ਪੁਰਖ ਭਗਵੰਤ :ਗੁਰੂ ਗੋਬਿੰਦ ਸਿੰਘ

(ਭਗਵੰਤ ਰੂਪ ਗੁਰ ਗੋਬਿੰਦ ਸੂਰਾ)

ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਚਿੱਤਰ ਹਰ ਸਿੱਖ ਸ਼ਰਧਾਲੂ ਦੇ ਹਿਰਦੇ ਵਿੱਚ ਉਕਰਿਆ ਹੋਇਆ ਹੈ ਉਹ ਬੜਾ ਤੇਜੱਸਵੀ, ਜਲਾਲੀ, ਉਚ ਦੁਮਾਲੜੇ ਤੇ ਸ਼ਸ਼ੋਭਿਤ ਕਲਗੀ ਜਿਸ ਦੇ ਚਿੰਨ੍ਹ ਸਰੂਪ ਨੀਲੇ ਘੋੜੇ ਦੇ ਸ਼ਾਹ ਅਸਵਾਰ, ਚਿੱਟੇ ਬਾਜ਼ ਵਾਲੇ ਅਗੰਮੜੇ ਸੂਰਮੇ ਹਨ। ਪਾਤਸ਼ਾਹ ਦੇ ਏਸ ਸ਼ਸਤਰਧਾਰੀ ਸੂਰਬੀਰ ਰਣਤੱਤੇ ਦੇ ਯੋਧੇ ਜਰਨੈਲ ਦੇ ਬਾਹਰੀ ਸਰੂਪ ਤੋਂ ਆਮ ਵਿਅਕਤੀ ਤਾਂ ਇਕ ਪਾਸੇ,ਵਿਦਵਾਨ ਤੇ ਇਤਿਹਾਸਕਾਰ ਵੀ ਭੁਲੇਖਾ ਖਾ ਜਾਂਦੇ ਹਨ ।

ਕਿਸੇ ਵੀ ਧਰਮ ਦੇ ਸਿਧਾਂਤਾਂ ਦੀ ਪਰਖ ਉਸੇ ਧਰਮ ਦੇ ਮਾਪਦੰਡ ਨਾਲ ਹੀ ਹੋ ਸਕਦੀ ਹੈ। ਜਿਵੇਂ ਲੋਹੇ ਅਤੇ ਸੋਨੇ ਨੂੰ ਪਰਖਣ ਲਈ, ਖਾਧ ਪਦਾਰਥ ਅਤੇ ਫੁੱਲਾਂ ਦੀ ਖੁਸ਼ਬੋਅ ਨੂੰ ਪਰਖਣ ਲਈ, ਪੈਮਾਨੇ ਇਕਸਾਰ ਨਹੀਂ ਅਲੱਗ-ਅਲੱਗ ਹੁੰਦੇ ਹਨ ਏਸੇ ਤਰ੍ਹਾਂ ਹਰ ਗੁਰੂ, ਅਵਤਾਰ, ਪੈਗੰਬਰ ਅਤੇ ਹਰ ਧਰਮ ਦੇ ਸਿਧਾਂਤਾਂ ਤੇ ਚੱਕਰ ਚਿਹਨ ਨੂੰ ਪਰਖਣ ਲਈ ਮਾਪਦੰਡ ਆਪੋ ਆਪਣੇ ਹਨ ਅਤੇ ਜੇਕਰ ਕੋਈ ਆਪਣੇ ਫਲਸਫੇ ਤੇ ਮਾਪਦੰਡ ਨਾਲ ਕਿਸੇ ਹੋਰ ਦਾ ਧਰਮ ਪਰਖਣਾ ਚਾਹੇ ਤਾਂ ਉਸ ਦਾ ਨਤੀਜਾ ਓਝੜ ਪੈਣਾ ਅਤੇ ਗੁੰਮਰਾਹਕੁੰਨ ਹੀ ਹੋਵੇਗਾ।

ਸਤਿਗੁਰੂ ਤਾਂ ਸੂਰਮਾ ਹੀ ਹੈ ਹਾਂ ਉਸਦੇ ਸ਼ਸ਼ਤਰ ਜਾਂ ਸਾਧਨ ਬਦਲਵੇਂ ਹੋ ਸਕਦੇ ਹਨ ।ਗੁਰਬਾਣੀ ਅੰਦਰ ਕਬੀਰ ਸਾਹਿਬ ਦਾ ਫੁਰਮਾਨ ਹੈ

“ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥ ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥”

“ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥”

ਫਿਰ ਜ਼ਿਕਰ ਕੀਤਾ ਹੈ:

“ਨਾਨਕ ਸੋ ਸੂਰਾ ਵਰਿਆਮ ਜਿਨ ਵਿਚੋ ਦੁਸਟ ਅਹੰਕਰਣ ਮਾਰਿਆ ॥”

ਸਤਿਗੁਰੂ ਨੂੰ ਸੂਰਮਾ ਦਸਦੇ ਹਨ ।ਸਤਿਗੁਰੂ ਸ਼ਬਦ ਦੇ ਬਾਣ ਨਾਲ  ਮਨਮਤਿ ਦਾ ਘਾਤ ਵੀ ਕਰਦਾ ਹੈ ।ਗੁਰੁ ਨਾਨਕ ਦੀ ਰਬਾਬ ਵਿਚੋਂ ਨਿਕਲਿਆ ਸ਼ਬਦ ਸ਼ਬਦ ਦਾ ਬਾਣ ਬਾਬਰ ਨੂੰ ਜਾਬਰ ਤੇ ਉਸਦੀ ਫੌਜ ਨੂੰ ਪਾਪ ਦੀ ਜੰਝ ਬਿਆਨਿਆ ਹੈ ।ਗੁਰੁ ਨਾਨਕ ਸਾਹਿਬ ਦਾ ਇਹੀ ਸਰੂਪ ਪੰਜਵੇਂ ਜਾਮੇ ਵਿਚ ਗੁਰੁ ਅਰਜਨ ਦੇ ਰੂਪ ਵਿਚ ਤੱਤੀ ਤਵੀ ਤੇ ਬੈਠਦਾ ਹੈ ,ਇਹ ਵੀ ਸਤਿਗੁਰੂ ਸੂਰਮੇ ਦਾ ਸਰੂਪ ਹੈ ।ਗੁਰੁ ਹਰਗੋਬਿੰਦ ਸਾਹਿਬ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਨਾ ਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਣ ਕਰਨਾ ਵੀ ਸਤਿਗੁਰੂ ਦਾ ਸੂਰਮਾ ਸਰੂਪ ਹੈ ।ਨੌਵੇਂ ਗੁਰਦੇਵ ਗੁਰੁ ਤੇਗ ਬਹਾਦਰ ਸਾਹਿਬ ਦਾ ਚਾਂਦਨੀ ਚੋਕ ਵਿਚ ਧਰਮ ਖਾਤਿਰ ਸੀਸ ਦੇਣਾ ਵੀ ਸਤਿਗੁਰੂ ਦਾ ਸੂਰਮਾ ਸਰੂਪ ਹੈ ।ਇਸੇ ਤਰ੍ਹਾ ਗੁਰੁ ਗੋਬਿੰਦ ਸਾਹਿਬ ਦਾ ਖੜਗਧਾਰੀ ਸਰੂਪ ਸਤਿਗੁਰੂ ਸੂਰਮਾ ਸਰੂਪ ਹੈ।ਦੁਨੀਆਂ ਸੂਰਮਾ ਜਾਂ ਬਹਾਦਰ ਉਸ ਨੂੰ ਤਸੱਵਰ ਕਰਦੀ ਹੈ ਜਿਸ ਵਿੱਚ ਸਰੀਰਕ, ਰਾਜਸੀ ਅਤੇ ਫ਼ੌਜੀ ਬੱਲ ਹੋਵੇ ।ਉਹ ਚੰਗੇਜ ਖਾਨ, ਹਲਾਕੂ, ਬਾਬਰ, ਔਰੰਗਜੇਬ, ਹਿਟਲਰ, ਮੁਸੋਲੀਨੀ, ਜਿਨ੍ਹਾਂ ਪਰਜਾ ਦਾ ਘਾਤ ਕੀਤਾ ਨੂੰ ਮੰਨਦੀ ਹੈ ।
ਗੁਰੂ ਗੋਬਿੰਦ ਸਿੰਘ ਜੀ ਦੀ ਦੁਨਿਆਵੀ ਉਮਰ ਕੇਵਲ 42 ਸਾਲ ਹੈ ।ਆਪਣੀ ਸਵੈ-ਜੀਵਨੀ ਬਚਿਤ੍ਰ ਨਾਟਕ ਵਿਚ ਗੁਰੂ ਜੀ ਇਹ ਵੀ ਬਿਆਨ ਕਰਦੇ ਹਨ

‘ਚਿਤ ਨ ਭਯੋ ਹਮਰੋ ਆਵਨ ਕਹ॥ ਚੁਭੀ ਰਹੀ ਸ੍ਰੁਤਿ ਪ੍ਰਭ ਚਰਨਨ ਮਹਿ॥’

ਪਰ ਮੈਨੂੰ ਅਕਾਲ ਪੁਰਖ ਨੇ ਸਮਝਾਇਆ ਤੇ ਆਦੇਸ਼ ਦਿੱਤਾ

‘ਮੈ ਅਪੁਨਾ ਸੁਤ ਤੋਹਿ ਨਿਵਾਜਾ॥ ਪੰਥੁ ਪ੍ਰਚੁਰ ਕਰਬੇ ਕਹੁ ਸਾਜਾ॥
ਜਾਹਿ ਤਹਾਂ ਤੈ ਧਰਮ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥’

“ਤਹੀ ਪ੍ਰਕਾਸ਼ ਹਮਾਰਾ ਭਯੋ ॥ਪਟਨਾ ਸਹਰ ਬਿਖੈ ਭਵ ਲਯੋ ॥”

ਧਰਮ ਤੇ ਵੈਰਾਗ ਦੀ ਮੂਰਤ ਗੁਰੁ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਅਤੇ ਮਾਤਾ ਗੁਜਰੀ ਜੀ ਦੀ ਕੁਖੋਂ ਉਨ੍ਹਾਂ ਦਾ ਪ੍ਰਕਾਸ਼ ਹੋਇਆ ।ਜਿਸ ਵਕਤ ਦਸਮ ਪਿਤਾ ਦਾ ਸੰਸਾਰ ਆਗਮਨ ਹੋਇਆ ਉਸ ਵੇਲੇ ਨੋਵੇਂ ਗੁਰਦੇਵ ,ਸਮੇਂ ਦੇ ਹਾਕਮਾਂ ਦੇ ਡਰ ਭੈਅ ਕਾਰਨ ਬਲਹੀਨ ਤੇ ਕਾਇਰ ਹੋ ਚੁਕੇ ਲੋਕਾਂ ਨੂੰ ਇਕ ਨਿਰਭਉ ਦੇ ਲੜ ਲਾਵਣ ਅਤੇ ਭੈਅ ਰਹਿਤ ਹੋਣ ਦਾ ਉਪਦੇਸ਼ ਦੇਣ ਹਿੱਤ ਢਾਕਾ, ਕਲਕੱਤਾ, ਗੁਹਾਟੀ ਅਤੇ ਦੇਸ਼ ਦੇ ਪੂਰਬ ਦੀ ਆਖਰੀ ਹੱਦ ਤੀਕ ਦੇ ਪ੍ਰਚਾਰ ਦੋਰੇ ਤੇ ਸਨ ।ਪਟਨਾ ਸਾਹਿਬ ਵਿਖੇ ਬਾਲ ਗੋਬਿੰਦ ਛੋਟੇ ਛੋਟੇ ਬੱਚਿਆਂ ਵਿਚੋਂ ਡਰ ਕੱਢਣ ਅਤੇ ਸੂਰਬੀਰਤਾ ਭਰਨ ਲਈ ਨਕਲੀ ਸ਼ਸ਼ਤਰਾਂ ਤੇ ਗੁਲੇਲਾਂ ਆਦਿ ਨਾਲ ਲੈਸ ਹੋ ਨਕਲੀ ਯੁਧ ਕਰਨ ਦਾ ਅਭਿਆਸ ਕਰਾਂਦੇ ,ਨਵਾਬ ਦੀ ਆਉਂਦੀ ਜਾਂਦੀ ਸਵਾਰੀ ਨੂੰ ਅਦਾਬ ਕਰਨ ਦੀ ਬਜਾਏ ਦੰਦੀਆਂ ਚਿੜਾਉਂਦੇ ।ਮਾਮਾ ਕ੍ਰਿਪਾਲ ਜੀ ਨੇ ਬਾਲ ਗੋਬਿੰਦ ਰਾਏ ਦੀਆਂ ਇਨ੍ਹਾਂ ਖਤਰਨਾਕ ਖੇਡਾਂ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਕ ਪੱਤਰ ਲਿਖ ਭੇਜਿਆ ਜਿਸ ਦੇ ਜਵਾਬ ਵਿਚ  ਸਾਹਿਬਾਂ ਨੇ ਲਿਖਿਆ, “ਜੋ ਗੋਬਿੰਦ ਕੀਆ ਭਲਾ ਕੀਆ ਅਬਲ ਤੋ ਸਰਕਾਰੀ ਅਹਿਲਕਾਰ ਕੋ ਸਲਾਮ ਨਹੀ ਕਹਿਣਾ ਗਰ ਆ ਹੀ ਬੈਠੇ ਤੋ ਮੰਜੇ ਕੀ ਪੁਆਂਦੀ ਦੇਣੀ ਸਿਰਹਾਂਦੀ ਨਹੀ ਦੇਣੀ।” ਇੳਂ ਨਿਡਰਤਾ ਤੇ ਸੂਰਬੀਰਤਾ ਨੂੰ ਉਤਸ਼ਾਹਿਤ ਕੀਤਾ। ਗੁਰੁ ਤੇਗ ਬਹਾਦਰ ਸਾਹਿਬ ਪੂਰਬ ਦੇਸ਼ ਦੇ ਪ੍ਰਚਾਰ ਦੌਰੇ ਉਪਰੰਤ ਆਨੰਦਪੁਰ ਸਾਹਿਬ ਪੁਜੇ ਅਤੇ ਬਾਲ ਗੋਬਿੰਦ ਸਹਿਤ ਪਰਿਵਾਰ ਨੂੰ ਆਨੰਦਪੁਰ ਸਾਹਿਬ ਪੁਜਣ ਦਾ ਆਦੇਸ਼ ਦਿੱਤਾ ।ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਥੇ ਹੀ ਬਾਲ ਗੋਬਿੰਦ ਰਾਏ ਨੁੰ ਭਾਂਤ ਭਾਂਤ ਦੀ ਦੁਨਿਆਵੀ ਤੇ ਅਧਿਆਤਮਿਕ ਤੇ ਸ਼ਸ਼ਤਰਾਂ ਦੀ ਸਿਖਿਆ ਦੇ ਉਚਿਤ ਪ੍ਰਬੰਧ ਕੀਤੇ, ਜਿਸਦਾ ਜਿਕਰ ਦਸਮ ਪਿਤਾ ਨੇ ਆਪ ਹੀ ਕੀਤਾ ਹੈ;

‘ਮਦ੍ਰ ਦੇਸ ਹਮ ਕੋ ਲੈ ਆਏ
ਭਾਂਤਿ ਭਾਂਤਿ ਦਾਈਅਨਿ ਦੁਲਰਾਏ
ਕੀਨੀ ਅਨਿਕ ਭਾਂਤਿ ਤਨ ਰੱਛਾ
ਦੀਨੀ ਭਾਂਤਿ ਭਾਂਤਿ ਕੀ ਸਿੱਛਾ ॥’

ਆਪਣੀ ਆਤਮ ਕਥਾ ਜਿਸਦਾ ਨਾਮ ਦਸਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਲਿਖਿਆ ਹੈ, ਉਸਦਾ ਪਹਿਲਾ ਦ੍ਰਿਸ਼ ਹੀ ਅਤਿਅੰਤ ਦਰਦਨਾਕ ਹੈ ਤੇ ਦਸਮੇਸ਼ ਪਿਤਾ ਦੇ ਤਿਆਗ ਦਾ ਸਿਖਰ ਹੈ।ਇਸ ਤੋਂ ਵਧੇਰੇ ਸੰਸਾਰ ਵਿਚ ਬਚਿਤਰ ਕਥਾ ਹੋਰ ਕਿਹੜੀ ਹੋ ਸਕਦੀ ਹੈ ਕਿ ਕੋਈ ਸਪੁਤਰ 9 ਸਾਲ ਦੀ ਛੋਟੀ ਉਮਰ ਵਿਚ ਹੀ ਆਪਣੇ ਪਿਤਾ ਨੂੰ ਸ਼ਹਾਦਤ ਦੇਣ ਪ੍ਰੇਰਣਾ ਕਰੇ ।ਸ਼ਹਾਦਤ ਦੇਣ ਲਈ ਗੁਰੂ ਤੇਗ ਬਹਾਦਰ ਸਾਹਿਬ ਆਪ ਦਿਲੀ ਰਵਾਨਾ ਹੋਏ,ਆਗਰੇ ਕੋ ਹੀ ਗ੍ਰਿਫਤਾਰ ਹੋਏ ।ਕੋਈ ਮਕਤੂਲ ਕਾਤਲ ਪਾਸ ਆਪ ਪੁਜੇ ਇਹ ਵੀ ਬੇਮਿਸਾਲ ਅਤੇ ਬਚਿਤ੍ਰ ਹੈ।ਸਿਖ ਸੇਵਕ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ, ਭਾਈ ਦਿਆਲਾ ਜੀ ਅਗਨੀ ਉਤੇ ਰੱਖੀ ਦੇਗ ਦੇ ਉਬਲਦੇ ਪਾਣੀ ਵਿਚ ਜਿਉਂਦੇ ਉਬਾਲ ਦਿੱਤੇ ਗਏ,ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਜਿਉਂਦੇ ਜੀਅ ਸਾੜ ਦਿੱਤਾ ਗਿਆ ।ਇਹ ਖੌਫਨਾਕ ਮੰਜ਼ਰ ਵੇਖ ਕੇ ਭੀ ਨੌਵੇਂ ਪਾਤਸ਼ਾਹ ਅਡੋਲ ਚਿੱਤ ,ਸ਼ਹਾਦਤ ਲਈ ਤਤਪਰ ਰਹੇ ਅਤੇ ਸ਼ਹੀਦ ਕਰ ਦਿੱਤੇ ਗਏ ।

ਭਾਈ ਜੈਤਾ ਜੀ ਰਾਤ ਦੇ ਅਨ੍ਹੇਰੀ ਦੇ ਗੁਬਾਰ ਵਿਚ ਸੀਸ ਲੈਕੇ ਆਨੰਦਪੁਰ ਸਾਹਿਬ ਲਈ ਰਵਾਨਾ ਹੋਏ,ਧੜ ਦਾ ਸਸਕਾਰ ਭਾਈ ਲਖੀ ਸ਼ਾਹ ਵਣਜਾਰਾ ਰਕਾਬਗੰਜ ਸਾਹਿਬ ਵਿਖੇ ਹੀ ਕਰ ਦਿੰਦੇ ਹਨ ।ਇਸਤੋਂ ਵਧੇਰੇ ਬਚਿਤ੍ਰ ਕਥਾ ਕਿਧਰੇ ਵੀ ਨਹੀ ਹੈ ।ਕਹਿਰ ਦੇ ਸਮੇਂ ਜਦੋਂ ਭਾਈ ਜੈਤਾ ਸੀਸ ਲੈਕੇ ਆਨੰਦਪੁਰ ਸਾਹਿਬ ਪੁਜੇ ਅਤੇ ਨੋਵੇਂ ਗੁਰਦੇਵ ਦੀ ਸ਼ਹਾਦਤ ਉਪਰੰਤ ਮੁਗਲ ਬਾਦਸ਼ਾਹ ਦੇ ਐਲਾਨ ਕਿ ਹੈ ਕੋਈ ਗੁਰੁ ਕਾ ਸਿਖ ਤਾਂ ਸਾਹਮਣੇ ਆਵੇ ਤੇ ਚਾਂਦਨੀ ਚੋਕ ਵਿਚ ਇਕੱਤਰ ਹੋਈ ਭੀੜ ਚੋਂ ਕਿਸੇ ਨੇ ਜੁਰਅਤ ਨਾ ਵਿਖਾਈ ਦਾ ਜਿਕਰ ਕੀਤਾ  ਤਾਂ ਦਸਮੇਸ਼ ਪਿਤਾ ਗਰਜਵੀਂ ਆਵਾਜ਼ ਵਿਚ  ਉਸ ਪਰਮਪਿਤਾ ਸ੍ਰੀ ਕਲਗੀਧਰ ਗਰਜਤ ਐਸੇ;

“ਸ੍ਰੀ ਗੋਬਿੰਦ ਸੁਨਿ ਕਰ ਐਸੇ, ਗਰਜਤ ਬੋਲੇ ਜਲਧਰ ਜੈਸੇ।
ਇਸ ਬਿਧਿ ਕੋ ਅਬਿ ਪੰਥ ਬਨਾਵੋਂ। ਸਗਲ ਜਗਤ ਮਹਿ ਬਹੁ ਬਿਦਤਾਵੋਂ॥8॥
ਲਾਖਹੁ ਜਗ ਕੇ ਨਰ ਇਕ ਥਾਇ। ਤਿਨ ਮਹਿ ਮਿਲੇ ਏਕ ਸਿੱਖ ਜਾਇ।
ਸਭਿ ਮਹਿ ਪ੍ਰਥਕ ਪਛਾਨਯੋ ਪਰੈ। ਰਲੈ ਨ ਕਬਹੂੰ ਕੈਸਿਹੁ ਕਰੈ॥9॥”

ਜਿਥੇ ਨਿੱਜੀ ਜੀਵਨ ਵਿਚ ਕਾਮ, ਕਰੋਧ, ਲੋਭ, ਮੋਹ ਹੰਕਾਰ ਦਾ ਰੋਗ ਵਿਆਪਦਾ ਹੈ ਉਥੇ ਮਨੁੱਖੀ ਸਮਾਜ ਨੂੰ ਅਗਿਆਨਤਾ, ਪਾਖੰਡ ਬੁਜਦਿਲੀ, ਡਰ ਅਤੇ ਅਧੀਨਗੀ ਦੇ ਬੰਧਨ ਪੈਂਦੇ ਹਨ ਜੋ ਸਤਿਗੁਰੂ ਦੀ ਕ੍ਰਿਪਾ ਨਾਲ ਪੈਦਾ ਹੋਈ ਜਾਗ੍ਰਿਤੀ ਅਤੇ ਚੇਤਨਾ ਸਦਕਾ ਹੀ ਕੱਟੇ ਜਾਂਦੇ ਹਨ ।ਇਸੇ ਅਟੱਲ ਸਚਾਈ ਦਾ ਵਰਨਣ ਕਰਦਿਆਂ ਇਕ ਪ੍ਰਸਿਧ ਅੰਗਰੇਜ਼ ਵਿਦਵਾਨ ਮੈਕਾਲਫ ਨੇ ਸਿਖ ਧਰਮ ਸਬੰਧੀ ਲਿਖੀਆਂ ਆਪਣੀ ਪੁਸਤਕ ਦੇ ਆਰੰਭ ਵਿਚ ਹੀ ਗੁਰਬਾਣੀ ਦੀਆਂ ਇਹ ਪੰਕਤੀਆਂ ਅੰਕਿਤ ਕੀਤੀਆਂ ਹਨ ;

‘ਫੂਟਿਓ ਆਂਡਾ ਭਰਮ ਕਾ ਮਨਹਿ ਭਇਆ ਪਰਗਾਸ
ਕਾਟੀ ਬੇੜੀ ਪਗਹੁ(ਬੰਧਨ)ਤੋ ਗੁਰ ਕੀਨੀ ਬੰਦ ਖਲਾਸ ॥’

ਗੁਰਬਾਣੀ ਐਸੇ ਵਿਅਕਤੀ ਨੂੰ ਸੰਤ ਨਹੀ ਮੰਨਦੀ ਜੋ ਲੋਕਾਈ ਤੇ ਬਣੀ ਭੀੜ ਸਮੇਂ ਅੱਖਾਂ ਬੰਦ ਕਰਕੇ ਮਾਲਾ ਫੇਰੇ, ਬਲਕਿ ਐਸੇ ਪੁਰਖ ਨੂੰ ਹੀ ਧੰਨਤਾ ਦੇ ਯੋਗ ਮੰਨਿਆ ਹੈ,

‘ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁੱਧ ਬਿਚਾਰੈ’

ਗੁਰੂ ਦਸ਼ਮੇਸ਼ ਐਸੇ ਹੀ ਸੰਤ ਸਿਪਾਹੀ ਹਨ ਜਿਨ੍ਹਾਂ ਨੇ ਸ਼ਸਤਰ ਧਾਰਨ ਕਰਕੇ ਸ਼ਸਤਰਾਂ ਦੀ ਵਰਤੋਂ ਹੀ ਨਹੀਂ ਕੀਤੀ ਬਲਕਿ ਜਗਤ ਤਮਾਸ਼ਾ ਵੇਖਣ ਵਾਲੇ ਸਤਿਗੁਰੂ ,

“ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਨ ਆਇਉ ਜਗਤ ਤਮਾਸ਼ਾ।”

ਸ਼ਸ਼ਤਰਾਂ ਤੇ ਯੁਧਾਂ ਨੂੰ ਮਾਣਦੇ ਤੇ ਨਮਸਕਾਰ ਕਰਦੇ ਹਨ;

“ਨਮੋ ਸ਼ਸਤ੍ਰ ਪਾਣੇ॥ਨਮੋ ਅਸਤ੍ਰ ਮਾਨੇ॥”

ਸ਼ਸਤਰਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਗੁਰੁ ਗੋਬਿੰਦ ਸਿੰਘ ਮਹਾਰਾਜ ਨੇ ਉਜੜ ਕੇ ਥੇਹ ਹੋ ਚੁਕੇ ਪਾਉਂਟਾ ਸ਼ਹਿਰ ਦੀ ਸੁਧ ਲਈ (ਫਿਰ ਤੋਂ ਬਸਾਇਆ )।ਜਮਨਾ ਦੇ ਰਮਣੀਕ ਤੱਟ ਤੇ ਸਮੇਂ ਦੇ 52 ਮਸ਼ਹੂਰ ਕਵੀਆਂ ਨਾਲ ਬੈਠ ਕਵੀ ਦਰਬਾਰ ਲਾਉਂਦੇ ,ਰਚਨਾਵਾਂ ਸੁਣਦੇ ।ਹਿੰਦੁਸਤਾਨ ਦੇ ਸਮਕਾਲੀਨ ਵਿਚ ਇਹ ਬ੍ਰਾਹਮਣੀ ਵਿਸ਼ਵਾਸ਼ ਪ੍ਰਚਲਤ ਸੀ ਕਿ ਗਿਆਨ ਦਾ ਪ੍ਰਗਟਾਵਾ ਕੇਵਲ ਦੇਵ ਭਾਸ਼ਾ ਸੰਸਕ੍ਰਿਤ ਵਿਚ ਹੀ ਹੋ ਸਕਦਾ ਹੈ ।ਗੁਰੂ ਸਾਹਿਬ ਨੇ ਇਹ ਭਰਮ ਤੋੜਦਿਆਂ ਪੁਰਾਤਨ ਗ੍ਰੰਥਾਂ,ਭਾਵੇਂ ਉਹ ਮਿਥਿਹਾਸਕ ਸਨ,ਦਾ ਤਰਜਮਾ ਪੰਜਾਬੀ (ਗੁਰਮੁਖੀ) ਅਤੇ ਬ੍ਰਿਜਭਾਸ਼ਾ ਵਿਚ ਕਰਵਾਇਆ ਤਾਂ ਜੋ ਸਿਖਾਂ ਨੂੰ ਹਰ ਤਰ੍ਹਾਂ ਦੇ ਧਰਮ ਸ਼ਾਸ਼ਤਰ ਦੇ ਗਿਆਨਵਾਨ ਬਣਾਇਆ ਜਾ ਸਕੇ । ਪਾਤਸ਼ਾਹ ਨੇ ਅਨੁਭਵ ਕਰ ਲਿਆ ਸੀ ਕਿ ਜੰਗਾਂ ਜਿੱਤਣ ਉਪਰੰਤ ਜਰਨੈਲ ਸੁਰਾ ਤੇ ਸੁੰਦਰੀ  ਦੇ ਨਸ਼ੇ ਚ ਗਲਤਾਨ ਹੋਕੇ ਆਪਣਾ ਆਚਰਣ ਗਵਾ ਬੈਠਦੇ ਹਨ ਅਤੇ ਬਲਹੀਨ ਹੋ ਜਾਂਦੇ ਹਨ ।ਬਾਬਰ ਬਾਣੀ ਵਿਚ ਵੀ ਗੁਰੁ ਨਾਨਕ ਪਾਤਸ਼ਾਹ ਨੇ ਇਹੀ ਸੰਦੇਸ਼ ਦਿੱਤਾ ਹੈ ਕਿ;

‘ਧਨ ਜੋਬਨ ਦੋਏ ਵੈਰੀ ਹੋਏ ਜਿਨੀ ਰਖੇ ਰੰਗ ਲਾਏ’
ਦੂਤਾਂ ਨੋਂ ਫੁਰਮਾਇਆ ਲੈ ਚਲੇ ਪਤਿ ਗਵਾਇ’

ਦਸਮ ਪਿਤਾ ਨੇ ਆਚਰਣਹੀਣਤਾ ਪ੍ਰਤੀ ਸਿੱਖਾਂ ਨੂੰ ਸੁਚੇਤ ਕਰਨ ਹਿੱਤ ਵੀ ਰਚਨਾ ਕੀਤੀ ।ਦੁਨੀਆ ਵਿਚ ਚਾਰ ਪਦਾਰਥ ‘ਧਰਮ,ਅਰਥ,ਕਾਮ,ਮੋਕਸ਼ ਹਨ’। ਕਾਮ ਹੀ ਕਿਸੇ ਇਨਸਾਨ ਸਮਾਜ ਜਾ ਰਾਜ ਦੀ ਗਿਰਾਵਟ ਦਾ ਵੱਡਾ ਕਾਰਣ ਹੈ ।ਸਤਿਗੁਰੂ ਤਾਂ ਅਜੇਹੇ ਕਾਰਣਾਂ ਤੋਂ ਸੁਚੇਤ ਕਰਨ ਹੀ ਆਏ ਹਨ,

“ਭੂਲੇ ਮਾਰਗ ਜਿਨੀ ਬਤਾਇਆ ਐਸਾ ਗੁਰ ਵਡਭਾਗੀ ਪਾਇਆ”

ਗੁਰੁ ਪਾਤਸ਼ਾਹ ਨੇ ਚਰਿਤਰੋ ਪਖਿਆਨ ਵਿਚ ਸਮਾਜ ਨੂੰ ਜਗਾਉਣ ਲਈ ਅਤਿ ਤਿਖੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ,ਲੇਕਿਨ ਇਹ ਉਲੇਖ ਕਰਨ ਉਪਰੰਤ ਇਹੀ ਉਚਾਰਿਆ ਹੈ;

‘ਸੁਧਿ ਜਬਿ ਤੇ ਹਮਿ ਧਰੀ ਬਚਨ ਗੁਰ ਦੀਓ ਹਮਾਰੇ
ਪੂਤਾ ਪ੍ਰਣ ਇਹ ਹੈ ਪ੍ਰਾਣ ਜਬਿ ਲਗਿ ਘਟ ਥਾਰੇ
ਨਿਜਿ  ਨਾਰੀ ਕੇ ਸੰਗਿ ਤੁਮਿ ਨਿਤ ਬਡੀੲਓ
ਪਰ ਨਾਰੀ ਕੀ ਸੇਜ  ਭੂਲ ਸੁਪਨੇ ਹੂ ਨਾ ਜਈਓ ॥’

ਭਾਈ ਸੰਤੋਖ ਸਿੰਘ ਅਨੁਸਾਰ ਪਾਉਂਟਾ ਸਾਹਿਬ ਵਿਖੇ ਰਚੇ ਵਿਦਿਆ ਸਾਗਰ ਗ੍ਰੰਥ ਦਾ ਅੰਦਾਜ਼ਨ ਵਜਨ ਨੋਂ ਮਣ ਕੱਚਾ ਸੀ ।ਰਾਮਾਅਵਤਾਰ ਦੇ ਨਾਇਕ ਸ੍ਰੀ ਰਾਮ ਅਤੇ ਕ੍ਰਿਸ਼ਨਾਅਵਤਾਰ ਦੇ ਨਾਇਕ ਸ੍ਰੀ ਕ੍ਰਿਸ਼ਨ ਨਾਲ ਜੁੜੀਆਂ ਕਥਾਂਵਾ ਦੇ ਉਲੱਥੇ ਕਰਵਾਕੇ ਇਸ ਗ੍ਰੰਥ ਵਿਚ ਸ਼ਾਮਿਲ ਕੀਤੇ ਗਏ ਲੇਕਿਨ ਇਨ੍ਹਾਂ ਦੋਹਾਂ ਨਾਇਕਾਂ ਦੇ ਸੂਰਮਾ ਸਰੂਪ ਨੂੰ  ਬਦੀ ਨਾਲ ਯੁਧ ਕਰਨ ਵਾਲਾ ਦਿਖਾਇਆ ।ਇਹ ਵੀ ਅੰਕਿਤ ਕੀਤਾ ਗਿਆ ਕਿ ਮੇਰੀ (ਗੋਬਿੰਦ ਸਿੰਘ) ਦੀ ਇਨ੍ਹਾਂ ਨਾਲ ਕੋਈ ਪਹਿਚਾਣ ਨਹੀ ਹੈ ,ਕੇਵਲ ਇਨ੍ਹਾਂ ਬਾਰੇ ਸੁਣਿਆ ਹੀ ਹੈ ;

‘ਪਾਂਹਿ ਗਏ ਜਬਿ ਤੇ ਤੁਮਰੇ ਤਬਿਤੇ ਕੋਈ ਆਂਖ ਤਰੇ ਨਹੀ ਆਨਿਉ
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤਿ ਏਕ ਨਾ ਮਾਨਿਓ’

ਗੁਰੁ ਪਾਤਸ਼ਾਹ ਦੇ ਸ਼ਸ਼ਤ੍ਰਾਂ ਦੇ ਜੋਹਰ ਬਾਰੇ ਤਾਂ ਦੁਨੀਆ ਜਾਣਦੀ ਹੈ ਲੇਕਿਨ ਉਹ ਕਲਮ ਦੇ ਵੀ ਅਜ਼ੀਮ ਧਨੀ ਹਨ ਕਿ ਉਨ੍ਹਾਂ ਦੀ ਬਾਣੀ ਵਿਚ ਕਵਿਤਾ ਦੀ ਹਰ ਵੰਨਗੀ ਮਿਲਦੀ ਹੈ ।ਕਲਮ ਦੀ ਕਰਾਮਾਤ ਉਸ ਜ਼ਫਰਨਾਮੇ ਵਿਚ ਹੈ ਜੋ ਉਨ੍ਹਾਂ ਬੇਸਰੋ ਸਮਾਨਗੀ ਦੀ ਹਾਲਤ ਵਿਚ ਦੀਨਾ ਕਾਂਗੜ ਬੈਠ ਜ਼ਾਲਿਮ ਔਰੰਗਜ਼ੇਬ ਬਦਸ਼ਾਹ ਨੂੰ ਲਿਖ ਭੇਜਿਆ ।ਪਾਉਂਟਾ ਸਾਹਿਬ ਵਿਖੇ ਰਚੇ ਗ੍ਰੰਥ ਦਾ ਉਦੇਸ਼ ਵੀ ਪਾਤਸ਼ਾਹ ਆਪ ਹੀ ਸਪਸ਼ਟ ਕਰਦੇ ਹਨ;

ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਇ ॥
ਅਵਰ ਬਾਸਨਾ ਨਾਹਿ ਪ੍ਰਭ, ਧਰਮ ਜੁਧ ਕੈ ਚਾਇ॥।

1699 ਵਿਚ ਗੁਰੁ ਪਾਤਸ਼ਾਹ ਨੇ ਗਰੂ ਨਾਨਕ ਦੇਵ ਜੀ ਵਲੋਂ ਆਰੰਭੇ ਧਰਮ ਨੂੰ ਸੰਪਰੂਣ ਕਰਦਿਆਂ ,ਜਿਸ ਸਚਿਆਰ ਮਨੁਖ ਦਾ ਸੰਕਲਪ ਅਤੇ ਗੁਰਸਿਖ ਲਭਕੇ ਸੰਗਤ ਦੀ ਸਥਾਪਨਾ ਗੁਰੁ ਨਾਨਕ ਸਾਹਿਬ ਨੇ ਪਹਿਲੇ ਜਾਮੇ ਵਿਚ ਕੀਤੀ,ਦਸਵੀਂ ਜੋਤ ਵਿਚ ਉਸੇ ਨੂੰ ਖਾਲਸੇ ਦੇ ਰੂਪ ਵਿਚ ਪ੍ਰਗਟ ਕੀਤਾ।ਇਮਤਿਹਾਨ ਪਾਸ ਕਰਨ ਦੀ ਸ਼ਰਤ ਉਹੀ ਸੀ,

“ਪਹਿਲਾ ਮਰਣੁ ਕਬੂਲ”

ਖਾਲਸੇ ਦੀ ਸਾਜਣਾ ਸਮੇਂ ਆਪਣਾ ਸੀਸ ਸਤਿਗੁਰੂ ਨੂੰ ਸਮਰਪਿਤ ਕਰ ਹੀ ਪੰਜ ਪਿਆਰੇ ਅਖਵਾਏ

‘ਸਤਿਗੁਰ ਆਗੇ ਸੀਸ ਭੇਟ ਦਿਓ’।

ਜੋ ਸੀਸ ਅਰਪਣ ਕੀਤੇ ਗਏ ਉਨ੍ਹਾਂ ਨਾਵਾਂ ਨੂੰ ਸੁਣ-ਸੋਚ ਕੇ ਸਮਝ ਆ ਜਾਂਦੀ ਹੈ ਕਿ ਕੈਸਾ ਪੰਥ ਸਾਜਿਆ ।ਪਹਿਲਾ ਪਿਆਰਾ ਦਇਆ ਸਿੰਘ ਭਾਵ ਦਇਆ ਧਰਮ ਦਾ ਮੂਲ ਚਿੰਨ ਹੈ। ਧਰਮ ਪਿਆਰ ਪ੍ਰਗਟ ਕਰਦਾ ਹੈ ਧਰਮ ਸਿੰਘ ।ਤੀਸਰ ਹਿੰਮਤ ਦਾ ਲਿਖਾਇਕ ਹਿੰਮਤ ਸਿੰਘ  ਹੈ ।ਚੋਥਾ ਮੋਹਕਮ ਸਿੰਘ ਭਾਵ ਰਣਤੱਤੇ ਨਾ ਛੱਡਣ ਵਾਲਾ । ਅੰਤ ਵਿਚ  ਸਾਹਿਬ ਸਿੰਘ ਹੈ ਜੋ ਧਰਮ ਤੇ ਇਖਲਾਕ ਦੀ ਫਤਿਹ ਹੈ । ਫਤਿਹ ਪ੍ਰਾਪਤ ਕਰਕੇ ਸਰਦਾਰੀ ਤੇ ਰਾਜ ਪ੍ਰਾਪਤ ਹੁੰਦਾ ਹੈ ।

ਜਿਸ ਨਿਰਮਲ ਪੰਥ ਦੀ ਸਥਾਪਨਾ ਗੁਰੁ ਨਾਨਕ ਸਾਹਿਬ ਨੇ ਵੇਈਂ ਨਦੀ ਦੇ ਕੰਢੇ ਕੀਤੀ ਦਸਮ ਪਿਤਾ ਨੇ ਸਤਲੁਜ ਦਰਿਆ ਦੇ ਤੱਟ ਨੇੜੇ ਉਸੇ ਧਰਮ ਪੰਧ  ਨੂੰ ਸੰਪੂਰਣ ਕੀਤਾ ,

ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ ।
ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ ।

ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ ,ਪੰਜ ਰਹਿਤਾਂ ਤੇ ਚਾਰ ਕੁਰਹਿਤਾਂ ਦੀ ਰਹਿਤ ਬਖਸ਼ੀ ਤਾਕਿ ਨਾਮ ਦਾ ਅੰਮ੍ਰਿਤ ਇਸ ਸਰੀਰ ਰੂਪੀ ਭਾਂਡੇ ਵਿਚ ਢਾਲਿਆ ਜਾ ਸਕੇ ।ਫਿਰ ਪੰਜਾਂ ਪਿਆਰਿਆਂ ਤੋਂ ਸਤਿਗੁਰੂ ਨੇ ਅੰਮ੍ਰਿਤ ਦੀ ਬਖਸ਼ਿਸ਼ ਮੰਗੀ ,ਧਰਮ ਦੇ ਇਤਿਹਾਸ ਵਿਚ ਪਹਿਲੀ ਵਾਰ ਗੁਰੁ ਤੇ ਚੇਲੇ ਦਰਮਿਅਨ ਵਿੱਥ ਖਤਮ ਹੋਈ।ਗੁਰੁ ਨਾਨਕ ਸਾਹਿਬ ਦੇ ਬਚਨ,’ਗੁਰੂ ਸਿਖ ਸਿਖ ਗੁਰੁ ਹੈ’ਇਉਂ ਪਰਤੱਖ ਹੋਏ,ਇਕ ਨਿਵੇਕਲੇ ਤੇ ਵਿਲੱਖਣ ਅਧਿਆਤਮਕ ਲੋਕਤੰਤਰ ਤੇ ਗੁਣਤੰਤਰ (ਖਾਲਸਾ) ਦੀ ਸਿਰਜਣਾ ਕਰ ਦਸਮੇਸ਼ ਪਿਤਾ, ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ’ ਕਹਿਲਾਏ ।ਇਸ ਖਾਲਸੇ ਨੂੰ ਜਾਤ ਪਾਤ ਦੇ ਬੰਧਨਾਂ ਤੋਂ ਅਜਾਦ ਕੀਤਾ, ਸਦੀਆਂ ਪੁਰਾਣੇ ਮਨੁੰ ਸ਼ਾਸ਼ਤਰ ਲੀਰੋ ਲੀਰ ਕੀਤਾ ਤੇ ਦੇਵੀ ਦੇਵਤਿਆਂ ,ਬੁਤਾਂ ਦੀ ਪੂਜਾ ਦੀ ਬਜਾਏ ਇਕ ਅਕਾਲ ਪੁਰਖ ਦੀ ਆਸਥਾ ਦ੍ਰਿੜ ਕਰਵਾਈ,

‘ਜਾਗਤਿ ਜੋਤਿ ਜਪੈ ਨਿਸਿ ਬਾਸਰਿ ਏਕ ਬਿਨਾ ਮਨਿ ਨੇਕ ਨਾ ਆਨੈ
ਪੂਰਨ ਪ੍ਰੇਮ ਪ੍ਰਤੀਤ ਸਜੇ ਬਹਿ ਗੋੜ ਮੜੀ ਮਤਿ ਭੂਲ ਨਾ ਮਾਨੇ ॥’

‘ਲਘੁ ਜਾਤਨ ਕੋ ਬਡਪਨ ਦੇ ਹੈਂ’

‘ਜਿਨਿ ਕੀ ਜਾਤਿ ਬਰਣ ਮਾਹੀਂ ਸਰਦਾਰੀ ਨਾ ਭਈ ਕਿਦਾਹੀਂ
ਤਿਨਹੀ ਕੋ ਸਰਦਾਰ ਬਨਾਉਨ ਤਬੈ ਗੋਬਿੰਦ ਸਿੰਘ ਨਾਮ ਕਹਾਉਂ’

ਕੁੱਲ ਆਲਮ ਵਿਚ ਐਸਾ ਕੋਈ ਪੀਰ, ਪੈਗੰਬਰ, ਔਲੀਆ,ਸੰਤ ,ਭਗਤ ਨਹੀ ਹੋਇਆ,ਜਿਸਦਾ ਰੱਬ ਨਾਲ ਇਸ਼ਕ ਐਸਾ ਸਾਦਿਕ ਹੋਇਆ ਹੋਵੇ ਜੈਸਾ 42 ਸਾਲ ਦੀ ਹਯਾਤੀ ਵਿਚ ਗੁਰੁ ਗੋਬਿੰਦ ਸਿੰਘ ਨੇ ਨਿਭਾਇਆ ।ਪਰਮ ਪੁਰਖ ਦੇ ਦਾਸ ਵਜੋਂ ਇਹ ਜਗਤ ਤਮਾਸ਼ਾ ਵੇਖਿਆ, ਮਾਣਿਆ, ਧਰਮ ਚਲਾਵਣ, ਦੁਸਟ ਉਪਾਰਣ ਅਤੇ ਪੰਥ ਪ੍ਰਚੁਰ ਕਰਨ ਦੇ ਅਕਾਲ ਪੁਰਖ ਵਾਹਿਗੁਰੂ ਦੇ ਆਦੇਸ਼ ਨੂੰ ਨਿਭਾਉਣ ਵਿਚ ਸਰਬੰਸ ਵਾਰ ਦਿੱਤਾ ।ਦੁਨੀਆ ਵਿਚ ਕੋਈ ਗੁਰੁ ਪਾਤਸ਼ਾਹ ਦਾ ਸਾਨੀ ਨਹੀ ਹੋਇਆ ਜਿਸਨੇ ਆਪ ਆਪਣੇ ਪਿਤਾ ਨੁੰ ਪਰ ਧਰਮ ਬਚਾਉਣ ਹਿੱਤ ਤੋਰਿਆ, ਚਮਕੌਰ ਦੀ ਅਸਾਵੀਂ ਜੰਗ ਵਿਚ ਦੋ ਪੁਤਰਾਂ ਨੂੰ ਹੱਥੀ ਤਿਆਰ ਕਰਕੇ ਮੈਦਾਨੇ ਜੰਗ ਤੋਰਿਆ,ਸਾਹਮਣੇ ਸ਼ਹੀਦ ਹੂੰਦਾ ਵੇਖਿਆ ।ਪਰਮ ਪਿਤਾ ਦੇ ਹੁਕਮ ਵਿਚ ਹੀ ਆਨੰਦਪੁਰ ਸਾਹਿਬ ਵਿਖੇ ਸ਼ਹਿਨਸ਼ਾਹ ਦਾ ਜੀਵਨ ਜੀਵਿਆ ਤੇ ਮਾਛੀਵਾੜੇ ਦੇ ਜੰਗਲ ਵਿਚ ਨੰਗੇ ਪੈਰੀਂ ਕੱਖ ਕੰਡੇ ਮਿੱਧਦਿਆਂ ਇੱਟ ਦਾ ਸਰ੍ਹਾਣਾ ਲੈਕੇ ਆਰਾਮ ਕੀਤਾ ।ਅਜੇਹੇ ਹਾਲਾਤਾਂ ਵਿਚ ਵੀ ਜਦੋਂ ਮਾਹੀ ਨੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਸਰਹਿੰਦ ਦੇ ਜ਼ਾਲਮ ਨਵਾਬ ਵਲੋਂ ਕੰਧਾਂ ਵਿਚ ਚਿਣਵਾਕੇ ਸ਼ਹੀਦ ਕਰਨ, ਮਾਤ ਗੁਜਰੀ ਦੀ ਸ਼ਹਾਦਤ ਦੀ ਦਰਦਨਾਕ ਗਾਥਾ ਸੁਣਾਈ ਤਾਂ ਗੁਰਦੇਵ ਨੇ ਤੀਰ ਨਾਲ ਘਾਹ ਦਾ ਤਿਣਕਾ ਪੁਟ ਐਨਾ ਹੀ ਕਿਹਾ, ‘ਮੁਗਲ ਰਾਜ ਦੀ ਜੜ ਪੁੱਟੀ ਗਈ’।ਲੇਕਿਨ ਕੋਈ ਗਮ ਜਾਂ ਰੰਜ ਉਨ੍ਹਾਂ ਦੇ ਚਿਹਰੇ ਤੇ ਨਹੀ ਸੀ ਕੋਈ ਉਲ੍ਹਾਮਾਂ ਆਪਣੇ ਪ੍ਰੀਤਮ ਪਿਆਰੇ ਨੂੰ ਨਹੀ ਦਿੱਤਾ,ਗੁਰਮਤਿ ਅਨੁਸਾਰ, ‘ਉਲਾਹਣ ਮੈ ਕਾਹੁੰ ਨਾ ਦੀਓ ਮਨਿ ਮੀਠ ਤਹਾਰੋ ਕੀਓ’। ਅਰਦਾਸ ਕੀਤੀ ਉਸ ਪਰਮ ਪਿਤਾ ਪ੍ਰਮਾਤਮਾ ਪਾਸ, ‘ਜਿਸ ਕੀ ਵਸਤ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ’, ‘ਸ਼ੁਕਰ ਹੈ ਆਜ ਤੇਰੀ ਅਮਾਨਤ ਅਦਾ ਹੁਈ’। ਧਰਤੀ ਤੇ ਆਸਮਾਨ ਕੰਬ ਉਠਿਆ ਲੇਕਿਨ ਸਤਿਗੁਰੂ ਅਡੋਲ ਰਹੇ ਤੇ ਆਪਣੇ ਮਿੱਤਰ-ਪਿਆਰੇ (ਅਕਾਲ ਪੁਰਖ ਵਾਹਿਗੁਰੂ) ਨੁੰ ਮੁਖਾਤਬ ਹੋ  ਆਪਣੀ ਪ੍ਰੀਤ ਪੁਗਾਉਣ ਦੀ ਬੇਨਤੀ ਕੀਤੀ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ…………ਯਾਰੜੇ ਦਾ ਸਾਨੂੰ ਸੱਥਰ ਚੰਗਾ……. ’ ਤੇ ਚਲ ਕੇ ਹੁਕਮ ਦੀ ਰਜ਼ਾ ਵਿੱਚ ਚੱਲਣ ਦਾ ਸੰਕਲਪ, ਆਉਂਦੀਆਂ ਪੀੜ੍ਹੀਆਂ ਲਈ ਪ੍ਰਕਾਸ਼ਮਾਨ ਕੀਤਾ।

ਗੁਰੂ ਦਸਮੇਸ਼ ਨੇ ਇਸ ਜੀਵਨ ਹਯਾਤੀ ਦਾ ਇੱਕ-ਇੱਕ ਛਿਨ ‘ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨਿ॥’ ਦੇ ਰੱਬੀ-ਆਦੇਸ਼ ਦੀ ਪੂਰਤੀ ਵਿੱਚ ਹੀ ਸਫਲਾ ਕੀਤਾ। ਜਿਸ ਧਰਮ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਉਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੇ ਰੂਪ ਵਿੱਚ ਸੰਪੂਰਨ ਕੀਤਾ। ‘ਸੰਗਤਿ ਕੀਨੀ ਖਾਲਸਾ’ ਸਿੱਖ ਧਰਮ ਵਿੱਚ ਪ੍ਰਵੇਸ਼ ਲਈ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਦੀ ਜੋ ਸ਼ਰਤ ਗੁਰੂ ਨਾਨਕ ਸਾਹਿਬ ਨੇ ਨਿਸ਼ਚਿਤ ਕੀਤੀ ਸੀ ਦਸਵੀਂ ਜੋਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਰੇ ਦਰਬਾਰ ਵਿੱਚ ਸੀਸ ਦੀ ਮੰਗ ਕੀਤੀ ਤਾਂ ਪੰਜ ਸਿੱਖ ਗੁਰੂ ਨੂੰ ਸੀਸ ਅਰਪਤ ਕਰਨ ਲਈ ਨਿਤਰੇ ਉਹਨਾਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਫਿਰ ਹਜ਼ਾਰਾਂ ਸੰਗਤਾਂ ਇਸ ਸੀਸ ਭੇਟ ਮਾਰਗ ’ਤੇ ਤੁਰ ਪਈਆਂ ਅਤੇ ਖਾਲਸਾ-ਪੰਥ ਨੂੰ ਪ੍ਰਕਾਸ਼ਮਾਨ ਕੀਤਾ ਜਿਸ ਨੇ ਜਾਲਮਾਂ ਦੀਆਂ ਤਲਵਾਰਾਂ ਖੁੰਢੀਆਂ ਕਰ ਦਿੱਤੀਆਂ’ ਹਮਲਾਵਰਾਂ ਦੇ ਮੂੰਹ ਮੋੜ ਦਿੱਤੇ, ਲੋਕ-ਸ਼ਕਤੀ ਨੂੰ ਉਜਾਗਰ ਕੀਤਾ ਅਤੇ ਮਨੁੱਖੀ-ਸਮਾਜ ਨੂੰ ਡਰ-ਭੈ ਅਤੇ ਗ਼ੁਲਾਮੀ ਦੇ ਸੰਗਲਾਂ ਤੋਂ ਅਜ਼ਾਦ ਕਰਵਾਇਆ।

ਗੁਰੂ ਗੋਬਿੰਦ ਸਿੰਘ ਜੀ ਐਸੇ ਹੀ ਸੰਤ-ਸਿਪਾਹੀ ਸੂਰਮੇ ਹਨ ਜੋ ਆਪਣਾ ਜੀਵਨ ਮਨੋਰਥ ਵੀ ਦਸਦੇ ਹਨ ‘ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥’ ਗੁਰਬਾਣੀ ਵਿਚ  ਐਸੇ ਪੁਰਖ ਨੂੰ ਹੀ ਧੰਨਤਾ ਦੇ ਯੋਗ ਮੰਨਿਆ ਗਿਆ ਹੈ, ‘ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁੱਧ ਬਿਚਾਰੈ’ ਗੁਰੂ ਦਸ਼ਮੇਸ਼ ਨੇ ਸ਼ਸਤਰ ਧਾਰਨ ਕਰਕੇ ਸ਼ਸਤਰਾਂ ਦੀ ਵਰਤੋਂ ਹੀ ਨਹੀਂ ਕੀਤੀ ਬਲਕਿ ਸ਼ਸਤਰਾਂ ਨੂੰ ਮਾਣਿਆ ਹੈ ‘ਨਮੋ ਸ਼ਸਤ੍ਰ ਮਾਣੇ’।ਗੁਰ ਇਤਿਹਾਸ ਤੇ ਝਾਤੀ ਮਾਰੀ ਜਾਏ ਤਾਂ ਤਾਕਤਵਰ ਬਾਦਸ਼ਾਹ ਤੇ ਜਾਲਮ ਦੇ ਸਨਮੁਖ ਸੱਚ ਨੂੰ ਸੱਚ ਕਹਿਣ ਦੀ ਜ਼ੁਰਅਤ, ਸ਼ਾਂਤ,ਸਹਿਜ ਸੁਹਜ ,ਕੁਰਬਾਨੀ ,ਆਪਾ ਵਾਰਨ ਦੀ ਹਕੀਕਤ, ਸਚਾਈ ਤੇ ਸਿਖਿਆ ਸਾਫ ਵੇਖਣ ਨੂੰ ਮਿਲਦੀ ਹੈ ।ਦੁਨੀਆਂ ਵਿੱਚ ਜੰਗਾਂ ਤੇ ਯੁੱਧਾਂ ਜ਼ਰ, ਜ਼ੋਰੂ ਅਤੇ ਜ਼ਮੀਨ ਅਰਥਾਤ ਧਨ, ਜਾਇਦਾਦ, ਇਸਤਰੀ ਅਤੇ ਧਰਤੀ ਤੇ ਰਾਜ ਕਾਇਮ ਕਰਨ ਲਈ, ਕਬਜ਼ਾ ਕਰਨ ਲਈ ਹੀ ਹੋਈਆਂ ਹਨ ਪਰ ਮਰਦ ਅਗੰਮੜੇ ਗੁਰੁ ਗੋਬਿੰਦ ਸਿੰਘ ਮਹਾਰਾਜ ਨੇ ਚੌਦਾਂ ਜੰਗਾਂ ਲੜੀਆਂ, ਕਿਸੇ ਤੇ ਹਮਲਾ ਨਹੀਂ ਕੀਤਾ ,ਹੱਕ ਸਚ ਇਨਸਾਫ ਖਾਤਿਰ ਸਾਰੇ ਹੀਲੇ ਵਿਅਰਥ ਚਲੇ ਜਾਣ ਤੇ ਹੀ ਸ਼ਸ਼ਤਰ ਦਾ ਸਹਾਰਾ ਲਿਆ ‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ॥ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ’॥ ਆਪਣੇ ਤੇ ਹੋਣ ਵਾਲੇ ਹਰ ਹਮਲੇ ਦੇ ਮੁਕਾਬਲੇ ਲਈ ਯੁੱਧ ਕੀਤਾ ਅਤੇ ਚੌਦਾਂ ਜੰਗਾਂ ਲੜਨ ਉਪ੍ਰੰਤ ਵੀ ਇੱਕ ਇੰਚ ਭਰ ਵੀ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਦੁਨਿਆਵੀ ਬਾਦਸ਼ਾਹਤ ਕਾਇਮ ਨਹੀਂ ਕੀਤੀ। ਉਨ੍ਹਾਂ ਦੀ ਪ੍ਰਭੂ ਦੇ ਚਰਨਾਂ ਵਿੱਚ ਐਸੀ ਪ੍ਰੀਤ, ਲਿਵ ਜੁੜੀ ਕਿ ਉਹ ਯੁੱਧ ਗਰੀਬ (ਦੀਨ) ਮਜ਼ਲੂਮਾਂ ਦੀ ਰੱਖਿਆ ਲਈ ਅਤੇ ਜ਼ਾਲਮ ਜਰਵਾਣੇ ਦੀ ਭੱਛਿਆ ਲਈ ਕਰਦੇ ਹਨ ਪਰ ਮੰਤਵ ਇਹੀ ਹੈ ਕਿ ਜਾਲਮ-ਜ਼ੁਲਮ ਦਾ ਰਾਹ ਛੱਡ ਦੇਵੇ ਅਤੇ ਰਾਜ ਨੂੰ ਲੋਕਾਂ ਦੇ ਹਿੱਤ ਵਿੱਚ ਚਲਾਵੇ। ਏਸੇ ਲਈ ਉਹ ਐਸੇ ਯੁੱਧਾਂ ਨੂੰ ‘ਨਮੋ ਜੁੱਧ ਜੁੱਧੇ’ ਉਚਾਰ ਕੇ ਸਿੱਜਦਾ ਕਰਦੇ ਹਨ।

ਜੰਗਾਂ ਜਿੱਤਣ ਉਪ੍ਰੰਤ ਉਹ ਦੁਸ਼ਮਣ ਦੀ ਨਾਰੀ, ਇਸਤਰੀ ਨਾਲ ਵੀ ਇਖ਼ਲਾਕ ਦੀ ਸੀਮਾਂ ਟੱਪਣ ਦੀ ਆਗਿਆ ਨਹੀਂ ਦੇਂਦੇ। ਹੁਸ਼ਿਆਰਪੁਰ ਦੇ ਰੰਘੜਾਂ ਵਲੋਂ ਸਿੱਖ ਜਥੇ ਨੂੰ ਲੁੱਟਣ ਦਾ ਅਪ੍ਰਾਧ ਕਰਨ ਤੇ ਦੰਡਿਤ ਕਰਕੇ ਜਿਥੇ ਆਪਣੀਆਂ ਸਿੰਘਣੀਆਂ ਤੇ ਮਾਲ ਅਸਬਾਬ ਵਾਪਿਸ ਲਿਆਂਦਾ ਉਥੇ ਰੰਘੜਾਂ ਦੀਆਂ ਬੇਗਮਾਂ ਅਤੇ ਮਾਲ ਅਸਬਾਬ ਵੀ ਲੈ ਆਉਣ ਦਾ ਪਤਾ ਲੱਗਣ ਤੇ ਗੁਰੂ ਸਾਹਿਬ ਨੇ ਉਸੇ ਵੇਲੇ ਸਿੰਘਾਂ ਨੂੰ ਤਾੜਨਾ ਕਰਦਿਆਂ ਹੁਕਮ ਕੀਤਾ ਕਿ ਹੁਣੇ ਇਨ੍ਹਾਂ ਨੂੰ ਬਾ-ਇੱਜ਼ਤ ਇਨ੍ਹਾਂ ਦੇ ਘਰੀਂ ਪਹੁੰਚਾ ਕੇ ਆਉ, ਇਸ ਸਬੰਧੀ ਬੜਾ ਰੌਚਕ ਸੰਬਾਦ ਹੈ ‘ਪੁਨਿ ਸਿੰਘਨ ਪਛੂ ਗੁਨ ਖਾਨੀ’ ਅਰਥਾਤ ਗੁਣਾਂ ਦੀ ਖਾਨ ਸਤਿਗੁਰੂ ਨੂੰ ਸਿੱਖ ਸਮੂਹ ਰੂਪ ਵਿੱਚ ਪੁੱਛਦੇ ਹਨ ‘ਸਗਲ ਤੁਰਕ ਭੁਗਵੈ ਹਿੰਦੁਵਾਨੀ’ ਕਹਿ ਕੇ ਤਤਕਾਲੀ ਹੋ ਰਹੀ ਸ਼ਰਮ ਧਰਮ ਦੀ ਦੁਰਦਸ਼ਾ ਬਿਆਨ ਕਰਦੇ ਹੋਏ ਕਹਿੰਦੇ ਹਨ। ਕਿ ਉਹ ਮਜਲੂਮ ਹਿੰਦੂਆਂ ਦੀਆਂ ਇਸਤਰੀਆਂ ਨੂੰ ਜਬਰੀ ਚੁੱਕ ਕੇ ਆਪਣੇ ਘਰਾਂ ਵਿੱਚ ਰੱਖ ਲੈਦੇ ਹਨ ਪਰ ਜਦ ‘ਸਿੱਖ ਬਦਲਾ ਲੇ ਭਲਾ ਜਨਾਵੈਂ। ਗੁਰ ਸਾਸ਼ਤ੍ਰ ਕ੍ਯੋਂ ਵਰਜ ਹਟਾਵੈਂ।’ ਸਿੱਖ ਐਸੇ ਜ਼ਾਲਮ ਹੁਕਮਰਾਨਾਂ ਤੋ ਬਦਲਾ ਲੈਣਾ ਚਾਹੁੰਦੇ ਹਨ ਤਾਂ ਗੁਰੂ ਪਾਤਸ਼ਾਹ ਧਰਮ ਤੇ ਇਖ਼ਲਾਕ ਦੀ ਗੱਲ ਕਹਿ ਕੇ ਸਾਨੂੰ ਕਿਉਂ ਵਰਜਦੇ ਹਨ? ਗੁਰੂ ਸਾਹਿਬ ਨੇ ਜੋ ਉੱਤਰ ਦਿੱਤਾ, ਉਸ ਦਾ ਅੱਜ ਤੱਕ ਕਿਸੇ ਤੋਂ ਵੀ ਪਾਲਨ ਨਹੀਂ ਕੀਤਾ ਗਿਆ ‘ਸੁਨਿ ਸਤਿਗੁਰ ਬੋਲੇ ਤਿਸ ਬੇਰੇ। ਹਮ ਲੇ ਜਾਨੋ ਪੰਥ ਉਚੇਰੇ’। ਗੁਰੂ ਪਾਤਸ਼ਾਹ ਨੇ ਮਨੁੱਖ ਲਈ ਧਰਮ ਇਖ਼ਲਾਕ ਦੀਆਂ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਸਥਾਪਤ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਕਿਸੇ ਨਿੱਜੀ ਲਾਲਸਾ, ਸਵਾਰਥ ਲਈ ਜੰਗ ਨਹੀਂ ਕਰ ਰਹੇ ਬਲਕਿ ਉਹਨਾਂ ਦੀ ਜੰਗ ਵੀ ਦੁਸ਼ਟ ਜਾਲਮਾਂ ਨੂੰ ਤਾੜਨਾ ਕਰਨ ਵਾਲੀ ਅਤੇ ਹੱਕ ਤੇ ਸੱਚ ਉੱਤੇ ਚੱਲਣ ਦਾ ਸਬਕ ਸਿਖਾਉਣ ਲਈ ਹੈ। ਏਸੇ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਰ ਤੀਰ ਤੇ ਸਵਾ-ਤੋਲਾ ਸੋਨਾ ਲੱਗਿਆ ਹੁੰਦਾ ਸੀ ਤਾਂ ਜੋ ਮਰਨ ਵਾਲੇ ਦਾ ਉਸ ਸੋਨੇ ਨਾਲ ਅੰਤਿਮ ਕ੍ਰਿਆ ਕ੍ਰਮ ਕੀਤਾ ਜਾ ਸਕੇ। ਉਨ੍ਹਾਂ ਦਾ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਇਕ ਸਿੱਖ, ਭਾਈ ਘਨੱਈਆ ਸਿੱਖਾਂ ਤੇ ਦੁਸ਼ਮਣਾਂ ਵਿੱਚ ਅਕਾਲ ਪੁਰਖ ਦੀ ਇਕ ਜੋਤ ਦੇਖ ਮਿੱਤਰ ਅਤੇ ਦੁਸ਼ਮਣ ਨੂੰ ਇਕ ਸਮਾਨ ਜਾਣ, ਜਲ ਛਕਾਉਂਦੇ ਹਨ। ਜਦ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਘਨੱਈਆ ਜੀ ਦਾ ਉੱਤਰ ਸੀ ਕਿ ਪਾਤਸ਼ਾਹ ਮੈਨੂੰ ਤਾਂ ਜੰਗ ਵਿੱਚ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ, ਤਾਂ ਪਾਤਸ਼ਾਹ ਨੇ ਮਰਹੱਮ ਪੱਟੀ ਦੇ ਕੇ ਕਿਹਾ ਕਿ ਹੁਣ ਤੁਸੀਂ ਜਲ ਦੇ ਨਾਲ ਨਾਲ ਮਰਹੱਮ ਪੱਟੀ ਵੀ ਕਰਨੀ ਹੈ। ਰੈੱਡ-ਕਰਾਸ ਤਾਂ ਬਾਅਦ ਵਿੱਚ ਬਣਿਆ ਪਰ ਉਹ ਵੀ ਐਸਾ ਆਚਰਣ ਪੈਦਾ ਨਹੀਂ ਕਰ ਸਕਿਆ ਕਿ ਲੜਨ ਵਾਲੀ ਇਕ ਧਿਰ ਵਿਚੋਂ ਹੁੰਦਾ ਹੋਇਆ ਉਹ ਜੰਗ ਦੇ ਮੈਦਾਨ ਵਿੱਚ ਆਪਣਿਆਂ ਤੇ ਦੁਸ਼ਮਣਾਂ ਨੂੰ ਸਮ ਕਰਕੇ ਜਾਣੇ। ਦੁਨੀਆਂ ਦੇ ਸਾਰੇ ਯੁੱਧ ਜਿੱਤ ਹਾਸਲ ਕਰਨ ਲਈ ਹੁੰਦੇ ਹਨ ਅਤੇ ਜਿੱਤ ਦਾ ਸਿਹਰਾ ਜਰਨੈਲ ਦੇ ਸਿਰ ’ਤੇ ਬੱਝਦਾ ਹੈ ਪਰ ਗੁਰੂ ਪਾਤਸ਼ਾਹ ਪਾਉਂਟਾ ਸਹਿਬ ਦੀ ਜੰਗ ਜਿੱਤਣ ਉਪਰੰਤ ਇਸ ਜਿੱਤ ਨੂੰ  ‘ਭਈ ਜੀਤ ਮੇਰੀ॥ ਕ੍ਰਿਪਾ ਕਾਲ ਕੇਰੀ’ ਉਪਰੰਤ ਜਦੋਂ ਖ਼ਾਲਸੇ ਦੀ ਸਿਰਜਣਾ ਕਰ ਦਿੱਤੀ ਤਾਂ ਫਿਰ ਹਰ ਜਿੱਤ ਦਾ ਸਿਹਰਾ ਆਪਣੇ ਖ਼ਾਲਸੇ ਨੂੰ ਦਿੱਤਾ ‘ਜੁੱਧ ਜਿਤੇ ਇਨਹੀ ਕੇ ਪ੍ਰਸਾਦਿ’ ਦੁਨੀਆਂ ਦੀਆਂ ਹੁਣ ਤੀਕ ਹੋਈਆਂ ਜੰਗਾਂ ਵਿੱਚ ਜਦੋਂ ਇਕ ਧਿਰ ਦੂਜੀ ਧਿਰ ਨੂੰ ਆਪਣੇ ’ਤੇ ਭਾਰੂ ਤੇ ਸ਼ਕਤੀਸ਼ਾਲੀ ਦਿੱਸਦੀ ਹੈ ਤਾਂ ਹਥਿਆਰ ਸੁੱਟ ਕੇ ਅਧੀਨਗੀ ਕਬੂਲ ਕਰ ਲੈਂਦੀ ਹੈ।ਦੁਨੀਆਂ ਵਿਚ ਜੰਗਾਂ ਤਾਂ ਬਹੁਤ ਹੋਈਆਂ ਹਨ ਲੇਕਿਨ ਯੁਧ ਦੇ ਅਜੇਹੇ ਨਿਯਮਾਂ  ਦਾ ਪਾਲਣ ਵੀ ਸਤਿਗੁਰੂ ਸੂਰਮੇ ਪਾਤਸ਼ਾਹ ਨੇ ਹੀ ਕੀਤਾ ਹੈ ।

ਭਾਈ ਨੰਦ ਲਾਲ ਜੀ ਐਸੇ ਰੱਬੀ ਸ਼ਾਇਰ ਹਨ ਜਿਨ੍ਹਾਂ ਨੇ ਬਾਹਰੀ ਅੱਖ ਨਾਲ ਵੀ ਪਾਤਸ਼ਾਹ ਦੀ ਸ਼ਖਸ਼ੀਅਤ ਦੇ ਦਰਸ਼ਨ ਕੀਤੇ ਹਨ ਤੇ ਅੰਤਰ ਆਤਮੇ ਵੀ ਉਨ੍ਹਾਂ ਨੂੰ ਜਾਣਿਆ ਹੈ, ‘ਹੱਕ ਹੱਕ ਆਦੇਸ਼ ਗੁਰੁ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ’ ਤਖਤ ਤੇ ਸ਼ਸ਼ੋਭਿਤ ਦਸਮੇਸ਼ ਪਿਤਾ ਸ਼ਹਿਨਸ਼ਾਹ ਹਨ, ਮੈਦਾਨੇ ਜੰਗ ਵਿਚ ਨਿਰਭੈ ਸੂਰਮੇ, ਅਤੇ ਗੁਰ ਸੰਗਤ ਵਿਚ ਦਰਵੇਸ਼ ਪਾਤਸ਼ਾਹ ।

ਦੁਨੀਆਂ ਸਭ ਤੋਂ ਵੱਡਾ ਜੰਗਜੂ ਵਿਜੇਤਾ ਨੈਪੋਲੀਅਨ ਨੂੰ ਮੰਨਦੀ ਹੈ ਪਰ ਜਦੋਂ ਉਸ ਵਿਜੇਤਾ ਅਖਵਾਉਣ ਵਾਲੇ ਨੇ ਆਖਰੀ ਲੜਾਈ ਵਿੱਚ ਹਾਰ ਮੰਨੀ ਤਾਂ ਉਸ ਕੋਲ ਬੜੀ ਵੱਡੀ ਤਾਦਾਦ ਵਿੱਚ ਹਥਿਆਰ ਬੰਦ ਫ਼ੌਜ ਵੀ ਸੀ ਅਤੇ ਉਹ ਜੰਗ ਵੀ ਪੱਕੇ ਕਿਲ੍ਹੇ ਵਿੱਚ ਲੜ ਰਿਹਾ ਸੀ ਪਰ ਅਸ਼ਕੇ ਜਾਈਏ ਮਰਦ ਅਗੰਮੜੇ ਦੇ ਜੋ ਚਮਕੌਰ ਦੀ ਗੜ੍ਹੀ ਵਿੱਚ ਚਾਲੀ ਭੁੱਖੇ ਤਿਹਾਏ ਸਿੱਖਾਂ ਨਾਲ ਕੱਚੀ ਗੜ੍ਹੀ ਵਿੱਚ ਹਜ਼ਾਰਾਂ-ਲੱਖਾਂ ਦੀ ਫ਼ੌਜ ਵਿੱਚ ਘਿਰਿਆ ਵੀ ਰਣਤਤੇ ਵਿੱਚ ਜੂਝਿਆ ਅਤੇ ਸਿੰਘਾਂ ਨਾਲ ਇੱਕ-ਇੱਕ ਕਰਕੇ ਆਪਣੇ ਦੋ ਪੁਤਰਾਂ ਨੂੰ ਜੰਗ ਲੜਦਿਆਂ, ਸ਼ਹੀਦ ਹੁੰਦਿਆਂ ਤੱਕਿਆ ਪਰ ਹਾਰ ਨਹੀਂ ਮੰਨੀ ਉਲਟਾ ਬੇਸਰੋ ਸਮਾਨੀ ਦੇ ਹਾਲਾਤ ਵਿੱਚ ਕੰਡਿਆਂ ਭਰੇ ਪੈਂਡੇ ਵਿੱਚ ਲਹੂ-ਲੁਹਾਨ ਪੈਰਾਂ ਅਤੇ ਲੀਰੋ-ਲੀਰ ਜਾਮੇਂ ਨਾਲ ਨੀਲੇ ਅਸਮਾਨ ਥੱਲੇ ਉਜਾੜ ਜੰਗਲ ਵਿੱਚ ਵੀ ਉਸ ਦੇ ਭਾਣੇ ਨੂੰ ਭਲਾ ਕਰ ਮੰਨਿਆਂ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।ਨੀਲੇ ਦੇ ਸ਼ਾਹ ਅਸਵਾਰ ਨੇ ਜਦੋਂ ਪੈਦਲ ਹੀ ਕੰਡਿਆਲੇ ਰਾਹ ਅਖਤਿਆਰ ਕੀਤੇ ਤਾਂ ਜੇ ਕਿਸੇ ਕਿਹਾ, ‘ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਕੱਲਾ’ ਤਾਂ ਚੜ੍ਹਦੀ ਕਲਾ ਦਾ ਉੱਤਰ ਬਖ਼ਸ਼ਿਆ ‘ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅਲਾਹ’ ਪ੍ਰਭੁ ਭਗਤੀ ਦੇ ਐਸੇ ਦ੍ਰਿੜ੍ਹ ਵਿਸ਼ਵਾਸ ਦਾ ਕੋਈ ਦ੍ਰਿਸ਼ਟੀਮਾਨ ਨਹੀਂ ਹੋਇਆ। ਜਦੋਂ ਸਰਕਾਰ ਦੇ ਭੇਜੇ ਕਈ ਦੂਤਾਂ ਤੇ ਚੇਲਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਫ਼ੌਜਾਂ ਕਿਲ੍ਹਿਆਂ ਤੇ ਪਰਿਵਾਰ ਤੋਂ ਬਿਨਾਂ ਦੇਖਿਆ ਤਾਂ ਉਨ੍ਹਾਂ ਹਕੂਮਤ ਦੀ ਈਨ ਮੰਨ ਕੇ ਸਮਝੌਤਾ ਕਰਨ ਦੀ ਗੱਲ ਕਹੀ ਤਾਂ ਉਸ ਇਲਾਹੀ ਪ੍ਰੀਤਮ ਨੇ ਹਰ ਐਸੀ ਪੇਸ਼ਕਸ਼ ਨੂੰ ਠੁਕਰਾਇਆ ਹੀ ਨਹੀਂ ਉਲਟਾ ਜਿੱਤ ਦਾ ਖ਼ਤ ਅਰਥਾਤ ‘ਜ਼ਫ਼ਰਨਾਮਾ’ ਲਿਖ ਭਾਈ ਦਇਆ ਸਿੰਘ ਰਾਹੀਂ ਔਰੰਗਜ਼ੇਬ ਪਾਸ ਭੇਜਿਆ।ਔਰੰਗਜ਼ੇਬ ਨੂੰ ਉਸ ਦੇ ਕੀਤੇ ਜ਼ੁਲਮਾਂ ਦੀ ਤਸਵੀਰ ਦਿਖਾਈ ਅਤੇ ਉਸ ਨੂੰ ਦਿੱਲੀ ਤਖ਼ਤ ਦੇ ਅਯੋਗ ਕਰਾਰ ਦੇ ਕੇ ਚੁਨੌਤੀ ਵੀ ਦਿੱਤੀ ਕਿ ‘ਕੀ ਹੋਇਆ, ਜੇ ਤੂੰ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਅਜੇ ਤਾਂ ਫਨੀਅਰ ਨਾਗ ਦੇ ਰੂਪ ਵਿੱਚ ਮੈਂ ਤੇਰੇ ਜ਼ੁਲਮਾਂ ਦੀ ਸਜ਼ਾ ਦੇਣ ਲਈ ਅਜੇ ਵੀ ਮੋਜ਼ੂਦ ਹਾਂ’ ਚੈਲੈਂਜ ਕੀਤਾ ਕਿ ‘ਤੂੰ ਪੰਜਾਬ ਆ ਤੇਰੇ ਘੋੜਿਆਂ ਦੇ ਪੈਰਾਂ ਥੱਲੇ ਬਗਾਵਤ ਦੀ ਐਸੀ ਅੱਗ ਬਾਲ ਦਿਆਂਗਾ ਕਿ ਸਾਰੇ ਪੰਜਾਬ ਵਿੱਚ ਤੇਰੇ ਘੋੜਿਆਂ ਤੇ ਘੋੜ ਸਵਾਰਾਂ ਨੂੰ ਭੱਜਦਿਆਂ ਪਾਣੀ ਨਹੀਂ ਮਿਲੇਗਾ’।

ਹਰ ਸੰਕਟ ਤੇ ਮੁਸ਼ਕਿਲ ਵਿੱਚ ਗੁਰੂ ਜੀ ਆਪ ਹੀ ਅਡਿੱਗ ਅਤੇ ਅਡੋਲ ਨਹੀਂ ਰਹੇ  ‘ਮਨੁ ਨ ਡਿਗੈ ਤਨੁ ਕਾਹੇ ਕਅੁ ਡਰਾਇ॥’ ਬਲਕਿ ਉਨ੍ਹਾਂ ਨੇ ਜਿਸ ਖ਼ਾਲਸੇ ਦੀ ਸਿਰਜਣਾ ਕੀਤੀ ਉਸ ਨੂੰ ਵੀ ਅਜਿੱਤ ਬਣਾ ਦਿੱਤਾ। ‘ਨ ਡਰੋਂ ਅਰਿ ਸੋਂ ਜਬ ਜਾਇ ਲਰੋਂ॥ ਅਤ ਹੀ ਰਨ ਮੈ ਤਬ ਜੂਝ ਮਰੋਂ’ ਦੇ ਐਸੇ ਪ੍ਰੇਰਣਾ ਭਰੇ ਮਾਰਗ ਤੇ ਆਪ ਚਲੇ ਅਤੇ ਚੱਲਣ ਦੀ ਪ੍ਰੇਰਣਾ ਦਿੱਤੀ ‘ਨਿਸਚੈ ਕਰ ਆਪਨੀ ਜੀਤ ਕਰੋਂ’ ਇਤਿਹਾਸ ਵਿਚ ਮੁੜ ਕਿਸੇ ਖ਼ਾਲਸਈ ਫ਼ੌਜ ਜਾਂ ਜਥੇ ਨੇ ਕਿਸੇ ਦੀ ਅਧੀਨਗੀ ਕਬੂਲ ਨਹੀਂ ਕੀਤੀ ਅਤੇ ‘ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥’ ਨੂੰ ਪ੍ਰਤੱਖ ਮੂਰਤੀਮਾਨ ਕਰ ਦਿਖਾਇਆ।

ਖ਼ਾਲਸਾ ਕੇਵਲ ਇਕ ਮਨੁੱਖ ਲਈ ਵਰਤੀ ਗਈ ਸੰਗਿਆਂ ਨਹੀਂ ਬਲਕਿ ਇਕ ਰੱਬੀ-ਲਹਿਰ ਹੈ ਜੋ ਅਮਰ ਹੈ, ਅਜਿੱਤ ਹੈ, ਸਦੀਵੀ ਹੈ ਅਤੇ ਹਰ ਔਖ-ਸੌਖ ਵਿੱਚ ਚੜ੍ਹਦੀ ਕਲਾ ਦੀ ਜੈਕਾਰ ਕਰਦੀ ਹੈ ‘ਨਾਨਕ ਨਾਮ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬਤ ਦਾ ਭਲਾ॥’ ਗੁਰੂ ਪਾਤਸ਼ਾਹ ਨੇ ਖੰਡੇ-ਬਾਟੇ ਦਾ ਅੰਮ੍ਰਿਤ ਬਖਸ਼ ਉਨਾਂ ਨੂੰ ਸੰਤ-ਸਿਪਾਹੀ ਬਣਾ ਖ਼ਾਲਸਾ-ਪੰਥ ਸਾਜਿਆ ਗੁਰੂ ਤੇ ਸਿੱਖ ਇਕ ਦੂਜੇ ਵਿੱਚ ਅਭੇਦ ਹੋ ਗਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਐਲਾਨ ਕੀਤਾ ਕਿ ‘ਖਾਲਸਾ ਮੇਰੋ ਰੂਪ ਹੈ ਖਾਸ। ਖਾਲਸਹਿ ਮਹਿ ਹੌਂ ਕਰੋਂ ਨਿਵਾਸ।’

ਗੁਰੂ ਗੋਬਿੰਦ ਸਿੰਘ ਜੀ ਪਰਮ ਪੁਰਖ ਦੇ ਅਜੇਹੇ ਦਾਸ ਹਨ ਜੋ ਮਨੁੱਖੀ ਇਤਿਹਾਸ ਵਿੱਚ ਇਕੱਲੇ ਹਨ ਜਿਨ੍ਹਾਂ ਨੇ ਸਭ ਕੁਝ ਕੁਰਬਾਨ ਕਰਕੇ ਵੀ ਜਗਤ ਦਾ ਤਮਾਸ਼ਾ ਦੇਖਿਆ ਅਤੇ ਮਾਣਿਆ ਹੈ।ਉਨ੍ਹਾਂ ਦਾ ਉਚਾਰਣ ਕੀਤਾ ਹਰ ਸ਼ਬਦ , ਹਰ ਬੋਲ ਅਲੌਕਿਕ ਹੈ ਤੇ ਉਨ੍ਹਾਂ ਦਾ ਸਭ ਕੁਝ ਕੁਰਬਾਨ ਕਰਨ ਦਾ ਜੀਵਨ ਇਤਿਹਾਸ ਵੇਖ ਜੀਭ ਦੰਦਾਂ ਵਿੱਚ ਲੈ ਲਈਦੀ ਹੈ ਕਿ ਐਸੀ ਅਗੰਮ-ਜੋਤਿ ਵੀ ਕਦੀ ਮਨੁੱਖੀ ਸਰੀਰ ਵਿੱਚ ਆਈ ਹੋਵੇਗੀ? ਇਹ ਮੰਨਣਾ ਸੰਭਵ ਨਹੀਂ ਪਰ ਕਿਉਂਕਿ ਗੁਰੂ ਪਾਤਸ਼ਾਹ ਆਪ ਹੀ ਹੁਕਮਨ ਵਰਜ ਗਏ ਕਿ ‘ਜੋ ਹਮ ਕੋ ਪਰਮੇਸਰ ਉਚਰਿਹੈ॥ ਤੇ ਸਭ ਨਰਕਿ ਕੁੰਡ ਮਹਿ ਪਰਿਹੈ॥ ਮੋਕੋ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦੁ ਨ ਰੰਚ ਪਛਾਨੋ॥’ ਜੇ ਉਹ ਖ਼ਾਲਸਾ ਸਾਜਦੇ ਹਨ ਤਾਂ ਉਸ ਨੂੰ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਅਕਾਲ ਪੁਰਖ ਦੇ ਲੜ੍ਹ ਲਾਉਂਦੇ ਹਨ ‘ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ। ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ ।  ਜੇ ਉਹ ਬਾਣੀ ਉਚਾਰਦੇ ਹਨ ਤਾਂ ‘ਗੁਰ ਪ੍ਰਸਾਦਿ, ਤ੍ਵ ਪ੍ਰਸਾਦਿ, ਕਬਿਯੋ ਬਾਚ ਬੇਨਤੀ ਚੌਪਈ’ ਹੀ ਕਹਿੰਦੇ ਹਨ।ਪਾਤਸ਼ਾਹ ਦਾ ਰਚਿਆ ਵਿਦਿਆ ਸਾਗਰ ਗ੍ਰੰਥ ਉਸ ਵੇਲੇ ਨੌਂ ਮਣ ਕੱਚਾ ਤੋਲ ਦਾ ਸੀ ਜੋ ਸਿਰਸਾ ਦੀ ਭੇਟ ਚੜ੍ਹ ਗਿਆ । ਇਸ ਵਿਚ ਜਿਥੇ ਰਾਮ, ਕ੍ਰਿਸ਼ਨ ਦੀ ਗਲ ਕੀਤੀ ਉਥੇ ਸਪਸ਼ਟ ਵੀ ਕੀਤਾ ,ਕਿਸ਼ਨ ਬਿਸ਼ਨ ਕਬਹੁੰ ਧਿਆਉਂ’ਤੇ ਅੰਤ ਵਿਚ ਅੰਕਿਤ ਕੀਤਾ, ‘ਅਵਰ ਵਾਸਨਾ ਨਾਹਿ ਕਿਛ ਧਰਮ ਯੁਧ ਕੋ ਚਾਉ’।ਜਿਸ ਔਰਤ ਕਾਰਣ ਰਾਜਾ ਮਹਾਰਾਜਾ ਔਝੜ ਪੈਂਦੇ ਹਨ ਐਸੀ ਮਨੁਖੀ ਅਵਸਥਾ ਲਈ ਇਖਲਾਕ ਦਾ ਨਮੂਨਾ ਤੈਅ ਕੀਤਾ ।ਦੁਨੀਆ ਦੇ ਲੋਕ ਪ੍ਰਮਾਤਮਾ ਪਾਸੋਂ, ਜੰਤਰ ਮੰਤਰ ਤੰਤਰ ਵਰ ਸਰਾਪ ਦੀ ਮੰਗ ਕਰਦੇ ਹਨ ਲੇਕਿਨ ਉਨ੍ਹਾਂ ਸ਼ੁਬ ਕਰਮਨ ਤੇ ਅਤਿ ਹੀ ਰਣ ਵਿਚ ਜੂਝ ਮਰਨ ਦੀ ਬਖਸ਼ਿਸ਼ ਮੰਗੀਤੇ ਇਹੀ ਦਾਤਾਂ ਆਪਣੇ ਸਿੱਖ ਸੇਵਕਾਂ ਨੂੰ ਮੰਗਣ ਲਈ ਪ੍ਰੇਰਿਆ।

ਕੌਮਾਂ ਦੀ ਅਗਵਾਈ ਉਹੀ  ਕਰ ਸਕਦਾ ਹੈ ਜੋ ਨਿੱਜ-ਪ੍ਰਸਤ ਨਹੀਂ, ਮੌਕਾ ਪ੍ਰਸਤ ਤੇ ਪਰਿਵਾਰ-ਪ੍ਰਸਤ ਨਹੀਂ, ਬਲਕਿ ਸੇਵਕਾਂ ਤੋਂ ਪਿਤਾ,ਮਾਤਾ, ਪੁੱਤਰ ਵਾਰ ਸਕਦਾ ਹੈ ਤੇ ਉਹ ਕੇਵਲ ਦਸਮ ਪਾਤਸ਼ਾਹ ਹਨ । ‘ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ। ਬਹੁਤ ਹੀ ਦੁਖਦਾਈ ਤੇ ਚਿੰਤਾ ਦਾ ਕਾਰਣ ਹੈ ਕਿ ਅੱਜ ਗੁਰੂ ਪਾਤਸ਼ਾਹ ਦੀਆਂ ਇੰਨੀਆਂ ਮਹਾਨ ਬਖਸ਼ਿਸ਼ਾਂ ਵੱਲ ਪਿੱਠ ਕਰਕੇ ਸਾਡੀ ਨੌਜੁਆਨ ਪੀੜ੍ਹੀ, ਰਹਿਤ-ਬਹਿਤ ਤੋਂ ਊਣੀ, ਸਿਰ-ਮੂੰਹ ਘੋਨ-ਮੋਨ ਕਰਵਾ,ਨਸ਼ਿਆ ਵਿਚ ਗਲਤਾਨ ਹੋ ਰਹੀ ਹੈ ਅਤੇ ਅਸੀਂ ਆਪਣੇ ਆਪ ਨੂੰ ਪੰਥ-ਪ੍ਰਤੀਨਿਧੀ ਸੰਸਥਾਵਾਂ ਦੇ ਆਗੂ ਦਰਸਾਉਂਦੇ ਹਾਂ। ਸਿੱਖ ਦੇ ਗੁਰੂ-ਪ੍ਰੇਮ ਦੀ ਇਕੋ ਨਿਸ਼ਾਨੀ ਅਤੇ ਸ਼ਰਤ ਅੰਤਿਮ ਸਵਾਸਾਂ ਤੱਕ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਣਾ ਹੀ ਹੈ। ਸਿੱਖੀ ਨਿਭਣ ਦੀ ਇਕੋ ਇਕ ਨਿਸ਼ਾਨੀ ਕੇਸ ਹੈ। ਕੋਈ ਗੁਰੂ ਦੇ ਪਿਆਰ ਦਾ ਬੱਧਾ ਹੀ ਦੇਸ਼-ਪ੍ਰਦੇਸ਼ ਵਿੱਚ ਬੈਠਾ ਪਦਾਰਥਾਂ ਦੇ ਇਸ ਮਾਇਆ-ਜਾਲ, ਫੈਸ਼ਨ-ਪ੍ਰਸਤੀ ਦੇ ਜ਼ਮਾਨੇ ਵਿੱਚ ਆਪਣੀ ਸਾਬਤ-ਸੂਰਤ ਕਾਇਮ ਰੱਖ ਸਕਦਾ ਹੈ। ਜਿਸ ਦਾ ਆਪਣੇ ਗੁਰੂ ਦਸਮੇਸ਼ ਨਾਲ ਪਿਆਰ ਹੈ, ਉਹੀ ਗੁਰੂ ਦਸਮੇਸ਼ ਦਾ ਪਿਆਰਾ ਹੋਣ ਦਾ ਹੱਕਦਾਰ ਹੈ।ਆਉ ਅੱਜ ਸਾਡੇ ਤੋਂ ਸਭ ਕੁਝ ਕੁਰਬਾਨ ਕਰ ਜਾਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਰਹਿਤ ਦੇ ਆਪ ਧਾਰਨੀ ਹੋਈਏ ਤੇ ਹੋਰਨਾਂ ਨੂੰ ਪ੍ਰੇਰਨਾਂ ਦੇਈਏ ਤੇ ਉਸ ਦੀ ਬਖਸ਼ਿਸ਼ ਦੇ ਪਾਤਰ ਬਣੀਏ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>