ਕੀ ਸ. ਪ੍ਰਕਾਸ਼ ਸਿੰਘ ਬਾਦਲ ਬੇਬਸ ਹੋ ਕੇ ਰਹਿ ਗਏ ਹਨ?

ਜਸਵੰਤ ਸਿੰਘ ‘ਅਜੀਤ’

ਪੰਜਾਬ ਦੇ ਮੁੱਖ ਮੰਤ੍ਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਤੇ ਸਾਬਕਾ ਪ੍ਰਧਾਨ  ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਰਾਜਨੀਤੀ ਵਿੱਚ ਇਕ ਅਜਿਹੇ ‘ਘਾਘ’ ਰਾਜਨੀਤਕ ਸ਼ਖਸੀਅਤ ਸਵੀਕਾਰੇ ਜਾਂਦੇ ਰਹੇ ਹਨ, ਜਿਨ੍ਹਾਂ ਦੀ ਰਾਜਸੀ ਰਣਨੀਤੀ ਵਡੇ ਤੋਂ ਵਡੇ ਰਾਜਸੀ ਮਾਹਿਰਾਂ ਦੀ ਸਮਝ ਤੋਂ ਵੀ ਬਾਹਰ ਦੀ ਗਲ ਰਹੀ ਹੈ। ਇਥੋਂ ਤਕ ਕਿ ਕਈ ਵਰ੍ਹਿਆਂ ਤਕ ਉਨ੍ਹਾਂ ਦੇ ਪੂਰਕ ਦੀ ਭੂਮਿਕਾ ਨਿਭਾਂਦੇ ਚਲੇ ਆਉਂਦੇ ਰਹੇ ਜ. ਗੁਰਚਰਨ ਸਿੰਘ ਟੋਹੜਾ ਵੀ ਉਨ੍ਹਾਂ ਦੀ ਰਣਨੀਤੀ ਨੂੰ ਨਾ ਸਮਝ ਪਾਣ ਦੇ ਕਾਰਣ ਹੀ ਆਪਣੇ ਅੰਤਿਮ ਸਮੇਂ ਵਿੱਚ ਉਨ੍ਹਾਂ ਦੇ ਹਥੋਂ ਮਾਤ ਖਾ ਬੈਠੇ ਸਨ। ਇਤਿਹਾਸ ਗੁਆਹ ਹੈ ਕਿ ਜਿਸ ਕਿਸੇ ਨੇ ਵੀ ਸ. ਬਾਦਲ ਵਿਰੁਧ ਆਵਾਜ਼ ਉਠਾਈ, ਸਮਾਂ ਆਉਣ ਤੇ ਉਹ ਉਨ੍ਹਾਂ ਦੇ ਧੋਬੀ ਪਟਕੇ ਦਾ ਅਜਿਹਾ ਸ਼ਿਕਾਰ ਬਣਿਆ ਕਿ ਪਾਣੀ ਤਕ ਵੀ ਨਹੀਂ ਮੰਗ ਸਕਿਆ। ਜਿਸ ਕਿਸੇ ਦੀ ਉਨ੍ਹਾਂ ਜਾਨ ਬਖਸ਼ੀ ਕੀਤੀ, ਉਹ ਆਪਣੀ ਸੁਤੰਤਰ ਹੋਂਦ ਗੁਆ, ਉਨ੍ਹਾਂ ਦਾ ‘ਜੀ ਹਜ਼ੂਰੀਆ’ ਹੀ ਬਣ ਕੇ ਰਹਿ ਗਿਆ।

ਫਿਰ ਜਦੋਂ ਉਹ ਬੇਬਸ ਹੋ ਗਏ : ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਮੰਤ੍ਰੀ ਸ. ਬਿਕਰਮਜੀਤ ਸਿੰਘ ਮਜੀਠੀਆ ਅਤੇ ਕਾਂਗ੍ਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਿੱਚ ਹੋਈ ਤਕਰਾਰ, ਜਿਸ ਵਿੱਚ ਖਬਰਾਂ ਅਨੁਸਾਰ ਗਲ ਗਾਲੀ-ਗਲੋਚ ਤਕ ਜਾ ਪੁਜੀ ਸੀ, ਦੌਰਾਨ ਸਥਿਤੀ ਨੂੰ ਸੰਭਾਲਣ ਲਈ ਸ. ਪ੍ਰਕਾਸ਼ ਸਿੰਘ ਬਾਦਲ ਜਿਉਂ ਹੀ ਆਪਣੀ ਕੁਰਸੀ ਤੋਂ ਉਠ ਕੁਝ ਕਹਿਣ ਹੀ ਲਗੇ ਸਨ ਕਿ ਉਪ-ਮੁੱਖ ਮੰਤ੍ਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਨਾ ਕੇਵਲ ਬੋਲਣ ਤੋਂ ਰੋਕ ਦਿੱਤਾ, ਸਗੋਂ ਪਕੜ ਕੇ ਉਨ੍ਹਾਂ ਨੂੰ ਵਾਪਸ ਕੁਰਸੀ ’ਤੇ ਵੀ ਬਿਠਾ ਦਿਤਾ। ਬਾਅਦ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪ ਮੰਨਿਆ ਕਿ ਉਨ੍ਹਾਂ ਨੂੰ ਇਸ ਗਲ ਦਾ ਦੁਖ ਹੈ ਕਿ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਬੋਲਣ ਨਹੀਂ ਦਿੱਤਾ ਗਿਆ, ਜੇ ਉਨ੍ਹਾਂ ਨੂੰ ਬੋਲਣ ਦਿੱਤਾ ਜਾਂਦਾ ਹੀ ਤਾਂ ਹਾਲਾਤ ਇਥੋਂ ਤਕ ਨਾ ਵਿਗੜਦੇ। ਖੈਰ, ਵਿਧਾਨ ਸਭਾ ਵਿੱਚ ਸਾਰਿਆਂ ਦੇ ਸਾਹਮਣੇ ਹੋਈ ਅਤੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਇਹ ਘਟਨਾ ਉਸ ਚਿਤਾਵਨੀ ਦੀ ਪੁਸ਼ਟੀ ਕਰਨ ਵਲ ਸੰਕੇਤ ਕਰਦੀ ਹੈ, ਜੋ ਕੁਝ ਸਮਾਂ ਪਹਿਲਾਂ ਹੀ ਇਸ ਕਾਲਮ ਲੇਖਕ ਵਲੋਂ ਦਿੰਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਾਵਧਾਨ ਕੀਤਾ ਗਿਆ ਸੀ ਕਿ ਉਹ ਸਮੇਂ ਨੂੰ ਸੰਭਾਲਣ, ਕਿਧਰੇ ਅਜਿਹਾ ਨਾ ਹੋਵੇ ਕਿ ਅਕਾਲੀ ਰਾਜਨੀਤੀ ਵਿੱਚ ਮੁਗਲ ਕਾਲ ਦਾ ਇਤਿਹਾਸ ਦੁਹਰਾ, ਨਵਾਂ ਇਤਿਹਾਸ ਸਿਰਜ ਦਿੱਤਾ ਜਾਏ? ਸ਼ਾਇਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਪੁਤ੍ਰ-ਮੋਹ ਵਿੱਚ ਉਸ ਚਿਤਾਵਨੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਉਸਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ, ਜਿਸ ਕਾਰਣ ਉਨ੍ਹਾਂ ਨੂੰ ਅੱਜ ਇਸ ਸਥਿਤੀ ਦਾ ਸਾਹਮਣਾ ਕਰਨਾ ਪਿਆ। ਜੇ ਵਿਚਾਰਿਆ ਜਾਏ ਤਾਂ ਅਜੇ ਵੀ ਸਮਾਂ ਹੈ ਕਿ ਵਿਧਾਨ ਸਭਾ ਵਿੱਚ ਉਨ੍ਹਾਂ ਨਾਲ ਜੋ ਕੁਝ ਵਾਪਰਿਆ ਹੈ, ਉਹ ਉਸਨੂੰ ਭਵਿਖ ਦਾ ਸੰਕੇਤ ਸਮਝ, ਆਪਣੇ ਆਪ ਦੇ ਨਾਲ ਹੀ ਹਾਲਾਤ ਨੂੰ ਵੀ ਸੰਭਾਲਣ ਵਲ ਕਦਮ ਵਧਾਉਣ, ਕਿਧਰੇ ਅਜਿਹਾ ਨਾ ਹੋਵੇ ਕਿ ਜੋ ਵਿਅਕਤੀ ਵਿਰੋਧੀਆਂ ਪਾਸੋਂ ਕਦੀ ਮਾਤ ਨਹੀਂ ਸੀ ਖਾ ਸਕਿਆ ਉਹ ਆਪਣਿਆਂ ਦੇ ਹੱਥੋਂ ਹੀ ਮਾਤ ਖਾ ਜਾਏ?

ਸ਼ਰਮਨਾਕ : ਇਨ੍ਹਾਂ ਦਿਨਾਂ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਜੋ ਕੁਝ ਵਾਪਰਿਆ, ਉਸ ਲਈ ਭਾਵੇਂ ਅਕਾਲੀ ਮੰਤ੍ਰੀ ਸ. ਬਿਕਰਮਜੀਤ ਸਿੰਘ ਮਜੀਠੀਆ ਜ਼ਿਮੇਂਦਾਰ ਹਨ ਜਾਂ ਫਿਰ ਕਾਂਗ੍ਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਉਹ ਬਹੁਤ ਹੀ ਸ਼ਰਮਨਾਕ ਅਤੇ ਦੁਖਦਾਈ ਹੈ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਇਹ ਨੇਤਾ, ਜੋ ਆਪਣੇ ਰਾਜ ਅਤੇ ਦੇਸ਼ ਦੇ ਵਾਸੀਆਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇ ਨਾਲ ਵਿਧਾਨ ਸਭਾ ਅਤੇ ਸੰਸਦ ਵਿੱਚ ਪਹੁੰਚਦੇ ਹਨ। ਉਥੇ ਪੁਜ ਇਹ ਭੁਲ ਜਾਂਦੇ ਹਨ ਕਿ ਇਨ੍ਹਾਂ ਸੰਸਥਾਵਾਂ, ਜਿਨ੍ਹਾਂ ਨੂੰ ਲੋਕਤੰਤਰ ਦੇ ਮੰਦਿਰ ਹੋਣ ਦਾ ਸਨਮਾਨ ਪ੍ਰਾਪਤ ਹੈ, ਦੀ ਪਵਿਤ੍ਰਤਾ ਅਤੇ ਗਰਿਮਾ ਦੀ ਰਖਿਆ ਕਰਨਾ ਅਤੇ ਉਸਨੂੰ ਬਹਾਲ ਰਖਣਾ ਉਨ੍ਹਾਂ ਦਾ ਨੈਤਿਕ ਫਰਜ਼ ਹੈ। ਲੋਕਤੰਤਰ ਦੇ ਇਨ੍ਹਾਂ ਮੰਦਿਰਾਂ ਦੀ ਪਵਿਤ੍ਰਤਾ ਅਤੇ ਗਰਿਮਾ ਦੀ ਰਖਿਆ ਕਰਨ ਦੀ ਬਜਾਏ, ਇਨ੍ਹਾਂ ਮੰਦਿਰਾਂ ਵਿੱਚ ਇਨ੍ਹਾਂ, ਲੋਕ-ਪ੍ਰਤੀਨਿਧਾਂ ਵਲੋਂ ਜੋ ਸਭਿਅਤਾਹੀਨ ਭਾਸ਼ਾ ਇਸਤੇਮਾਲ ਕੀਤੀ ਜਾਂਦੀ ਅਤੇ ਜੋ ‘ਆਚਰਣ’ ਅਪਨਾਇਆ ਜਾਂਦਾ ਹੈ, ਉਸਨੂੰ ਸਦਨ ਕੀ ਕਾਰਵਾਈ ਵਿਚੋਂ ਕਢ, ਭਾਵੇਂ ਇਹ ਮੰਨ ਲਿਆ ਜਾਂਦਾ ਹੈ ਕਿ ਸਦਨ ਦੀ ਗਰਿਮਾ ਦੀ ਰਖਿਆ ਕਰ ਲਈ ਗਈ ਹੈ, ਪ੍ਰੰਤੂ ਉਹ ਇਹ ਭੁਲ ਜਾਂਦੇ ਹਨ ਕਿ ਮੀਡੀਆ ਦੇ ਰਿਕਾਰਡ ਵਿੱਚ ਆ ਉਹ ਸਭ ਕੁਝ ਇਤਿਹਾਸ ਦਾ ਅੰਗ ਬਣ ਚੁਕਿਆ ਹੁੰਦਾ ਹੈ। ਉਹ ਇਹ ਵੀ ਭੁਲ ਜਾਂਦੇ ਹਨ ਕਿ ਇਨ੍ਹਾਂ ਪਵਿਤ੍ਰ ਮੰਦਿਰਾਂ ਵਿੱਚ ਉਨ੍ਹਾਂ ਵਲੋਂ ਅਪਨਾਇਆ ਗਿਆ ਆਚਰਣ ਸੰਸਾਰ ਸਾਹਮਣੇ ਉਨ੍ਹਾਂ, ਉਨ੍ਹਾਂ ਦੇ ਰਾਜ ਅਤੇ ਦੇਸ਼ ਦੀ ਤਸਵੀਰ ਪੇਸ਼ ਕਰਨ ਵਿੱਚ ਮੁੱਖ ਭੂਮਿਕਾ ਅਦਾ ਕਰ ਰਿਹਾ ਹੁੰਦਾ ਹੈ।

ਇੱਕ ਅਪੀਲ : ਸ਼੍ਰੋਮਣੀ ਪੰਥਕ ਫੋਰਮ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਅਤੇ ਜਨਰਲ ਸਕਤੱਰ ਸ. ਕੁਲਬੀਰ ਸਿੰਘ ਨੇ ਇਕ ਸਾਂਝੇ ਬਿਆਨ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸਿੱਖਾਂ ਦੀ ਦੂਜੀ ਸਰਵੁੱਚ ਧਾਰਮਕ ਜਥੇਬੰਦੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਵਰੀ ਦੇ ਅਖੀਰਲੇ ਹਫਤੇ ਹੋ ਰਹੀਆਂ ਆਮ ਚੋਣਾਂ ਵਿੱਚ ਦਿੱਲੀ ਦੇ ਸਿੱਖਾਂ ਦਾ ਫਤਵਾ ਲੈਣ ਲਈ ਚੋਣ ਮੈਦਾਨ ਵਿੱਚ ਨਿਤਰ ਰਹੀਆਂ ਸਿੱਖ ਜਥੇਬੰਦੀਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਚੋਣਾਂ ਰਾਜਸੀ ਜਥੇਬੰਦੀਆਂ, ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਵਾਂਗ ਨਹੀਂ, ਸਗੋਂ ਇਕ ਸਰਵੁੱਚ ਧਾਰਮਕ ਜਥੇਬੰਦੀ ਦੀਆਂ ਚੋਣਾਂ ਵਾਂਗ ਲੜਨ। ਇਨ੍ਹਾਂ ਮੁਖੀਆਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਚੋਣਾਂ ਲੜਦਿਆਂ ਉਨ੍ਹਾਂ ਨੂੰ ਸਿੱਖੀ ਦੀਆਂ ਮਾਨਤਾਵਾਂ ਅਤੇ ਕਦਰਾਂ-ਕੀਮਤਾਂ ਦਾ ਧਿਆਨ ਰਖਣਾ ਅਤੇ ਉਨ੍ਹਾਂ ਦਾ ਦ੍ਰਿੜ੍ਹਤਾ ਨਾਲ ਪਾਲਣ ਕਰਨਾ ਚਾਹੀਦਾ ਹੈ। ਇਨ੍ਹਾਂ ਮੁਖੀਆਂ ਨੇ ਹੋਰ ਕਿਹਾ ਕਿ ਚੋਣ ਲੜ ਰਹੀਆਂ ਜਥੇਬੰਦੀਆਂ ਅਤੇ ਉਮੀਦਵਾਰਾਂ ਨੂੰ ਕਿਸੇ ਵੀ ਪੱਧਰ ਤੇ ਇਕ-ਦੂਜੇ ਪੁਰ ਜ਼ਾਤੀ ਹਮਲੇ ਕਰ ਚਿਕੜ ਸੁਟ, ਪੰਥਕ ਸਥਿਤੀ ਨੂੰ ਹਾਸੋਹੀਣਾ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਨੂੰ ਅਜਿਹਾ ਕਰਨ ਦੀ ਬਜਾਏ ਆਪਣੇ ਪ੍ਰੋਗਰਾਮਾਂ ਅਤੇ ਨੀਤੀਆਂ ਪੁਰ ਅਧਾਰਤ ਏਜੰਡਾ ਲੈ ਕੇ ਹੀ ਸਿੱਖਾਂ ਸਾਹਮਣੇ ਜਾਣਾ ਅਤੇ ਉਨ੍ਹਾਂ ਪਾਸੋਂ ਆਪਣੇ ਹਕ ਵਿੱਚ ਫਤਵਾ ਮੰਗਣਾ ਚਾਹੀਦਾ ਹੈ।

ਸ. ਪ੍ਰਿਤਪਾਲ ਸਿੰਘ ਅਤੇ ਸ. ਕੁਲਬੀਰ ਸਿੰਘ ਨੇ ਆਪਣੇ ਬਿਆਨ ਵਿੱਚ ਸਿੱਖ ਜਥੇਬੰਦੀਆਂ ਦੇ ਮੁੱਖੀਆਂ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਆਪਣੇ ਉਮੀਦਵਾਰਾਂ ਲਈ ਟਿਕਟ ਜਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਪਾਸੋਂ ਇਹ ਹਲਫੀਆ ਬਿਆਨ ਜ਼ਰੂਰ ਲੈਣ ਕਿ ਉਹ ਸਿੱਖ ਰਹਿਤ ਮਰਿਆਦਾ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹਨ ਅਤੇ ਕਿਸੇ ਤਰ੍ਹਾਂ ਦੀ ਕੁਰਹਿਤ ਨਹੀਂ ਕਰਦੇ। ਇਨ੍ਹਾਂ ਮੁਖੀਆਂ ਨੇ ਹੋਰ ਕਿਹਾ ਕਿ ਪਾਰਟੀ ਟਿਕਟ ਤੇ ਜਾਂ ਆਜ਼ਾਦ ਚੋਣ ਲੜ ਰਹੇ ਉਮੀਦਵਾਰਾਂ ਨੂੰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਦਿਆਂ ਆਪਣੀ ਚਲ-ਅਚਲ ਜਾਇਦਾਦ ਦਾ ਐਲਾਨ ਕਰਨਾ ਅਤੇ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਵਿਰੁਧ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧਕ ਮਾਮਲਾ ਨਾ ਤਾਂ ਦਰਜ ਹੈ ਅਤੇ ਨਾ ਹੀ ਚਲ ਰਿਹਾ ਹੈ। ਉਸਦਾ ਆਚਰਣ ਤੇ ਵਿਹਾਰ ਧਾਰਮਕ ਸੰਸਥਾ ਵਿੱਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਪੂਰੀ ਤਰ੍ਹਾਂ ਯੋਗ ਹੈ।

ਸਿਧਾਂਤ ਹੀ ਨਹੀਂ ਵਫਾਦਰੀ ਵੀ ਦਮ ਤੋੜਦੀ ਹੈ : ਪਿਛਲੇ ਦਿਨੀਂ ਇਨ੍ਹਾਂ ਕਾਲਮਾਂ ਦੇ ਲੇਖਕ ਵਲੋਂ ਅਕਾਲੀ ਰਾਜਨੀਤੀ ਵਿੱਚ ਦਮ ਤੋੜ ਰਹੇ ਸਿਧਾਂਤਾਂ ਦੀ ਚਰਚਾ ਕੀਤੀ ਗਈ ਸੀ, ਜਿਸ ਪੁਰ ਪ੍ਰਤੀਕ੍ਰਿਆ ਦਿੰਦਿਆਂ ਇੱਕ ਟਕਸਾਲੀ ਅਕਾਲੀ ਨੇ ਫੋਨ ’ਤੇ ਦਸਿਆ ਕਿ ਅਕਾਲੀ ਰਾਜਨੀਤੀ ਵਿੱਚ ਕੇਵਲ ਸਿਧਾਂਤਾਂ ਦਾ ਹੀ ਨਹੀਂ, ਵਫਾਦਾਰੀਆਂ ਦਾ ਵੀ ਗਲ ਘੁੱਟ ਦਿੱਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਇਸਦੀ ਜ਼ਿੰਦਾ ਮਿਸਾਲ ਜ. ਅਵਤਾਰ ਸਿੰਘ ਹਿਤ ਹਨ। ਉਨ੍ਹਾਂ ਦੀ ਗਲ ਵਿੱਚ ਦਮ ਸੀ, ਕਿਉਂਕਿ ਜ. ਅਵਤਾਰ ਸਿੰਘ ਹਿਤ ਬਾਦਲ ਅਕਾਲ਼ ਦਲ ਦੀ ਉਹ ਸ਼ਖਸੀਅਤ ਹਨ, ਜੋ ਤਿੰਨ ਦਸ਼ਾਬਦੀਆਂ ਤੋਂ ਵੀ ਵੱਧ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੀ ਨਹੀਂ, ਸਗੋਂ ਉਸਦੇ ਪ੍ਰਧਨ ਅਤੇ ਸਰਪ੍ਰਸਤ ਦੇ ਅਜਿਹੇ ਵਫਾਦਾਰ ਚਲੇ ਆ ਰਹੇ ਹਨ, ਕਿ ਕੋਈ ਵਿਰੋਧੀ ਵੀ ਉਨ੍ਹਾਂ ਦੀ ਵਫਾਦਾਰੀ ਪੁਰ ਉਂਗਲ ਨਹੀਂ ਉਠਾ ਸਕਦਾ। ਪ੍ਰੰਤੂ ਉਨ੍ਹਾਂ ਨੂੰ ਜਿਸ ਪ੍ਰਕਾਰ ਅਪਮਾਨਤ ਕਰ ਦਿੱਲੀ ਦੇ ਪ੍ਰਦੇਸ਼-ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ, ਜੇ ਉਨ੍ਹਾਂ ਦੀ ਥਾਂ ਕੋਈ ਹੋਰ ਹੁੰਦਾ ਤਾਂ ਇੱਕ ਪਲ ਵੀ ਦਲ ਵਿੱਚ ਬਣਿਆਂ ਰਹਿਣਾ ਸਹਿਣ ਨਾ ਕਰਦਾ, ਪ੍ਰੰਤੂ ਜ. ਹਿਤ ਨੇ ‘ਆਹ’ ਤਕ ਨਹੀਂ ਭਰੀ। ਇਹ ਜ. ਹਿਤ ਹੀ ਸਨ ਜਿਨ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਪੁਰ ਹੁੰਦਿਆਂ ਹੋਇਆਂ, ਹਰ ਜਾਇਜ਼-ਨਾਜਾਇਜ਼ ਤਿਕੜਮ ਲੜਾ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਫੰਡ ਵਿੱਚ ਦਿੱਲੀ ਤੋਂ ਲਖਾਂ ਰੁਪਏ ਭਿਜਵਾਏ। ਹਾਲਾਂਕਿ  ਅਜਿਹਾ ਕਰਦਿਆਂ ਉਨ੍ਹਾਂ ਨੂੰ ਆਪਣਿਆਂ ਅਤੇ ਪਰਾਇਆਂ ਦੇ ਲੱਖਾਂ ਲਾਂਛਣ ਤਕ ਸਹਿਣੇ ਪਏ, ਜਿਨ੍ਹਾਂ ਦੀ ਉਨ੍ਹਾਂ ਪਰਵਾਹ ਤਕ ਨਹੀਂ ਕੀਤੀ। ਪ੍ਰੰਤੁ ਜਦੋਂ ਉਨ੍ਹਾਂ ਨੂੰ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਨ੍ਹਾਂ ਨੂੰ ਵਿਸ਼ਵਾਸ ਤਕ ਵਿੱਚ ਲੈਣ ਦੀ ਵੀ ਲੋੜ ਨਹੀਂ ਸਮਝੀ ਗਈ। ਇਸਤਰ੍ਹਾਂ ਆਪਣੇ ਆਪਨੂੰ ਨਜ਼ਰਅੰਦਾਜ਼ ਕੀਤੇ ਜਾਣ ਨਾਲ ਉਹ ਬਹੁਤ ਹੀ ‘ਆਹਤ’ ਹੋਏ, ਫਿਰ ਵੀ ਉਨ੍ਹਾਂ ਲੀਡਰਸ਼ਿਪ ਨਾਲ ਕਿਸੇ ਤਰ੍ਹਾਂ ਦਾ ਸ਼ਿਕਵਾ ਤਕ ਨਹੀਂ ਕੀਤਾ। ਪ੍ਰੰਤੂ ਉਨ੍ਹਾਂ ਦੇ ਇੱਕ ਸਾਥੀ ਨੇ ਜ਼ਰੂਰ ਕਿਹਾ ਕਿ ਜੇ ਲੀਡਰ ਉਨ੍ਹਾਂ ਨੂੰ ਮਾਤ੍ਰ ਇਸ਼ਾਰਾ ਹੀ ਕਰ ਦਿੰਦੇ ਤਾਂ ਉਹ ਬਿਨਾਂ ਕਿਸੇ ਕਿੰਤੂ ਦੇ ਪ੍ਰਧਾਨ ਦਾ ਅਹੁਦਾ ਤਿਆਗ ਦਿੰਦੇ। ਪ੍ਰੰਤੂ ਅਕਾਲੀ ਲੀਡਰਸ਼ਿਪ ਨੇ ਆਪਣੇ ਵਿਹਾਰ ਨਾਲ ਸਾਬਤ ਕਰ ਦਿੱਤਾ ਕਿ ਅਕਾਲੀ ਰਾਜਨੀਤੀ ਵਿੱਚ ‘ਵਫਾਦਾਰੀ ਦੇ ਸਨਮਾਨ’ ਦਾ ਕੋਈ ‘ਪ੍ਰਾਵਧਾਨ’ ਨਹੀਂ ਹੈ, ਜਦੋਂ ਤਕ ਲੋੜ ਹੋਵੇ, ਤਦ ਤਕ ਰੱਜ ਕੇ ਵਰਤੋ, ਜਦੋਂ ਮਤਲਬ ਪੂਰਾ ਹੋ ਜਾਏ ਤਾਂ ਨਿਚੋੜੇ ਨਿੰਬੂ ਵਾਂਗ ਉਠਾ ਕੂੜੇ ਵਿੱਚ ਸੁੱਟ ਦਿਉ।

…ਅਤੇ ਅੰਤ ਵਿੱਚ : ਅੱਜ ਸਿੱਖ ਧਰਮ ਅਤੇ ਰਾਜਨੀਤੀ ਦੇ ਖੇਤਰ ਵਿਚ ਚਾਰੇ ਪਾਸੇ ਭਟਕਣਾ ਹੀ ਭਟਕਣਾ ਵੇਖਣ ਨੂੰ ਮਿਲ ਰਹੀ ਹੈ। ਹਰ ਕੋਈ ਆਪੋ-ਆਪਣੀ ਡਫਲੀ ਵਜਾ ਰਿਹਾ ਹੈ ਅਤੇ ਇਹ ਮੰਨ ਕੇ ਚਲ ਰਿਹਾ ਹੈ, ਕਿ ਜੋ ਉਹ ਕੁਝ ਸੋਚ ਅਤੇ ਕਰ ਰਿਹਾ ਹੈ, ਉਹ ਹੀ ਠੀਕ ਹੈ ਅਤੇ ਜੋ ਕੁਝ ਦੂਸਰੇ ਸੋਚ ਤੇ ਕਰ ਰਹੇ ਹਨ, ਉਹ ਸਭ ਗ਼ਲਤ ਅਤੇ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁਧ ਹੈ। ਕਈ ਵਾਰ ਉਹ ਉਤੇਜਿਤ ਹੋ ਮਰਨ-ਮਾਰਨ ’ਤੇ ਵੀ ਉਤਰ ਆਉਂਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>