁੰਬਕੀ ਧਰੁਵਾਂ ਵਿਚ ਤਬਦੀਲੀ ਵੀ ਵਿਗਿਆਨੀਆਂ ਨੇ ਨੋਟ ਕੀਤੀ ਹੈ। ਧਰਤੀ ਦੇ ਚੁੰਬਕੀ ਧਰੁਵਾਂ ਦੇ ਬਦਲਣ ਦੀ ਸੰਭਾਵਨਾ ਆਉਣ ਵਾਲੀਆਂ ਕੁਝ ਸਦੀਆਂ ਵਿਚ ਜ਼ਰੂਰ ਹੈ। ਪਰ ਇਹ ਤਬਦੀਲੀ 21 ਦਸੰਬਰ 2012 ਨੂੰ ਹੋਵੇਗੀ ਇਹ ਬਿਲਕੁਲ ਹੀ ਗ਼ਲਤ ਹੈ। ਕਿਉਕਿ ਇਹਨਾਂ ਗੱਲਾਂ ਨੂੰ ਮਾਪਣ ਵਾਲਾ ਕੋਈ ਵੀ ਵਿਗਿਆਨਕ ਉਪਕਰਣ ਅਜੇ ਤੱਕ ਤਿਆਰ ਨਹੀਂ ਹੋਇਆ। ਸੂਰਜੀ ਤੂਫਾਨਾਂ ਬਾਰੇ ਮਾਇਆ ਸਭਿਅਤਾ ਦੇ ਵਿਦਵਾਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ। ਧਰਤੀ ਦੀਆਂ ਤਹਿਆਂ ਵਿਚ ਮਿਲੇ ਜੀਵਾਂ ਦੀਆਂ ਹੱਡੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਧਰਤੀ ਦੇ ਚੁੰਬਕੀ ਧਰੁਵ ਬਦਲਣ ਸਮੇਂ ਜੀਵਾਂ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਸੀ। ਉਝ ਵੀ ਧਰਤੀ ਦੇ ਧਰੁਵ ਬਦਲਣਾ ਸ਼ੁਰੂ ਕਰਨ ਤੋਂ ਬਾਅਦ ਵੀ ਹੌਲੀ ਹੌਲੀ ਸੈਂਕੜੇ ਸਾਲਾਂ ਵਿੱਚ ਆਪਣਾ ਚੱਕਰ ਪੂਰਾ ਕਰਦੇ ਹਨ। ਸਿਰਫ਼ ਇੱਕ ਦਿਨ ਵਿੱਚ ਹੀ ਨਹੀਂ।

ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਧਰਤੀ ਆਪਣੇ ਧੁਰੇ ਦੁਆਲੇ 24 ਘੰਟਿਆਂ ਵਿਚ ਇੱਕ ਚੱਕਰ ਪੂਰਾ ਕਰਦੀ ਹੈ ਅਤੇ ਸਾਲ ਭਰ ਵਿਚ ਸੂਰਜ ਦੁਆਲੇ ਇੱਕ ਚੱਕਰ ਲਾਉਦੀ ਹੈ। ਧਰਤੀ ਦਾ ਭਾਰ ਸੰਖਾਂ ਟਨ ਹੈ ਤੇ ਘੁੰਮਣ ਦੀ ਰਫ਼ਤਾਰ ਵੀ ਬਹੁਤ ਤੇਜ਼ ਹੈ। ਜਿਵੇਂ ਇੱਕ ਗਤੀ ਵਿਚ ਜਾ ਰਹੇ ਸਾਇਕਲ ਦੇ ਮੁਕਾਬਲੇ ਇੱਕ ਭਰੇ ਹੋਏ ਤੇਜ਼ ਰਫ਼ਤਾਰ ਵਾਲੇ ਟਰੱਕ ਨੂੰ ਰੋਕਣਾ ਹਜ਼ਾਰਾਂ ਗੁਣਾ ਔਖਾ ਹੈ। ਉਸੇ ਤਰ੍ਹਾਂ ਸੰਖਾਂ ਟਨ ਭਾਰੀ ਗਤੀਸ਼ੀਲ ਧਰਤੀ ਨੂੰ ਰੋਕ ਕੇ ਉਲਟ ਦਿਸ਼ਾ ਵਿੱਚ ਘੁੰਮਣ ਲਾ ਦੇਣਾ ਵੀ ਅਸੰਭਵ ਗੱਲ ਹੈ। ਇਹ ਗੱਲਾਂ ਕਿਸੇ ਪੁਲਾੜੀ ਧਰਤੀਆਂ ਅਤੇ ਸੂਰਜਾਂ ਦੀਆਂ ਆਪਸੀ ਟੱਕਰਾਂ ਰਾਹੀਂ ਤਾਂ ਸੰਭਵ ਹੋ ਸਕਦੀਆਂ ਹਨ ਪਰ ਧਰਤੀ ਦੇ ਵਿੱਚੋਂ ਜਾਂ ਉੱਤੋਂ ਉੱਠੀਆਂ ਆਫ਼ਤਾਂ ਰਾਹੀਂ ਅਜਿਹਾ ਹੋਣਾ ਅਸੰਭਵ ਹੈ।

ਕੁਝ ਵਿਅਕਤੀ ਇਸ ਦਿਨ ਜਵਾਲਾ ਮੁਖੀਆਂ ਦੇ ਫਟਣ ਨੂੰ ਧਰਤੀ ਦੇ ਵਿਨਾਸ ਦਾ ਕਾਰਨ ਮੰਨ ਰਹੇ ਹਨ। ਪਰ ਜਦੋਂ ਪਿਛਲੇ ਕਰੋੜਾਂ ਵਰ੍ਹਿਆਂ ਵਿਚ ਫਟੇ ਜੁਆਲਾਮੁਖੀ ਧਰਤੀ ਦਾ ਧਰਤੀ ’ਤੇ ਬਹੁਤ ਵੱਡਾ ਨੁਕਸਾਨ ਨਹੀਂ ਕਰ ਸਕੇ ਤਾਂ ਅੱਜ ਦੇ ਵਿਗਿਆਨਕ ਯੁੱਗ ਵਿਚ ਉਹ ਕੀ ਸਮੁੱਚੀ ਧਰਤੀ ਨੂੰ ਨਸ਼ਟ ਕਰ ਸਕਦੇ ਹਨ। ਅੱਜ ਕਰੋੜਾਂ ਕਾਰਾਂ ਤੇ ਲੱਖਾਂ ਜਹਾਜ਼ ਧਰਤੀ ਦੇ ਵਸਨੀਕਾਂ ਨੂੰ ਕੁਝ ਦਿਨਾਂ ਵਿਚ ਹੀ ਇੱਕ ਟਾਪੂ ਤੋਂ ਦੂਜੇ ਤੇ ਪਹੁੰਚਾ ਸਕਦੇ ਹਨ।

ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਧਰਤੀ ਦੇ ਆਪਣੇ ਵਸਨੀਕਾਂ ਕੋਲ ਅਜਿਹੇ ਐਟਮ ਬੰਬ ਮੌਜੂਦ ਹਨ ਜਿਹੜੇ ਸਮੁੱਚੀ ਧਰਤੀ ਦਾ ਸੈਂਕੜੇ ਵਾਰ ਮਲੀਆਮੇਟ ਕਰ ਸਕਦੇ ਹਨ। ਪਰ ਅੱਜ ਹਰੇਕ ਹੁਕਮਰਾਨ ਜਾਣਦਾ ਹੈ ਕਿ ਅਜਿਹਾ ਹੋਣ ਨਾਲ ਉਸਦਾ ਤੇ ਉਸਦੇ ਪ੍ਰੀਵਾਰ ਦਾ ਬਚ ਜਾਣਾ ਵੀ ਅਸੰਭਵ ਹੈ। ਸੋ ਅੱਜ 21 ਦਸਬੰਰ 2012 ਨੂੰ ਇਨ੍ਹਾਂ ਐਟਮ ਬੰਬਾਂ ਦੇ ਇਸਤੇਮਾਲ ਦੀ ਸੰਭਾਵਨਾ ਵੀ ਨਾਂਹ ਦੇ ਬਰਾਬਰ ਹੈ।

ਸੋ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੱਜ 21 ਦਸੰਬਰ 2012 ਨੂੰ ਧਰਤੀ ਕਿਸੇ ਵੀ ਢੰਗ ਨਾਲ ਨਸ਼ਟ ਨਹੀਂ ਹੋਵੇਗੀ। ਸੋ ਅੱਜ ਵੀ ਕੁਦਰਤੀ ਮੌਤ ਮਰਨ ਵਾਲਿਆਂ ਨਾਲੋਂ ਧਰਤੀ ’ਤੇ ਜਨਮ ਲੈਣ ਵਾਲਿਆਂ ਦੀ ਗਿਣਤੀ ਵਧੇਰੇ ਹੋਵੇਗੀ। ਸਮੁੱਚੀ ਦੁਨੀਆਂ ਦੇ ਸਾਰੇ ਵਸਨੀਕ 21 ਦਸੰਬਰ 2012 ਨੂੰ ਧਰਤੀ ਦੇ ਨਸ਼ਟ ਹੋਣ ਦੇ ਦਾਅਵੇ ਕਰਨ ਵਾਲਿਆਂ ਨੂੰ ਫਿਟਕਾਰਦੇ ਹੋਏ ਅੱਗੇ ਵੱਲ ਵੱਧਣ ਲਈ ਯਤਨਸ਼ੀਲ ਹੋਣਗੇ। ਅੱਜ ਅੰਧਵਿਸ਼ਵਾਸੀਆਂ ਦੇ ਫੈਲਾਏ ਹੋਏ ਗੁਬਾਰੇ ਵਿੱਚੋਂ ਫੂਕ ਨਿਕਲ ਜਾਵੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>