ਮਲੇਰਕੋਟਲੇ ਦੇ ਨਵਾਬ ਵੱਲੋਂ ਨਿੱਕੇ ਸਾਹਿਬਜ਼ਾਦਿਆਂ ਵਾਸਤੇ ‘ਹਾਅ’ ਦਾ ਨਾਅਰਾ ਮਾਰਨ ਦੀ ਅਸਲ ਕਹਾਣੀ

ਮਾਤਾ ਗੁਜਰੀ ਅਤੇ ਨਿੱਕੇ ਦੋਹਾਂ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ) ਨੂੰ 8 ਦਸੰਬਰ 1705 ਦੇ ਦਿਨ ਸਹੇੜੀ ਵਿਚੋਂ ਗ੍ਰਿਫ਼ਤਾਰ ਕਰ ਕੇ 9 ਦਸੰਬਰ ਦੀ ਸ਼ਾਮ ਨੂੰ ਸਰਹੰਦ ਪਹੁੰਚਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਅੱਗੇ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਉਨ੍ਹਾਂ ਨੂੰ ਕਿਲ੍ਹੇ ਦੇ ਬੁਰਜ ਵਿਚ ਕੈਦ ਕਰ ਕੇ ਅਗਲੇ ਦਿਨ ਦਰਬਾਰ ਵਿਚ ਹਾਜ਼ਰ ਕਰਨ ਦਾ ਹੁਕਮ ਦਿੱਤਾ। ਇਹ ਬੁਰਜ ਸਾਰੇ ਪਾਸਿਓਂ ਖੁਲ੍ਹਾ ਸੀ ਤੇ ਦਸੰਬਰ ਦੀਆਂ ਢੰਡੀਆਂ ਰਾਤਾਂ ਨੂੰ ਬਿਨਾਂ ਕਿਸੇ ਕਪੜੇ ਦੇ ਉਨ੍ਹਾਂ ਨੂੰ ਭੁੱਖੇ ਭਾਣੇ ਉਥੇ ਰੱਖਿਆ ਗਿਆ (ਹੁਣ ਉਹ ਕਿਲ੍ਹਾ ਤੇ ਬੁਰਜ ਮੌਜੂਦ ਨਹੀਂ ਹਨ; ਇਸ ਕਿਲ੍ਹੇ ਦੀ ਇਕ-ਇਕ ਇੱਟ ਨੂੰ ਸਿੱਖ ਫ਼ੌਜਾਂ ਨੇ 1765 ਤੋਂ ਮਗਰੋਂ, ਨਫ਼ਰਤ ਦੀ ਨਿਸ਼ਾਨੀ ਸਮਝ ਕੇ, ਖ਼ਤਮ ਕਰ ਦਿੱਤਾ ਸੀ)। ਅਗਲੇ ਦਿਨ ਉਨ੍ਹਾਂ ਨੂੰ ਫੇਰ ਸੂਬੇਦਾਰ ਕੋਲ ਪੇਸ਼ ਕੀਤਾ ਗਿਆ। ਵਜ਼ੀਰ ਖ਼ਾਨ ਨੇ ਉਨ੍ਹਾਂ ਨੂੰ ਕਾਜ਼ੀ ਕੋਲੋਂ ਮੁਸਲਮਾਨ ਬਣ ਜਾਣ ਦੀ ਸੂਰਤ ਵਿਚ ਰਿਹਾ ਕਰਨ ਦੀ ਪੇਸ਼ਕਸ਼ ਕਰਵਾਈ। ਪਰ ਉਨ੍ਹਾਂ ਵੱਲੋਂ ਨਾਂਹ ਕਰਨ ‘ਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ। ਆਮ ਤੌਰ ’ਤੇ ਇਹ ਪਰਚਾਰ ਕੀਤਾ ਜਾਂਦਾ ਰਿਹਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਿੱਕੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਨੇ ਕਤਲ ਕਰਨ ਵਾਸਤੇ ਹੁਕਮ ਦਿੱਤਾ ਤਾਂ ਮਲੇਰਕੋਟਲੇ ਦੇ ਪਠਾਣ ਹਾਕਮ ਸ਼ੇਰ ਮੁਹੰਮਦ ਖ਼ਾਨ ਨੇ ਅਖੌਤੀ “ਹਾਅ” ਦਾ ਨਾਅਰਾ ਮਾਰਿਆ ਸੀ। ਦਰਅਸਲ ਉਸ ਨੇ ਕੋਈ “ਹਾਅ” ਦਾ ਨਾਅਰਾ ਨਹੀਂ ਸੀ ਮਾਰਿਆ ਸੀ ਬਲਕਿ ਜਦ ਵਜ਼ੀਰ ਖ਼ਾਨ ਨੇ ਉਸ ਨੂੰ ਕਿਹਾ ਕਿ “ਤੇਰੇ ਭਰਾ ਨੂੰ ਗੁਰੂ ਗਬਿੰਦ ਸਿੰਘ ਨੇ ਚਮਕੌਰ ਦੀ ਲੜਾਈ ਵਿਚ ਮਾਰਿਆ ਸੀ; ਹੁਣ ਇਹ ਤੇਰੇ ਹਵਾਲੇ ਕਰ ਦੇਂਦਾ ਹਾਂ ਤੂੰ ਇਨ੍ਹਾਂ ਨੂੰ ਮਾਰ ਕੇ ਆਪਣੇ ਭਰਾ ਦੇ ਮਾਰਨ ਦਾ ਬਦਲਾ ਲੈ ਲੈ”; ਇਸ ‘ਤੇ ਸ਼ੇਰ ਮੁਹੰਮਦ ਖ਼ਾਨ ਨੇ ਸਿਰਫ਼ ਏਨਾ ਹੀ ਕਿਹਾ ਸੀ: “ਮੈਂ ਆਪਣਾ ਬਦਲਾ ਦੁਸ਼ਮਣ ਦੇ ਮਾਸੂਮ ਬੱਚੇ ਤੋਂ ਨਹੀਂ ਬਲਕਿ ਉਸ (ਗੁਰੂ) ਤੋਂ ਹੀ ਲਵਾਂਗਾ।” ਸ਼ੇਰ ਮੁਹੰਮਦ ਖ਼ਾਨ ਦੀ ਇਹ ਗੱਲ ਸੁਣ ਕੇ ਵਜ਼ੀਰ ਖ਼ਾਨ ਨੂੰ ਵੀ ਸ਼ਰਮ ਆਈ। ਉਸ ਨੂੰ ਵੀ ਅਹਿਸਾਸ ਹੋਇਆ ਕਿ ਗੁਰੂ ਦੇ ਮਾਸੂਮ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਤੇ ਉਸ ਨੇ ਉਨ੍ਹਾਂ ਨੂੰ ਛੱਡ ਦੇਣ ਦਾ ਹੁਕਮ ਦੇ ਦਿੱਤਾ। ਇਸ ਸਮੇਂ ਵਜ਼ੀਰ ਖ਼ਾਨ ਦਾ ਦੀਵਾਨ (ਵਜ਼ੀਰ) ਸੁੱਚਾ ਨੰਦ ਵੀ ਹਾਜ਼ਿਰ ਸੀ। ਉਸ ਨੇ ਵਜ਼ੀਰ ਖ਼ਾਨ ਨੂੰ ਬੱਚਿਆਂ ਨੂੰ ਛਡ ਦੇਣ ਤੋਂ ਵਰਜਿਆ ਤੇ ਕਿਹਾ ਕਿ ‘ਇਹ ਸੱਪ ਦੇ ਬੱਚੇ ਹਨ ਤੇ ਸੱਪ ਦੇ ਬੱਚੇ ਵੱਡੇ ਹੋ ਕੇ ਵੀ ਸੱਪ ਹੀ ਬਣਨਗੇ; ਇਨ੍ਹਾਂ ਨੂੰ ਖ਼ਤਮ ਕਰਨਾ ਹੀ ਬੇਹਤਰ ਹੈ।’ ਇਸ ‘ਤੇ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਦੇਣ ਦਾ ਹੁਕਮ ਦਿੱਤਾ ਸੀ।

12 ਦਸੰਬਰ 19705 ਦੇ ਦਿਨ ਦੋਹਾਂ ਬੱਚਿਆਂ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ। ਪਰ ਛੇਤੀ ਹੀ ਦੀਵਰ ਢੱਠ ਗਈ। ਉਸ ਵੇਲੇ ਤਕ ਵਜ਼ੀਰ ਖ਼ਾਨ ਉਥੋਂ ਜਾ ਚੁਕਾ ਸੀ। ਜਦ ਉਸ ਨੂੰ ਇਸ ਦੀ ਖ਼ਬਰ ਦਿੱਤੀ ਗਈ ਤਾਂ ਉਸ ਨੇ ਇਨ੍ਹਾਂ ਦੋਹਾਂ ਦੀਆਂ ਗਰਦਨਾਂ ਕੱਟ ਦੇਣ ਦਾ ਹੁਕਮ ਦੇ ਦਿੱਤਾ। ਇਸੇ ਦਿਨ ਹੀ ਮਾਤਾ ਗੁਜਰੀ ਵੀ ਚੜ੍ਹਾਈ ਕਰ ਗਏ। ਇਕ ਸੋਮਾ ਲਿਖਦਾ ਹੈ ਕਿ ਬੱਚਿਆਂ ਦੀ ਮੌਤ ਦੀ ਖ਼ਬਰ ਸੁਣ ਕੇ ਮਾਤਾ ਜੀ ਨੇ ਹੀਰਾ ਚੱਟ ਲਿਆ ਤੇ ਇਕ ਹੋਰ ਸੋਮਾ ਉਨ੍ਹਾਂ ਵਲੋਂ ਬੁਰਜ ਤੋਂ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰਨ ਬਾਰੇ ਵੀ ਲਿਖਦਾ ਹੈ। ਇਹ ਦੋਵੇਂ ਗੱਲਾਂ ਗ਼ਲਤ ਜਾਪਦੀਆਂ ਹਨ ਕਿਉਂ ਕਿ ਜੇ ਮਾਤਾ ਜੀ ਏਨੇ ਕਮਜ਼ੋਰ ਦਿਲ ਵਾਲੇ ਤੇ ਰੱਬ ਦਾ ਭਾਣਾ ਨਾ ਮੰਨਣ ਵਾਲੇ ਹੁੰਦੇ ਤਾਂ ਆਪਣੇ ਪਤੀ ਦੀ ਸ਼ਹੀਦੀ ਮਗਰੋਂ ਹੀ ਕੋਈ ਅਜਿਹਾ ਕਦਮ ਚੁਕ ਲੈਂਦੇ। ਅਜਿਹਾ ਜਾਪਦਾ ਹੈ ਕਿ ਮਾਤਾ ਗੁਜਰੀ ਜੋ ਪਿਛਲੇ ਚਾਰ ਦਿਨ ਤੋਂ ਠੰਡੇ ਬੁਰਜ ਵਿਚ ਕੈਦ ਸਨ ਤੇ ਸਰਦੀਆਂ ਦੀ ਯਖ ਠੰਡੀ ਹਵਾ ਵਿਚ ਬਿਨਾ ਕਿਸੇ ਕਪੜੇ ਤੋਂ ਰਹਿ ਰਹੇ ਹੋਣ ਅਤੇ ਭੁੱਖਣ ਭਾਣੇ ਹੋਣ ਕਰ ਕੇ ਬੁਰੀ ਤਰ੍ਹਾਂ ਨਿਢਾਲ ਹੋ ਚੁਕੇ ਸਨ, ਨੂੰ ਹਕਮਾਂ ਨੇ ਬੁਰਜ ਤੋਂ ਹੇਠਾਂ ਸੁਟ ਦਿੱਤਾ ਹੋਵੇਗਾ।

ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਅਸਲ ਕਹਾਣੀ:

ਸ਼ੇਰ ਮੁਹੰਮਦ ਖ਼ਾਨ ਸਿੱਖਾਂ ਦਾ ਕੋਈ ਹਮਦਰਦ ਨਹੀਂ ਸੀ ਬਲਕਿ ਕੱਟੜ ਦੁਸ਼ਮਣ ਸੀ। ਉਸ ਨੇ ਅਤੇ ਉਸ ਦੇ ਭਰਾਵਾਂ, ਪੁੱਤਰਾਂ ਤੇ ਭਤੀਜਿਆਂ ਨੇ ਵਾਰ-ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਸਿੱਖਾਂ ’ਤੇ ਹਮਲੇ ਕੀਤੇ ਸਨ। 12 ਅਕੂਤਬਰ 1700 ਨੂੰ  ਨਿਰਮੋਹਗੜ੍ਹ, 7-8 ਦਸੰਬਰ 1705 ਨੂੰ ਚਮਕੌਰ, 9-10 ਮਈ 1710 ਦੇ ਦਿਨ ਮਝੈਲ ਸਿੰਘਾਂ ’ਤੇ ਬਹਿਲੋਲਪੁਰ ਵਿਚ ਅਤੇ 12 ਮਈ 1710 ਦੇ ਦਿਨ ਚੱਪੜ-ਚਿੜੀ ਵਿਚ ਵੀ ਜ਼ਬਰਦਸਤ ਟੱਕਰ ਲਈ ਸੀ ਅਤੇ  ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹਰ ਹੁਕਮ ’ਤੇ ਫੁਲ ਚੜ੍ਹਾਉਂਦਿਆਂ ਸਿੱਖਾਂ ’ਤੇ ਅਕਾਰਣ ਹੀ ਹਮਲੇ ਕੀਤੇ ਸਨ। ਇਨ੍ਹਾਂ ਲੜਾਈਆਂ ਵਿਚ ਉਹ ਆਪ, ਉਸ  ਦੇ ਤਿੰਨ ਭਰਾ ਅਤੇ ਦੋ ਭਤੀਜੇ ਮਾਰੇ ਗਏ ਸਨ। ਇਸ ਕਰ ਕੇ ਸਿਖਾਂ ਨੂੰ ਮਲੇਰਕੋਟਲਾ ਦੇ ਪਠਾਣ ਹਾਕਮ ਵੀ ਬਹੁਤ ਚੁਭਦੇ ਸਨ ਅਤੇ ਉਹ ਉਸ ਨੂੰ ਵੀ ਸਜ਼ਾ ਦੇਣਾ ਚਾਹੁੰਦੇ ਸਨ।  ਜਿੱਤਣ ਤੋਂ ਬਾਅਦ ਸਿੱਖ ਫ਼ੌਜਾਂ ਨੇ ਮਲੇਰਕੋਟਲਾ ਵਲ ਕੂਚ ਕਰ ਦਿਤਾ। ਜਦੋਂ ਮਲੇਰੀਆਂ ਨੂੰ ਪਤਾ ਲਗਾ ਕਿ ਸਿੱਖ ਫ਼ੌਜਾਂ ਮਲੇਰਕੋਟਲਾ ਵਲ ਆ ਰਹੀਆਂ ਹਨ ਤਾਂ ਉੱਥੋਂ ਦਾ ਇਕ ਸ਼ਾਹੂਕਾਰ ਕਿਸ਼ਨ ਚੰਦ ਬਾਬਾ ਬੰਦਾ ਸਿੰਘ ਨੂੰ ਮਿਲਣ ਪੁੱਜਾ। ਕਿਸ਼ਨ ਚੰਦ ਬੰਦਾ ਸਿੰਘ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਸ ਨੇ ਬੰਦਾ ਸਿੰਘ ਨੂੰ ਅਰਜ਼ ਕੀਤੀ ਕਿ ਮਲੇਰਕੋਟਲਾ ਨੂੰ ਬਖ਼ਸ਼ ਦਿਤਾ ਜਾਵੇ। ਉਸ ਨੇ ਸ਼ਹਿਰੀਆਂ ਦੀ ਤਰਫ਼ੋਂ ਚੋਖੀ ਵੱਡੀ ਰਕਮ ਬੰਦਾ ਸਿੰਘ ਨੂੰ ਪੇਸ਼ ਕਰ ਕੇ ਸ਼ਹਿਰ ਨੂੰ ਲੁੱਟੇ ਜਾਣ ਤੋਂ ਬਚਾ ਲਿਆ। ਜੇ ਕਰ ਕਿਸ਼ਨ ਚੰਦ ਬੰਦਾ ਸਿੰਘ ਅੱਗੇ ਫ਼ਰਿਆਦੀ ਨਾ ਹੁੰਦਾ ਤਾਂ ਮਲੇਰਕੋਟਲਾ ਵੀ ਤਬਾਹ ਹੋ ਜਾਣਾ ਸੀ। ਇਸ ਤੋਂ ਮਗਰੋਂ ਵੀ ਮਲੇਰਕੋਟਲੇ ਦੇ ਹਾਕਮਾਂ ਨੇ ਅਹਿਮਦ ਸ਼ਾਹ ਦੁਰਾਨੀ ਨਾਲ ਰਲ ਕੇ 1762 ਦੇ ਘੱਲੂਘਾਰੇ ਤਕ ਸਿੱਖਾਂ ਦੇ ਖ਼ਿਲਾਫ਼ ਹਰ ਮੁਹਿੰਮ ਵਿਚ ਹਿੱਸਾ ਲਿਆ ਸੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>