ਚੇਨਈ- ਭਾਰਤ-ਪਾਕਿਸਤਾਨ ਵਿਚਕਾਰ ਇਥੇ ਖੇਡੇ ਗਏ ਵਨ ਡੇਅ ਵਿਚ ਪਾਕਿਸਤਾਨ ਨੇ ਭਾਰਤੀ ਕ੍ਰਿਕਟ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ।
ਭਾਰਤ ਨੇ ਪਕਿਸਤਾਨ ਦੀ ਟੀਮ ਨੂੰ ਜਿੱਤ ਲਈ 228 ਦੌੜਾਂ ਦਾ ਟੀਚਾ ਦਿੱਤਾ ਸੀ ਜਿਸਨੂੰ ਪਾਕਿਸਤਾਨੀ ਟੀਮ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ 11 ਗੇਂਦਾਂ ਰਹਿੰਦਿਆਂ ਹਾਸਲ ਕਰ ਲਿਆ। ਇਸ ਜਿੱਤ ਵਿਚ ਪਾਕਿਸਤਾਨੀ ਖਿਡਾਰੀ ਨਾਸਿਰ ਜਮਸ਼ੇਦ ਨੇ ਸ਼ਾਨਦਾਰ 101 ਦੌੜਾਂ ਬਣਾਕੇ ਪਾਕਿਸਤਾਨੀ ਟੀਮ ਨੂੰ ਜਿੱਤ ਵਿਚ ਅਹਿਮ ਯੋਗਦਾਨ ਪਾਇਆ। ਇਸਤੋਂ ਇਲਾਵਾ ਯੂਨਸ ਖਾਨ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ 58 ਦੌੜਾਂ ਬਣਾਕੇ ਪਾਕਿਸਤਾਨੀ ਟੀਮ ਦੀ ਜਿੱਤ ਨੂੰ ਨਿਸਚਿਤ ਕਰਾ ਦਿੱਤਾ।
ਪਾਕਿਸਤਾਨੀ ਟੀਮ ਦੀ ਪਹਿਲੀ ਵਿਕਟ ਸਿਫਰ ਦੇ ਸਕੋਰ ਨੇ ਭੁਵਨੇਸ਼ਵਰ ਕੁਮਾਰ ਨੇ ਮੁਹੰਮਦ ਹਫੀਜ਼ ਦੇ ਤੌਰ ‘ਤੇ ਲੈ ਲਈ। ਇਸਤੋਂ ਬਾਅਦ ਪਾਕਿਸਤਾਨੀ ਟੀਮ ਨੇ ਥੋੜ੍ਹਾ ਸੰਭਲਕੇ ਖੇਡਣਾ ਸ਼ੁਰੂ ਕੀਤਾ ਅਤੇ 16 ਓਵਰਾਂ ਤੱਕ ਪਾਕਿਸਤਾਨੀ ਟੀਮ ਦੀ ਸਕੋਰ ਦੋ ਵਿਕਟਾਂ ਦੇ ਨੁਕਸਾਨ ‘ਤੇ 52 ਦੌੜਾਂ ਸੀ।
ਇਸ ਦੌਰਾਨ ਭਾਰਤੀ ਟੀਮ ਨੇ ਆਸਾਨ ਕੈਚਾਂ ਛਡੀਆਂ, ਇਕ ਕੈਚ ‘ਤੇ ਅੰਪਾਇਰ ਵਲੋਂ ਨਾਸਿਰ ਜਮੇਸ਼ਦ ਨੂੰ ਨਾਟ ਆਊਟ ਦਿੱਤਾ ਗਿਆ ਅਤੇ ਇਕ ਗੇਂਦ ‘ਤੇ ਸ਼ੋਇਬ ਮਲਿਕ ਵਿਕਟ ਪਿਛੇ ਧੋਨੀ ਹੱਥੋਂ ਆਊਟ ਹੋ ਗਿਆ ਸੀ। ਪਰੰਤੂ ਉਹ ਗੇਂਦ ਆਰ ਅਸ਼ਵਿਨ ਨੇ ਨੋ ਬਾਲ ਕੀਤੀ ਸੀ ਜਿਸ ਕਰਕੇ ਉਸਨੂੰ ਵਾਪਸ ਬੁਲਾ ਲਿਆ ਗਿਆ।
ਪਹਿਲਾਂ ਖੇਡਦਿਆਂ ਹੋਇਆਂ ਭਾਰਤੀ ਟੀਮ ਨੇ ਆਪਣੀਆਂ ਪੰਜ ਵਿਕਟਾਂ ਸਿਰਫ 29 ਦੌੜਾਂ ਦੇ ਸਕੋਰ ‘ਤੇ ਹੀ ਗੁਆ ਲਈਆਂ ਸਨ। ਇੰਜ ਲੱਗ ਰਿਹਾ ਸੀ ਜਿਵੇਂ ਭਾਰਤੀ ਟੀਮ 100 ਦੌੜਾਂ ਵੀ ਨਹੀਂ ਬਣਾ ਸਕੇਗੀ। ਇਸਤੋਂ ਬਾਅਦ ਸੁਰੇਸ਼ ਰੈਨਾ (43 ਦੌੜਾਂ) ਅਤੇ ਧੋਨੀ (ਬਿਨਾਂ ਆਊਟ ਹੋਇਆਂ 113 ਦੌੜਾਂ) ਨੇ ਸੰਭਲਕੇ ਖੇਡਣਾ ਸ਼ੁਰੂ ਕੀਤਾ ਅਤੇ 73 ਦੌੜਾਂ ਦੀ ਭਾਈਵਾਲੀ ਕੀਤੀ। ਇਸਤੋਂ ਬਾਅਦ ਧੋਨੀ ਦੇ ਨਾਲ ਰਲਕੇ ਆਰ ਅਸ਼ਵਿਨ ਨੇ 125 ਦੌੜਾਂ ਦੀ ਪਾਰਟਨਰਸਿ਼ਪ ਸਦਕੇ ਭਾਰਤੀ ਟੀਮ ਛੇ ਵਿਕਟਾਂ ਦੇ ਨੁਕਸਾਨ 227 ਦੌੜਾਂ ਬਨਾਉਣ ਵਿਚ ਕਾਮਯਾਬ ਹੋ ਸਕੀ।
ਭਾਰਤੀ ਟੀਮ ਦੇ ਪਹਿਲੇ ਪੰਜ ਖਿਡਾਰੀਆਂ ਚੋਂ ਗੌਤਮ ਗੰਭੀਰ (8 ਦੌੜਾਂ), ਸਹਿਵਾਗ (4 ਦੌੜਾਂ), ਵਿਰਾਟ ਕੋਹਲੀ (0), ਯੁਵਰਾਜ ਸਿੰਘ (2 ਦੌੜਾਂ) ਅਤੇ ਰੋਹਿਤ ਸ਼ਰਮਾ (4 ਦੌੜਾਂ) ਦੇ ਮਾਮੂਲੀ ਸਕੋਰ ‘ਤੇ ਵਾਪਸ ਪਰਤ ਆਏ