”ਸ਼ਬਦ ਗੁਰੂ ਦੇ ਵਾਰਿਸ ਭਾਈ ਮਨੀ ਸਿੰਘ ਤੋਂ ਯੋ-ਯੋ ਹੈ-ਨਈ ਸਿੰਘ ਤੱਕ”

ਪਿਛਲੇ ਵਰ੍ਹੇ ਜੂਨ ਮਹੀਨੇ ‘ਚ ਗੁਰਪ੍ਰੀਤ ਘੁੱਗੀ ਦੇ ਆਸਟ੍ਰੇਲੀਆ ਦੌਰੇ ਦੌਰਾਨ ਉਨ੍ਹਾਂ ਨਾਲ ਕੁਝ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ। ਜਿਸ ਦੌਰਾਨ ਕਾਮੇਡੀ ਤੋਂ ਹਟ ਕੇ ਹੋਰ ਬਹੁਤ ਸਾਰੇ ਮੁੱਦਿਆਂ ‘ਤੇ ਸਾਡੀ ਗੱਲਬਾਤ ਹੋਈ। ਮੇਰੇ ਮਨ ‘ਚ ਪਹਿਲਾਂ ਵੀ ਗੁਰਪ੍ਰੀਤ ਲਈ ਕਾਫ਼ੀ ਸਤਿਕਾਰ ਸੀ। ਪਰ ਉਸ ਦਿਨ ਦੀ ਮੁਲਾਕਾਤ ਤੋਂ ਬਾਅਦ ਮੇਰੇ ਵਿਚਾਰਾਂ ਨੂੰ ਹੋਰ ਪ੍ਰੋੜ੍ਹਤਾ ਮਿਲੀ। ਉਹ ਆਪਣੇ ਵਿਰਸੇ ਪ੍ਰਤੀ ਕਾਫ਼ੀ ਚਿੰਤਤ ਹੈ। ਗੱਲਾਂ-ਬਾਤਾਂ ਦੌਰਾਨ ਉਨ੍ਹਾਂ ਕਿਹਾ ਕਿ ਤੁਸੀਂ ਬਹੁਤ ਕੁਝ ਲਿਖਦੇ ਰਹਿੰਦੇ ਹੋ, ਕਿਸੇ ਦਿਨ ਸਾਡੇ ਵਿਗੜ ਰਹੇ ਵਿਰਸੇ ਅਤੇ ਧਰਮ ‘ਤੇ ਵੀ ਲਿਖੋ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਤਕਰੀਬਨ ਤਿੰਨ ਕੁ ਵਰ੍ਹੇ ਪਹਿਲਾਂ ਆਪਣੇ ਆਪ ਨਾਲ ਵਾਅਦਾ ਕਰ ਬੈਠਾ ਹਾਂ ਕਿ ਭਵਿੱਖ ‘ਚ ਕਦੇ ਆਪਣੇ ਧਰਮ ਬਾਬਤ ਨਹੀਂ ਲਿਖਾਂਗਾ ਕਿ ਉਸ ਵਕਤ ਮੈਂ ਇੱਕ-ਦੋ ਖੁੱਲ੍ਹੀਆਂ ਚਿੱਠੀਆਂ ਪੰਥ ਦੇ ਨਾਂ ਲਿਖ ਦਿੱਤੀਆਂ ਸਨ ਤੇ ਪੰਥ ਦੇ ਠੇਕੇਦਾਰਾਂ ਨੇ ਮੈਨੂੰ ਇਸ ਪਾਸੇ ਲਿਖਣ ਲਈ ਤੌਬਾ ਕਰਵਾ ਦਿਤੀ ਸੀ। ਭਾਵੇਂ ਇਹ ਮੈਂ ਕਿਸੇ ਦੇ ਡਰੋਂ ਨਹੀਂ ਕੀਤਾ, ਬੱਸ ਉਸ ਵਕਤ ਸ਼ਬਦ ਗੁਰੂ ਤੋਂ ਹੁਕਮ ਮੰਗਿਆ ਤਾਂ ਉਥੋਂ ਇਹੀ ਹਦਾਇਤ ਆਈ ਕਿ ”ਮੂਰਖੈ ਨਾਲਿ ਨ ਲੁਝੀਐ”। ਸੋ, ਉਸੇ ਦਿਨ ਤੋਂ ਇਸ ਹੁਕਮ ਦਾ ਇਸ਼ਾਰਾ ਸਮਝ ਗਿਆ ਕਿ ਜਾਂ ਤਾਂ ਸ਼ਬਦ ਗੁਰੂ ਉਨ੍ਹਾਂ ਲੋਕਾਂ ਨੂੰ ਅਗਾਹ ਕਰ ਰਹੇ ਹਨ, ਜੋ ਮੇਰੇ ਜਿਹੇ ਮੂਰਖ ਨਾਲ ਸਿੰਘ ਅੜਾਉਂਦੇ ਹਨ ਜਾਂ ਫੇਰ ਇਸ ਦੇ ਉਲਟ ਇਸ਼ਾਰਾ ਹੋਵੇ।

ਗੱਲ ਅੱਗੇ ਤੋਰਨ ਤੋਂ ਪਹਿਲਾਂ ਦਸ ਦਿਆਂ ਕਿ ਧਰਮ ਦੇ ਠੇਕੇਦਾਰਾਂ ਨੇ ਉਸ ਵਕਤ ਮੈਨੂੰ ਇਸ ਲਈ ਵਰਜਿਆ ਸੀ ਕਿ ਇੱਕ ਤਾਂ ਮੈਂ ਰਹਿਤ ਧਾਰੀ ਨਹੀਂ ਹਾਂ ਤੇ ਦੂਜਾ ਮੇਰੇ ਨਾਂ ਨਾਲ ‘ਸਿੰਘ’ ਨਹੀਂ ਲਿਖਿਆ ਹੋਇਆ। ਫੇਰ ਸੋਚਣ ‘ਤੇ ਮਜ਼ਬੂਰ ਹੁੰਦਾ ਹਾਂ ਕਿ ਹਨੀ ਸਿੰਘ ਤਾਂ ਸਿੰਘ ਲਿਖਦਾ!!! ਚਲੋ ਛੱਡੋ ਜੀ, ਬਹੁਤ ਕੁਝ ਹੈ ਇਸ ਮਸਲੇ ‘ਚ ਮੇਰੇ ਕੋਲ ਲਿਖਣ ਲਈ ਪਰ ਮੈਂ ਉਲਝਣਾ ਨਹੀਂ ਚਾਹੁੰਦਾ । ਹਰ ਬੰਦੇ ਦੀ ਆਪਣੀ ਆਜ਼ਾਦੀ ਹੁੰਦੀ ਹੈ ਕਿ ਉਹ ਕੀ ਬਣਨਾ ਚਾਹੁੰਦਾ ਹੈ, ਸੋ ਮੈਂ ਸਿੱਖ ਬਣ ਕੇ ਬਹੁਤ ਖ਼ੁਸ਼ ਹਾਂ ਤੇ ਹਾਲੇ ਬਹੁਤ ਕੁਝ ਸਿੱਖਣਾ ਚਾਹੁੰਦਾ ਹਾਂ। ਹਾਂ ! ਜਿਸ ਦਿਨ ਲਗਿਆ ਕਿ ਹੁਣ ਮੈਂ ਸਿੰਘ ਸਜਣ ਲਈ ਪਰਪੱਕ ਹੋ ਗਿਆਂ ਹਾਂ ਤਾਂ ਜ਼ਰੂਰ ਸਜਾਂਗਾ।

ਹੁਣ ਤੁਸੀਂ ਸੋਚਦੇ ਹੋਵੋਗੇ ਕਿ ਜੇ ਧਰਮ ਬਾਰੇ ਨਾ ਲਿਖਣ ਦਾ ਵਾਅਦਾ ਕੀਤਾ ਸੀ ਤਾਂ ਅੱਜ ਫੇਰ ਕਿਉਂ ਲੱਸੀ ਰਿੜਕਣ ਬੈਠ ਗਿਆ ਹਾਂ । ਦੋਸਤੋ! ਮੇਰੇ ਯੂ ਟਰਨ ਮਾਰਨ ਦਾ ਕਾਰਨ ਹਿੰਦੀ ਫ਼ਿਲਮ ‘ਓ ਮਾਈ ਗਾਡ’ ਬਣੀ ਹੈ। ਥੋੜ੍ਹਾ ਚਿਰ ਪਹਿਲਾਂ ਰਿਲੀਜ਼ ਹੋਈ ਇਸ ਫ਼ਿਲਮ ਨੂੰ ਜੋ ਵੀ ਦੇਖ ਆਉਂਦਾ ਸੀ, ਆਉਣ ਸਾਰ ਫੇਸਬੁੱਕ ਤੇ ਸਿਫ਼ਤਾਂ ਦੇ ਪੁਲ ਬੰਨ੍ਹ ਦਿੰਦਾ ਸੀ। ਮੇਰੀ ਜਿਗਿਆਸਾ ਵੀ ਵਧੀ ਕਿ ਇਸ ਫ਼ਿਲਮ ‘ਚ ਇਹੋ ਜਿਹਾ ਕੀ ਹੈ! ਸੋ ਫ਼ਿਲਮ ਦੇਖੀ, ਦੇਖ ਕੇ ਹਜ਼ਾਰਾਂ ਹੀ ਸਵਾਲ ਮਨ ‘ਚ ਖੜ੍ਹੇ ਹੋ ਗਏ। ਜਿਨ੍ਹਾਂ ਵਿਚ ਇਕ ਤਾਂ ਇਹ ਸੀ ਕਿ ਲੋਕ ਹਿੰਦੀ ਫ਼ਿਲਮਾਂ ‘ਚ ਨੰਗੇਜ਼ ਅਤੇ ਦੋ ਅਰਥੀ ਸ਼ਬਦਾਵਲੀ ਨੂੰ ਸਮੇਂ ਦੀ ਲੋੜ ਦੱਸਦੇ ਹਨ। ਉਨ੍ਹਾਂ ਦੀ ਦਲੀਲ ਹੁੰਦੀ ਹੈ ਕੀ ਇਹਨਾਂ ਚੀਜ਼ਾਂ ਬਿਨਾਂ ਫ਼ਿਲਮ ਹਿੱਟ ਨਹੀਂ ਹੋ ਸਕਦੀ। ਪਰ ਬਿਨਾਂ ਕਿਸੇ ਨੰਗੇਜ਼ ਦੇ ਸੁਪਰ ਹਿੱਟ ਹੋ ਕੇ ਇਸ ਫ਼ਿਲਮ ਨੇ ਸਾਬਤ ਕਰ ਦਿੱਤਾ ਹੈ ਕਿ ਕਿੰਝ ਸਾਫ਼ ਸੁਥਰੀਆਂ ਫ਼ਿਲਮਾਂ ਵੀ ਹਿੱਟ ਹੋ ਜਾਂਦੀਆਂ ਹਨ।

ਪਰ ਅਸਲੀ ਸਵਾਲ ਤਾਂ ਇਹ ਹੈ ਕਿ ਫ਼ਿਲਮ ਵਿਚ ਸ਼ਬਦ ਗੁਰੂ ਦੀ ਮਹੱਤਤਾ ਦਰਸਾਈ ਗਈ ਹੈ। ਸਾਰੀ ਦੀ ਸਾਰੀ ਫ਼ਿਲਮ ਗੁਰੂ ਨਾਨਕ ਜੀ ਦੇ ਫ਼ਲਸਫ਼ੇ ਤੇ ਅਧਾਰਿਤ ਹੈ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਫੇਰ ਉਸ ਦੇ ਵਾਰਿਸਾਂ ਦਾ ਕਿਤੇ ਜ਼ਿਕਰ ਕਿਉਂ ਨਹੀਂ ਕੀਤਾ ਗਿਆ ? ਬਹੁਤ ਹੀ ਸਮਝਦਾਰੀ ਨਾਲ ਇਸ ਫ਼ਿਲਮ ਨੂੰ ਸਿੱਖ ਧਰਮ ਤੋਂ ਦੂਰ ਰੱਖਿਆ ਗਿਆ ਹੈ। ਭਾਵੇਂ ਮੈਂ ਪਹਿਲਾਂ ਕਹਿ ਚੁੱਕਿਆਂ ਕਿ ਫ਼ਲਸਫ਼ਾ ਸਿੱਖ ਧਰਮ ਦਾ ਅਪਣਾਇਆ ਗਿਆ ਹੈ ਤੇ ਬਹੁਤ ਸਾਰੀਆਂ ਬੁਰਾਈਆਂ ਵੀ ਉਹੀ ਦਿਖਾਈਆਂ ਹਨ, ਜੋ ਅੱਜ ਕੱਲ੍ਹ ਸਿੱਖ ਧਰਮ ‘ਚ ਦਾਖਿਲ ਹੋ ਚੁੱਕੀਆਂ ਹਨ। ਜਿਵੇਂ ਕਿ ਡੇਰਾਵਾਦ, ਗੋਲਕਵਾਦ, ਧਰਮ ਦੇ ਨਾਂ ਤੇ ਸਿਆਸਤ ਅਤੇ ਜਜ਼ਬਾਤੀ ਬਲੈਕਮੇਲ ਆਦਿ। ਫ਼ਿਲਮ ਦੇਖ ਕੇ ਇਕ ਵਿਚਾਰ ਮਨ ਵਿਚ ਆਉਂਦਾ ਹੈ ਕਿ ਕੀ ਅੱਜ ਭਾਰਤ ਵਿਚ ਤਿੰਨ ਹੀ ਧਰਮ ਹਨ! ਭਾਵੇਂ ਨਿੱਜੀ ਤੌਰ ਤੇ ਮੈਂ ਇਹਨਾਂ ਧਰਮ ਦੇ ਨਾਂ ਤੇ ਵੰਡੀਆਂ ‘ਚ ਯਕੀਨ ਨਹੀਂ ਰੱਖਦਾ, ਪਰ ਇਕ ਗੱਲ ਚਿੰਤਾ ਜ਼ਰੂਰ ਪੈਦਾ ਕਰਦੀ ਹੈ ਕਿ ਇਹ ਸਭ ਕੁਝ ਇਤਿਹਾਸ ਨੂੰ ਬਦਲਣ ਵੱਲ ਇਸ਼ਾਰਾ ਹੈ।ਭਾਵੇਂ ਸਿਆਣੇ ਕਹਿੰਦੇ ਹਨ ਕਿ  ਇਤਿਹਾਸ ਨੂੰ ਕੋਈ ਵੀ ਬਦਲ ਨਹੀਂ ਸਕਦਾ, ਪਰ ਇਕ ਸੱਚ ਇਹ ਵੀ ਹੈ ਕਿ ਜੇ ਇਕ ਪੀੜ੍ਹੀ ਅਗਲੀ ਪੀੜ੍ਹੀ ਨੂੰ ਇਤਿਹਾਸ ਦੀ ਤੋੜ ਮਰੋੜ ਕੇ ਜਾਣਕਾਰੀ ਦੇਣੀ ਸ਼ੁਰੂ ਕਰ ਦੇਵੇ ਤਾਂ ਸਿਰਫ਼ ਵੀਹ ਕੁ ਵਰ੍ਹਿਆਂ ‘ਚ ਆਉਣ ਵਾਲੀ ਪੀੜ੍ਹੀ ਸੱਚ ਤੋਂ ਅਣਜਾਣ ਹੋ ਜਾਵੇਗੀ।

ਇਕ ਗੱਲ ਹੋਰ ਜੋ ਜ਼ਿਹਨ ‘ਚ ਆਉਂਦੀ ਹੈ ਉਹ ਇਹ ਕਿ ਜਦੋਂ ਅੱਜ ਤੋਂ ਵੀਹ-ਤੀਹ ਵਰ੍ਹੇ ਬਾਅਦ ਕੋਈ ਇਹ ਫ਼ਿਲਮ ਦੇਖੇਗਾ ਤਾਂ ਉਸ ਦੇ ਦਿਮਾਗ਼ ‘ਚ ਇਹੀ ਗੱਲ ਆਵੇਗੀ ਕਿ ਉਸ ਵਕਤ ਸਿੱਖ ਧਰਮ ਦਾ ਕੋਈ ਵਜੂਦ ਨਹੀਂ ਸੀ। ਕਿਉਂਕਿ ਇਸ ਫ਼ਿਲਮ ‘ਚ ਇਹੀ ਦਰਸਾਇਆ ਗਿਆ ਹੈ। ਹੁਣ ਗੱਲ ਆਉਂਦੀ ਹੈ ਕਿ ਇੰਝ ਕਿਉਂ ਹੋਇਆ! ਦੋਸਤੋ! ਇਕ ਗੱਲ ਜੱਗ ਜਾਹਿਰ ਹੈ ਕਿ ਹਿੰਦੀ ਫ਼ਿਲਮਾਂ ਨੂੰ ਕਾਮਯਾਬ ਕਰਨ ਲਈ ਪੰਜਾਬੀ ਤੜਕਾ ਬਹੁਤ ਜ਼ਰੂਰੀ ਸਮਝਿਆ ਜਾਂਦਾ ਰਿਹਾ ਹੈ। ਪਰ ਪਿਛਲੇ ਕੁਝ ਕੁ ਸਮੇਂ ਦਾ, ਜਦੋਂ ਤੋਂ ਜਾਗਰੂਕ ਲੋਕਾਂ ਨੇ ਕੁਝ ਨਕੇਲ ਕੱਸੀ ਤਾਂ ਕਿਸੇ ਟਾਈਮ ‘ਚ ਮਜ਼ਾਕ ਦਾ ਪਾਤਰ ਬਣਾਏ ਜਾਂਦੇ ਸਾਡੇ ਭਾਈਚਾਰੇ ਨੂੰ ਕੁਝ ਠੀਕ ਰੂਪ ‘ਚ ਦਿਖਾਉਣਾ ਸ਼ੁਰੂ ਕੀਤਾ ਗਿਆ ਹੈ। ਪਰ ਕੁਝ ਇਕ ਗੱਲਾਂ ‘ਚ ਸਾਡੇ ‘ਤੇ ਕਲੇਸ਼ੀ ਹੋਣ ਦੀ ਮੋਹਰ ਵੀ ਲੱਗ ਗਈ ਹੈ। ਹਰ ਫ਼ਿਲਮ ਬਣਾਉਣ ਵਾਲਾ ਸੋਚਦਾ ਹੈ ਕਿ ਪਤਾ ਨਹੀਂ ਕਦੋਂ ਇਹ ਕੌਮ ਨੰਗੀਆਂ ਤਲਵਾਰਾਂ ਲਹਿਰਾਉਣ ਲੱਗ ਜਾਵੇ। ਇਹਨਾਂ ਗੱਲਾਂ ਨੂੰ ਮੱਦੇ-ਨਜ਼ਰ ਰੱਖਦਿਆਂ ਕੋਈ ਬੰਦਾ ਨਹੀਂ ਚਾਹੁੰਦਾ ਕਿ ਬਿਨਾਂ ਕਿਸੇ ਗੱਲ ਦੇ ਕੋਈ ਵਿਵਾਦ ਸਹੇੜਿਆ ਜਾਵੇ। ਸੋ ਰਾੜ੍ਹ ਨਾਲੋਂ ਵਾੜ ਚੰਗੀ ਦੇ ਫ਼ਾਰਮੂਲੇ ਤੇ ਕੰਮ ਕਰਦਿਆਂ ਇਹਨਾਂ ਨੇ ਸਾਨੂੰ ਅੱਜ ਦੇ ਸਮਾਜ ਚੋਂ ਮਨਫ਼ੀ ਕਰ ਕੇ ਦੇਖਣਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ‘ਚ ਕੋਈ ਦੁਚਿੱਤੀ ਨਹੀਂ ਹੋਣੀ ਚਾਹੀਦੀ ਕਿ ਜਦੋਂ ਅੱਜ ਅਸੀਂ ਸਮਾਜ ਚੋਂ ਮਨਫ਼ੀ ਹੋ ਗਏ ਤਾਂ ਇਤਿਹਾਸ ‘ਚ ਸਾਡਾ ਜ਼ਿਕਰ ਕਿਵੇਂ ਆਵੇਗਾ।

ਹੁਣ ਚਿੰਤਨ ਕਰਨ ਦੀ ਗੱਲ ਇਹ ਆਉਂਦੀ ਹੈ ਕਿ ਗ਼ਲਤੀ ਕਿਥੇ ਹੋ ਰਹੀ ਹੈ! ਇਸ ਮੁੱਦੇ ਤੇ ਮੈਂ ਬਹੁਤ ਸਾਰੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਹਰ ਬੰਦਾ ਆਪਣਾ ਪੱਖ ਨਵੇਂ ਰੂਪ ‘ਚ ਲੈ ਕੇ ਆਉਂਦਾ ਹੈ। ਪਰ ਜਿਹੜੀ ਇਕ ਸਾਂਝੀ ਗੱਲ ਇਹਨਾਂ ਸਾਰਿਆਂ ਦੇ ਵਿਚਾਰਾਂ ‘ਚ ਦੇਖਣ ਨੂੰ ਮਿਲੀ ਉਹ ਇਹ ਹੈ ਕਿ ਹਰ ਕੋਈ ਚਿੰਤਨ ਕਰ ਰਿਹਾ ਹੈ ਕਿ ਅਸੀਂ ਕਿਸੇ ਵੱਡੀ ਸਾਜਿਸ਼ ਦਾ ਸ਼ਿਕਾਰ ਹੋ ਰਹੇ ਹਾਂ। ਕੱਲ੍ਹ ਦੀ ਹੀ ਗੱਲ ਹੈਂ ਮੈਂ ਨੌਜਵਾਨ ਸ਼ਾਇਰ ਦਵਿੰਦਰ ਸਿੰਘ ਧਾਲੀਵਾਲ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਕਹਿੰਦਾ ਬਾਈ ਤੂੰ ਬਹੁਤ ਢੀਠ ਬੰਦਾ ਹੈਂ, ਸਾਰਾ ਦਿਨ ਹਵਾ ‘ਚ ਵਾਰ ਕਰੀ ਜਾਂਦਾ ਰਹਿਦੈਂ । ਚੰਗਾ ਭਲਾ ਤੈਨੂੰ ਪਤਾ ਕਿ ਸਾਰੇ ਦਾ ਸਾਰਾ ਸਿਸਟਮ ਸਿੱਖੀ ਨੂੰ ਮਿੱਠਾ ਜ਼ਹਿਰ ਦੇ ਕੇ ਖ਼ਤਮ ਕਰਨ ‘ਚ ਲੱਗਿਆ ਪਿਆ ਹੈ। ਬਾਈ ਤੂੰ ਫੇਰ ਵੀ ਆਸ ਦੀ ਕਿਰਨ ਭਾਲੀ ਜਾਂਦਾ!

ਦਵਿੰਦਰ ਦੀ ਗੱਲ ‘ਚ ਇਕ ਬਹੁਤ ਵੱਡੀ ਸਚਾਈ ਦਿਖਾਈ ਦੇ ਰਹੀ ਹੈ। ਜਿੱਥੇ ਮੇਰੇ ਜਿਹੇ ਸਿੱਖੀ ਸਰੂਪ ਤੋਂ ਮੁਨਕਰ ਹੋ ਕੇ ਸਿੱਖੀ ਨੂੰ ਢਾਹ ਲਾ ਰਹੇ ਹਨ, ਉਥੇ ਧਰਮ ਦੇ ਠੇਕੇਦਾਰ ਵੀ ਕੋਈ ਘੱਟ ਨਹੀਂ ਗੁਜ਼ਾਰ ਰਹੇ। ਨਰਮ ਖਿਆਲੀਆਂ ਦਾ ਇਸ ਕਲਯੁੱਗ ‘ਚ ਕੁਝ ਵੱਟਿਆ ਨਹੀਂ ਜਾ ਰਿਹਾ ਤੇ ਗਰਮ ਖ਼ਿਆਲੀਏ ਜੋਸ਼ ‘ਚ ਹੋਸ਼ ਗਵਾ ਕੇ ਕੰਮ ਕਰ ਰਹੇ ਹਨ। ਜਿਹੜੀ ਸਿੱਖੀ ਦਾ ਸਭ ਤੋਂ ਪਹਿਲਾ ਫ਼ਲਸਫ਼ਾ ਹੀ ਬਾਬਾ ਨਾਨਕ ਜੀ ਨੇ ਨਿਮਰਤਾ ਦਾ ਦਿੱਤਾ, ਉਸ ਤੋਂ ਕੋਹਾਂ ਦੂਰ ਹੈ ਸਾਡੀ ਕੌਮ। ਮੁੱਕਦੀ ਗੱਲ ਹੈ ਜੀ ਕਿ ਪਤਾ ਪਤਾ ਸਿੰਘਾਂ ਦਾ ਵੈਰੀ ਵਾਲੀ ਗੱਲ ਸੋਲ੍ਹਾਂ ਆਨੇ ਸੱਚ ਸਾਬਤ ਹੋ ਰਹੀ ਹੈ। ਚਲੋ ਆਓ ਇਹਨਾਂ ਵਿਚੋਂ ਕੁਝ ਇਕ ਪੱਤਿਆਂ ਤੇ ਝਾਤ ਮਾਰਦੇ ਹਾਂ;

ਜਗਤ ਗੁਰੂ ਬਾਬਾ ਨਾਨਕ ਜੀ ਵੱਲੋਂ ਗੱਡੀ ਮੋੜ੍ਹੀ, ਦਸਮ ਗੁਰੂ ਸਾਹਿਬਾਨ ਦੇ ਆਉਂਦੇ ਆਉਂਦੇ ਇਕ ਬਹੁਤ ਹੀ ਸੰਘਣੀ ਛਾਂ ਵਾਲੇ ਦਰਖ਼ਤ ਦੇ ਰੂਪ ‘ਚ ਦੁਨੀਆਂ ‘ਚ ਉਜਾਗਰ ਹੋਈ। ਇਸ ਮਹਾਨ ਦਰਖ਼ਤ ਨੇ ਪਤਾ ਨਹੀਂ ਕਿੰਨੇ ਲੋੜਵੰਦਾਂ, ਮਜ਼ਲੂਮਾਂ ਨੂੰ ਪਨਾਹ ਦਿੱਤੀ। ਪਰ ਵਕਤ ਦੇ ਥਪੇੜੇ ਕਿਸੇ ਨਾ ਕਿਸੇ ਰੂਪ ‘ਚ ਇਸ ਨੂੰ ਜੜ੍ਹੋਂ ਪੁੱਟਣ ਦੀ ਕੋਸ਼ਿਸ਼ ‘ਚ ਲੱਗੇ ਰਹੇ। ਜਦੋਂ ਮਸੰਦਾਂ ਤੋਂ ਖਹਿੜਾ ਛੁਡਵਾਇਆ ਸੀ ਤਾਂ ਲਗਦਾ ਸੀ ਕਿ ਇਸ ਸਬਕ ਤੋਂ ਸਾਡੀ ਕੌਮ ਬਹੁਤ ਕੁਝ ਸਿੱਖਿਆ ਹੈ ਤੇ ਮੁੜ ਕੇ ਕਦੇ ਵੀ ਇਹੋ ਜਿਹੀ ਸਥਿਤੀ ਇਸ ਕੌਮ ‘ਤੇ ਨਹੀਂ ਆਵੇਗੀ। ਪਰ ਵਕਤ ਬੜੀ ਜ਼ਾਲਮ ਸ਼ੈਅ ਦਾ ਨਾਂ ਹੈ। ਮਸੰਦਾਂ ਨਾਲੋਂ ਵੱਧ ਕੇ ਡੇਰੇ ਅੱਜ ਸਾਡਾ ਮੂੰਹ ਚਿੜਾਉਂਦੇ ਹਨ। ਸਿੱਖੀ ਦਾ ਸਹਾਰਾ ਲੈ ਕੇ ਚਲੇ ਇਹ ਡੇਰੇ ਹੋਲੀ ਹੋਲੀ ਸਿੱਖੀ ਦੇ ਸ਼ਰੀਕ ਬਣ ਕੇ ਸਾਹਮਣੇ ਆ ਖੜ੍ਹੇ ਹੋਏ। ਜਦੋਂ ਗ਼ੈਰ ਪੰਥਕ ਸਰਕਾਰਾਂ ਆਉਂਦੀਆਂ ਹਨ ਤਾਂ ਉਨ੍ਹਾਂ ‘ਤੇ ਡੇਰਾਵਾਦ ਫੈਲਾਉਣ ਦੇ ਦੋਸ਼ ਲਾਏ ਜਾਂਦੇ ਹਨ। ਜਦੋਂ ਪੰਥ ਦੇ ਵਾਲੀ ਵਾਰਿਸ ਕਹਾਉਣ ਵਾਲੇ ਤਾਕਤ ‘ਚ ਆਉਂਦੇ ਹਨ ਤਾਂ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ। ਮੈਂ ਇਥੇ ਇਹ ਨਹੀਂ ਲਿਖਾਂਗਾ ਕਿ ”ਪਤਾ ਨਹੀਂ ਕਿਉਂ”, ਕਿਉਂਕਿ ਸਭ ਨੂੰ ਪਤਾ ਹੀ ਹੈ ਕਿ ਸਿਸਟਮ ਕਿੱਦਾਂ ਕੰਮ ਕਰਦਾ ਹੈ। ਹਾਲੇ ਤੱਕ ਦੇ ਸਿੱਖ ਇਤਿਹਾਸ ‘ਚ ਮੈਨੂੰ ਤਾਂ ਕਦੇ ਨਜ਼ਰ ਨਹੀਂ ਆਇਆ ਜਦੋਂ ਕਿ ਸਾਡਾ ਆਢਾ ਕਦੇ ਸਮੇਂ ਦੇ ਹਾਕਮਾਂ ਨਾਲ ਨਾ ਲੱਗਿਆ ਹੋਵੇ। ਹੁਣ ਤੱਕ ਦੇ ਸਾਰੇ ਇਤਿਹਾਸ ਵਿਚੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਜ ਨੂੰ ਛੱਡ ਕਦੇ ਇਹੋ ਜਿਹਾ ਵਕਤ ਦਿਖਾਈ ਨਹੀਂ ਦਿੱਤਾ ਜਦੋਂ ਸਾਡੇ ਹਾਕਮਾਂ ਖ਼ਿਲਾਫ਼ ਮੋਰਚੇ ਨਾ ਲੱਗੇ ਹੋਣ।

ਅਗਲੇ ਕਾਰਨ ਤੇ ਆ ਜਾਓ; ਸਾਨੂੰ ਸ਼ਬਦ ਗੁਰੂ ਦੇ ਵਾਰਿਸ ਬਣਾ ਕੇ ਗੁਰੂ ਸਾਹਿਬਾਨ ਨੇ ਅੱਗੇ ਜ਼ਿੰਦਗੀ ਜਿਉਣ ਦਾ ਰਾਹ ਦਿਖਾ ਕੇ, ਇਕ ਵੱਖਰੀ ਪਛਾਣ ਦੇ ਕੇ, ਇਸ ਸਮਾਜ ਦਾ ਇਕ ਅੰਗ ਬਣਾ ਦਿੱਤਾ ਸੀ। ਉਸ ਤੋਂ ਬਾਅਦ ਦੀ ਜਿੰਮੇਵਾਰੀ ਆ ਗਈ ਸੀ, ਸਾਡੇ ਪ੍ਰਚਾਰਕਾਂ, ਬੁੱਧੀਜੀਵੀਆਂ ਅਤੇ ਹਾਕਮਾਂ ਦੀ। ਹਾਕਮਾਂ ‘ਤੇ ਤਾਂ ਹੋਰ ਕੀ ਚਰਚਾ ਕਰਨੀ, ਉਹ ਪਹਿਲਾਂ ਵਾਲੀ ਕਾਫ਼ੀ ਹੈ। ਬੁੱਧੀਜੀਵੀਆਂ ਬਾਰੇ ਮੈਂ ਕੁਝ ਟਿੱਪਣੀ ਕਰ ਸਕਾਂ, ਇਸ ਲਈ ਮੇਰੇ ਕੋਲ ਏਨੀ ਬੁੱਧੀ ਨਹੀਂ ਹੈ ਅਤੇ ਕਿਸੇ ਵੀ ਪੱਖੋਂ ਖ਼ੁਦ ਪੂਰਾ ਨਹੀਂ ਕਿ ਕਿਸੇ ਨੂੰ ਅਧੂਰਾ ਕਹਿ ਸਕਾਂ। ਬੱਸ ਇਕ ਗੱਲ ਸਾਂਝੀ ਕਰ ਸਕਦਾਂ ਮਤਲਬ ਤੁਸੀ ਆਪ ਕੱਢ ਲਿਓ।

ਜਗਤ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਕ ਫ਼ਲਸਫ਼ਾ ਦਿਤਾ ਸੀ, ਉਹ ਸੀ ਗੋਸ਼ਟੀ, ਜੋ ਉਨ੍ਹਾਂ ਨੇ ਸਿੱਧਾਂ ਨਾਲ ਬਹੁਤ ਹੀ ਛੋਟੀ ਉਮਰੇ ਕੀਤੀ। ਇਥੇ ਮੈਂ ਇਕ ਗੱਲ ਇਹ ਸਾਂਝੀ ਕਰਨੀ ਚਾਹਾਂਗਾ ਕਿ ਸਿੱਖ ਧਰਮ ਦੇ ਸਿਰਜਣਹਾਰ ਨੇ ਕੋਈ ਵੀ ਇਹੋ ਜਿਹੀ ਉਦਾਹਰਨ ਨਹੀਂ ਦਿੱਤੀ, ਜੋ ਸਿਰਫ਼ ਕਿਤਾਬੀ ਹੋਵੇ । ਉਨ੍ਹਾਂ ਹਰ ਚੀਜ਼ ਨੂੰ ਅਮਲੀ ਕਰ ਕੇ ਦਿਖਾਇਆ, ਉਸੇ ‘ਚੋਂ ਇਕ ਗੋਸ਼ਟੀ ਹੈ। ਅੱਜ ਸਾਰਾ ਸੰਸਾਰ ਮੰਨਦਾ ਹੈ ਕਿ ਵਾਰਤਾ ਬਿਨਾਂ ਕਿਸੇ ਵੀ ਮਸਲੇ ਦਾ ਹੱਲ ਕੱਢਣਾ ਬਹੁਤ ਮੁਸ਼ਕਿਲ ਹੁੰਦਾ ਹੈ। ਸਾਡੇ ‘ਤੇ ਅੱਜ ਇਹ ਦੋਸ਼ ਲੱਗਦਾ ਹੈ ਕਿ ਅਸੀਂ ਵਾਰਤਾ ਦੀ ਥਾਂ ਡਾਂਗਾਂ ਕੱਢਣ ‘ਚ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਇਥੇ ਸਵਾਲ ਇਹ ਪੈਦਾ ਹੁੰਦਾ ਕਿ ਡਾਂਗਾਂ ਬੁੱਧੀਜੀਵੀ ਤਾਂ ਕੱਢਦੇ ਨਹੀਂ, ਇਹ ਤਾਂ ਆਮ ਆਦਮੀ ਦੇ ਹਿੱਸੇ ਆਉਂਦੀਆਂ ਹਨ। ਆਮ ਆਦਮੀ ਕਦੋਂ ਮੋਰਚੇ ਲਾਉਂਦਾ૴ ਜਦੋਂ ਕੋਈ ਵਾਰਤਾ ਨਾ ਕਰੇ। ਸੋ ਅਸਲੀ ਸਵਾਲ ਇਹ ਹੈ ਕਿ ਬੁੱਧੀਜੀਵੀ ਵਾਰਤਾ ਕਿਉਂ ਨਹੀਂ ਕਰਦੇ ?

ਜਦੋਂ ਤੋਂ ਅਸੀਂ ਸ਼ਬਦ ਗੁਰੂ ਦੇ ਵਾਰਿਸ ਬਣੇ ਹਾਂ, ਉਦੋਂ ਤੋਂ ਬਹੁਤ ਸਾਰੇ ਮਸਲੇ ਸਾਡੇ ਕੋਲ ਅਣਸੁਲਝੇ ਪਏ ਹਨ। ਪਿਛਲੇ ਤਿੰਨ-ਚਾਰ ਸੌ ਸਾਲਾਂ ‘ਚ ਸਾਡੀ ਕੌਮ ‘ਚ ਬਹੁਤ ਸਾਰੇ ਬੁੱਧੀਜੀਵੀ ਪੈਦਾ ਹੋਏ ਪਰ ਕੋਈ ਸਿਰੇ ਲਾਉਣ ਵਾਲੀ ਵਾਰਤਾ ਕਿਤੇ ਨਹੀਂ ਹੋਈ, ਜੋ ਇਹਨਾਂ ਮਸਲਿਆਂ ਦਾ ਸਾਰਥਿਕ ਹੱਲ ਕੱਢ ਸਕਦੀ। ਮਸਲੇ ਤਾਂ ਅਣਗਿਣਤ ਹਨ ਪਰ ਇਥੇ ਉਦਾਹਰਨ ਦੇ ਤੌਰ ਤੇ ਦਸਮ ਗ੍ਰੰਥ ਜਿਹੇ ਅਹਿਮ ਮਸਲੇ ਤੇ ਗੱਲ ਕਰਦੇ ਹਾਂ। ਮੇਰੇ ਸਮੇਤ ਬਹੁਤ ਸਾਰੇ ਲੋਕਾਂ ਲਈ ਇਹ ਮਸਲਾ ਭੰਬਲਭੂਸਾ ਬਣਿਆ ਹੋਇਆ ਹੈ। ਸਾਡੇ ‘ਚ ਏਨੀ ਤਾਂ ਬੁੱਧੀ ਅਤੇ ਸ਼ਕਤੀ ਹੈ ਨਹੀਂ ਕਿ ਅਸੀਂ ਖ਼ੁਦ ਇਸ ਗ੍ਰੰਥ ਤੇ ਘੋਖ ਵਿਚਾਰ ਕਰ ਸਕੀਏ। ਅਸੀਂ ਤਾਂ ਆਪਣੇ ਬੁੱਧੀਜੀਵੀਆਂ ਦੇ ਮੋਹਤਾਜ ਹਾਂ। ਜਦੋਂ ਅਸੀਂ ਕਦੇ ਦਸਮ ਗ੍ਰੰਥੀਆਂ ਦੀ ਗੱਲ ਸੁਣ ਲੈਂਦੇ ਹਾਂ ਤਾਂ ਉਹ ਸੱਚੇ ਲਗਦੇ ਹਨ, ਤੇ ਜਦੋਂ ਦਸਮ ਗ੍ਰੰਥ ਦੇ ਵਿਰੋਧੀਆਂ ਦੇ ਵਿਚਾਰ ਸੁਣ ਲੈਂਦੇ ਹਾਂ ਤਾਂ ਉਹ ਠੀਕ ਲਗਦੇ ਹਨ। ਭਾਈ ਕਾਹਨ ਸਿੰਘ ਨਾਭਾ ਨੇ ਕਈ ਵਾਰ ਭਾਸ਼ਾ ਦੇ ਮਾਮਲੇ ‘ਚ ਆਪਣੇ ਗ੍ਰੰਥ ”ਮਹਾਨਕੋਸ਼” ਨਾਲ ਦੁਚਿੱਤੀ ਚੋਂ ਕੱਢਿਆ, ਪਰ ਜਦੋਂ ਦਸਮ ਗ੍ਰੰਥ ਦੇ ਮਾਮਲੇ ‘ਚ ਉਨ੍ਹਾਂ ਕੋਲ ਜਾਈਦੈ ਤਾਂ ਉਥੇ ਵੀ ਸਥਿਤੀ ਸਪੱਸ਼ਟ ਨਹੀਂ ਹੁੰਦੀ। ਇਸ ਲਈ ਵੇਲੇ-ਵੇਲੇ ਸਿਰ ਬਹੁਤ ਸਾਰੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਤਸੱਲੀ ਨਹੀਂ ਹੋਈ।

ਇਸ ਬਾਰ ਸੰਯੋਗਵੱਸ ਦੋਹਾਂ ਧਿਰਾਂ ਦੇ ਲੋਕ ਐਡੀਲੇਡ ਵਿੱਚ ਆਏ। ਜਿਨ੍ਹਾਂ ਵਿਚੋਂ ਡਾਕਟਰ ਹਰਪਾਲ ਸਿੰਘ ਪੰਨੂੰ ਜੋ ਕਿ ਦਸਮ ਗ੍ਰੰਥ ਬਾਰੇ ਕਾਫ਼ੀ ਰਿਸਰਚ ਕਰ ਚੁੱਕੇ ਹਨ ਤੇ ਉਧਰ ਨੌਜਵਾਨ ਪ੍ਰਚਾਰਕ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ।ਪੰਨੂੰ ਸਾਹਿਬ ਕੋਲ ਮੈਂ ਇਹ ਗੱਲ ਰੱਖੀ ਕਿ ਆਮ ਇਨਸਾਨ ਜੋ ਦੋਚਿੱਤੀ ਦੀ ਜ਼ਿੰਦਗੀ ਜਿਉਂ ਰਿਹਾ ਹੈ, ਉਸ ਦਾ ਹੱਲ ਬੁੱਧੀਜੀਵੀ ਵਰਗ ਕਿਉਂ ਨਹੀ ਕੱਢ ਰਿਹਾ ? ਮੈਂ ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਭਾਵੇਂ ਦੋ-ਤਿੰਨ ਸਾਲ ਦਾ ਵਕਤ ਲੈ ਲਵੋ ਅਤੇ ਇਕ ਉੱਚ ਪੱਧਰੀ ਵਫ਼ਦ ਬਣਾ ਕੇ ਇਕ ਫ਼ੈਸਲਾ ਸੁਣਾ ਦਿਓ ਕਿ ਕੀ ਅਸੀਂ ਦਸਮ ਗ੍ਰੰਥ ਨੂੰ ਵੀ ਮੰਨਣਾ ਹੈ ਜਾਂ ਨਹੀਂ ? ਉਹ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਕਿ ਮੈਂ ਹਾਲੇ ਤੱਕ ਇਹ ਭਰਮ ਨਹੀਂ ਪਾਲਿਆ ਕਿ ਮੈਂ ਕੋਈ ਬੁੱਧੀਜੀਵੀ ਹਾਂ ਪਰ ਫੇਰ ਵੀ ਜਿਨ੍ਹਾਂ ਕੁ ਮੈਂ ਅਧਿਐਨ ਕੀਤਾ ਉਸ ਮੁਤਾਬਿਕ ਜੇ ਕੋਈ ਇਹੋ ਜਿਹੀ ਕਮੇਟੀ ਬਣਦੀ ਹੈ ਤਾਂ ਮੈਂ ਉਸ ਵਿਚ ਇਕ ਪੱਖ ਜ਼ਰੂਰ ਰੱਖ ਸਕਦਾ ਹਾਂ ਅਤੇ ਉਸਾਰੂ ਬਹਿਸ ਲਈ ਹਰ ਵਕਤ ਤਿਆਰ ਹਾਂ।

ਪ੍ਰੋਫੈਸਰ ਧੂੰਦਾ ਸਾਹਿਬ ਪਿੱਛੇ ਜਿਹੇ ਆਪਣੀਆਂ ਬੇਬਾਕ ਟਿੱਪਣੀਆਂ ਕਾਰਨ ਬੜੀ ਤੇਜ਼ੀ ਨਾਲ ਸੁਰਖ਼ੀਆਂ ‘ਚ ਆਏ ਸਨ। ਪਰ ਅਫ਼ਸੋਸ ਪਤਾ ਨਹੀਂ ਕਿਸ ਦਬਾਅ ਹੇਠ ਇਹ ਨੌਜਵਾਨ ਬੁੱਧੀਜੀਵੀ ਵੀ ਆਪਣੇ ਆਪ ਨਾਲ ਸਮਝੌਤਾ ਕਰ ਗਿਆ। ਕਿਉਂਕਿ ਪਿਛਲੇ ਦਿਨੀਂ ਉਹ ਆਸਟ੍ਰੇਲੀਆ ‘ਚ ਆਏ ਤੇ ਉਨ੍ਹਾਂ ਦੇ ਆਉਣ ਵੇਲੇ ਜੋ ਕੁਝ ਹੋਇਆ ਉਹ ਆਮ ਆਦਮੀ ਭਾਵੇਂ ਨਹੀਂ ਜਾਣਦਾ ਪਰ ਕੁਝ ਇਕ ਅੰਦਰੂਨੀ ਲੋਕਾਂ ਤੋਂ ਇਹ ਗੱਲ ਲੁਕੀ ਨਹੀਂ ਹੈ ਕਿ ਕਿੰਝ ਉਨ੍ਹਾਂ ਦੇ ਮੂੰਹ ‘ਚ ਮੋਂਦਾ ਦੇ ਕੇ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਸੰਗਤਾਂ ਮੂਹਰੇ ਲਿਆਂਦਾ ਗਿਆ। ਜਿਨ੍ਹਾਂ ਆਸਾਂ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਸੁਣਨ ਗਏ ਸਨ, ਉਹ ਉਸ ਤੋਂ ਵਾਂਝੇ ਹੀ ਰਹੇ।

ਪਤਾ ਨਹੀਂ ਕਦੋਂ ਉਹ ਦਿਨ ਆਵੇਗਾ ਜਦੋਂ ਸਾਡੇ ਸਰਬ ਉੱਚ ਅਕਾਲ ਤਖਤ ਸਾਹਿਬ ਤੋਂ ਬਿਨਾਂ ਕਿਸੇ ਦਬਾਅ ਦੇ ਸਿੱਖ ਸੰਗਤ ਦੇ ਨਾਂ ਤੇ ਇਕ ਫ਼ਰਮਾਨ ਜਾਰੀ ਹੋਵੇਗਾ! ਜਿਸ ਵਿਚ ਸਾਡੀ ਦੁਚਿੱਤੀ ਦਾ ਹੱਲ ਹੋਵੇਗਾ। ਕੌਮ ਦੇ ਨਾਂ ਇਸ ਹੁਕਮ ‘ਚ ਜਾਂ ਤਾਂ ਦਸਮ ਪਿਤਾ ਜੀ ਦੇ ਹੁਕਮ ਗੁਰੂ ਮਾਨਿਓ ਗ੍ਰੰਥ ਨੂੰ ਪ੍ਰੋੜ੍ਹਤਾ ਮਿਲੇ ਜਾਂ ਫੇਰ ਇਹ ਹੁਕਮ ਹੋਵੇ ਕਿ ਆਤਮਿਕ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਵਿਹਾਰਕ ਲਈ ਦਸਮ ਗ੍ਰੰਥ ਦੀ ਮੰਨੋਂ ਜੀ। ਇਸ ਅਸੰਭਵ ਜਿਹੇ ਫ਼ੈਸਲੇ ਦੀ ਉਡੀਕ ‘ਚ ਪਤਾ ਨਹੀਂ ਕਦੋਂ ਤੱਕ ਪਿਸਦਾ ਰਹੇਗਾ ਆਮ ਸਿੱਖ! ਬਾਕੀ ਆਮ ਸਿੱਖ ਕਿਹੜਾ ਘੱਟ ਹੈ ਸਮੇਂ-ਸਮੇਂ ਸਿਰ ਹੋਏ ਸਿੱਖ ਬੁੱਧੀਜੀਵੀਆਂ ਨੂੰ ਅਸੀਂ ਕਿਹੜਾ ਬਖ਼ਸ਼ਿਆ ? ਭਾਵੇਂ ਉਹ ਮਾਸਟਰ ਤਾਰਾ ਸਿੰਘ ਹੋਵੇ, ਭਾਵੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਣ। ਇਲਜ਼ਾਮ ਲਾਉਂਦਿਆਂ ਵੀ ਸਾਨੂੰ ਤਾਂ ਸ਼ਰਮ ਨਹੀਂ ਆਉਂਦੀ ਕਿ ਸਾਡੇ ਬੁੱਧੀਜੀਵੀ ਰਸਗੁੱਲਿਆਂ ਤੇ ਡੁੱਲ੍ਹ ਗਏ।

ਹੁਣ ਗੱਲ ਕਰਦੇ ਹਾਂ ਪ੍ਰਚਾਰਕਾਂ ਦੀ। ਪ੍ਰਚਾਰਕ ਕਿਸੇ ਵੀ ਧਰਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਸਿੱਖ ਧਰਮ ‘ਚ ਵੀ ਕਾਫ਼ੀ ਵੱਡੇ ਨਾਂ ਪ੍ਰਚਾਰਕਾਂ ਦੇ ਰੂਪ ‘ਚ ਹੋਏ ਹਨ। ਪਰ ਤ੍ਰਾਸਦੀ ਇਹ ਰਹੀ ਹੈ ਕਿ ਕੁਝ ਇਕ ਪ੍ਰਚਾਰਕਾਂ ਦਾ ਜਦੋਂ ਸੰਗਤਾਂ ਵਿਚ ਬੋਲਬਾਲਾ ਹੋ ਗਿਆ ਤਾਂ ਉਹ ਆਪਣੀਆਂ ਵੱਖਰੀਆਂ ਦੁਕਾਨਾਂ ਖੋਲ੍ਹ ਕੇ ਬਹਿ ਗਏ। ਕਈਆਂ ਨੇ ਪ੍ਰਚਾਰ ਬਾਅਦ ‘ਚ ਸ਼ੁਰੂ ਕੀਤਾ ਤੇ ਸੰਤ ਦੀ ਉਪਾਧੀ ਪਹਿਲਾਂ ਆਪੇ ਹੀ ਲੈ ਲਈ। ਹਾਂ ਇਕ ਸੱਚਮੁੱਚ ਦੇ ਸੰਤ ਯਾਨੀ ਕਿ ਸੰਤ ਸਿੰਘ ਮਸਕੀਨ ਵੀ ਪਿਛਲੇ ਦੌਰ ‘ਚ ਆਏ। ਪਰ ਸਾਡੀ ਕੌਮ ਦੀ ਤ੍ਰਾਸਦੀ ਕਿ ਉਹ ਜਦੋਂ ਕੁਝ ਕੌਮ ਨੂੰ ਦੇਣ ਜੋਗੇ ਹੋਏ ਤਾਂ ਇਸ ਜਹਾਨ ਤੋਂ ਤੁਰ ਗਏ। ਸਾਡੇ ਸਿੱਖੀ ਦੇ ਮੁੱਖ ਅਦਾਰੇ ਦੀ ਸੁਣ ਲਵੋ, ਮਸਕੀਨ ਸਾਹਿਬ ਦੇ ਜਿਉਂਦੇ ਜੀਅ ਕੋਈ ਉਪਰਾਲਾ ਨਹੀਂ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਦੱਸ ਰਹੇ ਹਨ ਕਿ ਉਹ ਇਕੋ-ਇਕ ਪ੍ਰਚਾਰਕ ਸਨ, ਜੋ ਕਦੇ ਦਰਬਾਰ ਸਾਹਿਬ ਕਥਾ ਕਰਨ ਦੇ ਪੈਸੇ ਨਹੀਂ ਸਨ ਲੈਂਦੇ। ਉਹ ਤਾਂ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਇਕ ਪੰਜਾਬੀ ਚੈਨਲ ਦਾ ਜਿਨ੍ਹਾਂ ਉਨ੍ਹਾਂ ਨੂੰ ਘਰ ਘਰ ਪਹੁੰਚਾ ਦਿਤਾ। ਇਸ ਗੱਲ ਦਾ ਸੱਦਾ ਹੀ ਮਲਾਲ ਰਹੇਗਾ ਕਿ ਮਸਕੀਨ ਜੀ ਜਿਹਾ ਪ੍ਰਚਾਰਕ ਆਪਣੇ ਸਿਖਰ ਦੇ ਵਕਤ ਸਾਨੂੰ ਛੱਡ ਗਿਆ। ਪ੍ਰਚਾਰ ਦੇ ਖੇਤਰ ਵਿਚ ਕੁਝ ਹੋਰ ਵੀ ਆਸ ਦੀਆਂ ਕਿਰਨਾਂ ਚਮਕ ਰਹੀਆਂ ਹਨ ਪਰ ਜਦੋਂ ਪਾਰ ਲੱਗੀਆਂ ਉਦੋਂ ਜਾਣਗੇ।

ਪ੍ਰਚਾਰਕਾਂ ਤੋਂ ਬਾਅਦ ਗੱਲ ਆਉਂਦੀ ਹੈ ਗ੍ਰੰਥੀ ਸਿੰਘਾਂ ਦੀ ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਤੋਂ ਬਿਨਾਂ ਮੁੱਢਲਾ ਪ੍ਰਚਾਰ ਵੀ ਸਾਂਭਦੇ ਹਨ। ਪਰ ਇਥੇ ਵੀ ਹੈਰਾਨੀਜਨਕ ਗੱਲਾਂ ਸਾਹਮਣੇ ਆਉਂਦੀਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕਾਂ ਉਤੇ ਅਕਸਰ ਹੀ ਇਹ ਦੋਸ਼ ਲੱਗਦੇ ਹੁੰਦੇ ਹਨ ਕਿ ਉਹ ਗ੍ਰੰਥੀ ਸਿੰਘ ਨੂੰ ਇਹੋ ਜਿਹਾ ਅਹਿਸਾਸ ਕਰਵਾਉਂਦੇ ਹਨ ਕਿ ਗ੍ਰੰਥੀ ਸਿੰਘ ਆਪਣੇ ਆਪ ਨੂੰ ਇਕ ਸੇਵਾਦਾਰ ਨਾ ਸਮਝ ਕੇ ਇਕ ਬੰਧੂਆ ਮਜ਼ਦੂਰ ਸਮਝਣ ਲੱਗ ਪੈਂਦੇ ਹਨ। ਇਕ ਗ੍ਰੰਥੀ ਸਿੰਘ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਸਾਡੇ ਉਤੇ ਹਰ ਵਕਤ ਤਲਵਾਰ ਲਟਕਦੀ ਰਹਿੰਦੀ ਹੈ ਕਿ ਜੇ ਅਸੀਂ ਪ੍ਰਬੰਧਕਾਂ ਦੇ ਸਤਿਕਾਰ ‘ਚ ਥੋੜ੍ਹੀ ਬਹੁਤ ਵੀ ਢਿੱਲ ਕਰ ਗਏ ਤਾਂ ਸਾਡਾ ਦੇਸ਼ ਨਿਕਾਲਾ ਹੋਇਆ ਸਮਝਿਓ। ਉਨ੍ਹਾਂ ਦੇ ਕਹਿਣ ਮੁਤਾਬਿਕ ਕਿ ਸਾਨੂੰ ਦੇਸ਼ ਨਿਕਾਲੇ ਦਾ ਵੀ ਕੋਈ ਡਰ ਨਹੀਂ ਪਰ ਜੋ ਦੋਸ਼ ਲਾ ਕੇ ਤੇ ਜ਼ਲੀਲ ਕਰ ਕੇ ਸਾਨੂੰ ਕੱਢਿਆ ਜਾਂਦਾ ਹੈ, ਉਹ ਸਾਡੇ ਭਵਿੱਖ ਨੂੰ ਹੀ ਖ਼ਤਮ ਕਰ ਦਿੰਦਾ ਹੈ। ਇਹਨਾਂ ਆਮ ਹੀ ਲਗਾਏ ਜਾਣ ਵਾਲੇ ਦੋਸ਼ਾਂ ਚੋਂ ਗੋਲਕ ਚੋਰੀ, ਮੈਲੀ ਅੱਖ ਅਤੇ ਮਾੜਾ ਚਰਿੱਤਰ ਸਭ ਤੋਂ ਪਹਿਲਾਂ ਲੱਗਦੇ ਹਨ। ਹੁਣ ਤੁਸੀਂ ਦੱਸੋ ਕਿ ਇਸ ਸਥਿਤੀ ‘ਚ ਜਿਉਣ ਵਾਲਾ ਆਪਣੀ ਕੌਮ ਦਾ ਕੀ ਸਵਾਰ ਲਵੇਗਾ।

ਲਓ ਜੀ! ਇਸ ਨਿਘਾਰ ਦੀ ਅਗਲੀ ਕੜੀ ਦੀ ਗੱਲ ਕਰ ਲਈਏ, ਜੋ ਕਿ ਸਭ ਤੋਂ ਮਹੱਤਵਪੂਰਨ ਹੈ। ਉਹ ਹੈ ਮਾਪੇ! ਜਿਨ੍ਹਾਂ ਨੂੰ ਜੁਆਕ ਦੇ ਪਹਿਲੇ ਗੁਰੂ ਹੋਣ ਦਾ ਮਾਣ ਪ੍ਰਾਪਤ ਹੁੰਦਾ ਹੈ। ਇਥੇ ਮੈਂ ਇਹ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸੰਸਾਰ ‘ਚ ਕੋਈ ਵੀ ਇਹੋ ਜਿਹਾ ਮਾਂ-ਬਾਪ ਨਹੀਂ ਹੋਵੇਗਾ ਜੋ ਆਪਣੇ ਬੱਚਿਆਂ ਨੂੰ ਕੋਈ ਬੁਰੀ ਆਦਤ ਸਿਖਾਉਣ ਦੀ ਕੋਸ਼ਿਸ਼ ਕਰੇਗਾ। ਹਾਂ ਅਣਜਾਣਪੁਣੇ ‘ਚ ਬਹੁਤ ਕੁਝ ਹੋ ਰਿਹਾ ਹੈ। ਪਿਛਲੇ ਦਿਨੀਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਮਨਾਉਣ ਵੇਲੇ ਵੀ ਇਹ ਸਵਾਲ ਮੈਂ ਮਾਪਿਆਂ ਨੂੰ ਕੀਤਾ ਸੀ ਕਿ ਜੇ ਅੱਜ ਅਸੀਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਗੱਲ ਕਰ ਰਹੇ ਹਾਂ ਤਾਂ ਉਹ ਦੇ ਪਿੱਛੇ ਹਵਲਦਾਰ ਈਸ਼ਰ ਸਿੰਘ ਹੋਰਾਂ ਦਾ ਪਾਲਣ ਪੋਸ਼ਣ ਕੰਮ ਕਰਦਾ ਹੈ। ਉਨ੍ਹਾਂ ਨੂੰ ਬਚਪਨ ‘ਚ ਸਾਡੇ ਮਹਾਨ ਸ਼ਹੀਦਾਂ ਦੀਆਂ ਜੀਵਨੀਆਂ ਉਨ੍ਹਾਂ ਦੇ ਮਾਪਿਆਂ ਨੇ ਸੁਣਾਈਆਂ ਸਨ ਕਿ ਕਿਵੇਂ ਭਾਈ ਮਨੀ ਸਿੰਘ ਬੰਦ-ਬੰਦ ਕਟਵਾਉਣ ਵੇਲੇ ਅਡੋਲ ਰਹੇ, ਕਿਵੇਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਿਹ ਕੀਤੀ, ਕਿਵੇਂ ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਨੇ ਦੁਸ਼ਮਣਾਂ ਦੀਆਂ ਭਾਜੜਾਂ ਪੁਆਈਆਂ। ਪਰ ਅੱਜ ਦੇ ਮਾਪੇ ਬੱਚੇ ਨੂੰ ਟੀ।ਵੀ। ਤੇ ਸ਼ਕਤੀਮਾਨ, ਬੈਟਮੈਨ ਤੇ ਜਾਂ ਫੇਰ ਸਪਾਈਡਰਮੈਨ ਦੇ ਸ਼ੋਅ ਲਾ ਕੇ ਬੱਚਿਆਂ ਨੂੰ ਸਾਂਭ ਦਿੰਦੇ ਹਨ। ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਸਾਡੀ ਕੌਮ ਕੋਲ ਅਸਲੀ ਹੀਰੋ ਮੌਜੂਦ ਹਨ ਤਾਂ ਨਕਲੀ ਦੇ ਸ਼ਕਤੀਮਾਨ ਦਿਖਾ ਕੇ ਅਸੀਂ ਕਿਹੜੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ।

”ਜਿਸ ਘਰ ਦੇ ਸਿਆਣੇ ਆਪਸ ਵਿਚ ਇਕਸੁਰ ਨਹੀਂ, ਉਸ ਘਰ ਦੇ ਨਿਆਣਿਆਂ ਤੋਂ ਕਿਵੇਂ ਅਲਾਪ ਲਾਉਣ ਦੀ ਆਸ ਕੀਤੀ ਜਾ ਸਕਦੀ ਹੈ”! ਸੋ ਇਹੀ ਫ਼ਾਰਮੂਲਾ ਇਥੇ ਕੰਮ ਕਰ ਰਿਹਾ ਹੈ। ਸਾਡੇ ਨੌਜਵਾਨਾਂ ਨੂੰ ਜਦੋਂ ਅਸੀਂ ਕੁਝ ਸਪੱਸ਼ਟ ਨਹੀਂ ਕਰ ਰਹੇ ਤਾਂ ਉਹ ਆਪਣੇ ਰਾਹ ਆਪ ਚੁਣਦੇ ਹਨ। ਆਪੇ ਚੁਣੇ ਰਾਹ ‘ਚ ਭਾਈ ਮਨੀ ਸਿੰਘ ਵਾਲਾ ਜਜ਼ਬਾ ਆਉਣਾ ਖਾਲਾ ਜੀ ਦਾ ਵਾੜਾ ਨਹੀਂ। ਬਾਕੀ ਚੜ੍ਹਦੀ ਉਮਰੇ ਤਾਂ ਵਾਹਿਗੁਰੂ-ਵਾਹਿਗੁਰੂ ਦੀ ਥਾਂ ਯੋ-ਯੋ ਹੀ ਮਨ ਭਾਉਂਦਾ ਹੈ। ਮੈਂ ਇਥੇ ਕਿਸੇ ਵਿਸ਼ੇਸ਼ ਕਲਾਕਾਰ ਦੀ ਗੱਲ ਨਹੀਂ ਕਰ ਰਿਹਾ ਅੱਜਕੱਲ੍ਹ ਇਕ ਨਹੀਂ ਬਹੁਤ ਸਾਰੇ ਕਲਾਕਾਰ ਸਿਰਫ਼ ਪੈਸੇ ਤੇ ਸ਼ੋਹਰਤ ਲਈ ਸਾਡੀ ਜਵਾਨੀ ਨੂੰ ਸਾਡੇ ਅਮੀਰ ਵਿਰਸੇ ਤੋਂ ਦੂਰ ਕਰਨ ਦੀ ਭੂਮਿਕਾ ਨਿਭਾ ਰਹੇ ਹਨ। ਸਾਨੂੰ ਅੱਜ ਚਟਪਟੀਆਂ ਅਤੇ ਮਸਾਲੇਦਾਰ ਗੱਲਾਂ ਚੰਗੀਆਂ ਲਗਦੀਆਂ ਹਨ। ਸੋ ਇਸੇ ਫ਼ਿਤਰਤ ਦਾ ਲਾਹਾ ਮੈਂ ਇਸ ਲੇਖ ਦਾ ਸਿਰਲੇਖ ਦੇਣ ‘ਚ ਲੈ ਗਿਆ ਕਿ ਚਲੋ ਇਹੋ ਜਿਹੇ ਚਟਪਟੇ ਸਿਰਲੇਖ ਦੇ ਬਹਾਨੇ ਇਸ ਬਹੁਤ ਹੀ ਸੰਜੀਦਾ ਮੁੱਦੇ ਨੂੰ ਲੋਕ ਪੜ੍ਹ ਤਾਂ ਲੈਣਗੇ।

ਹੁਣ ਜੇ ਮੈਂ ਆਪਣੀ ਨਿੱਜੀ ਰਾਇ ਦੀ ਗੱਲ ਕਰਾਂ ਤਾਂ ਇਕ ਹੀ ਗੱਲ ਕਹਿ ਸਕਦਾ ਹਾਂ ਕਿ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ “ਨੂੰ” ਮੰਨਣ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ “ਦੀ” ਮੰਨਣ ਲੱਗ ਜਾਵਾਂਗੇ, ਓਦੋਂ ਹਰ ਸਵਾਲ ਦਾ ਜਵਾਬ ਸਾਨੂੰ ਮਿਲ ਜਾਣਾ ਹੈ। ਪਰ ਇਹ ਅਧਿਐਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਸੋ ਆਓ ਅੱਜ ਤੋਂ ਇਕ ਪ੍ਰਣ ਕਰੀਏ ਕਿ ਅਸੀਂ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਅੰਗ ਦੇ ਅਰਥ ਖ਼ੁਦ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰੀਏ। ਸਿਰਫ਼ ਤਿੰਨ ਕੁ ਵਰ੍ਹਿਆਂ ‘ਚ ਇਸ ਕਾਬਿਲ ਹੋ ਜਾਈਏ ਕਿ ਅਸੀਂ ਖ਼ੁਦ ਦੇ ਸਵਾਲ ਦਾ ਹੱਲ ਖ਼ੁਦ ਹੀ ਕੱਢ ਸਕੀਏ । ਬਾਕੀ ਜਿੰਨੀ ਕੁ ਮੱਤ ਸੀ ਉਨ੍ਹਾਂ ਕੁ ਲਿਖ ਦਿੱਤਾ ਜੀ, ਚੰਗਾ ਮਾੜਾ ਲੱਗੇ ਮਾਫ਼ ਕਰਨਾ। ਅਖੀਰ ਗੁਰਬਾਣੀ ਦਾ ਇਹੀ ਫ਼ਰਮਾਨ ਚੇਤੇ ਆ ਰਿਹਾ ਕਿ;   ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥

This entry was posted in ਲੇਖ.

One Response to ”ਸ਼ਬਦ ਗੁਰੂ ਦੇ ਵਾਰਿਸ ਭਾਈ ਮਨੀ ਸਿੰਘ ਤੋਂ ਯੋ-ਯੋ ਹੈ-ਨਈ ਸਿੰਘ ਤੱਕ”

  1. dr.gurpreet singh says:

    veer ji jekar sare hi sabad guru de lad lagi a ta derabad sikh kaum da kujh nahi bigad sakda

Leave a Reply to dr.gurpreet singh Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>