ਪੰਜਾਬ ਸਰਕਾਰ ਸਾਹਿਤਕਾਰਾਂ ਨੂੰ ਪੂਰਾ ਮਾਣ ਸਨਮਾਨ ਦੇਵੇਗੀ : ਜੀ.ਕੇ.ਸਿੰਘ

ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਪ੍ਰਸਿੱਧ ਸਾਹਿਤਕਾਰ ਡਾ. ਸੁਰਜੀਤ ਸਿੰਘ ਢਿੱਲੋਂ ਨੂੰ ਸਨਮਾਨਤ ਕਰਦੇ ਹੋਏ। ਉਨ੍ਹਾਂ ਨਾਲ ਡਾ. ਢਿੱਲੋਂ ਦੀ ਧਰਮਪਤਨੀ ਸ਼੍ਰੀਮਤੀ ਬਲਜੀਤ ਕੌਰ, ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ ਡਾ. ਦਰਸ਼ਨ ਸਿੰਘ ਆਸ਼ਟ ਅਤੇ ਹੋਰ

ਪਟਿਆਲਾ – ਸਾਹਿਤਕਾਰਾਂ ਦਾ ਜੀਵਨ ਉਸ ਰੁੱਖ ਵਾਂਗ ਹੈ ਜਿਸ ਦਾ ਮਕਸਦ ਦੂਜਿਆਂ ਨੂੰ ਗਿਆਨ ਰੂਪੀ ਛਾਂ ਪ੍ਰਦਾਨ ਕਰਨਾ ਹੈ ਅਤੇ ਸਾਹਿਤਕਾਰ ਰੱਬ ਦੁਆਰਾ ਭੇਜੇ ਉਹ ਦੂਤ ਸਾਬਤ ਹੁੰਦੇ ਹਨ ਜਿਹੜੇ ਆਪਣੀਆਂ ਲਿਖਤਾਂ ਦੇ ਰਾਹੀਂ ਮਨੁੱਖ ਨੂੰ ਚੰਗਾ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਵਿੱਚ ਮਾਰਗ ਦਰਸ਼ਕ ਦੀ ਭੂਮਿਕਾ ਨਿਭਾਉਂਦੇ ਹਨ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਪ੍ਰਸਿੱਧ ਸਾਹਿਤਕਾਰ ਤੇ ਸ਼੍ਰੋਮਣੀ ਲੇਖਕ ਡਾ. ਸੁਰਜੀਤ ਸਿੰਘ ਢਿੱਲੋਂ ਦੀ ਰਿਹਾਇਸ਼ ਵਿਖੇ ਕੀਤਾ । ਸ਼੍ਰੀ ਜੀ.ਕੇ. ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਤਰਫੋਂ ਨਾਮੀ ਸਾਹਿਤਕਾਰਾਂ ਦੀ ਮਿਜਾਜ਼ਪੁਰਸ਼ੀ ਲਈ ਪਾਈ ਗਈ ਇਸ ਪਿਰਤ ਦਾ ਮਕਸਦ ਆਪਣੀ ਕਲਮ ਰਾਹੀਂ ਗਿਆਨ ਦਾ ਚਾਨਣ ਫੈਲਾਉਣ ਵਾਲੇ ਬਜ਼ੁਰਗ ਸਾਹਿਤਕਾਰਾਂ ਨੂੰ ਮਾਣ-ਸਨਮਾਨ ਦੇਣਾ ਹੈ ਤਾਂ ਜੋ ਉਹ ਨਿਰੰਤਰ ਆਪਣੀਆਂ ਲਿਖਤਾਂ ਦੇ ਰਾਹੀਂ ਲੋਕ ਸੇਵਾ ਦੇ ਇਸ ਮਹਾਨ ਕਾਰਜ ਨੂੰ ਨੇਪਰੇ ਚੜ੍ਹਾਉਂਦੇ ਰਹਿਣ । ਡਾ. ਸੁਰਜੀਤ ਸਿੰਘ ਢਿੱਲੋਂ ਦੀਆਂ ਲਿਖਤਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਾ. ਢਿੱਲੋਂ ਅਜਿਹੇ ਪੰਜਾਬੀ ਵਾਰਤਕਕਾਰ ਹਨ ਜਿਨ੍ਹਾਂ ਨੇ ਮਨੁੱਖੀ ਜੀਵਨ ਬਾਰੇ ਵੱਖ-ਵੱਖ ਮਸਲਿਆਂ ਨੂੰ ਵਿਗਿਆਨਕ ਢੰਗ ਨਾਲ ਬਾਖੂਬੀ ਪੇਸ਼ ਕੀਤਾ । ਉਨ੍ਹਾਂ ਕਿਹਾ ਕਿ ਡਾ. ਢਿੱਲੋਂ ਦੀਆਂ ਰਚਨਾਵਾਂ ਆਪਣੇ ਆਪ ਵਿੱਚ ਗਿਆਨ ਦਾ ਉਹ ਸਮੁੰਦਰ ਹਨ ਜਿਹੜੀਆਂ ਪਾਠਕਾਂ ਦੀ ਸਾਹਿਤਕ ਭੁੱਖ ਨੂੰ ਪੂਰਾ ਕਰਨ ਦੇ ਸਮਰੱਥ ਹਨ ।

ਸ਼੍ਰੀ ਜੀ.ਕੇ. ਸਿੰਘ ਨੇ ਕਿਹਾ ਕਿ ਡਾ. ਢਿੱਲੋਂ ਨੇ ਮਨੁੱਖ ਦੇ ਜੀਵਨ ਵਿਕਾਸ ਅਤੇ ਆਪਣੇ ਦੇਸ਼ ਵਿਦੇਸ਼ ਦੇ ਸਫ਼ਰਨਾਮਿਆਂ ਨੂੰ ਪੰਜਾਬੀ ਭਾਸ਼ਾ ਵਿੱਚ ਕਲਮਬੱਧ ਕਰਕੇ ਮਾਂ ਬੋਲੀ ਦਾ ਸਿਰ ਉੱਚਾ ਕੀਤਾ ਹੈ ਅਤੇ ਕੌਮਾਂਤਰੀ ਪੱਧਰ ’ਤੇ ਪੁਰਸਕਾਰ ਹਾਸਿਲ ਕੀਤੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਡਾ. ਢਿੱਲੋਂ ਨੇ ਸਾਬਤ ਕਰ ਦਿੱਤਾ ਹੈ ਕਿ ਮਾਂ ਬੋਲੀ ਪੰਜਾਬੀ ਵਿੱਚ ਵੀ ਚੰਗੀ ਸਿਹਤ ਅਤੇ ਵਿਗਿਆਨਕ ਸਾਹਿਤ ਬਾਰੇ ਉਸਾਰੂ ਸਮੱਗਰੀ ਮੁਹੱਈਆ ਕਰਵਾਈ ਜਾ ਸਕਦੀ ਹੈ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਕੋਲ ਜ਼ਿੰਦਗੀ ਦਾ ਵਿਸ਼ਾਲ ਤਜਰਬਾ ਹੈ ਉਨ੍ਹਾਂ ਕੋਲ ਬੈਠ ਕੇ ਉਨ੍ਹਾਂ ਦੇ ਜੀਵਨ ਤਜਰਬਿਆਂ ਤੋਂ ਸੇਧ ਲੈਣੀ ਚਾਹੀਦੀ ਹੈ ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੀਵ ਵਿਗਿਆਨ ਵਿਭਾਗ ਦੇ ਸੰਸਥਾਪਕ ਅਤੇ ਕਰੀਬ 18 ਸਾਲ ਮੁਖੀ ਵੱਜੋਂ ਸੇਵਾਵਾਂ ਨਿਭਾਅ ਚੁੱਕੇ ਡਾ. ਸੁਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਵੀ ਹੱਥੀਂ ਮਿਹਨਤ ਕਰਨ ਤੋਂ ਗੁਰੇਜ਼ ਕਰਨ ਲੱਗ ਪਏ ਹਨ ਜਿਸ ਕਾਰਨ ਇਨ੍ਹਾਂ ’ਤੇ ਬਿਮਾਰੀਆਂ ਦੀ ਜਕੜ ਵਧਦੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ¦ਬਾ ਤੇ ਸਿਹਤਮੰਦ ਜੀਵਨ ਮਾਨਣ ਲਈ ਮਸ਼ੀਨੀ ਯੁੱਗ ਅਤੇ ਸੁੱਖ ਸਹੂਲਤਾਂ ਤੋਂ ਪਾਸਾ ਵੱਟਣਾ ਸਮੇਂ ਦੀ ਅਹਿਮ ਲੋੜ ਬਣ ਗਿਆ ਹੈ ਇਸ ਲਈ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਹੋ ਜਾਣਾ ਚਾਹੀਦਾ ਹੈ ।

ਡਾ. ਢਿੱਲੋਂ ਨੂੰ ਵਿਗਿਆਨ ਦੇ ਖੇਤਰ ਵਿੱਚ ਮਾਣਾਂ ਮੱਤੇ ਯੋਗਦਾਨ ਲਈ ਪੰਜਾਬ ਸਰਕਾਰ ਵੱਲੋਂ 1999 ’ਚ ਰਾਜ ਪੱਧਰੀ ਸਨਮਾਨ, ਪੰਜਾਬ ਰਤਨ ਐਵਾਰਡ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2001 ’ਚ ਸ਼੍ਰੋਮਣੀ ਲੇਖਕ ਐਵਾਰਡ ਦੇ ਨਾਲ ਇੱਕ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫੋਂ ਡਾ. ਢਿੱਲੋਂ ਨੂੰ ਸਿਰੋਪਾਓ, ਸ਼ਾਲ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਤ ਕੀਤਾ । ਇਸ ਦੌਰਾਨ ਡਾ. ਸੁਰਜੀਤ ਸਿੰਘ ਢਿੱਲੋਂ ਦੀ ਧਰਮਪਤਨੀ ਸ਼੍ਰੀਮਤੀ ਬਲਜੀਤ ਕੌਰ ਨੇ ਡਿਪਟੀ ਕਮਿਸ਼ਨਰ ਦੇ ਉਪਰਾਲੇ ਦਾ ਧੰਨਵਾਦ ਕੀਤਾ। ਇਸ ਮੌਕੇ ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ ਡਾ. ਦਰਸ਼ਨ ਸਿੰਘ ਆਸ਼ਟ, ਜੁਆਇੰਟ ਸਕੱਤਰ ਰੈਡ ਕਰਾਸ ਡਾ. ਪ੍ਰਿਤਪਾਲ ਸਿੰਘ ਸਿੱਧੂ, ਸ਼੍ਰੀਮਤੀ ਸੁਰਜੀਤ ਕੌਰ ਮੋਹੀ ਅਤੇ ਡਾ. ਢਿੱਲੋਂ ਦੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>