ਗੁ: ਮਾਤਾ ਸੁੰਦਰੀ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੋਰੀ ਹੋਏ ਸ਼ਸਤਰਾਂ ਸਬੰਧੀ ਕੀਤਾ ਤਿੰਨ ਮੈਂਬਰੀ ਕਮੇਟੀ ਦਾ ਗਠਨ

Gurdwara Mata Sundari Ji, New Delhi

ਨਵੀਂ ਦਿੱਲੀ : ਗੁਰਦੁਆਰਾ ਮਾਤਾ ਸੁੰਦਰੀ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੋਰੀ ਹੋਏ ਸ਼ਸਤਰਾਂ ਦੇ ਸੰਬਧ ਵਿਚ ਭਾਵੇਂ ਪੁਲਸ ਵਲੋਂ ਕੀਤੀ ਜਾ ਰਹੀ ਜਾਂਚ ਪੜਤਾਲ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੂਰਾ ਸਹਿਯੋਗ ਦਿਤਾ ਜਾ ਰਿਹਾ ਹੈ, ਫਿਰ ਵੀ ਇਸ ਜਾਂਚ ਪੜਤਾਲ ਵਿਚ ਤੇਜ਼ੀ ਲਿਆਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਕੀਤੀ ਗਈ ਮੰਗ ਨੂੰ ਮੁਖ ਰਖਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਬਰਾਂ, ਜ. ਗੁਰਚਰਨ ਸਿੰਘ ਗਤਕਾ ਮਾਸਟਰ, ਸ. ਮਨਜੀਤ ਸਿੰਘ ਰਿਖੀ ਅਤੇ ਸ. ਤਰਜੀਤ ਸਿੰਘ ਨਾਗੀ ਅਧਾਰਤ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿਤਾ ਹੈ।

ਇਹ ਜਾਣਕਾਰੀ ਦਿੰਦਿਆਂ ਸ. ਤਰਜੀਤ ਸਿੰਘ ਨਾਗੀ, ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਗੁਰਦੁਆਰਾ ਮਾਤਾ ਸੁੰਦਰੀ ਤੋਂ 1981 ਵਿਚ ਚੋਰੀ ਹੋਏ ਇਤਿਹਾਸਕ ਸ਼ਸਤਰਾਂ ਬਾਰੇ ਚਲ ਰਹੀ ਚਰਚਾ ਸੰਬਧੀ ਵੇਰਵੇ ਦਿੰਦਿਆਂ ਦਸਿਆ ਕਿ ਇਹ ਸ਼ਸਤਰ 4 ਮਈ 1981 ਨੂੰ ਉਸ ਸਮੇਂ ਚੋਰੀ ਹੋਏ ਸਨ, ਜਦੋਂ ਜ. ਸੰਤੋਖ    ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਇਸ ਚੋਰੀ ਸੰਬਧੀ ਥਾਣਾ ਦਰਿਆ ਗੰਜ ਵਿਖੇ ਐਫ. ਆਈ. ਆਰ. ਦਰਜ ਕਰਵਾਈ ਗਈ ਸੀ, ਜਿਸ ਅਧੀਨ ਤੀਸ ਹਜ਼ਾਰੀ ਕੋਰਟ ਵਿਚ ਮੁਕਦਮਾ ਚਲ ਰਿਹਾ ਹੈ। ਉਨ੍ਹਾਂ ਹੋਰ ਦਸਿਆ ਕਿ ਪੁਲਿਸ ਵਲੋਂ ਇਨ੍ਹਾਂ ਸ਼ਸਤਰਾਂ ਦੀ ਭਾਲ ਜਾਰੀ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਸੰਬਧ ਵਿਚ ਪੁਲਿਸ ਨੂੰ ਪੁਰਣ ਸਹਿਯੋਗ ਦਿਤੇ ਜਾਣ ਦੇ ਨਾਲ ਹੀ ਆਪਣੇ ਪਧੱਰ ਤੇ ਵੀ ਪੜਤਾਲ ਕਰਵਾਈ ਜਾ ਰਹੀ ਹੈ। ਇਨ੍ਹਾਂ ਸ਼ਸਤਰਾਂ ਦੀ ਇਤਿਹਾਸਕਤਾ ਬਾਰੇ ਜਾਣਕਾਰੀ ਦਿੰਦਿਆਂ ਸ. ਨਾਗੀ ਨੇ ਦਸਿਆ ਕਿ ਇਹ ਸ਼ਸਤਰ ਨਾਂਦੇੜ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਦੇ ਕੇ ਦਿੱਲੀ ਭੇਜਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਆਖਿਆ ਸੀ ਕਿ ਜਦੋਂ ਤੁਸੀ ਪੰਜਾਂ ਬਾਣੀਆਂ ਦਾ ਪਾਠ ਕਰੋਗੇ  ਅਤੇ ਇਨ੍ਹਾਂ ਸ਼ਸਤਰਾਂ ਦੇ ਦਰਸ਼ਨ ਕਰੋਗੇ ਤਾਂ ਅਸੀਂ ਤੁਹਾਨੂੰ ਸਾਕਾਰ ਰੂਪ ਵਿਚ ਦਰਸ਼ਨ ਦਿਆਂਗੇ।
ਇਹ ਪੰਜ ਸ਼ਸਤਰ, ਇਕ ਤਲਵਾਰ, ਇਕ ਦੋ ਧਾਦਰੀ ਖੰਡਾ, ਇਕ ਖੰਜਰ ਅਤੇ ਦੋ ਕਟਾਰਾਂ, ਜੋ ਮਾਤਾ ਸੁੰਦਰੀ ਜੀ ਦੇ ਗੁਰਦੁਆਰੇ ਨਵੀਂ ਦਿੱਲੀ ਵਿੱਚ ਮੌਜੂਦ ਸਨ, 4 ਮਈ 1981 ਨੂੰ ਇਨ੍ਹਾਂ ਵਿਚੋਂ ਤਿੰਨ ਸ਼ਸਤਰ ਚੋਰੀ ਹੋ ਗਏ ਸਨ, ਮਈ 1981 ਵਿਚ ਹੀ ਐਫ. ਆਈ. ਆਰ. ਥਾਣਾ ਦਰਿਆ ਗੰਜ ਵਿਚ ਲਿਖਾਈ ਗਈ ਸੀ। ਦਿੱਲੀ ਦੇ ਗੀਤਾ ਕਲੋਨੀ ਦੇ ਵਸਨੀਕ ਸ. ਚਰਨਜੀਤ ਸਿੰਘ ਨੇ ਤੀਸ ਹਜ਼ਾਰੀ ਕੋਰਟ ਵਿਚ ਮੁਕਦਮਾ ਦਾਇਰ ਕੀਤਾ ਹੋਇਆ ਹੈ। 28 ਜੂਨ 2011 ਵਿਚ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਤੀਸ ਹਜ਼ਾਰੀ ਕੋਰਟ ਵਿਚ ਮਾਤਾ ਸੁੰਦਰੀ ਕਾਲਜ ਦੀ ਉਸ ਸਮੇਂ ਦੀ ਪ੍ਰਿੰਸੀਪਲ ਡਾ. ਮਹਿੰਦਰ ਕੌਰ ਗਿੱਲ ਨੇ ਆਪਣੇ ਬਿਆਨ ਵਿਚ ਦਸਿਆ ਸੀ ਕਿ ‘4 ਮਈ 1981 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਵਿਚ ਚੋਰੀ ਹੋ ਗਏ ਸਨ। ਤੀਸ ਹਜ਼ਾਰੀ ਕੋਰਟ ਦੇ ਆਦੇਸ਼ਾਂ ਅਨੁਸਾਰ ਪੁਲਿਸ ਵਲੋਂ ਇਨ੍ਹਾਂ ਸ਼ਸਤਰਾਂ ਦੀ ਖੋਜ ਜਾਰੀ ਹੈ ਅਤੇ ਸ. ਪਰਮਜੀਤ ਸਿੰਘ ਸਰਨਾ ਵਲੋਂ ਵੀ ਇਨ੍ਹਾਂ ਸ਼ਸਤਰਾਂ ਦੀ ਖੋਜ-ਬੀਨ ਕਰਵਾਈ ਜਾ ਰਹੀ ਹੈ। ਸ. ਤਰਜੀਤ ਸਿੰਘ ਨਾਗੀ ਨੇ ਸ. ਪਰਮਜੀਤ ਸਿੰਘ ਸਰਨਾ ਨੂੰ ਅਪੀਲ ਕੀਤੀ ਕਿ ਇਸ ਕੇਸ ਵਿਚ ਗੁਰਦੁਆਰਾ ਮਾਤਾ ਸੁੰਜਰੀ ਜੀ ਦੇ ਉਸ ਸਮੇਂ ਦੇ ਹੈਡਗ੍ਰੰਥੀ ਬਾਜ ਸਿੰਘ ਅਤੇ ਦੂਸਰੇ ਮੁਲਾਜ਼ਿਮਾਂ ਪਾਸੋਂ ਇਨ੍ਹਾਂ ਸ਼ਸਤਰਾਂ ਸੰਬਧੀ ਪੁਛ ਗਿਛ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਪੁਛ ਗਿਛ ਕਰਣ ਲਈ ਜਾਂਚ ਕਮੇਟੀ ਬਣਾ ਕੇ ਇਸ ਮਾਮਲੇ ਦੀ ਡੂੰਘਿਆਈ ਤਕ ਖੋਜ ਬੀਨ ਕਰਵਾਈ ਜਾਏ ਤਾਂ ਸੰਭਵ ਹੈ ਕਿ ਚੋਰੀ ਹੋਏ ਸ਼ਸਤਰਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>