ਦਲ ਬਦਲਨਾ ਸਿਆਸੀ ਖੋਖਲੇਪਨ ਦਾ ਪ੍ਰਤੀਕ

ਪੰਜਾਬ ਵਿੱਚ ਅੱਜ ਕਲ ਦਲਬਦਲੀ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਸਿਆਸਤ ਵਿੱਚ ਸਿਧਾਂਤ ਦੀ ਥਾਂ ਮੌਕਾਪ੍ਰਸਤੀ ਹਾਵੀ ਹੋ ਗਈ ਹੈ। ਤਾਕਤ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਪਾਰਟੀ ਭਾਵੇਂ ਕੋਈ ਹੋਵੇ, ਭਾਵੇਂ ਉਸਦੀ ਪਾਲਿਸੀ ਨਾਲ ਤੁਸੀਂ ਸਹਿਮਤ ਹੋਵੋ ਜਾਂ ਨਹੀਂ ਪ੍ਰੰਤੂ ਤਾਕਤ ਮਿਲਣੀ ਚਾਹੀਦੀ ਹੈ।ਸਿਆਸੀ ਤਾਕਤ ਦੀ ਪ੍ਰਾਪਤੀ ਲਈ ਸਾਰੇ ਸਿਧਾਂਤ ਛਿੱਕੇ ਤੇ ਟੰਗ ਦਿੱਤੇ ਜਾਂਦੇ ਹਨ।ਦਲ ਬਦਲੂਆਂ ਦਾ ਅੱਜ ਕਲ ਪੰਜਾਬ ਵਿੱਚ ਬੁਰਾ ਹਸ਼ਰ ਹੋ ਰਿਹਾ ਹੈ।ਸਿਆਸੀ ਕਾਰਨਾ ਕਰਕੇ ਉਹਨਾ ਨੂੰ ਨਵੀਂ ਪਾਰਟੀ ਵਿੱਚ ਤਾਂ ਸ਼ਾਮਲ ਕਰ ਲਿਆ ਜਾਂਦਾ ਹੈ ਪ੍ਰੰਤੂ ਰਾਜਨੀਤਕ ਕਾਰਨਾ ਕਰਕੇ ਹੀ ਉਹਨਾ ਨੂੰ ਅਣਡਿਠ ਕਰਨਾ ਪੈਂਦਾ ਹੈ।ਸਾਂਝੇ ਪੰਜਾਬ ਦੇ ਕੁਝ ਪੁਰਾਤਨ ਗੁਣਾਂ ਦਾ ਪੰਜਾਬ ਤੇ ਹਰਿਆਣਾ ਦੀ ਸਿਆਸਤ ਤੇ ਅਜੇ ਵੀ ਗਹਿਰਾ ਪ੍ਰਭਾਵ ਹੈ।ਸਾਂਝੇ ਪੰਜਾਬ ਵਿੱਚੋਂ ਹੀ ਹਰਿਆਣਾ ,ਹਿਮਾਚਲ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਹੋਂਦ ਵਿੱਚ ਆਏ ਹਨ।ਇਸ ਲਈ ਇਹ ਕੁਦਰਤੀ ਹੈ ਕਿ ਇਹਨਾ ਰਾਜਾਂ ਦੇ ਲੋਕਾਂ ਦੇ ਸੁਭਾਅ ਖਾਸ ਤੌਰ ਤੇ ਸਿਆਸੀ ਵਿਅਕਤੀਆਂ ਦੇ ਕਾਫੀ ਮਿਲਦੇ ਜੁਲਦੇ ਹਨ।ਸਿਆਸਤ ਵਿੱਚ ਆਇਆ ਅਤੇ ਗਇਆ ਰਾਮ ਦਾ ਮੁੱਢ ਮਰਹੂਮ ਚੌਧਰੀ ਭਜਨ ਲਾਲ ਨੇ ਹੀ ਬੱਝਿਆ ਸੀ। ਉਹਨਾ ਸਾਰੀ ਦੀ ਸਾਰੀ ਵਿਧਾਨਕਾਰ ਪਾਰਟੀ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾ ਲਿਆਂਦਾ ਸੀ ਅਤੇ ਆਪ ਹਰਿਆਣਾ ਦੇ ਮੁੱਖ ਮੰਤਰੀ ਬਣ ਗਏ ਸਨ।ਉਸਤੋਂ ਬਾਅਦ ਹੀ ਸਿਆਸਤ ਵਿੱਚ ਅਸਥਿਰਤਾ ਦਾ ਮਾਹੌਲ ਬਣ ਗਿਆ ਸੀ। ਉਸਤੋਂ ਮਗਰੋਂ ਹੀ ਦਲ ਬਦਲੀ ਕਰਕੇ ਤਾਕਤ ਹਥਿਆ ਲੈਣਾ ਆਮ ਜਹੀ ਗੱਲ ਬਣ ਗਈ ਸੀ,ਜਿਸ ਕਰਕੇ ਕੇਂਦਰ ਸਰਕਾਰ ਨੂੰ ਦਲ ਬਦਲੀ ਰੋਕਣ ਲਈ ਕਾਨੂੰਨ ਬਨਾਉਣਾ ਪਿਆ ਸੀ। ਹੁਣ ਇੱਕ ਨਵਾਂ ਹੀ ਰਿਵਾਜ ਬਣ ਗਿਆ ਹੈ ਜਿਹੜੇ ਸਿਆਸੀ ਲੀਡਰਾਂ ਨੂੰ ਪਾਰਟੀ ਦਾ ਟਿਕਟ ਨਹੀਂ ਮਿਲਦਾ ,ਉਹ ਮੌਕਾ ਪ੍ਰਸਤ ਲੀਡਰ ਦੂਜੀ ਪਾਰਟੀ ਵਿੱਚ ਸ਼ਾਮਲ ਹੋਕੇ ਚੋਣ ਲੜ ਲੈਂਦੇ ਹਨ। ਅਸਲ ਵਿੱਚ ਇਹ ਸਾਰਾ ਕੁਝ ਸਿਆਸੀ ਪਾਰਟੀਆਂ ਦੇ ਸਿਆਸੀ ਖੋਖਲੇਪਨ ਦਾ ਹੀ ਸਬੂਤ ਹੈ। ਚੌਧਰੀ ਭਜਨ ਲਾਲ ਦੀ ਤਰਜ ਤੇ ਇਹ ਪ੍ਰਵਿਰਤੀ ਅੱਜ ਕਲ ਪੰਜਾਬ ਵਿੱਚ ਕਾਫੀ ਹੈ। ਅਕਾਲੀ ਦਲ ਬਾਦਲ ਦੇ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਕਰਕੇ ਦਲ ਬਦਲੂ ਪ੍ਰਵਿਰਤੀ ਕਾਫੀ ਪ੍ਰਫੁਲਤ ਹੋਈ ਹੈ।ਅਕਾਲੀ ਦਲ ਨੇ ਤਾਂ ਕਾਂਗਰਸ ਪਾਰਟੀ ਦੇ ਮੌਕਾਪ੍ਰਸਤ ਲੀਡਰਾਂ ਦੀ ਕਮਜੋਰੀ ਦਾ ਰੱਜਕੇ ਲਾਭ ਉਠਾਇਆ ਹੈ, ਜੇਕਰ ਕੋਈ ਲੀਡਰ ਮੰਝਧਾਰ ਵਿੱਚ ਹੈ ਤਾਂ ਪ੍ਰਸ਼ਾਸ਼ਨ ਦੀ ਮੱਦਦ ਨਾਲ ਅੱਜ ਕਲ ਦਲ ਬਦਲਾਉਣ ਦੀ ਮੁਹਿੰਮ ਚਲਾਈ ਹੋਈ ਹੈ।ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਅਤੇ ਹੁਣ ਲੋਕ ਸਭਾ ਦੀਆਂ ਮਈ 2014 ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸੀ ਲੀਡਰਾਂ ਤੇ ਵਰਕਰਾਂ ਦੇ ਪੀਲੇ ਪੱਟਕੇ ਪਾ ਕੇ ਵੱਡੇ ਪੱਧਰ ਤੇ ਦਲ ਬਦਲੀ ਕਰਵਾਈ ਜਾ ਰਹੀ ਹੈ ਹਾਲਾਂਕਿ ਇੱਕ ਗੱਲ ਸ਼ਪੱਸ਼ਟ ਹੈ ਕਿ ਕਦੀ ਵੀ ਕਿਸੇ ਵੀ ਸਿਆਸੀ ਪਾਰਟੀ ਦੀ ਪੁਰਾਣੀ ਲੀਡਰਸ਼ਿਪ ਨਵੇਂ ਦਲਬਦਲੂਆਂ ਦੇ ਆਪਣੀ ਪਾਰਟੀ ਵਿੱਚ ਦਾਖਲੇ ਨੂੰ ਚੰਗਾ ਨਹੀਂ ਸਮਝਦੀ ਅਤੇ ਨਾ ਹੀ ਉਹਨਾ ਦੇ ਨਵੀਂ ਪਾਰਟੀ ਵਿੱਚ ਪੈਰ ਲੱਗਣ ਦਿੰਦੇ ਹਨ ਕਿਉਂਕਿ ਨਵਿਆਂ ਦੇ ਆਉਣ ਨਾਲ ਪੁਰਾਣਿਆਂ ਦੀ ਬੁਕਤ ਘੱਟ ਜਾਂਦੀ ਹੈ।ਇਸਦੇ ਬਾਵਜੂਦ ਵੀ ਅਕਾਲੀ ਦਲ ਅੱਜ ਕਲ ਦਲ ਬਦਲੀ ਕਰਾਉਣ ਲਈ ਹਰ ਹੀਲਾ ਵਰਤ ਰਿਹਾ ਹੈ। ਅਸਲ ਵਿੱਚ ਸਿਆਸਤ ਵਿੱਚ ਕੁਝ ਵਪਾਰੀ ਲੋਕ ਸ਼ਾਮਲ ਹੋ ਗਏ ਹਨ, ਉਹਨਾ ਦਾ ਅਸਲ ਮੰਤਵ ਤਾਂ ਆਪਣੇ ਵਪਾਰਕ ਹਿਤਾਂ ਦੀ ਹਿਫਾਜਤ ਕਰਨਾ ਹੁੰਦਾ ਹੈ, ਉਹ ਹਿੱਤ ਤਾਂ ਸਿਆਸੀ ਤਾਕਤ ਨਾਲ ਹੀ ਪੂਰੇ ਹੁੰਦੇ ਹਨ । ਇਸ ਲਈ ਉਹ ਵਪਾਰਕ ਲਾਭ ਲਈ ਰਾਜ ਕਰ ਰਹੀ ਪਾਰਟੀ ਦੇ ਕੰਧੇ ਟਪੂਸੀ ਮਾਰਕੇ ਚੜ੍ਹ ਜਾਂਦੇ ਹਨ ਅਤੇ ਆਪਣਾ ਮਕਸਦ ਪੂਰਾ ਕਰਦੇ ਹਨ। ਸਿਆਸੀ ਪਾਰਟੀਆਂ ਵਿੱਚ ਬਹੁਤ ਹੀ ਨਿਘਾਰ ਆ ਗਿਆ ਹੈ ,ਉਹ ਵਪਾਰੀਆਂ ਤੋਂ ਬਿਨਾ ਰਹਿ ਹੀ ਨਹੀਂ ਸਕਦੀਆਂ ਕਿਉਂਕਿ ਪੈਸਾ ਹੀ ੱਅੱਜ ਕਲ ਮੋਹਰੀ ਭੂਮਿਕਾ ਨਿਭਾ ਰਿਹਾ ਹੈ।ਇੱਥੇ ਇਹ ਦੱਸਣਾ ਜਰੂਰੀ ਹੈ ਕਿ ਅਕਾਲੀ ਦਲ ਨੇ ਇੱਕਾ ਦੁੱਕਾ ਦਲ ਬਦਲੂਆਂ ਨੂੰ ਛੱਡਕੇ ਬਾਕੀ ਕਿਸੇ ਵੀ ਦਲ ਬਦਲੂ ਨੂੰ ਅਕਾਲੀ ਦਲ ਵਿੱਚ ਅਡਜਸਟ ਨਹੀਂ ਕੀਤਾ।ਜੇਕਰ ਕਿਸੇ ਦਲਬਦਲੂ ਨੂੰ ਟਿਕਟ ਦਿੱਤਾ ਹੀ ਗਿਆ ਹੈ, ਉਸ ਲਈ ਟਿਕਟ ਦੀ ਚੋਣ ਕਰਦਿਆਂ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੈ ਕਿ ਉਹਨਾ ਨੂੰ ਉਥੋਂ ਟਿਕਟਾਂ ਦਿੱਤੀਆਂ ਗਈਆਂ ਹਨ ਜਿਥੋਂ ਕਦੇ ਵੀ ਅਕਾਲੀ ਦਲ ਚੋਣ ਨਹੀਂ ਜਿਤਿਆ। ਅਰਥਾਤ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਬਚ ਜਾਵੇ।ਜੇਕਰ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਏ ਸਿਆਸੀ ਵਿਅਕਤੀਆਂ ਤੇ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਪਹਿਲਾਂ ਬਹੁਤ ਹੀ ਸੀਨੀਅਰ ਕਾਂਗਰਸੀ, ਪਟਿਆਲਾ ਤੋਂ ਕਾਂਗਰਸ ਦੀ ਰਾਜ ਸਭਾ ਦੀ ਰਹੀ ਮੈਂਬਰ, ਪੈਪਸੂ ਦੇ ਮਰਹੂਮ ਮੁੱਖ ਮੰਤਰੀ ਕਰਨਲ ਰਘਬੀਰ ਸਿੰਘ ਦੀ ਲੜਕੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਚਾਚੀ ਬੀਬਾ ਅਮਰਜੀਤ ਕੌਰ ਨੂੰ ਸੱਤ ਸਾਲ ਪਹਿਲਾਂ ਰਾਜ ਸਭਾ ਦੀ ਮੈਂਬਰੀ ਦਾ ਲਾਰਾ ਲਾਕੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ ,ਪ੍ਰੰਤੂ ਪੰਚਾਇਤ ਦਾ ਕਹਿਣਾ ਸਿਰ ਮੱਥੇ ਤੇ ਪਰਨਾਲਾ ਅਜੇ ਓਥੇ ਦਾ ਓਥੇ ਹੀ ਹੈ।ਇਸੇ ਤਰ੍ਹਾਂ ਹੀ ਕਾਂਗਰਸ ਦੇ ਸੀਨੀਅਰ ਮੈਂਬਰ ਅਤੇ ਸਿਆਸਤ ਦੇ ਮਾਹਿਰ ਬੁਲਾਰੇ ਤੇ ਸਾਬਕ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਬੀਰਦਵਿੰਦਰ ਸਿੰਘ ਨੂੰ ਵੀ ਕਿਤੇ ਅਡਜਸਟ ਨਹੀਂ ਕੀਤਾ, ਇਸ ਕਰਕੇ ਉਹ ਵੀ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ।ਇਸਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਲੀਡਰਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਤੇ ਅੱਜ ਉਹ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ। ਤਾਜਾ ਉਦਾਹਰਣ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਦੀ ਹੈ ,ਜਿਹਨਾ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਦੇ ਖਿਲਾਫ ਵਰਤਿਆ ਤੇ ਅੱਜ ਉਹ ਆਪਣੇ ਆਪਨੂੰ ਅਣਗੌਲਿਆ ਮਹਿਸੂਸ ਕਰ ਰਿਹਾ ਹੈ।ਏਸੇ ਤਰ੍ਹਾਂ ਹੋਰ ਬਹੁਤ ਸਾਰੇ ਲੀਡਰ ਜਿਹਨਾ ਵਿੱਖ ਨਰੇਸ਼ ਕਟਾਰੀਆ , ਮੰਗਤ ਰਾਮ ਬਾਂਸਲ ,ਹਰਬੰਸ ਲਾਲ ਅਤੇ ਗੁਰਦੇਵ ਸਿੰਘ ਸਿੱਧੂ ਸਾਰੇ ਸਾਬਕ ਐਮ ਐਲ ਏਜ,ਸੀਲਮ ਸੋਹੀ,ਬਲਵਿੰਦਰ ਸਿੰਘ ਸੈਫਦੀਪੁਰ,ਹਰਚੰਦ ਸਿੰਘ ਬਰਸਟ ਸਾਬਕ ਰਾਜਨੀਤਕ ਸਕੱਤਰ ਕੈਪਟਨ ਅਮਰਿੰਦਰ ਸਿੰਘ,ਆਦਿ ਸਾਮਲ ਹਨ। ਅੱਜ ਉਹ ਅਕਾਲੀ ਦਲ ਵਿੱਚ ਘੁਟਨ ਮਹਿਸੂਸ ਕਰ ਰਹੇ ਹਨ।ਕੁਝ ਕੁ ਕਾਂਗਰਸੀ ਲੀਡਰਾਂ ਨੂੰ ਤਾਂ ਅਡਜਸਟ ਕੀਤਾ ਹੈ, ਜਿਥੇ ਅਕਾਲੀ ਦਲ ਦਾ ਤਾਕਤਵਰ ਲੀਡਰ ਨਹੀਂ ਸੀ ਜਿਵੇਂ ਕਿ ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ ਅਤੇ ਮੋਹਾਲੀ ਤੋਂ ਬਲਬੰਤ ਸਿੰਘ ਰਾਮੂਵਾਲੀਆ ,ਜਿਹਨਾ ਨੇ ਲੋਕ ਭਲਾਈ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਕਰ ਦਿੱਤਾ ਸੀ ,ਹਾਲਾਂਕਿ ਰਾਮੂਵਾਲੀਆ ਦੀ ਪਾਰਟੀ ਦਾ ਅਕਾਲੀ ਦਲ ਨੂੰ ਕਾਫੀ ਲਾਭ ਹੋਇਆ ਹੈ ਕਿਉਂਕਿ ਕਈ ਸੀਟਾਂ ਤੇ ਤਾਂ 50 ਜਾਂ100 ਤੋਂ ਘੱਟ ਵੋਟਾਂ ਨਾਲ ਹੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਹੋਈ ਸੀ ।ਰਾਮੂਵਾਲੀਆ ਦੀ ਪਾਰਟੀ ਦੀਆਂ ਪੰਜਾਬ ਦੇ ਸਾਰੇ ਹਲਕਿਆਂੇ ਵਿੱਚ ਵੋਟਾਂ ਸਨ ,ਪ੍ਰੰਤੂ ਰਾਮੂਵਾਲੀਆ ਨੂੰ ਜਾਣ ਬੁਝਕੇ ਹਾਰਨ ਵਾਲੀ ਸੀਟ ਤੋਂ ਟਿਕਟ ਦਿੱਤੀ ਗਈ ਕਿਉਂਕਿ ਇਹ ਸੀਟ ਅਕਾਲੀ ਦਲ ਨੇ ਤਾਂ ਕਦੇ ਜਿੱਤੀ ਹੀ ਨਹੀਂ।ਰਾਮੂਵਾਲੀਆ ਨੂੰ ਵੀ ਬਾਦਲ ਨੇ ਬਣਦਾ ਮਾਣ ਸਨਮਾਨ ਉਸਦੇ ਸਟੇਟਸ ਮੁਤਾਬਕ ਨਹੀਂ ਦਿੱਤਾ।ਉਹ ਅਕਾਲੀ ਦਲ ਦਾ ਸੰਤ ਲੌਂਗੋਵਾਲ ਦੇ ਮੌਕੇ ਜਨਰਲ ਸਕੱਤਰ ਅਤੇ ਕੇਂਦਰ ਵਿੱਚ ਮੰਤਰੀ ਰਿਹਾ ਹੈ।ਲੋਕ ਸਭਾ ਦਾ ਦੋ ਵਾਰ ਮੈਂਬਰ ਰਿਹਾ ਹੈ।ਬਾਦਲ ਨੂੰ ਇੱਕ ਸੁਲਝਿਆ ਹੋਇਆ ਚਾਣਕੀਆ ਲੀਡਰ ਕਿਹਾ ਜਾ ਸਕਦਾ ਹੈ ,ਜਿਸਨੇ ਸਾਰੇ ਦਲਬਦਲੂਆਂ ਨੂੰ  ਆਪਣੇ ਨਾਲ ਵੀ ਰੱਖਿਆ ਹੈ ਅਤੇ ਬਹੁਤੀ ਮਹੱਤਤਾ ਵੀ ਨਹੀਂ ਦਿੱਤੀ ਸਗੋਂ ਗੁੱਠੇ ਲਾਈਨ ਲਾ ਕੇ ਹੀ ਰੱਖਿਆ ਹੋਇਆ ਹੈ। ਜੋਗਿੰਦਰ ਪਾਲ ਜੈਨ ਜੋ ਕਿ ਮੋਗਾ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਐਮ ਐਲ ਏ ਬਣੇ ਸਨ ਨੇ ਵੀ ਆਪਣੀਆਂ ਵਪਾਰਕ ਅਤੇ ਸਿਆਸੀ ਮਜਬੂਰੀਆਂ ਕਰਕੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ ਹਨ,ਭਾਵੇਂ ਉਹਨਾ ਨੂੰ ਫਰਵਰੀ ਵਿੱਚ ਹੋਣ ਵਾਲੀ ਉਪ ਚੋਣ ਵਿੱਚ ਅਕਾਲੀ ਦਲ ਨੇ ਟਿਕਟ ਦੇਣ ਦਾ ਐਲਾਨ ਤਾਂ ਕਰ ਦਿੱਤਾ ਹੈ ਪ੍ਰੰਤੂ ਨਾਲ ਦੀ ਨਾਲ ਹੀ ਇਥੋਂ ਪੁਰਾਣੇ ਉਮੀਦਵਾਰ ਪਰਮਦੀਪ ਸਿੰਘ ਗਿਲ ਨੂੰ ਹੱਲਾਸ਼ੇਰੀ ਅੰਦਰਖਾਤੇ ਦੇ ਕੇ ਵਿਰੋਧ ਵੀ ਕਰਵਾ ਦਿੱਤਾ ਹੈ।ਜੋਗਿੰਦਰ ਪਾਲ ਜੈਨ ਨੂੰ ਨਿਗਮ ਦਾ ਚੇਅਰਮੈਲ ਜਰੂਰ ਬਣਾ ਦਿੱਤਾ ਹੈ। ਮੋਗਾ ਸੀਟ ਵੀ ਬਹੁਤੀ ਵਾਰੀ ਕਾਂਗਰਸ ਨੇ ਹੀ ਜਿਤੀ ਹੈ। ਵੇਖਣ ਵਾਲੀ ਗੱਲ ਹੈ ਕਿ ਊਠ ਕਿਸ ਕਰਵਟ ਬੈਠਦਾ ਹੈ। ਕੁੱਝ ਕਾਂਗਰਸੀ ਜੋ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਉਹਨਾਂ ਨੂੰ ਜਿਲ੍ਹਾ ਯੋਜਨਾ ਬੋਰਡਾਂ ਦੇ ਚੇਅਰਮੈਨ ਬਣਾਕੇ ਬੁਰਕੀ ਤਾਂ ਪਾਈ ਹੈ ਜਿਹਨਾਂ ਵਿੱਚ ਦੀਪਇੰਦਰ ਸਿੰਘ ਢਿਲੋਂ,ਮੰਗਤ ਰਾਮ ਬਾਂਸਲ ਆਦਿ ਸ਼ਾਮਲ ਹਨ।ਇਹੋ ਹਾਲ ਕਾਂਗਰਸ ਪਾਰਟੀ ਵਿੱਚ ਵੀ ਚਲ ਰਿਹਾ ਹੈ ,ਚੋਣਾਂ ਤੋਂ ਪਹਿਲਾਂ ਸ਼ਾਮਲ ਹੋਏ ਵਿਅਕਤੀਆਂ ਨੂੰ ਵੀ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>