ਕੋਲੰਬਸ ਦੇ ਬੁੱਤ ਕੋਲ

ਫੇਰੀ ਬੋਟ ਦੇ ਚੱਲਣ ਵਿੱਚ ਅਜੇ ਘੰਟਾ ਰਹਿੰਦਾ ਸੀ । ਮੈਂ ਫਿਰ ਤੋਂ ਸਮੁੰਦਰ ਕੰਢੇ ਟਹਿਲਣ ਲਈ ਸਪੇਸ ਨੀਡਲ ਵੱਲ ਮੁੜ ਪਿਆ।ਅੱਜ ਸਵੇਰ ਤੋਂ ਹੀ ਧੁੰਦ ਪੈ ਰਹੀ ਸੀ।ਕਦੀ ਕਦੀ ਹਲਕੀ ਜਿਹੀ ਭੂਰ ਪੈਣ ਲੱਗਦੀ। ਅਮਰੀਕਾ ਦੇ ਖੂਬਸੁਰਤ ਸ਼ਹਿਰ ਸਿਆਟਲ ਵਿੱਚ ਸਮੁੰਦਰ ਕੰਢੇ ਮੈਂ ਘੁੰਮਣ ਲਈ ਘਰੋਂ ਨਿੱਕਲਿਆ ਸੀ ।ਸਿਆਟਲ ਅਮਰੀਕਾ ਦੇ ਪੱਛਮੀਂ ਕੰਢੇ ਵੱਸਿਆ ਹਰਿਆਵਲ ਸਟੇਟ ਕਰਕੇ ਜਾਣੇ ਜਾਂਦੇ ਵਾਸ਼ਿੰਗਟਨ ਸੂਬੇ ਦੀ ਇੱਕ ਅਹਿਮ ਬੰਦਰਗਾਹ ਹੈ ਜਿੱਥੇ ਕੋਰੀਆ ਜਪਾਨ ਆਦਿ ਦੇਸ਼ਾਂ ਤੋਂ ਮਾਲ ਨਾਲ ਲੱਦੇ ਸਮੁੰਦਰੀ ਜਹਾਜ ਆਉਂਦੇ ਜਾਂਦੇ ਰਹਿੰਦੇ ਹਨ। ਇੱਕ ਵੱਡਾ ਸਮੁੰਦਰੀ ਜਹਾਜ ਜਿਸਤੇ ਮਾਲ ਗੱਡੀ ਦੇ ਡੱਬਿਆਂ ਜਿੱਡੇ ਲੱਦੇ ਹੋਏ ਕਨਟੇਨਰਾਂ ਤੇ ਕੋਰੀਆ ਲਿਖਿਆ ਹੋਇਆ ਸੀ ।ਕੱਛੂ ਵਾਂਗ ਤੈਰਦਾ ਕੰਢੇ ਲੱਗ ਰਿਹਾ ਸੀ।ਯੌਰਪੀਅਨਾ ਦੇ ਆਉਣ ਤੋਂ ਕੋਈ ਚਾਰ ਹਜਾਰ ਸਾਲ ਪਹਿਲਾਂ ਤੋਂ ਇਸ ਇਲਾਕੇ ਵਿੱਚ ਅਮਰੀਕਣ ਅਦਿਵਾਸੀ ਰੈੱਡ ਇੰਡੀਅਨ ਕਬੀਲੇ ਵੱਸਦੇ ਹਨ। ਅਸੀਂ ਕੌਮਾਂਤਰੀ ਭਲਵਾਨ ਅਤੇ ਆਈ ਜੀ ਪੁਲੀਸ ਕਰਤਾਰ ਸਿੰਘ ਦੇ ਵੱਡੇ ਭਰਾ ਗੁਰਚਰਨ ਸਿੰਘ ਢੱਲੋਂ ਦੇ ਕੈਂਟ ਏਰੀਏ ਵਿਚਲੇ ਘਰੋਂ ਸਵੇਰ ਦਾ ਨਾਸ਼ਤਾ ਕਰਕੇ ਨਿੱਕਲੇ ਸੀ । ਗੁਰਚਰਨ ਮੈਨੂੰ ਡਾਊਣ ਟਾਊਣ ਸਿਆਟਲ ਛੱਡਕੇ ਆਪਣੀ ਮਹਿੰਗੀ ਲਿਮੋਂਜਿਨ ‘ਤੇ ਦੂਜੇ ਪਾਸੇ ਸਮੁੰਦਰੀ ਜਹਾਜ ‘ਤੇ ਜਾਪਾਨ ਤੋਂ ਆਉਣ ਵਾਲੇ ਭਲਵਾਂਨ ਮਹਿਮਾਨਾਂ ਨੂੰ ਲੈਣ ਲਈ ਚਲਾ ਗਿਆ। ਰਾਤੀਂ ਮੈਨੂੰ ਗੁਰਚਰਨ ਨੇ ਦੱਸਿਆ ਸੀ ਕਿ ਜਪਾਨੀਆਂ ਲਈ ਜੰਮੀਂ ਹੋਈ ਕੰਬੋਡੀਆਈ ਮੱਛੀ ਵੀ ਉੱਥੋਂ ਹੀ ਮਿਲਦੀ ਹੈ। ਸਾਡੇ ਢਿੱਲੋਂ ਭਾਈਚਾਰੇ ਦਾ ਇਹ ਭਲਵਾਨਾ ਦਾ ਅਜਿਹਾ ਪਰਿਵਾਰ ਹੈ ਜਿਹੜਾ  ਦਾਰੂ ਨੂੰ ਹੱਥ ਵੀ ਨਹੀਂ ਲਾਉਂਦਾ । ਪਰ ਖੁਦ ਪਿੱਤਲ ਦੇ ਗਲਾਸ ਵਿੱਚ ਘਿਉ ਪੀਂਦਿਆਂ ਘਰ ਆਏ ਮਹਿਮਾਨਾਂ ਲਈ ਕਈ ਕਿਸਮ ਦੀ ਸੌਕਾਚ ਵਰਤਾਉਂਦੇ ਹਨ। ਸਾਡੇ ਮਿੱਤਰ ਖੇਡ ਲੇਖਕ ਪ੍ਰਿੰਸੀਪਲ ਸਰਵਨ ਸਿੰਘ ਵਰਗੇ ” ਵਾਇਰਲ ਜਿਹਾ ਅੱਜ ਫੇਰ ਹੋ ਗਿਆ ਕਹਿ ਕੇ” ਜਾਂਦੇ ਜਾਂਦੇ ਵੀ ਇਨ੍ਹਾਂ ਦੇ ਘਰ ਤਿੰਨ ਚਾਰ ਦਿਨ ਵੱਧ ਲਾ ਜਾਂਦੇ ਹਨ।ਮੈਂ ਗੁਰਚਰਨ ਸਿੰਘ ਦੇ ਜਾਣ ਪਿੱਛੋਂ ਧੁੰਦ ਵਿੱਚ ਟਹਿਲਣ ਲਈ ਹੌਲੀ ਹੌਲ਼ੀ ਤੁਰ ਰਿਹਾ ਸੀ। ਸਮੁੰਦਰ ਕੰਢੇ ਚੱਲਦਾ ਚੱਲਦਾ ਮੈਂ ਕ੍ਰਿਸਟੋਫਰ ਕੋਲੰਬਸ ਦੇ ਬੁੱਤ ਕੋਲ ਇੱਕ ਗੋਰੇ ਜੋੜੇ ਨੂੰ ਫੋਟੋ ਖਿੱਚਦੇ ਵੇਖ ਕੇ ਰੁਕ ਗਿਆ।ਮੈਂ ਕਈ ਵਾਰੀ ਇਸ ਥਾਂ ਤੋਂ ਲੰਘਿਆ ਸੀ । ਪਰ ਕਦੀ ਵੀ ਮੈਂ ਕੋਲੰਬਸ ਦੇ ਇਸ ਬੁੱਤ ਨੂੰ ਇੰਨਾ ਗੌਰ ਨਾਲ ਨਹੀਂ ਸੀ ਵੇਖਿਆ। ਮੇਰੀ ਸਿਆਟਲ ਦੀ ਪਿਛਲੀ ਫੇਰੀ ਵੇਲੇ  ਮੈਂ ਇਸ ਬੁੱਤ ਕੋਲੋਂ ਸਧਾਰਣ ਨਿਗਾਹ ਮਾਰਕੇ ਲੰਘ ਗਿਆ ਸੀ।ਮੈਨੂੰ ਉਸ ਦਿਨ ਦੀ ਪਾਰਕ ਵਿੱਚ ਵਾਪਰੀ ਘਟਣਾ ਯਾਦ ਆਈ। ਸ਼ਾਂਮ ਹੋ ਗਈ ਸੀ । ਮੈਂ ਘੁੰਮਦਾ ਘੁੰਮਦਾ ਥੱਕ ਗਿਆ।ਕਾਲੀ ਕੌਫੀ ਦਾ ਕੱਪ ਲੈ ਕਿ ਮੈਂ ਸੜਕ ਕੰਢੇ ਬਣੇ ਵੱਡੇ ਪਾਰਕ ਵਿੱਚ ਬੈਠ ਗਿਆ।ਕੁੱਝ ਦੇਰ ਬਾਅਦ ਇੱਕ ਜਵਾਨ ਕਾਲੇ ਅਫਰੀਕਣ ਨੇ ਮੇਰੇ ਅੱਗੇ ਆਪਣੇ ਮੂੰਹ ਵਿੱਚ ਫੜ੍ਹੀ ਸਿਗਰਟ ਕਰਦਿਆਂ ਲਾਈਟਰ ਮੰਗਿਆ।ਮੈਂ ਮੁਸਕਰਾਉਂਦਿਆਂ ਨਾਂਹ ਕਰਦਿਆਂ ਕਿਹਾ ਕਿ ਮੇਰੇ ਕੋਲ ਲਾਇਟਰ ਨਹੀਂ ਹੈ।ਉਹ ਬੇਯਕੀਨੀ ਜਿਹੀ ਵਿੱਚ ਮੇਰੇ ਕੋਲ ਹੀ ਬੈਠ ਕਿ ਆਪਣੀ ਕੌਫੀ ਪੀਣ ਲੱਗਾ। ਗੱਲ ਤੋਰਨ ਲਈ ਮੈਂ ਉਸਨੂੰ ਦੱਸਿਆ ਕਿ ਮੈਂ ਇੰਡੀਆ ਤੋਂ ਆਇਆ ਸਿੱਖ  ਹਾਂ। ਅਸੀਂ ਸਿਗਰਟ ਨਹੀਂ ਪੀਂਦੇ। ਇਸ ਲਈ ਮੇਰੇ ਕੋਲ ਲਾਈਟਰ ਨਹੀਂ ਹੈ। ਕੋਹਰੇ ਜੰਮੀਂ ਸਵੇਰ ਵਰਗੀ ਚੁੱਪ ਨੂੰ ਤੋੜਦਿਆਂ ਮੈਂ ਸਫਾਈ ਦੇਣ ਲੱਗਾ,”ਸਾਡੇ ਇੰਡੀਆ ਦਾ ਪ੍ਰਧਾਨ ਮੰਤਰੀ ਵੀ ਸਿੱਖ ਹੈ । ਮੈਂ ਉਸੇ ਦੇ ਧਰਮ ਦਾ ਆਦਮੀਂ ਹਾਂ। ਮੇਰੇ ਵਾਂਗ ਉਹ ਵੀ ਲਾਈਟਰ ਨਹੀਂ ਰੱਖਦੇ।” ਉਹ ਪਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਨਹੀਂ ਸੀ ਜਾਣਦਾ।ਜਿਵੇਂ ਮੈਂ ਵੀ ਸੋਮਾਲੀਆ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਜਾਣਦਾ। ਓਦੋਂ ਅਜੇ ਓਬਾਮਾ ਰਾਸ਼ਟਰਪਤੀ ਨਹੀਂ ਸਨ ਬਣੇ । ਉਸਨੂੰ ਕੁੱਝ ਸਮਝ ਨਹੀਂ ਆਇਆ । ਬੱਸ ਕੌਫੀ ਦੀਆਂ ਘੁੱਟਾਂ ਭਰਦਾ ਸਿਰ ਹਿਲਾਉਂਦਾ ਰਿਹਾ।ਸ਼ਾਇਦ ਸੋਚ ਰਿਹਾ ਸੀ ਕਿ ਭੁੱਖ ਅਤੇ ਖਾਨਾ ਜੰਗੀ ਨਾਲ ਮਰ ਰਹੇ ਉਸਦੇ ਦੇਸ਼ ਸੋਮਾਲੀਆ ਵਾਂਗ ਭਾਰਤ ਵੀ ਕਿੰਨਾ ਗਰੀਬ ਹੈ। ਜਿਸਦੇ ਪ੍ਰਧਾਨ ਮੰਤਰੀ ਕੋਲ ਆਪਣਾ ਲਾਈਟਰ ਵੀ ਨਹੀਂ ਹੈ। ਸਿਆਟਲ ਦੇ ਸਮੁੰਦਰੀ ਤੱਟ ਤੇ ਲੱਗਾ ਇਹ ਤਾਂਬੇ ਦਾ ਬੁੱਤ, ਖ੍ਹੂੰਡੀ ਉੱਤੇ ਝੁਕਿਆ ਕ੍ਰਿਸਟਫਰ ਕੋਲੰਬਸ , ਸਮੁੰਦਰ ਵਿੱਚ ਦੂਰ ਨੀਝ ਲਾ ਕੇ ਵੇਖ ਰਿਹਾ ਹੈ। ਖੱਬਾ ਪੈਰ ਅਗਾਂਹ ਕਰਕੇ ਪੁਲਾਂਘ ਪੁੱਟ ਰਿਹਾ ਇਹ ਬੁੱਤ ਚਾਰ ਕਦਮਾਂ ਵਿੱਚ ਹੀ ਧਰਤੀ ਮਿਨਣ ਦਾ ਹੌਸਲਾ ਕਰ ਰਿਹਾ ਲੱਗਦਾ ਹੈ। ਪੰਦਰਵੀਂ ਸਦੀ ਦੇ ਅਖੀਰ ਵਿੱਚ ਕੋਲੰਬਸ ਯੌਰਪ ਤੋਂ ਭਾਰਤ ਦੀ ਖੋਜ ਵਿੱਚ ਨਿੱਕਲਿਆ ਅਮਰੀਕਾ ਪਹੁੰਚ ਗਿਆ ਸੀ। ਕੋਲੰਬਸ ਨੇ ਹੀ ਆਦਿਵਾਸੀ ਅਮਰੀਕਨਾਂ ਨੂੰ ਇੰਡੀਅਨ ਸਮਝ ਲਿਆ ਸੀ।ਇਟਲੀ ਵਿੱਚ ਪੈਦਾ ਹੋਏ ਖੋਜੀ ਕੋਲੰਬਸ ਨੂੰ ਬਚਪਣ ਤੋਂ ਹੀ ਸਮੁੰਦਰ ਭਰਮਣ ਦਾ ਖਬਤ ਹੋ ਗਿਆ ਸੀ।ਅਮਰੀਕਾ ਪੁੱਜਣ ਤੋਂ ਪਹਿਲਾਂ ਕੋਲੰਬਸ ਐਟਲਾਂਟਿਕ ਸਾਗਰ ਦੀਆਂ ਚਾਰ ਯਾਤਰਾਵਾਂ ਕੲ ਚੁੱਕਾ ਸੀ। ਦੋ ਕੁ ਸਦੀਆਂ ਵਿੱਚ ਹੀ ਅੰਗਰੇਜ,ਸਪੇਨਿਸ਼,ਫਰਾਂਸਿਸੀ, ਡੱਚ ਅਤੇ ਪੁਰਤਗਾਲੀਆਂ ਆਦਿ ਯੌਰਪੀਅਨ ਕੌਮਾਂ ਨੇ ਰੈੱਡ ਇੰਡੀਅਨਾ ਦੇ ਨਾਮ ਨਾਲ ਜਾਣੇ ਜਾਂਦੇ ਆਦਿਵਾਸੀਆਂ ਦੇ ਖਾਲੀ ਪਏ ਇਸ ਦੇਸ਼ ਅਮਰੀਕਾ ਤੇ ਕਬਜਾ ਕਰ ਲਿਆ। ਅਮਰੀਕਾ ਦੇ ਨਿਊਯਾਰਕ ਸਮੇਤ ਕਈ ਸ਼ਹਿਰਾਂ ਵਿੱਚ ਕੋਲੰਬਸ ਦਾ ਦਿਨ ਮਨਾਇਆ ਜਾਂਦਾ ਹੈ। ਉਸਦਾ ਸਮਕਾਲੀ ਅਤੇ ਸ਼ਰੀਕ ਪੁਰਤਗਾਲੀ ਵਾਸਕੋ ਡੇ ਗਾਮਾਂ ਯੌਰਪ ਤੋਂ ਸਮੁਦਰੀ ਰਸਤੇ ਭਾਰਤ ਪਹੁੰਚ ਗਿਆ ਸੀ। ਮੈਂ ਕੋਲੰਬਸ ਵਿੱਚੋਂ ਵਾਸਕੋ ਡੇ ਗਾਮਾਂ ਦੇ ਨਕਸ਼ ਤਲਾਸ਼ਣ ਲੱਗਿਆ। ਪਰ ਤਸਵੀਰ ਬਣ ਨਹੀਂ ਸੀ ਰਹੀ ।ਧੁੰਦ ਸੰਘਣੀ ਹੁੰਦੀ ਜਾ ਰਹੀ ਸੀ।ਹੁਣ ਸਮੁੰਦਰ ਵੱਲ ਦੂਰ ਤੱਕ ਨਹੀਂ ਸੀ ਦਿੱਸਦਾ। ਪੱਛਮ ਦੇ ਪੂੰਜੀਵਾਦ ਵੱਲ ਵਧਣ ਅਤੇ ਯੌਰਪੀਂਅਨ  ਰਾਜਿਆਂ ਵਿੱਚ ਨਵੀਆਂ ਕਲੋਨੀਆਂ ਲੱਭਣ ਲਈ , ਮੁਕਾਬਲੇ ਦੇ ਉਸ ਯੁੱਗ ਵਿੱਚ ਕੋਲੰਬਸ ਵਰਗੇ ਕਈ ਗੋਰੇ ਖੋਜੀ ਸਮੂੰਦਰਾਂ ਨੂੰ ਗਾਹ ਰਹੇ ਸਨ।ਭਾਰਤੀ ਗਰਮ ਮਸਾਲਿਆਂ ਦੀ ਮਹਿਕ ਗੋਰਿਆਂ ਨੂੰਂ ਆਵਾਜਾਂ ਮਾਰ ਰਹੀ ਸੀ। ਦੂਰ ਨੀਝ ਲਾ ਕੇ ਵੇਖ ਰਹੀਆਂ ਕੋਲੰਬਸ ਦੇ ਬੁੱਤ ਦੀਆਂ ਅੱਖਾਂ ਜਿਵੇਂ ਧਰਤੀ ਨਾਪ ਰਹੀਆਂ ਸਨ ।  ਮੈਂ ਬੁੱਤ ਦੇ ਪੈਰਾਂ ਹੇਠ ਪਿੱਤਲ ਦੀ ਪਲੇਟ ਤੇ ਲਿਖਿਆ ਪੜ੍ਹਿਆ, “ਜਨਮ 31 ਅਕਤੂਬਰ 1451, ਮੌਤ 20 ਮਈ 1506″ । ਫਿਰ ਸ਼ੁਰੂ ਹੋ ਗਿਆ ਸੀ, ਉਹ ਦੌਰ, ਜਿਸ ਵਿੱਚ ਟੱਲੀਆਂ ਵਜਾਉਣ ਵਾਲੇ  ‘ਅਧਿਆਤਮਵਾਦੀ’ ਭਾਰਤੀਆਂ ਨੂੰ ਵਿਗਿਆਂਨਕ ਕਾਢਾਂ ਕੱਢਣ ਵਾਲੇ ਪੱਛਮ ਨੇ ਆ ਦਬੋਚਣਾ ਸੀ। “ਜੈਸੀ ਮਨਸਾ ਤੈਸੀ ਦਸਾ॥”  ਇਹ ਉਹ ਸਮਾਂ ਸੀ ਜਦੋਂ  ਗੁਰੁ ਨਾਨਕ ਦੇਵ ਜੀ ਜਪੁਜੀ ਦੀ ਰਚਣਾਂ ਕਰਨ ਦੀ ਤਿਆਰੀ ਕਰ ਰਹੇ ਸਨ ਤੇ ਉਨ੍ਹਾਂ ਰੱਬ ਨੂੰ ਮਿਹਣਾ ਮਾਰਨ ਵਾਲੀ ਬਾਬਰ ਬਾਣੀ ਵੀ ਅਜੇ ਲਿਖਣੀ ਸੀ। ਮੈਂ ਕੌਲੰਬਸ ਦੇ ਬੁੱਤ ਤੋਂ ਉੱਪਰ ਵੇਖਦਾ ਹੋਇਆ ਦੂਰ  ਉਜਬੇਕਿਸਤਾਨ ਪਹੁੰਚ ਗਿਆ । ਠੀਕ  ਉਸੇ ਹੀ ਸਮੇਂ ਉਜਬੇਕਿਸਤਾਨ ਦੀ ਫਰਗਾਂਨਾਂ ਘਾਟੀ ਵਿੱਚ ਬੱਚਾ ਬਾਬਰ, ਆਪਣੀ ਨਾਨੀ ਏਸਾਨ ਦੌਲਤ ਬੇਗਮ ਦੀ ਨਿਗਰਾਨੀ ਹੇਠ ਤੀਰ ਅੰਦਾਜ਼ੀ ਅਤੇ ਘੋੜ ਸਵਾਰੀ ਸਿੱਖਦਾ ਹੋਇਆ, ਦੂਰ ਭਾਰਤ ਵਿੱਚ ਤਿੰਨ ਸਦੀਆਂ ਰਹਿਣ ਵਾਲੇ ਮੁਗਲ ਸਾਮਰਾਜ ਦੀ ਨੀਂਹ ਰੱਖਣ ਲਈ, ਯੁੱਧ ਕਲਾ ਵਿੱਚ ਨਿਪੁੰਨ ਹੋ ਰਿਹਾ ਸੀ। ਮਿਰਜ਼ਾ ਬਾਬਰ ਨੇ ਸਰਪੱਟ ਘੋੜਾ ਦੜਾਉਂਦੇ ਹੋਏ ਲਗਾਮ ਛੱਡਕੇ ਫੁਰਤੀ ਨਾਲ ਆਪਣੇ ਕੰਨ ਤੱਕ ਖਿੱਚਕੇ ਤੀਰ ਛੱਡਿਆ । ਸਰੜ ਸਰੜ ਕਰਦਾ ਤੀਰ ਹਵਾ  ਨੂੰ ਚੀਰਦਾ ਹੋਇਆ  ਠੀਕ ਨਿਸ਼ਾਨੇ ‘ਤੇ ਫੱਟੇ ਵਿੱਚ ਧਸ ਗਿਆ। ਉਸਤਾਦ ਮਜੀਦ ਬੇਗ ਨੇ ਤੀਰ ਫੱਟੇ ਵਿੱਚੋਂ ਕੱਢਕੇ ਕਿਹਾ, “ਪੂਰਾ ਚਾਰ ਉਂਗਲ ਡੂੰਘਾ ਹੈ। ਵਲੀ ਅਹਿਦ!ਤੁਹਾਡੇ ਹੱਥ ਸ਼ੇਰ ਦੇ ਪੰਜੇ ਹਨ।” ਬਾਬਰ ਨੇ ਮੱਥਾ ਸਕੋੜਦੇ ਹੋਏ ਨੀਝ ਨਾਲ ਫੱਟੇ ਵਿੱਚ ਪਏ ਨਿਸ਼ਾਨ ਨੂੰ ਘੋਖਿਆ ਤੇ ਫਿਰ ਖਿੜ ਖਿੜਾ ਕੇ ਹੱਸਿਆ। ਉਸਦੇ ਹਾਸੇ ਦੀ ਟੁਣਕਾਰ ਵਿੱਚੋਂ ਮੈਨੂੰ ਹਿੰਦੋਸਤਾਨ ਦੀ ਤਕਦੀਰ ਕੰਬਦੀ ਹੋਈ ਦਿੱਸੀ। ਉੱਧਰ ਭਾਰਤ ਦੇ ਸੈਂਕੜੇ ਰਿਸ਼ੀ ਮੁਨੀ ਆਪਣੀਆਂ ਸਮਾਜਿਕ ਜਿਮੇਵਾਰੀਆਂ ਤੋਂ ਭੱਜਕੇ, ਹਿਮਾਲਿਆ ਦੀਆਂ ਪਹਾੜੀਆਂ ਵਿੱਚ ਛੁਪੇ, ਅਗਲਾ ਜਨਮ ਸਫਲਾ ਕਰਨ ਲਈ ਜਪ,ਤਪ ਕਰਨ ਵਿੱਚ ਰੁੱਝੇ ਹੋਏ ਸਨ।ਧੜਾ ਧੜ ਮੰਦਰਾਂ ਦੇ ਨਿਰਮਾਣ ਹੋ ਰਹੇ ਸਨ।ਸੋਨੇ ਚਾਂਦੀ ਨਾਲ ਲੱਦੇ ਮੰਦਰਾਂ ਵਿੱਚ ਓਮ ਜੈ ਜਗਦੀਸ਼ ਹਰੇ ਦੀ ਆਰਤੀ ਕਰਕੇ, ਰੱਬ ਤੋਂ ਜਾਨ ਮਾਲ ਦੀ ਸੁਰੱਖਿਆ ਮੰਗੀ ਜਾ ਰਹੀ ਸੀ। ਰਿਸ਼ੀ ਮੁਨੀ ਲੋਕ ਜੇ ਆਪਣਾ ਸਮਾਂ ਜਨਮ ਸਫਲਾ ਕਰਨ ਲਈ ਸਮਾਂ ਬਰਬਾਦ ਕਰਨ ਦੀ ਥਾਂ ਬਰੂਦ ਦੀ ਕਾਢ ਹੀ ਕੱਢਕੇ ਦੇ ਜਾਂਦੇ ਫਿਰ ਨਾ ਬਾਬਰ ਸਾਡੇ ਵੱਲ ਅੱਖ ਚੁੱਕਕੇ ਵੇਖਦਾ ਤੇ ਨਾ ਹੀ ਕੌਲੰਬਸ ਦੇ ਵਾਰਸ ਯੌਰਪੀਅਨ ਹੀ ਸਾਡੀ ਧਰਤੀ ਤੇ ਪੈਰ ਰੱਖਦੇ। ਅਸੀਂ ਪੰਜ ਸਦੀਆਂ ਦੀ ਗੁਲਾਂਮੀਂ ਤੋਂ ਬਚ ਜਾਂਦੇ। ਸਾਡੀਆਂ ਕਿਰਪਾਨਾਂ, ਬਰਛੇ ਉਨ੍ਹਾਂ ਦੀਆਂ ਰਇਫਲਾਂ, ਤੋਪਾਂ ਅੱਗੇ ਹਾਰ ਗਏ ਸਨ।  ਪਰ ਜਿੰਨ੍ਹਾਂ ਨੂੰ ਬਚਪਣ ‘ਚ ਛੱਪੜ ‘ਚ ਵੜਣ ਤੋਂ ਡਰਾਇਆ ਗਿਆ ਹੋਵੇ। ਉਹ ਸਮੁੰਦਰਾਂ ਦੇ ਤੈਰਾਕ ਨਹੀਂ ਬਣ ਸਕਦੇ। ਕੋਲੰਬਸ ਤੋਂ ਵੀ ਢਾਈ ਸਦੀਆਂ ਪਹਿਲਾਂ ਇਟਲੀ ਦਾ ਮਾਰਕੋ ਪੋਲੋ ਚੀਂਨ ਜਾ ਆਇਆ ਸੀ। ਗੋਰੇ ਦਿਉ ਵਾਂਗ ਦਹਾੜਦੇ ਸਮੁੰਦਰ ਨੂੰ ਲਲਕਾਰ ਰਹੇ ਸਨ। ਭਾਰਤ ਵਿੱਚ ਸਮੁੰਦਰੋਂ ਪਾਰ ਜਾਣ ਤੇ ਭਿੱਟੇ ਜਾਣ ਦਾ ਡਰ ਪਾਇਆ ਜਾ ਰਿਹਾ ਸੀ । ਮੇਰੇ ਪਿੰਡ ਕੋਟਫੱਤੇ ਦੇ ਸਰਕਾਰੀ ਸਕੂਲ ਵਿੱਚ ਇੱਕ ਕਮਲਾ ਜਿਹਾ ਮਾਸਟਰ ਹੁੰਦਾ ਸੀ। ਅੱਧੀ ਛੁੱਟੀ ਵੇਲੇ ਖੇਡਣ ਲਈ ਦਰਖਤਾਂ ਤੇ ਚੜ੍ਹਣ ਲੱਗੇ ਬੱਚਿਆਂ ਨੂੰ ਡੰਡੇ ਮਾਰਕੇ  ਡਰਾ ਦਿੰਦਾ ਸੀ ਕਿ “ਉੱਚੇ ਥਾਵੀਂ ਨਹੀਂ ਚੜ੍ਹਣਾ, ਸੱਟ ਵੱਜੇਗੀ”। ਸੱਭ ਤੋਂ ਵੱਧ ਕੁੱਟ ਸਾਡੇ ਮੌਜੂਦਾ ਐੱਮ ਐੱਲ ਏ ਦਰਸ਼ਨ ਕੋਟਫੱਤੇ ਦੇ ਪੈਂਦੀ। ਓਦੋਂ ਦੇ ਡਰਾਏ ਅਸੀਂ ਸਾਰੀ ਉਮਰ ਚੰਡੋਲ ‘ਤੇ ਚੜ੍ਹਣੋ ਡਰਦੇ ਰਹੇ ਹਾਂ। ਇਹ ਇਤਿਹਾਸਕ ਦੁਖਾਂਤ ਹੈ ਕਿ ਜਦੋਂ ਅਸੀਂ ਰੱਬ ਨੂੰ ਲੱਭਣ ਲਈ ਧੜਾ ਧੜ ਮੰਦਰ ਬਣਾ ਰਹੇ ਸੀ। ਓਦੋਂ ਗੋਰਿਆਂ ਨੇਂ ਸਮੁੰਦਰ ਗਾਹ ਕੇ ਸਾਨੂੰ ਲੱਭ ਲਿਆ ਤੇ ਮੁੜ ਕਈ ਸਦੀਆਂ ਸਿਰ ਨਹੀਂ ਚੁੱਕਣ ਦਿੱਤਾ। ਸਾਨੂੰ ਅੱਜ ਤੱਕ ਰੱਬ ਨਹੀਂ ਲੱਭਾ। “ਤੁਮ ਨੇ ਆਜ਼ਾਦ ਫ਼ਿਜਾਓਂ ਮੇ ਜਨਮ ਪਾਇਆ ਹੈ,ਮੈਂਨੇ ਪਾਬੰਦੀ-ਏ-ਮਾਹੌਲ ਮੇਂ ਆਂਖੇਂ ਖੋਲ੍ਹੀਂ।” ਮੈਂ ਮੱਥੇ ਤੇ ਹੱਥ ਲਾ ਕੇ ਮਹਾਨ ਕੋਲੰਬਸ  ਨੂੰ ਸਲਾਂਮ ਕੀਤੀ।ਗੋਰੇ ਮਿੱਤਰੋ ਤੁਸੀਂ ਸੱਚ ਮੁੱਚ ਹੀ ਸਾਡੇ ਤੋਂ ਦੋ ਸਦੀਆਂ ਅੱਗੇ ਹੋ। ਅੱਦੋਂ ਹੀ ਇੱਕ ਗੋਰਾ ਜੋੜਾ ਉੱਥੇ ਆ ਗਿਆ । ਉਹ ਦੋਨੋਂ ਜੱਫੀ ਪਾ ਕੇ ਬੁੱਤ ਅੱਗੇ ਖੜ੍ਹ ਗਏ ਤੇ ਮੈਨੂੰ ਕੈਮਰੇ ਨਾਲ ਫੋਟੋ ਖਿੱਚਣ ਲਈ ਬੇਨਤੀ ਕੀਤੀ । ਮੈਂ ਉਨ੍ਹਾਂ ਤੋਂ ਕੈਮਰਾ ਫੜ੍ਹਕੇ ਫੋਟੋ ਖਿੱਚ ਦਿੱਤੀ।ਉਹ ਖੁਸ਼ ਹੋਏ ਮੈਨੂੰ ਥੈਂਕ ਯੂ ਥੈਂਕ ਯੂ ਕਹਿੰਦੇ ਸਮੁੰਦਰ ਕੰਢੇ ਲੱਗੇ ਲੱਕੜ ਦੇ ਅਣ ਘੜ ਬੈਂਚ ਤੇ ਜਾ ਬੈਠੇ। ਮੇਰੀ ਫੇਰੀ (ਛੋਟਾ ਜਿਹਾ ਸਮੁਮਦਰੀ ਜਹਾਜ ) ਦਾ ਸਮਾਂ ਹੋ ਗਿਆ ਸੀ ਤੇ ਮੈਂ ਇਸ ਉੱਤੇ  ਜਜ਼ੀਰੇ ਤੇ ਘੁੰਮਣ ਜਾਣਾ ਸੀ । ਜਿੱਥੋਂ ਚਾਰੇ ਪਾਸੇ ਹਰਾ ਗੰਧਲਿਆ ਸਮੁੰਦਰ ਹੀ ਦਿੱਸਦਾ ਸੀ ਅਤੇ ਧਰਤੀ ਨਹੀਂ ਸੀ ਦਿੱਸਦੀ । ਮੈਂ ਮਹਾਨ ਕੋਲੰਬਸ ਦੇ ਬੁੱਤ ਦੇ ਗੋਡੇ ਨੂੰ ਹੱਥ ਲਾ ਕੇ ਵਾਪਸ ਚੱਲ ਪਿਆ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>