ਦਿੱਲੀ ‘ਚ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਲਈ ਆਰ ਐਸ ਐਸ ਵਰਗੀ ਫਿਰਕਾਪਰਸਤ ਸ਼ਕਤੀਆਂ ਦੇ ਹੱਥਠੋਕਿਆਂ ਨੂੰ ਦੂਰ ਰੱਖਣਾ ਸਮੇ ਦੀ ਲੋੜ

ਨਵੀਂ ਦਿਲੀ – ਭਾਰਤ ਚੋਣ ਕਮੀਸ਼ਨ ਤੋ ਰਜਿਸਟਰਡ ਰਾਜਨੀਤਿਕ ਪਾਰਟੀ ਸਹਿਜਧਾਰੀ ਸਿੱਖ ਪਾਰਟੀ ਵਲੌਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਨਾਲ ਸਬੰਧਿਤ ਕੀਤੀ ਗਈ ਪ੍ਰੈਸ ਕਾਂਨਫਰਂਸ ਦੋਰਾਨ ਪਾਰਟੀ ਦੇ ਕੌਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਚਲਾਉਂਦਾ ਹੈ ਅਤੇ ਅਗਿੳਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਰ.ਐਸ.ਐਸ ਚਲਾਉਂਦੀ ਹੈ।ਉਹਨਾਂ ਉਦਾਹਰਨ ਦਿਂਦੇ ਹੋਏ ਦੱਸਿਆਂ ਕਿ ਭਾਜਪਾ ਦਾ ਪੰਜਾਬ ਪ੍ਰਧਾਨ ਆਰ.ਐਸ.ਐਸ ਦਾ ਕਾਰਕੁਨ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਦਾ ਸਰਕਾਰੀ ਸਲਾਹਕਾਰ ਹੈ।ਪੰਜਾਬ ਵਿਚ ਇਹ ਸਹਿਜਧਾਰੀ ਤੇ ਅਮ੍ਰਿਤਧਾਰੀ ਦਾ ਬਖੇੜਾ ਵੀ ਆਰ ਐਸ ਐਸ ਦੀ ਹੀ ਦੇਣ ਹੈ,ਜਦੋਂ ਸਿੱਖ ਗੁਰਦਵਾਰਾ ਐਕਟ 1925 ਵਿਚ ਸਹਿਜਧਾਰੀ ਸਿੱਖਾਂ ਦਾ ਵੋਟ ਦਾ ਅਧਿਕਾਰ ਸੰਨ 2003 ਵਿਚ ਰੱਦ ਕੀਤਾ ਗਿਆ ਤਾਂ ਉਸ ਸਮੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਸੀ।ਧਾਰਮਿਕ ਘਟ ਗਿਣਤੀਆਂ ਨੂੰ ਵੰਡ ਕਿ ਕਮਜ਼ੋਰ ਕਰਨਾ ਆਰ.ਐਸ.ਐਸ ਦਾ ਮੁੱਖ ਅਜੰਡਾ ਹੈ, ਇਸ ਲਈ ਦਿੱਲੀ ਦੇ ਸਿੱਖਾਂ ਨੂੰ ਅਸੀ ਸੁਚੇਤ ਕਰਨ ਆਏ ਹਾਂ ਕਿ ਝੰਡੇ ਵਾਲਾ ਮੰਦਰ ਕਰੋਲਬਾਗ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਆਰ.ਐਸ.ਐਸ ਦਾ ਅਸ਼ੀਰਵਾਦ ਲੈ ਕੇ ਇਥੇ ਗੁਰਦਵਾਰਾ ਪ੍ਰਬੰਧ ਦੀਆਂ ਚੋਣਾ ਲੜਨ ਆਏ ਨੇ ਉਹਨਾਂ ਨੂੰ ਮੂੰਹ ਨਾ ਲਾਉਣ।

ਡਾ.ਰਾਣੂੰ ਨੇ ਦੱਸਿਆਂ ਕਿ ਸਹਿਜਧਾਰੀ ਸਿੱਖ ਪਾਰਟੀ ਨੇ ਸ਼੍ਰੋਮਣੀ ਕਮੇਟੀ ਚੋਣਾ ਵਿੱਚ ਸਹਿਜਧਾਰੀ ਸਿੱਖਾਂ ਦੇ ਵੋਟ ਦੇ ਅਧਿਕਾਰ ਲਈ 9 ਸਾਲ ਕਾਨੂੰਨੀ ਲੜਾਈ ਲੜੀ ਹੈ ਅਤੇ ਹੁਣ ਸਹਿਜਧਾਰੀ ਸਿੱਖਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚੋਂ ਵੋਟ ਦਾ ਅਧਿਕਾਰ ਮਿਲਣ ਤੋ ਬਾਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਸੁਪਰੀਮ ਕੋਰਟ ਨੇ ਵੀ ਅਜੇ ਕੋਈ ਰਾਹਤ ਨਹੀ ਦਿੱਤੀ, ਜਿਸ ਕਾਰਨ ਸਤੰਬਰ 2011 ਵਿੱਚ ਹੋਈ ਸ਼੍ਰੋਮਣੀ ਕਮੇਟੀ ਚੋਣ ਰੱਦ ਮੰਨੀ ਗਈ ਹੈ। ਅਦਾਲਤ ਦੇ ਇਸ ਫੈਸਲੇ ਨਾਲ ਇਹ ਗੱਲ ਪ੍ਰਮਾਣਿਤ ਹੋ ਹੀ ਚੁਕੀ ਹੈ ਕਿ ਸਹਿਜਧਾਰੀ ਸਿੱਖ ਵੀ ਸਿੱਖੀ ਦਾ ਇਕ ਵੱਡਾ ਹਿਸਾ ਹਨ ਜਿਨਾ ਦਾ ਸਿੱਖ ਕੌਮ ਦੀ ਹਰ ਕਾਰਗੁਜ਼ਾਰੀ ਵਿੱਚ ਅਹਿਮ ਯੋਗਦਾਨ ਸਦਾ ਰਹੇਗਾ।

ਡਾ.ਰਾਣੂੰ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਸਿੱਖ ਧਾਰਮਿਕ ਮਾਮਲਿਆ ਵਿਚ ਦਖਲ ਦੇਣ ਦਾ ਹਮੇਸ਼ਾ ਹੀ ਦੋਸ਼ ਲਾਉਂਦਾ ਆ ਰਿਹਾ ਇਹ ਅਕਾਲੀ ਦਲ ਬਾਦਲ ਆਪ ਹੁਣ ਆਰ.ਐਸ.ਐਸ ਦੇ ਇਸ਼ਾਰੀਆ ਤੇ ਚਲਦਾ ਹੈ।ਇਸ ਗੱਲ ਦਾ ਭਾਂਡਾ ਤਾਂ ਸਹਿਜਧਾਰੀ ਵੋਟ ਅਧਿਕਾਰ ਦੇ ਕੇਸ ਵਿਚ ਅਦਾਲਤ ਸਾਹਮਣੇ ਹੀ ਫੁਟ ਗਿਆ ਸੀ, ਜਦੋਂ ਮਾਨਯੋਗ ਅਦਾਲਤ ਨੇ ਪੁੱਛਿਆ ਸੀ ਕਿ ਵੋਟਾਂ ਰੱਦ ਕਰਨ ਦਾ ਇਹ ਨੋਟੀਫਿਕੇਸ਼ਨ ਕਿਉ ਕੀਤਾ, ਤਾਂ ਸਰਕਾਰ ਦਾ ਜਵਾਬ ਸੀ ਕਿ ਸ਼੍ਰੋਮਣੀ ਕਮੇਟੀ ਦੇ ਮੱਤੇ ਪਾਉਣ ਕਾਰਣ ਕੀਤਾ ਗਿਆ ਸੀ।ਅਦਾਲਤ ਵਲੌਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਜਦੋਂ ਫਾਈਲ ਮੰਗਵਾ ਕੇ ਦੇਖੀ ਗਈ ਤਾਂ ਉਸ ਫਾਈਲ ਤੇ ਨੋਟਿਂਗ ਅਗਸਤ 2000 ਤੋਂ ਚਲ ਰਹੀ ਸੀ ਜਦਕਿ ਸ਼੍ਰੋਮਣੀ ਕਮੇਟੀ ਦੇ ਮੱਤੇ ਨਵੰਬਰ 2000 ਵਿਚ ਪਾਏ ਗਏ ਸਨ।ਇਸ ਤੋ ਸਾਬਤ ਹੋ ਗਿਆ ਹੈ ਕਿ ਆਰ.ਐਸ.ਐਸ ਦੇ ਇਸ਼ਾਰੇ ਤੇ ਹੀ ਸਹਿਜਧਾਰੀਆ ਦਾ ਵੋਟ ਅਧਿਕਾਰ ਖਤਮ ਕੀਤਾ ਗਿਆ ਜਦੋਂ ਕਿ ਉਸ ਸਮੇ ਕੇਂਦਰੀ ਗ੍ਰਹਿ ਮੰਤਰੀ ਲਾਲ ਕ੍ਰਿਸਨ ਅਡਵਾਨੀ ਸਨ।

ਡਾ.ਰਾਣੂੰ ਨੇ ਕਿਹਾ ਕਿ ਦਿੱਲੀ ਦੇ ਸਿੱਖ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਨੀਫੈਸਟੋ ਦੇ ਝਾਂਸੇ ਵਿਚ ਨਾਂ ਆਉਣ ਜੋ ਨਿਰਾ ਝੂਠ ਦਾ ਪੁਲੰਦਾ ਹੈ। ਇਹਨਾ ਦੀਆਂ ਗਲਤ ਨੀਤੀਆਂ ਕਾਰਣ ਪੰਜਾਬ ਦਾ ਸਰਕਾਰੀ ਖਜਾਨਾ ਖਾਲੀ ਹੋ ਚੁਕਾ ਹੈ ਅਤੇ 80 ਹਜਾਰ ਕਰੋੜ ਦਾ ਕਰਜ਼ਾ ਅੱਜ ਵੀ ਪੰਜਾਬੀਆਂ ਦੇ ਸਿਰ ਤੇ ਖੜਾ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਪੈਸਾ ਇਹ ਲੋਕ ਰਾਜਨੀਤਿਕ ਮੁਫ਼ਾਦਾ ਲਈ ਵਰਤ ਰਹੇ ਹਨ। ਹੁਣ ਇਹਨਾਂ ਨੇ ਦਿਲੀ ਦੇ ਅਮੀਰ ਗੁਰਦਵਾਰੇਆ ਤੇ ਕਬਜਾ ਕਰਨ ਦੀ ਨੀਅਤ ਨਾਲ ਇਥੇ ਚੋਣਾ ਲੜਨ ਲਈ ਡੇਰੇ ਲਾਏ ਹੋਏ ਹਨ।

ਉਹਨਾਂ ਕਿਹਾ ਕਿ ਅੱਜ ਬਿਉਟੀ ਪਾਰਲਰ ਜਾਣ ਵਾਲੀਆਂ ਸਿੱਖ ਬੀਬੀਆਂ ਨੂੰ ਇਹ ਲੋਕ ਸਿੱਖ ਨਹੀ ਮੰਨਦੇ, ਪਤਿਤ ਆਖ ਦੇ ਹਨ, ਉਹਨਾਂ ਬੱਚਿਆਂ ਨੂੰ ਸਿੱਖਾਂ ਦੇ ਸਕੂਲਾਂ ਕਾਲਜਾ ਵਿੱਚ ਦਾਖਲਾ ਨਹੀ ਦਿੰਦੇ, ਸਿੱਖ ਦੀ ਪਰਿਭਾਸ਼ਾ ਤਰੋੜ ਮਰੋੜ ਦਿੱਤੀ ਗਈ ਹੈ। ਡਾ ਰਾਣੂੰ ਨੇ ਸਪਸ਼ਟ ਕੀਤਾ ਕਿ ਜਿਹਨਾਂ ਸਿੱਖਾਂ ਨੇ ਅੰਮ੍ਰਿਤਪਾਨ ਨਹੀ ਕੀਤਾ ਉਹ ਸਾਰੇ ਸਹਿਜਧਾਰੀ ਸਿੱਖ ਹੀ ਹਨ ਅਤੇ ਸਿਰਫ਼ ਅਮ੍ਰਿਤ ਛਕ ਕਿ ਬਜਰ ਕੁਰਾਹਿਤਾ ਰਾਹੀ ਅਮ੍ਰਿਤ ਨੂੰ ਭੰਗ ਕਰਣ ਵਾਲੇ ਹੀ ਪਤਿਤ ਹੰਦੇ ਹਨ। ਜਿਸ ਵਿਅਕਤੀ ਦਾ ਸ੍ਰੀ ਗੁਰੁ ਗ੍ਰੰਥ ਸਾਹਿਬ ਅਤੇ ਦਸਾਂ ਗੁਰੁ ਸਾਹਿਬਾਨਾਂ ਬਿਨਾ ਕੋਈ ਹੋਰ ਧਰਮ ਨਹੀ ਹੈ ਉਹ ਸਾਰੇ ਹੀ ਸਿੱਖ ਹਨ।

ਉਹਨਾਂ ਦਸਿਆਂ ਕਿ ਦਿੱਲੀ ਦੇ ਗੁਰਦਵਾਰਾ ਚੋਣਾ ਵਿਚ ਵੋਟਰ ਬਹੁਗਿਣਤੀ ਗੁਰਸਿੱਖ ਅੰਮ੍ਰਿਤਧਾਰੀ ਨਹੀ ਹਨ ਜਿਸ ਲਈ ਹੁਣ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਫੈਸਲਾਕੂਨ ਰੋਲ ਅਦਾ ਕਰਨਗੀਆਂ। ਉਹਨਾਂ ਦਿੱਲੀ ਦੇ ਸਿੱਖਾ ਨੂੰ ਅਪੀਲ ਕੀਤੀ ਕਿ ਉਹ ਵੱਧ-ਚੜ੍ਹ ਕਿ ਇਹਨਾਂ ਗੁਰਦਵਾਰਾ ਚੋਣਾ ਵਿੱਚ ਦਿਲਚਸਪੀ ਲੈਣ ਅਤੇ ਵਧੀਆ ਕਿਰਦਾਰ ਦੇ ਸਿੱਖਾਂ ਦੇ ਹੱਥ ਹੀ ਦਿਲੀ ਦੀ ਕਮੇਟੀ ਦਾ ਪ੍ਰਬੰਧ ਦੇਣ ਜਿਨਾ ਨੇ ਗੁਰਧਾਮਾਂ ਦਾ ਵਿਕਾਸ ਕੀਤਾ ਹੈ। ਉਹਨਾਂ ਲੋਕਾ ਨੂੰ ਦੂਰ ਰੱਖੋ ਜਿਨਾ ਨੇ ਫਿਰਕਾਪ੍ਰਤ ਸ਼ਕਤੀਆਂ ਦੇ ਹੱਥਾ ਵਿੱਚ ਖੇਡਕੇ ਸਿੱਖ ਧਰਮ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਹੈ।ਉਹਨਾ ਜੋਰ ਦੇ ਕਿ ਕਿਹਾ ਕਿ  ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਲਈ ਆਰ ਐਸ ਐਸ ਵਰਗੀ ਫਿਰਕਾਪਰਸਤ ਸ਼ਕਤੀਆਂ ਦੇ ਹੱਥਠੋਕਿਆਂ ਨੂੰ ਦੂਰ ਰੱਖਣਾ ਸਮੇ ਦੀ ਲੋੜ ਹੈ।

 

 

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>