ਕੀ ਮੁਜਾਹਰੇ ਹਰ ਸੱਮਸਿਆ ਦਾ ਹੱਲ ਨੇ?

ਪਿਛਲੇ ਦਿਨੀਂ ਇਕ ਖ਼ਬਰ ਪੜ੍ਹਣ ਨੂੰ ਮਿਲੀ ਕਿ ਇਕ ਮਾਸੂਮ ਲੜਕੀ ਦੀ ਇੱਜ਼ਤ ਕੁਝ ਲੋਕਾਂ ਵਲੋਂ ਲੁੱਟੀ ਗਈ ਅਤੇ ਉਹ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਜ਼ਿੰਦਗ਼ੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਜੋ ਇਕ ਬਹੁਤ ਹੀ ਸ਼ਰਮਨਾਕ ਗੱਲ ਹੈ। ਕੋਈ ਵੀ ਇਨਸਾਨ ਅਜਿਹਾ ਨਹੀਂ ਜਿਸਨੇ ਇਸਦੀ ਨਿਖੇਧੀ ਨਾ ਕੀਤੀ ਹੋਵੇ। ਇਸਤੋਂ ਬਾਅਦ ਸਰਕਾਰ ਵਲੋਂ ਇਸ ਘਿਨੌਣੀ ਘਟਨਾ ਨੂੰ ਕਰਨ ਵਾਲੇ ਦੋਸ਼ੀਆਂ ਨੂੰ ਫੜ ਵੀ ਲਿਆ।

ਇਸਦੇ ਵਿਰੋਧ ਵਿਚ ਲੋਕਾਂ ਵਲੋਂ ਸਰੇਆਮ ਸੜਕਾਂ ਉਪਰ ਮੁਜਾਹਰੇ ਕੀਤੇ ਜਾ ਰਹੇ ਹਨ ਅਤੇ ਲਗਾਤਾਰ ਜਾਰੀ ਹਨ। ਪਰੰਤੂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਅਜੇ ਵੀ ਰਾਜਨੀਤਕ ਲਾਹਾ ਹਾਸਲ ਕਰਨ ਵਾਲੇ ਲੋਕਾਂ ਵਲੋਂ ਮਾਸੂਮ ਲੋਕਾਂ ਨੂੰ ਅੱਗੇ ਕਰਕੇ ਇਹ ਮੁਜਾਹਰੇ ਕਰਾਉਣ ਦਾ ਕੀ ਮਤਲਬ ਹੈ। ਹਾਂ, ਜੇਕਰ ਸਰਕਾਰ ਵਲੋਂ ਦੋਸ਼ੀਆਂ ਨੂੰ ਨਾ ਫੜਿਆ ਗਿਆ ਹੁੰਦਾ ਤਾਂ ਇਹ ਗੱਲ ਸਮਝ ਆਉਂਦੀ ਸੀ ਕਿ ਲੋਕੀਂ ਦੋਸ਼ੀਆਂ ਨੂੰ ਫੜਣ ਲਈ ਸਰਕਾਰ ਦੇ ਖਿਲਾਫ਼ ਮੁਜਾਹਰੇ ਕਰਦੇ।

ਇਥੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਵੀ ਕਈ ਜਥੇਬੰਦੀਆਂ ਵਲੋਂ ਤਖਤੀਆਂ ਹੱਥ ਵਿਚ ਫੜ੍ਹਕੇ ਪ੍ਰਦਰਸ਼ਨ ਕਰਨ ਦੀਆਂ ਖ਼ਬਰਾਂ ਪੜ੍ਹਣ ਨੂੰ ਮਿਲ ਰਹੀਆਂ ਹਨ। ਕਈ ਜਥੇਬੰਦੀਆਂ ਵਲੋਂ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਲਈ ਵੀ ਮੁਜਾਹਰੇ ਕੀਤੇ ਜਾ ਰਹੇ ਹਨ। ਇਸ ਸਬੰਧੀ ਸਰਕਾਰ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਸਬੰਧੀ ਬਿੱਲ ਸੰਸਦ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਰਕਾਰ ਵਲੋਂ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ। ਸਰਕਾਰ ਵਲੋਂ ਪ੍ਰਦਰਸ਼ਨਕਾਰੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਏ ਜਾਣ ਦੇ ਬਾਵਜੂਦ ਅਜੇ ਵੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਪ੍ਰਦਰਸ਼ਨਾਂ ਦੀ ਆੜ੍ਹ ਵਿਚ ਹਿੰਸਾ ਕਰਵਾਈ ਜਾ ਰਹੀ ਹੈ।

ਇਨ੍ਹਾਂ ਮੁਜਾਹਰਿਆਂ ਕਰਕੇ ਇਕ ਪੁਲਿਸ ਵਾਲਾ ਜਿਸਦਾ ਨਾਮ ਸੁਭਾਸ਼ ਤੋਮਰ ਦੱਸਿਆ ਜਾ ਰਿਹਾ ਹੈ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਕੁਝ ਦਿਨ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਵੇਂਟੀਲੇਟਰ ‘ਤੇ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਇਕ ਲੜਕੀ ਨਾਲ ਬਲਾਤਕਾਰ ਕਰਨ ਤੋਂ ਉਪਰੰਤ ਉਸਨੂੰ ਹਸਪਤਾਲ ਤੱਕ ਪਹੁੰਚਾਣ ਵਾਲਿਆਂ ਦੇ ਖਿਲਾਫ਼ ਫ਼ਾਂਸੀ ਸਜ਼ਾ ਦਿਵਾਉਣ ਲਈ  ਇਹ ਪ੍ਰਦਰਸ਼ਨਕਾਰੀ ਰੌਲਾ ਪਾ ਰਹੇ ਹਨ ਤਾਂ ਫਿਰ ਸੁਭਾਸ਼ ਤੋਮਰ ਨੂੰ ਮਾਰਨ ਵਾਲਿਆਂ ਲਈ ਫ਼ਾਂਸੀ ਦੀ ਮੰਗ ਬਾਰੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕੀ ਖਿਆਲ ਹੈ? ਕੀ ਸੁਭਾਸ਼ ਤੋਮਰ ਕਿਸੇ ਦਾ ਬੇਟਾ, ਭਰਾ, ਪਤੀ ਜਾਂ ਪਿਤਾ ਨਹੀਂ ਸੀ?

ਦਰਅਸਲ ਭਾਰਤ ਵਿਚ ਆਬਾਦੀ ਵਧੇਰੇ ਹੋਣ ਕਰੇ ਹਰੇਕ ਪਾਰਟੀ ਨੂੰ ਪ੍ਰਦਰਸ਼ਨਾਂ ਦੇ ਨਾਮ ‘ਤੇ ਇਕੱਠੇ ਹੋਣ ਵਾਲੇ ਵੇਹਲੜ ਮਿਲ ਹੀ ਜਾਂਦੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦਾ ਸੱਦਾ ਭਾਵੇਂ ਕਾਂਗਰਸ ਦੇ ਦਿੱਤਾ, ਭਾਜਪਾ ਆਦਿ ਕਿਸੇ ਵੀ ਹੋਰ ਪਾਰਟੀ ਨੇ ਦਿੱਤਾ ਹੋਵੇ। ਸੁਣਨ ਵਿਚ ਤਾਂ ਇਹ ਵੀ ਆਇਆ ਹੈ ਕਿ ਇਨ੍ਹਾਂ ਪਾਰਟੀਆਂ ਨੂੰ ਪ੍ਰਦਰਸ਼ਨਕਾਰੀਆਂ ਦੀ ਸਪਲਾਈ ਕਿਰਾਏ ਗੁੰਡਿਆਂ ਦੇ ਰੂਪ ਵਿਚ ਵੀ ਮਿਲ ਜਾਂਦੀ ਹੈ।

ਇਨ੍ਹਾਂ ਮੁਜਾਹਰਿਆਂ ਦੇ ਨਾਮ ‘ਤੇ ਸੱਦਾ ਦੇਣ ਵਾਲੀਆਂ ਪਾਰਟੀਆਂ ਵਲੋਂ ਕਿਤੇ ਭਾਰਤ ਬੰਦ ਦਾ ਸੱਦਾ ਦੇ ਦਿੱਤਾ ਜਾਂਦਾ ਹੈ ਕਿਤੇ ਸੂਬਾ। ਇਨ੍ਹਾਂ ਰਾਜਨੀਤਕ ਪਾਰਟੀਆਂ ਲਈ ਇਹ ਸੱਦਾ ਦੇਣਾ ਬੜੀ ਮਾਮੂਲੀ ਜਿਹੀ ਗੱਲ ਹੈ। ਪਰ ਇਸ ਦੇਸ਼ ਵਿਚ ਕਰੋੜਾਂ ਲੋਕ ਅਜਿਹੇ ਹਨ ਜਿਹੜੇ ਰਿਕਸ਼ਾ, ਰੇਹੜੇ, ਸਬਜ਼ੀਆਂ ਫਲਾਂ ਦੀਆਂ ਰੇਹੜੀਆਂ, ਰੇਲਵੇ ਸਟੇਸਨਾਂ, ਬੱਸ ਅੱਡਿਆਂ ‘ਤੇ ਕੁਲੀ ਦਾ ਕੰਮ ਕਰਕੇ ਆਪਣੀ ਰੋਟੀ ਰੋਜ਼ੀ ਚਲਾਉਣ ਵਾਲੇ ਮਜਦੂਰ ਜਾਂ ਦਿਹਾੜੀਦਾਰ ਆਦਿ ਹਨ। ਦੇਸ਼ ਦੇ ਭਲੇ ਲਈ ਬੰਦ ਕਰਾਕੇ ਆਪਣਾ ਉੱਲੂ ਸਿੱਧਾ ਕਰਨ ਵਾਲੀਆਂ ਇਨ੍ਹਾਂ ਰਾਜਨੀਤਕ ਪਾਰਟੀਆਂ ਨੇ ਆਪਣੇ ਹੀ ਦੇਸ਼ ਦੇ ਇਨ੍ਹਾਂ ਮਜਦੂਰਾਂ ਦੀ ਰੋਟੀ ਰੋਜ਼ੀ ਬਾਰੇ ਕਦੀ ਸੋਚਿਆ ਹੈ? ਗਰੀਬ ਸਕੂਟਰ ਟੈਕਸੀਆਂ ਚਲਾਉਣ ਵਾਲਿਆਂ ਜਾਂ ਗਰੀਬ ਟਰੱਕ ਡਰਾਈਵਰਾਂ ਦੀਆਂ ਗੱਡੀਆਂ ਨੂੰ ਅੱਗਾਂ ਲਾਕੇ ਇਹ ਦੇਸ਼ ਲਈ ਕਿਹੜੀ ਭਲਾਈ ਦਾ ਕੰਮ ਕਰ ਰਹੇ ਹਨ। ਆਮ ਗਰੀਬ ਜਿਨ੍ਹਾਂ ਦੀਆਂ ਦਕਾਨਾਂ ਹੀ ਉਨ੍ਹਾਂ ਦੀ ਕਮਾਈ ਦਾ ਇੱਕੋ ਇਹ ਜ਼ਰੀਆ ਹਨ ਉਨ੍ਹ੍ਹਾਂ ਦੀਆਂ ਦੁਕਾਨਾਂ ਨੂੰ ਸਾੜਣ ਵਾਲੇ ਇਹ ਦੇਸ਼ ਹਿਤੈਸ਼ੀ ਇਹ ਸਭ ਕਿਉਂ ਕਰ ਕਰੇ ਹਨ? ਇਨ੍ਹਾਂ ਸਵਾਲਾਂ ਦਾ ਜਵਾਬ ਇਨ੍ਹਾਂ ਵਿਰੋਧੀ ਪਾਰਟੀਆਂ ਪਾਸ ਬਿਲਕੁਲ ਵੀ ਨਹੀਂ ਜਦੋਂ ਭਾਜਪਾ ਦੀ ਸਰਕਾਰ ਬਣੀ ਕਾਂਗਰਸੀਆਂ ਨੇ ਪ੍ਰਦਰਸ਼ਨ ਕਰਾਕੇ ਅਤੇ ਬਜ਼ਾਰ ਬੰਦ ਕਰਵਾਕੇ ਆਪਣਾ ਉੱਲੂ ਸਿੱਧਾ ਕਰ ਲਿਆ। ਜਦੋਂ ਕਾਂਗਰਸ ਦੀ ਸਰਕਾਰ ਬਣੀ ਭਾਜਪਾਈਆਂ ਅਤੇ ਹੋਰ ਪ੍ਰਦੇਸ਼ਕ ਪਾਰਟੀਆਂ ਨੇ ਆਪਣੇ ਸਿਆਸੀ ਤਵੇ ‘ਤੇ ਰੋਟੀਆਂ ਸੇਕ ਲਈਆਂ।

ਭਾਰਤ ਵਿਚ ਪ੍ਰਦਰਸ਼ਨਾਂ ਅਤੇ ਮੁਜਾਹਰਿਆਂ ਦੇ ਵਧਦੇ ਚਲਣ ਨੂੰ ਰੋਕਣ ਲਈ ਵੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਉਹ ਕਦਮ ਅਜਿਹੇ ਹੋਣ ਕਿ ਕਿਸੇ ਵੀ ਪਾਰਟੀ ਦਾ ਵਰਕਰ ਜਾਂ ਲੀਡਰ ਸੜਕਾਂ ‘ਤੇ ਉਤਰ ਕੇ ਆਮ ਲੋਕਾਂ ਨੂੰ ਤੰਗ ਨਾ ਕਰ ਸਕੇ। ਜਿਸ ਨਾਲ ਕਿਸੇ ਐਂਬੂਲੈਂਸ  ਨੂੰ ਰਾਹ ਨਾ ਮਿਲਣ ਕਰਕੇ ਕਿਸੇ ਮਰੀਜ਼ ਦੀ ਮੌਤ ਨਾ ਹੋਵੇ, ਕਿਸੇ ਦਿਹਾੜੀਦਾਰ ਦੀ ਦਿਹਾੜੀ ਨਾ ਮਰੇ ਜਾਂ ਕਿਸੇ ਮਾਸੂਮ ਆਦਮੀ ਦੀ ਬੱਸ, ਕਾਰ, ਦੁਕਾਨ, ਸਕੂਟਰ ਆਦਿ ਨੂੰ ਅੱਗ ਦੀ ਭੇਟ ਨਾ ਚੜ੍ਹਣਾ ਪਵੇ।

ਚਾਹੀਦਾ ਤਾਂ ਇਹ ਹੈ ਕਿ ਜਿਹੜੀ ਪਾਰਟੀ ਜਾਂ ਜਥੇਬੰਦੀ ਵਲੋਂ ਅਜਿਹਾ ਗ਼ੈਰ-ਜ਼ਿੰਮੇਵਾਰਾਨਾ ਬੰਦ ਦਾ ਐਲਾਨ ਕੀਤਾ ਜਾਂਦਾ ਹੈ ਉਹ ਸਾੜ ਫੂਕ ਜਾਂ ਭੰਨ ਤੋੜ ਲਏ ਹੋਏ ਸਾਰੇ ਨੁਕਸਾਨ ਦੀ ਭਰਪਾਈ ਕਰਨ ਲਈ ਜ਼ਿੰਮੇਵਾਰ ਹੋਵੇ। ਜੇਕਰ ਕਿਸੇ ਪ੍ਰਦਰਸ਼ਨਕਾਰੀ, ਕਿਸੇ ਪੁਲਿਸ ਵਾਲੇ, ਕਿਸੇ ਰਾਹਗੀਰ ਆਦਿ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਬੰਦ ਦਾ ਸੱਦਾ ਦੇਣ ਵਾਲੀ ਪਾਰਟੀ ਦੇ ਜ਼ਿੰਮੇਵਾਰ ਲੀਡਰਾਂ ਉਪਰ ਕਤਲ ਦਾ ਮੁਕਦਮਾ ਚਲਾਇਆ ਜਾਵੇ। ਇਸਦੇ ਨਾਲ ਹੀ ਉਸ ਪਾਰਟੀ ਵਲੋਂ ਮਰਨ ਵਾਲਿਆਂ ਜਾਂ ਜ਼ਖ਼ਮੀ ਹੋਏ ਲੋਕਾਂ ਦੇ ਪ੍ਰਵਾਰ ਵਾਲਿਆਂ, ਬੰਦ ਦੌਰਾਨ ਬੰਦ ਹੋਈਆਂ ਦੁਕਾਨਾਂ ਜਾਂ ਆਮ ਦਿਹਾੜੀਦਾਰਾਂ ਦੀ ਕਮਾਈ ਵਿਚ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਅਜਿਹੀਆਂ ਪਾਰਟੀਆਂ ਪਾਸੋਂ ਲਿਆ ਜਾਵੇ ਅਤੇ ਮੁਆਵਜ਼ਾ ਨਾ ਦੇਣ ਦੀ ਹਾਲਤ ਵਿਚ ਪਾਰਟੀ ਜਾਂ ਜਥੇਬੰਦੀ ਨੂੰ ਬਰਖਾਸਤ ਕਰ ਦਿੱਤਾ ਜਾਵੇ। ਜੇਕਰ ਅਜਿਹੇ ਕੜਕ ਜਾਂ ਸਖ਼ਤ ਕਾਨੂੰਨ ਬਣ ਜਾਂਦੇ ਹਨ ਤਾਂ ਮੈਂ ਨਹੀਂ ਸਮਝਦਾ ਕੋਈ ਵੀ ਪਾਰਟੀ ਅਜਿਹਾ ਸੱਦਾ ਦੇਵੇਗੀ।

ਇਥੇ ਬੰਦ ਦਾ ਸੱਦਾ ਦੇਣ ਵਾਲੀ ਪਾਰਟੀ ਇਹ ਵੀ ਕਹਿ ਸਕਦੀ ਹੈ ਕਿ ਸਾਡਾ ਪ੍ਰਦਰਸ਼ਨ ਤਾਂ ਸ਼ਾਂਤਮਈ ਢੰਗ ਨਾਲ ਚਲ ਰਿਹਾ ਸੀ ਪਰ ਇਸਨੂੰ ਹਿੰਸਾ ਦਾ ਰੂਪ ਸਾਨੂੰ ਬਦਨਾਮ ਕਰਨ ਲਈ ਕਿਸੇ ਹੋਰ ਪਾਰਟੀ ਵਲੋਂ ਦਿੱਤਾ ਗਿਆ। ਇਸ ਸਬੰਧ ਵਿਚ ਵੀ ਉਨ੍ਹਾਂ ਪਾਸੋਂ ਹੀ ਪੁਛਿਆ ਜਾਵੇ ਕਿ ਤੁਹਾਨੂੰ ਬੰਦ ਕਰਨ ਲਈ ਕਿਹਨੇ ਕਿਹਾ ਸੀ? ਜੇਕਰ ਕਿਸੇ ਪਾਰਟੀ ਵਲੋਂ ਕਿਸੇ ਪ੍ਰਕਾਰ ਦਾ ਵਿਰੋਧ ਮੁਜਾਹਰਾ ਕਰਨਾ ਹੈ ਤਾਂ ਉਹ ਕੋਈ ਵੱਡਾ ਹਾਲ, ਗਰਾਊਂਡ ਅਤੇ ਸਟੇਡੀਅਮ ਕਿਰਾਏ ‘ਤੇ ਲੈ ਕੇ ਆਪਣਾ ਚਾਅ ਲਾਹ ਲੈਣ। ਜੇਕਰ ਉਨ੍ਹਾਂ ਨੂੰ ਪੁਲਿਸ ਦੀ ਲੋੜ ਪੈਂਦੀ ਹੈ ਤਾਂ ਸਰਕਾਰ ਉਨ੍ਹਾਂ ਨੂੰ ਪੁਲਿਸ ਮੁਹਈਆ ਕਰਵਾਏ ਲੇਕਨ ਉਸ ਮੁਜਾਹਰੇ ਦੀ ਦੇਖਭਾਲ ਕਰਨ ਲਈ ਗਈ ਪੁਲਿਸ ਦਾ ਸਾਰਾ ਖਰਚਾ ਮੁਜਾਹਰਾ ਕਰਾਉਣ ਵਾਲੀ ਪਾਰਟੀ ਦੇ ਸਿਰ ਪਾਇਆ ਜਾਵੇ।

ਮੇਰੀ ਤਾਂ ਸੋਚ ਇਹੀ ਹੈ ਕਿ ਜੇਕਰ ਕਿਸੇ ਥਾਂ, ਸ਼ਹਿਰ, ਸੂਬੇ, ਜਾਂ ਪੂਰੇ ਦੇਸ਼ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਜਾਂ ਗੁਜਰਾਤ ਵਿਚਲੇ ਮੁਸਲਮਾਨ ਵਿਰੋਧੀ ਦੰਗਿਆਂ ਵਾਂਗ ਫਿਰਕੂ ਹਿੰਸਾ ਵਾਪਰਦੀ ਹੈ ਤਾਂ ਕੁਝ ਮਹੀਨਿਆਂ ਦੇ ਵਿਚ ਵਿਚ ਉਸ ਵੇਲੇ ਦੀ ਸਰਕਾਰ ਦੇ ਲੀਡਰ ਉਪਰ ਇਨ੍ਹਾਂ ਦੰਗਿਆਂ ਨੂੰ ਰੋਕਣ ਵਿਚ ਨਾਕਾਮ ਰਹਿਣ ਕਰਕੇ ਕਤਲ ਦਾ ਮੁਕਦਮਾ ਚਲਾਇਆ ਜਾਵੇ। ਜਦੋਂ ਸਾਡੇ ਦੇਸ਼ ਦੇ ਲੀਡਰਾਂ ਨੂੰ ਪਾਕਿਸਤਾਨੀ ਬਾਰਡਰ ਉਪਰ ਹਿਲਜੁੱਲ ਦੀ ਮਾੜੀ ਜਿਹੀ ਵੀ ਸੂਹ ਮਿਲਦੀ ਹੈ ਤਾਂ ਫੌਜ ਜਹਾਜ਼ਾਂ ਰਾਹੀਂ ਕੁਝ ਘੰਟਿਆਂ ਵਿਚ ਹੀ ਸਰਹੱਦ ਦੀ ਰਾਖੀ ਲਈ ਪਹੁੰਚ ਜਾਂਦੀ ਹੈ ਪਰ ਇਸਦੇ ਉਲਟ ਜਦੋਂ ਭਾਰਤ ਵਿਚ ਸਿੱਖ ਵਿਰੋਧੀ ਜਾਂ ਮੁਸਲਮਾਨ ਵਿਰੋਧੀ ਦੰਗੇ ਹੁੰਦੇ ਹਨ ਤਾਂ ਫੌਜ ਪੰਜਵੇਂ ਦਿਨ ਪਹੁੰਚਦੀ ਹੈ। ਭਾਵੇਂ ਦਿੱਲੀ ਦੇ ਲਾਲ ਕਿਲ੍ਹੇ, ਦਿੱਲੀ ਕੈਂਟ, ਧੌਲਾ ਕੂੰਆਂ ਨੇੜੇ ਦਿੱਲੀ ਛਾਉਣੀ ਵਿਚ ਫੌਜਾਂ ਦੀਆਂ ਟੁਕੜੀਆਂ ਮੌਜੂਦ ਹੁੰਦੀਆਂ ਹਨ।

ਭਾਰਤ ਜਿਹੜਾ ਕਿ ਗਰੀਬੀ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਦਾ ਹੋਇਆ ਹੋਰ ਅਤੇ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਸਾਡੇ ਦੇਸ਼ ਦੇ ਹਿਤੈਸ਼ੀ ਵਿਖਾਉਣ ਵਾਲੇ ਇਹ ਲੀਡਰ ਬੰਦ ਅਤੇ ਪ੍ਰਦਰਸ਼ਨਾਂ ਰਾਹੀਂ ਕਰੋੜਾਂ ਰੁਪਿਆਂ ਦਾ ਨੁਕਸਾਨ ਕਰੀ ਜਾ ਰਹੇ ਹਨ। ਹੁਣ ਉਨ੍ਹਾਂ ਦੀਆਂ ਅਜਿਹੀਆਂ ਭੈੜੀਆਂ ਸੋਚਾਂ ਉਪਰ ਨੱਥ ਕੱਸਣ ਦੀ ਲੋੜ ਹੈ।

ਗੱਲ ਇਥੇ ਵੀ ਉਹੀ ਆਉਂਦੀ ਹੈ “ਕੌਣ ਕਹੇ ਰਾਣੀਏ ਅੱਗਾ ਢੱਕ?” ਜੇਕਰ ਇਨ੍ਹਾਂ ਲੀਡਰਾਂ ਦੀਆਂ ਤਨਖਾਹਾਂ ਵਧਾਉਣ ਦੀ ਗੱਲ ਹੁੰਦੀ ਹੈ ਤਾਂ ਵਿਧਾਨ ਸਭਾ, ਰਾਜਸਭਾ ਅਤੇ ਲੋਕਸਭਾ ਦੇ ਸਾਰੇ ਸਦਨ ਇਹ ਆਵਾਜ਼ ਵਿਚ ਭਾਰੀ ਬਹੁਮੱਤ ਨਾਲ ਉਸਨੂੰ ਪ੍ਰਵਾਨਗੀ ਦੇ ਦਿੰਦੇ ਹਨ। ਲੇਕਨ ਦੇਸ਼ ਹਿੱਤ ਲਈ ਜਦੋਂ ਕੋਈ ਕਾਨੂੰਨ ਬਨਾਉਣ ਦੀ ਵਾਰੀ ਆਉਂਦੀ ਹੈ ਤਾਂ ਇਹ ਦੁਫਾੜ ਹੋ ਜਾਂਦੇ ਹਨ ਅਤੇ ਵਿਧਾਨਸਭਾ, ਲੋਕਸਭਾ ਅਤੇ ਰਾਜਸਭਾ ਦੀ ਕਾਰਵਾਈ ਵਿਚ ਵਿਘਨ ਪਾਕੇ ਇਨ੍ਹਾਂ ਕਾਰਵਾਈਆਂ ਉਪਰ ਆਉਣ ਵਾਲੇ ਕਰੋੜਾਂ ਰੁਪਏ ਆਪਣੇ ਸੁਆਰਥ ਲਈ ਬਰਬਾਦ ਕਰਨ ਦਿੰਦੇ ਹਨ। ਅਜਿਹੇ ਲੋਕਾਂ ਵਲੋਂ ਇਨ੍ਹਾਂ ਦੀਆਂ ਪਾਰਟੀਆਂ ਵਲੋਂ ਬੰਦ ਦੇ ਸੱਦੇ ਦੇਣ ਦੇ ਹੱਕ ‘ਤੇ ਨਕੇਲ ਕੱਸਣ ਲਈ ਕਿਸੇ ਪ੍ਰਕਾਰ ਦੇ ਬਿੱਲ ਲਿਆਉਣ ਦੀ ਗੱਲ ਕਰਨੀ ਹਾਸੋਹੀਣੀ ਜਿਹੀ ਲਗਦੀ ਹੈ।

ਵੇਖੋ ਬੰਦਾਂ, ਪ੍ਰਦਰਸ਼ਨਾਂ ਅਤੇ ਮੁਜਾਹਰਿਆਂ ਦੇ ਨਾਮ ਹੇਠ ਕਦੋਂ ਤੱਕ ਭਾਰਤ ਦੇ ਇਨ੍ਹਾਂ ਖੁਦਗ਼ਰਜ਼ ਲੀਡਰਾਂ ਵਲੋਂ ਦੇਸ਼ ਦਾ ਨੁਕਸਾਨ ਹੁੰਦਾ ਰਹੇਗਾ ਅਤੇ ਆਮ ਆਦਮੀ ਇਵੇਂ ਮਰਦੇ ਰਹਿਣਗੇ?

 

This entry was posted in ਸੰਪਾਦਕੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>