ਬਾਦਲ ਨੇ ਪੰਜਾਬ ‘ਚ ਨੌਜਵਾਨਾਂ ਨੂੰ ਪਤਿਤ ਅਤੇ ਨਸ਼ਈ ਬਣਾ ਕੇ ਦਿੱਲੀ ਵੱਲ ਮੂੰਹ ਕੀਤਾ : ਮਹਾਰਾਜਾ ਅਮਰਿੰਦਰ ਸਿੰਘ

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਮਰਥੱਨ ਵਿੱਚ ਚੰਦਰ ਵਿਹਾਰ ਅਤੇ ਜੇਲ੍ਹ ਰੋਡ ‘ਤੇ ਹੋਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸਾਬਕਾ ਮੁੱਖਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਸਿੱਖ ਨੌਜਾਵਾਨਾਂ ਨੂੰ ਪਤਿਤ ਅਤੇ ਨਸ਼ਈ ਬਣਾਉਣ ਤੋਂ ਬਾਅਦ ਹੁਣ ਦਿੱਲੀ ਦੇ ਨੌਜਵਾਨਾਂ ਨੂੰ ਵੀ ਇਸੇ ਦਲਦਲ ਵਿੱਚ ਘਸੀਟਣ ਲਈ ਸਾਮ,ਦਾਮ ਦੰਡ, ਭੇਦ ਅਪਣਾ ਕੇ ਦਿੱਲੀ ਦੇ ਸਿੱਖ ਗੁਰਧਾਮਾਂ ਤੇ ਕਬਜ਼ਾ ਕਰਨ ਲਈ ਤਰਲੋਮੱਛੀ ਹੋ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 90% ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ ਕਿਉਂਕਿ ਨਸ਼ੇ ਦਾ ਕਾਰੋਬਾਰ ਪੰਜਾਬ ਵਿੱਚ ਖੁਦ ਬਾਦਲ ਦਲ ਦੇ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ। ਦਿੱਲੀ ਦੇ ਨੌਜਵਾਨ ਨਾਂ ਕੇਵਲ ਸਿੱਖੀ ਰਹਿਤ ਮਰਿਆਦਾ ਦਾ ਸਨਮਾਨ ਕਰਦੇ ਹਨ, ਬਲਿਕ ਪੱਤਿਤ ਵੀ ਨਹੀਂ ਹਨ ਅਤੇ ਨਸ਼ਿਆਂ ਤੋਂ ਵੀ ਦੂਰ ਹਨ।ਇਸ ਲਈ ਬਾਦਲ ਦਿੱਲੀ ਦੇ ਨੌਜਵਾਨਾਂ ਨੂੰ ਆਪਣੇ ਨਸ਼ੇ ਦੇ ਵਪਾਰ ਨੂੰ ਫੈਲਾਉਣ ਦਾ ਸੁਫ਼ਨਾ ਸੰਜੋ ਕੇ ਦਿੱਲੀ ਪਹੁੰਚਿਆ ਹੈ।ਪੰਜਾਬ ਦੇ ਖਾਸਕਰ ਪਿੰਡਾਂ ਦੇ ਸਿੱਖ ਪਰਿਵਾਰਾਂ ਦੇ ਬੱਚੇ ਪੂਰੀ ਤਰ੍ਹਾਂ ਪਤਿਤ ਹੋ ਚੁੱਕੇ ਹਨ ਅਤੇ ਸ਼ਹਿਰਾਂ ਵਿੱਚ ਜੋ ਥੋੜੇ ਬਹੁਤ ਸਿੱਖੀ ਸਰੂਪ ਵਾਲੇ ਨੌਜਵਾਨਾਂ ਦੀ ਸੰਖਿਆਂ ਸ਼ਹਿਰਾਂ ਵਿੱਚ ਬਚੀ ਹੈ,ਉਸ ਨੂੰ ਵੀ ਖਤਮ ਕਰਨ ਲਈ ਪਤਿਤ ਯੂਥ ਆਗੂ ਹੱਲਾਸ਼ੇਰੀ ਦੇ ਰਹੇ ਹਨ।

ਮਹਾਰਾਜਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜੋ ਅਕਾਲੀ ਦਲ ਸ਼ਹੀਦਾਂ ਤੇ ਸਿਦਕੀ ਸਿੱਖ ਆਗੂਆਂ ਦੀ ਜੱਥੇਬੰਦੀ ਸੀ। ਉਸ ਨੂੰ ਬਾਦਲ ਨੇ ਪਤਿਤ ਦਲ ਅਥਵਾ ਸਿਰੋਂ ਮੁੰਨੀ ਅਕਾਲੀ ਦਲ ਬਣਾ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਹਿਤ ਮਰਿਆਦਾ ਵਾਲੇ ਸਿੱਖਾਂ ਦੀ ਪਾਰਟੀ ਦਾ ਹੈ ਜਿਸ ਵਿੱਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਅਤੇ ਹਰਚੰਦ ਸਿੰਘ ਲੌਂਗੋਵਾਲ ਜਿਹੀਆਂ ਅਜ਼ੀਮ ਸ਼ਖਸੀਅਤਾਂ ਸ਼ਾਮਿਲ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਹੁਣ ਤਾਂ ਐਸਜੀਪੀਸੀ ਦੇ ਮੈਂਬਰਾਂ ਦੇ ਪਰਿਵਾਰ ਵੀ ਪਤਿਤ ਤੇ ਨਸ਼ਈ ਹੋ ਗਏ ਹਨ ਅਤੇ ਉਹ ਸਾਧਾਰਣ ਸਿੱਖਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦੇ ਦਾਅਵੇ ਦਿੱਲੀ ਵਿੱਚ ਕਿਸ ਆਧਾਰ ਤੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖੀ ਦਾ ਧੁਰਾ ਸਮਝੇ ਜਾਂਦੇ ਸ੍ਰੀ ਅੰਮ੍ਰਿਤਸਰ ਅਤੇ ਗੋਇੰਦਵਾਲ ਸਾਹਿਬ ਵਰਗੇ ਸਥਾਨਾਂ ਤੇ ਵੀ ਸਾਬਿਤ ਸਿੱਖੀ ਸਰੂਪ ਵਾਲੇ ਸਿੱਖ ਨਾਂ ਮਾਤਰ ਹੀ ਰਹਿ ਗਏ ਹਨ।

ਜੇਲ੍ਹ ਰੋਡ ਤੇ ਹੋਏ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਚੋਣ ਰੈਲੀ ਹੈ ਅਤੇ ਦਿੱਲੀ ਦੇ ਸਾਬਤ ਸਰੂਪ ਸਿੱਖਾਂ ਨੂੰ ਵੇਖ ਕੇ ਮੈਨੂੰ ਬਹੁਤ ਹੀ ਪ੍ਰਸੰਨਤਾ ਅਤੇ ਮਾਣ ਮਹਿਸੂਸ ਹੋਇਆ ਹੈ।ਉਨ੍ਹਾਂ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਦਿੱਲੀ ਦੇ ਗੁਰਧਾਮਾਂ ਦੀ ਸਾਂਭ ਸੰਭਾਲ, ਸਿੱਖਿਆ ਸੰਸਥਾਵਾਂ ਦਾ ਵਿਕਾਸ ਅਤੇ ਸਿੱਖਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਾਰੇ ਉਮੀਦਵਾਰਾਂ ਨੂੰ ਆਉਣ ਵਾਲੀ 27 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਬਹੁਮੱਤ ਨਾਲ ਜਿਤਾਓ ਅਤੇ ਸਿੱਖੀ ਦਾ ਘਾਣ ਕਰਨ ਵਾਲੀ ਬਾਦਲ ਜੁੰਡਲੀ ਨੂੰ ਬੇਰੰਗ ਦਿੱਲੀ ਤੋਂ ਵਾਪਿਸ ਭੇਜੋ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>