ਪਰਮਜੀਤ ਸਿੰਘ ਸਰਨਾ ਨੂੰ ਜ਼ਬਰਦਸਤ ਹਾਰ ਕਿਉਂ ਮਿਲੀ?

ਸ. ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਾਰਨ ਬਾਰੇ ਕੁਝ ਲੋਕਾਂ ਨੇ ਇਲਜ਼ਾਮ ਲਾਇਆ ਹੈ ਕਿ ਬਾਦਲ ਨੇ ਇਹ ਚੋਣ ਪੈਸੇ ਵੰਡ ਕੇ ਅਤੇ ਜਾਅਲੀ ਵੋਟਾਂ ਭੁਗਤਾ ਕੇ ਜਿੱਤੀ ਹੈ। ਪਰ, ਇਹ ਸਹੀ ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਦਲ ਗਰੁੱਪ ਨੇ ਪੈਸੇ ਵੀ ਵੰਡੇ ਹਨ ਅਤੇ ਜਾਅਲੀ ਵੋਟਾਂ ਵੀ ਭੁਗਤਾਈਆਂ ਹਨ, ਪਰ ਇਹ ਕਾਰਵਾਈ ਵਧ ਤੋਂ ਵਧ ਸਿਰਫ਼ 5-7 ਸੀਟਾਂ ‘ਤੇ ਹੋਈ ਹੈ; ਦੂਜਾ ਇਸ ਨਾਲ ਕਿਸੇ ਵੀ ਸੀਟ ‘ਤੇ 200 ਵੋਟਾਂ ਅਤੇ ਹੱਦ 500 ਵੋਟਾਂ ਦਾ ਫ਼ਰਕ ਪਿਆ ਹੋ ਸਕਦਾ ਹੈ। ਸੋ, ਇਹ ਚੋਣ ਸਿਰਫ਼ ਹੇਰਾਫ਼ੇਰੀ ਨਾਲ ਜਿਤੇ ਜਾਣ ਦਾ ਇਲਜ਼ਾਮ ਸਹੀ ਨਹੀਂ ਹੈ। ਪਰ, ਸੱਚ ਇਹ ਹੈ ਕਿ ਜਨਵਰੀ 2013 ਦੀਆਂ ਦਿੱਲੀ ਦੀਆਂ ਗੁਰਦੁਆਰਾ ਚੋਣਾਂ ਵਿਚ ਪਰਮਜੀਤ ਸਿੰਘ ਸਰਨਾ ਹਾਰਿਆ ਹੈ, ਪਰ ਬਾਦਲ ਇਹ ਚੋਣਾਂ ਨਹੀਂ ਜਿੱਤਿਆ।

ਸਾਢੇ ਦਸ ਸਾਲ ਪਹਿਲਾਂ 30 ਜੂਨ 2002 ਦੇ ਦਿਨ ਹੋਈਆਂ ਚੋਣਾਂ ਵਿਚ ਸਰਨਾ ਗਰੁੱਪ ਨੇ 46 ਵਿਚੋਂ 27 ਸੀਟਾਂ ਜਿੱਤ ਕੇ ਬਾਦਲ ਕੋਲੋਂ ਦਿੱਲੀ ਕਮੇਟੀ ਖੋਹੀ ਸੀ; ਉਦੋਂ ਬਾਦਲ ਨੂੰ ਸਿਰਫ਼ 14 ਸੀਟਾਂ ਹੀ ਮਿਲੀਆਂ ਸਨ। ਉਨ੍ਹਾਂ ਚੋਣਾਂ ਵਿਚ ਬਾਦਲ ਧੜੇ ਦੀ ਹਾਰ ਦਾ ਕਾਰਨ ਬਾਦਲ ਧੜੇ ਦੇ ਮੁਖੀ ਉਦੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਲੋਕਾਂ ਨਾਲ ਵਤੀਰਾ, ਉਸ ਦੀ ਹੈਂਕੜ, ਉਸ ‘ਤੇ ਕੁਰਪਸ਼ਨ ਦੇ ਦੋਸ਼ ਅਤੇ ਧੜੇ ਵੱਲੋਂ ਗੁਰਦੁਆਰਾ ਪ੍ਰਬੰਧ ਵਿਚ ਕੁਤਾਹੀ ਤੇ ਬੇਨੇਮੀਆਂ ਸਨ। ਉਦੋਂ ਵੀ ਸਰਨਾ ਸੰਗਤ ਵਾਸਤੇ ਕੋਈ ਨਵਾਂ ਨਾਂ ਨਹੀਂ ਸੀ। ਉਹ 7 ਸਾਲ ਪਹਿਲਾਂ (1995 ਵਿਚ) ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ  ਪ੍ਰਧਾਨ ਰਿਹਾ ਸੀ ਤੇ ਉਦੋਂ ਉਸ ਦਾ ਵਤੀਰਾ ਬਹੁਤ ਵਧੀਆ ਸੀ; ਉਹ ਨਾ ਤਾਂ ਕੁਰਪਟ ਸੀ ਤੇ ਨਾ ਹੀ ਹੈਂਕੜਬਾਜ਼, ਨਾ ਬਦਦਿਮਾਗ਼; ਯਾਨਿ ਉਸ ਦਾ ਸੁਭਾਅ ਅਤੇ ਉਸ ਦਾ ਕਿਰਦਾਰ ਅਵਤਾਰ ਸਿੰਘ ਹਿੱਤ ਦੇ ਬਿਲਕੁਲ ਉਲਟ ਸੀ; ਇਸੇ ਕਰ ਕੇ 2002 ਵਿਚ ਸੰਗਤਾਂ ਨੇ ਉਸ ਨੂੰ ਪਸੰਦ ਕੀਤਾ ਸੀ।

2002 ਦੀਆਂ ਭਾਵੇਂ ਬਾਦਲ ਗਰੁਪ ਚੋਣ ਹਾਰ ਗਿਆ ਸੀ ਪਰ ਅਗਲੇ ਸਾਲ ਇਸ ਗਰੁਪ ਨੇ ਸਰਨਾ ਗਰੁਪ ਦੇ ਕੁਝ ਬੰਦੇ ਤੋੜ ਲਏ ਤਾਂ ਸਰਨਾ ਗਰੁਪ ਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਅਤੇ 24 ਸਤੰਬਰ 2003 ਦੇ ਦਿਨ ਹੋਈ ਚੋਣ ਵਿਚ ਇਸ ਪਾਰਟੀ ਦੇ ਪ੍ਰਹਲਾਦ ਸਿੰਘ ਚੰਡੋਕ ਨੂੰ ਪ੍ਰਧਾਨ ਬਣਾ ਦਿੱਤਾ। ਪਰ ਜਦ ਚੰਡੋਕ ਨੇ ਸਰਨਾ ਨੂੰ ਹੀ ਟਿੱਚ ਸਮਝਣਾ ਸ਼ੁਰੂ ਕਰ ਦਿੱਤਾ ਤਾਂ ਸਰਨਾ ਨੇ ਬਾਦਲ ਗਰੁਪ ਨਾਲ ਸਮਝੌਤਾ ਕਰ ਲਿਆ ਅਤੇ ਆਪ ਪ੍ਰਧਾਨ ਬਣਨ ਵਾਸਤੇ ਬਾਦਲ ਗਰੁੱਪ ਦੇ ਰਵਿੰਦਰ ਸਿੰਘ ਖੂਰਾਣਾ ਨੂੰ ਜਨਰਲ ਸਕੱਤਰ ਬਣਾਉਣਾ ਮੰਨ ਲਿਆ। ਜਨਵਰੀ 2006 ਵਿਚ ਜਦ ਸਰਨਾ ਨਾਨਕਾਣਾ ਸਾਹਿਬ ਨੂੰ ਸੋਨੇ ਦੀ ਪਾਲਕੀ ਲੈ ਕੇ ਗਿਆ ਤਾਂ ਪਿੱਛੋਂ ਬਾਦਲ ਧੜੇ ਨਾਲ ਸਬੰਧਤ ਜਨਰਲ ਸਕੱਤਰ ਨੇ ਚਾਲਾਕੀ ਨਾਲ ਪ੍ਰਧਾਨਗੀ ਚੋਣ ਕਰਵਾਉਣ ਦੀ ਸਕੀਮ ਬਣਾਈ ਪਰ ਸਰਨਾ ਗਰੁੱਪ ਫਿਰ ਮੈਂਬਰਾਂ ਨੂੰ ਆਪਣੇ ਨਾਲ ਰਲਾਉਣ ਵਿਚ ਕਾਮਯਾਬ ਹੋ ਗਿਆ। ਨਵੀਆਂ ਚੋਣਾਂ 2007 ਵਿਚ ਹੋਈਆਂ।

ਇਸ ਸਾਰੇ ਮਾਹੌਲ ਨੂੰ ਵੇਖ ਕੇ ਸੰਗਤ ਦੀ ਹਮਦਰਦੀ ਸਰਨਾ ਨਾਲ ਸੀ। 14 ਜਨਵਰੀ 2007 ਦੇ ਦਿਨ ਹੋਈਆਂ ਆਮ ਚੋਣਾਂ ਵਿਚ ਸਰਨਾ ਗਰੁਪ ਨੇ ਫਿਰ 46 ਵਿਚੋਂ 27 ਸੀਟਾਂ ਜਿੱਤ ਲਈਆਂ; ਬਾਦਲ ਗਰੁੱਪ ਨੂੰ 12 ਤੇ ਮਨਜੀਤ ਸਿੰਘ ਜੀ.ਕੇ. (ਪੁੱਤਰ ਜਥੇਦਾਰ ਸੰਤੋਖ ਸਿੰਘ) ਗਰੁੱਪ ਨੂੰ 6 ਸੀਟਾਂ ਮਿਲੀਆਂ। ਫਿਰ ਮਨਜੀਤ ਸਿੰਘ ਜੀ.ਕੇ. ਬਾਦਲ ਦਲ ਨਾਲ ਰਲ ਗਿਆ ਅਤੇ ਭਾਵੇਂ ਉਨ੍ਹਾਂ ਦੀ ਗਿਣਤੀ 18 ਹੋ ਗਈ ਸੀ ਪਰ ਸਰਨਾ ਗਰੁੱਪ ਉਨ੍ਹਾਂ ਦੇ ਕਈ ਸਾਥੀ ਤੋੜਨ ਵਿਚ ਕਾਮਯਾਬ ਹੋ ਗਿਆ। ਮੈਂਬਰਾਂ ਦੀ ਖ਼ਰੀਦੋ ਫ਼ਰੋਖ਼ਤ ਚਲਦੀ ਰਹੀ। ਅਗਲੀਆਂ ਚੋਣਾਂ 2011 ਵਿਚ ਹੋਣੀਆਂ ਸਨ ਪਰ ਸਰਨਾ ਦਿੱਲੀ ਦੀ ਚੀਫ਼ ਮਨਿਸਟਰ ਸ਼ੀਲਾ ਦੀਕਸ਼ਤ ਦੀ ਮਦਦ ਨਾਲ ਚੋਣਾਂ ਟਾਲਦਾ ਰਿਹਾ ਪਰ ਅਖ਼ੀਰ ਹਾਈ ਕੋਰਟ ਦੇ ਦਖ਼ਲ ਨਾਲ ਚੋਣਾਂ ਹੋਈਆਂ।

ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ਵਿਚ ਬਾਦਲ ਗਰੁੱਪ ਨੇ ਹੂੰਝਾ-ਫੇਰ ਜਿੱਤ ਹਾਸਿਲ ਕੀਤੀ ਹੈ ਜਦ ਕਿ ਅਸਲੀਅਤ ਇਹ ਹੈ ਕਿ ਇਹ ਚੋਣਾਂ ਬਾਦਲ ਦਲ ਨਹੀਂ ਜਿੱਤਿਆ ਬਲਕਿ ਪਰਮਜੀਤ ਸਿੰਘ ਸਰਨਾ ਹਾਰਿਆ ਹੈ। ਪਰ, ਸਰਨਾ ਗਰੁੱਪ ਨੂੰ ਬਹੁਤ ਬੁਰੀ ਤਰ੍ਹਾਂ ਸ਼ਿਕਸਤ ਬਾਦਲ ਗਰੁੱਪ ਕੋਲੋਂ ਨਹੀਂ ਮਿਲੀ ਬਲਕਿ ਉਸ ਦੀਆਂ ਆਪਣੀਆਂ ਮਹਾਂ ਗ਼ਲਤੀਆਂ ਦਾ ਨਤੀਜਾ ਹੈ। 1995 ਅਤੇ 2002 ਦਾ ਸਰਨਾ 2012 ਤਕ ‘ਹੋਰ ਦਾ ਹੋਰ’ ਹੋ ਚੁਕਾ ਸੀ। ਇਸ ਵਿਚ ਜ਼ਰਾ ਮਾਸਾ ਵੀ ਸ਼ੱਕ ਨਹੀਂ ਕਿ ਗੁਦੁਆਰਾ ਫ਼ੰਡਾਂ ਦੇ ਮਸਲੇ ਵਿਚ ਉਹ ਅਜੇ ਵੀ ਇਕ ਇਮਾਨਦਾਰ ਸ਼ਖ਼ਸ ਸੀ ਪਰ ਉਸ ਦਾ ਬਾਕੀ ਸਾਰਾ ਕਿਰਦਾਰ ਬਦਲ ਚੁਕਾ ਸੀ। ਉਹ ਇਕ ਨਿਮਰਤਾ ਭਰੇ ਮਿਠਬੋਲੜੇ ਸੱਜਣ ਤੋਂ ਹੈਂਕੜਬਾਜ਼ ਸੁਭਾਅ ਵਾਲਾ ਸ਼ਖ਼ਸ ਬਣ ਚੁਕਾ ਸੀ। ਉਸ ਦੀ ਬੋਲੀ ਵਿਚ ਭੱਦੇ ਮਜ਼ਾਕ ਅਤੇ ਗਾਹਲਾਂ ਦਾ ਜ਼ਬਰਦਸਤ ਭੰਡਾਰ ਹੁੰਦਾ ਸੀ। ਉਹ ਇਕ ਹੈਂਕੜਬਾਜ਼ ਚੌਧਰੀ ਵਾਂਙ ਵਿਚਰਨ ਲਗ ਪਿਆ ਸੀ। ਉਹ ਦੂਜਿਆਂ ਨੂੰ ਨਿੱਕੇ ਤੇ ਹੀਣੇ ਬੰਦੇ ਸਮਝਦਾ ਸੀ। ਦਿਨ-ਬ-ਦਿਨ ਉਸ ਵਿਚ ਖ਼ੁਦਰਗਜ਼ੀ ਵਾਲਾ ਵਤੀਰਾ ਹਾਵੀ ਹੋ ਰਿਹਾ ਸੀ; ਜਿਸ ਨਾਲ ਉਸ ਨੂੰ ਮਤਲਬ ਹੁੰਦਾ ਸੀ ਉਸ ਦੇ ਉਹ ਪੈਰ ਫੜ ਲੈਂਦਾ ਸੀ ਤੇ ਜਿਸ ਨਾਲ ਮਤਲਬ ਨਹੀਂ ਹੁੰਦਾ ਸੀ ਉਸ ਨੂੰ ਉਹ ਦੁਰਕਾਰਨ ਤਕ ਜਾਂਦਾ ਸੀ।

ਦੂਜਾ ਵੱਡਾ ਕਾਰਨ ਗੁਰਦੁਆਰਾ ਪ੍ਰਬੰਧ ਵਿਚ ਖਰਾਬੀਆਂ ਸਨ। ਸਰਨਾ ਆਪ ਮਾੜਾ ਪ੍ਰਬੰਧਕ ਨਹੀਂ ਸੀ ਪਰ ਉਸ ਨੇ ਜਿਨ੍ਹਾਂ ਸਾਥੀਆਂ ਨੂੰ ਪ੍ਰਬੰਧ ਤਾਕਤ ਸੌਂਪੀ ਹੋਈ ਸੀ ਉਨ੍ਹਾਂ ਵਿਚੋਂ ਕਈ ਕੁਰਪਟ, ਨਾਅਹਿਲ ਅਤੇ ਇਖ਼ਲਾਕ ਪੱਖੋਂ ਬਦਨਾਮ ਹੋ ਰਹੇ ਸਨ। ਗੁਰਦੁਆਰਾ ਬਾਲਾ ਸਾਹਿਬ ਦੇ ਹਸਪਤਾਲ ਅਤੇ ਗੁਰਦੁਆਰਾ ਰਕਾਬ ਗੰਜ ਪਾਰਕਿੰਗ ਵਰਗੇ ਸ਼ੱਕੀ ਪ੍ਰਾਜੈਕਟਾਂ ਨੇ  ਸਰਨਾ ਨੂੰ ਬਹੁਤ ਬਦਨਾਮੀ ਦਿਵਾਈ। ਬਾਲਾ ਸਾਹਿਬ ਵਿਚ ਭਾਵੇਂ ਦੋਹਾਂ ਧਿਰਾਂ ਦਾ ਵਤੀਰਾ ਗ਼ਲਤ ਸੀ ਪਰ ਸਰਨਾ ਵੱਲੋਂ ਪੰਜਾਬ ਵਿਚੋਂ ਬੰਦੇ ਮਗਵਾ ਕੇ ਤਾਕਤ ਦੀ ਵਰਤੋਂ ਕਰਨਾ ਉਸ ਦੀ ਬਦਨਾਮੀ ਦਾ ਕਾਰਨ ਬਣਿਆ।

ਤੀਜਾ ਵੱਡਾ ਕਾਰਨ ਇਹ ਸੀ ਕਿ ਸਰਨਾ ਨੇ ਆਪਣੀ ਜਥੇਬੰਦੀ ‘ਦਿੱਲੀ ਅਕਾਲੀ ਦਲ’ ਦਾ ਕਦੇ ਵਰਕਰ ਕੇਡਰ ਨਹੀਂ ਖੜ੍ਹਾ ਕੀਤਾ। ਇਹ ਸਿਰਫ਼ ਚੰਦ ਇਕ ਵਪਾਰੀਆਂ ਤੇ ਲੀਡਰਾਂ ਦੀ ਸਿੰਡੀਕੇਟ ਜਿਹੀ ਬਣੀ ਰਹੀ। ਇਕ ਜਥੇਬੰਦੀ ਤੇ ਵਰਕਰ ਕੇਡਰ ਦੀ ਅਣਹੋਂਦ ਕਾਰਨ ਸਰਨਾ ਦਾ ਸੰਗਤ ਨਾਲ ਰਾਬਤਾ ਨਾ ਬਣ ਸਕਿਆ; ਉਹ ਬਸ ਚੰਦ ਇਕ ਚਾਪਲੂਸਾਂ ਵਿਚ ਘਿਰਿਆ ਰਿਹਾ। ਹੋਰ ਤਾਂ ਹੋਰ ਸਰਨਾ ਨੇ ਆਖ਼ਰੀ ਕੁਝ ਮਹੀਨਿਆਂ ਵਿਚ ਬਹੁਤ ਸਾਰੇ ਸੰਜੀਦਾ ਸਾਥੀ ਵੀ ਆਪਣੇ ਤੋਂ ਨਾਰਾਜ਼ ਕਰ ਲਏ ਸਨ। ਦਰਅਸਲ ਉਹ ਸਮਝਣ ਲਗ ਪਿਆ ਸੀ ਕਿ ਉਹ ਤੇ ਉਸ ਦਾ ਭਰਾ ਜਾਂ ਦੋ-ਚਾਰ ਦੋਸਤ ਹੀ ਦਿੱਲੀ ਅਕਾਲੀ ਦਲ ਹਨ।
ਚੌਥਾ ਵੱਡਾ ਕਰਨ ਸਰਨਾ ਵੱਲੋਂ ਕਾਂਗਰਸ ਪਾਰਟੀ ਦਾ ਅੰਨ੍ਹਾ ਸ਼ਰਧਾਲੂ ਬਣ ਜਾਣਾ ਸੀ। ਚੇਤੇ ਰਹੇ ਕਿ ਕਿਸੇ ਵੇਲੇ ਜਥੇਦਾਰ ਸੰਤੋਖ ਸਿੰਘ ਵੀ ਇੰਦਰਾ ਗਾਂਧੀ ਦਾ ਸੱਜਾ-ਖੱਬਾ ਹਥ ਮੰਨਿਆ ਜਾਂਦਾ ਸੀ ਪਰ ਸੰਤੋਖ ਸਿੰਘ ਇੰਦਰਾ ਗਾਂਧੀ ਦਾ ਸਾਥੀ ਸੀ  ‘ਜਮੂਰਾ’ ਨਹੀਂ ਸੀ; ਉਹ ਬਹੁਤ ਸਾਰੀਆਂ ਮੰਨਵਾ ਲਿਆ ਕਰਦਾ ਸੀ; ਭਾਵੇ ਇਹ ਕਾਮਯਾਬੀ ਉਹ ਗੱਲਾਂ ਨਾਲ ਹਾਸਿਲ ਕਰਦਾ ਸੀ ਜਾਂ ਦਬਕੇ ਨਾਲ, ਜ਼ੋਰ ਜਾਂ ਮਿੰਨਤ ਨਾਲ ਜਾਂ ਚਾਲਕੀ ਨਾਲ; ਪਰ ਸੀ ਉਹ ਕਮਾਲ ਦਾ ਆਗੂ। ਦੂਜੇ ਪਾਸੇ ਸਰਨਾ ਦੀ ਪਹੁੰਚ ਨਾ ਤਾਂ ਪ੍ਰਾਈਮ ਮਨਿਸਟਰ ਮਨਮੋਹਨ ਸਿੰਘ ਤਕ ਸੀ ਤੇ ਨਾ ਸੋਨੀਆ ਗਾਂਧੀ ਤਕ; ਉਹ ਸਿਰਫ਼ ਸ਼ੀਲਾ ਦੀਕਸ਼ਤ ਤਕ ਹੀ ਮਹਿਦੂਦ ਸੀ; ਤੇ ਸ਼ੀਲਾ ਦੀਕਸ਼ਤ ਵੀ ਉਸ ਨੂੰ ਸਿਰਫ਼ ਵਰਤਦੀ ਸੀ ਤੇ ਸਿੱਖਾਂ ਦਾ ਕੋਈ ਕੰਮ ਨਹੀਂ ਕਰਦੀ ਸੀ। ਸਰਨਾ ਨੇ ਸ਼ੀਲਾ ਦੀਕਸ਼ਤ ਦੇ ਸਿਰ ‘ਤੇ ਦਾਅਵੇ ਕੀਤੇ ਸੀ ਕਿ ਉਹ ਦਵਿੰਦਰ ਸਿੰਘ ਭੁੱਲਰ ਦੀ ਸਜ਼ਾ ਮੁਆਫ਼ ਕਰਵਾ ਲਵੇਗਾ; ਅਫ਼ਗ਼ਾਨਾ ਨੂੰ ਹੱਕ ਦਿਵਾ ਲਵੇਗਾ, ਪ੍ਰਦੇਸੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਵਾ ਲਵੇਗਾ ਵਗ਼ੈਰਾ ਵਗ਼ੈਰਾ।

ਪਰ ਸ਼ੀਲਾ ਦੀਕਸ਼ਤ ਨੇ ਸਰਨਾ ਨਾਲ ਵਾਰ-ਵਾਰ ਦਗ਼ਾ ਕੀਤਾ। ਉਸ ਦਾ ਇਕ ਵੀ ਕੰਮ ਨਹੀਂ ਕੀਤਾ। ਦਵਿੰਦਰਪਾਲ ਸਿੰਘ ਭੁੱਲਰ ਨੂੰ ਮੁਆਫ਼ ਤਾਂ ਕੀ ਕਰਨਾ ਸੀ ਸ਼ੀਲਾ ਦੀਕਸ਼ਤ ਨੇ ਉਲਟਾ ਸਿੱਖਾਂ ਦੇ ਕਾਤਲ ਕਿਸ਼ੋਰੀ ਲਾਲ ਨੂੰ ਰਿਹਾ ਕਰਨ ਦੀ ਸਕੀਮ ਬਣਾ ਲਈ।ਸ਼ੀਲਾ ਦੀਕਸ਼ਤ ਤਾਂ ਸ਼ਾਇਦ ਸਰਨਾ ਦੇ ਨਿਜੀ ਕੰਮ ਵੀ ਨਹੀਂ ਕਰਦੀ ਸੀ। ਉਹ ਤਾਂ ਕਈ ਵਾਰ ਉਸ ਦੀ ਬੇੲਜ਼ਤੀ ਤਕ ਵੀ ਕਰ ਦਿਆ ਕਰਦੀ ਸੀ। ਜਦ ਗੁਰੁ ਤੇਗ਼ ਬਹਾਦਰ ਮੈਮੋਰੀਅਲ ਦਾ ਉਦਘਾਟਨ ਸੀ ਤਾਂ ਸਰਨਾ ਨੂੰ ਤਾਂ ਨੇੜੇ ਤਕ ਢੁਕਣ ਨਾ ਦਿੱਤਾ ਗਿਆ, ਹਾਲਾਂ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੋਣ ਨਾਤੇ ਦਿੱਲੀ ਦੇ ਸਿੱਖਾਂ ਦਾ ਮੁਖ ਨੁਮਾਇੰਦਾ ਸੀ। ਇਹ ਉਸ ਦੀ ਤੇ ਇਕ ਤਰ੍ਹਾਂ ਨਾਲ ਦਿੱਲੀ ਦੇ ਸਾਰੇ ਸਿੱਖਾਂ ਦੀ ਬੇਇਜ਼ਤੀ ਸੀ। ਫਿਰ 2011-12 ਵਿਚ ਸ਼ੀਲਾ ਦੀਕਸ਼ਤ ਨੇ ਸਰਨਾ ਨਾਲ ਇਕ ਵੱਡੀ ਬੇਵਫ਼ਾਈ ਕੀਤੀ; ਉਸ ਨੇ ਤਰਵਿੰਦਰ ਸਿੰਘ ਮਰਵਾਹਾ ਤੇ ਟੋਨੀ ਨੂੰ ਜਸਜੀਤ ਸਿੰਘ ਸਰਨਾ ਦੇ ਖ਼ਿਲਾਫ਼ ਖੜ੍ਹਾ ਕਰ ਦਿੱਤਾ। ਇੰਞ ਕਾਂਗਰਸ ਪੱਖੀ ਲੋਕਾਂ ਦੀਆਂ ਵੋਟਾਂ ਆਪਣ ਵਿਚ ਵੰਡੀਆਂ ਗਈਆਂ।

ਕਾਂਗਰਸ ਦੀ ਚਾਪਲੂਸੀ ਵਿਚੋਂ ਸਰਨਾ ਦੀ ਇਕ ਹੋਰ ਬਜਰ ਗ਼ਲਤੀ ਵੀ ਨਿਕਲੀ ਸੀ। ਜਦ “ਖ਼ੂਨੀ ਨਵੰਬਰ 1984” ਵਿਚ ਮਾਰੇ ਗਏ ਸਿੱਖਾਂ ਦੀ ਗੱਲ ਚਲਦੀ ਸੀ ਤਾਂ ਸਰਨਾ ਸਿੱਖਾਂ ਨੂੰ 1984 ਨੂੰ ਭੁੱਲ ਜਾਣ ਦੀਆਂ ਸਲਾਹਾਂ ਦਿਆ ਕਰਦਾ ਸੀ। ਕੋਈ ਜ਼ਲੀਲ, ਮੁਰਦਾ ਰੂਹ ਵਾਲਾ ਸਿੱਖ ਹੀ ਉਸ ਜ਼ੁਲਮ ਨੂੰ ਭੁੱਲ ਸਕਦਾ ਹੈ। ਸਰਨਾ ਦੀ ਇਸ ਗੱਲ ਨੇ ਹਜ਼ਾਰਾਂ ਲੋਕਾਂ ਨੂੰ ਉਸ ਦੇ ਖ਼ਿਲਾਫ਼ ਕਰ ਲਿਆ ਸੀ। ਸਰਨਾ ਚਾਹੁੰਦਾ ਤਾਂ “ਖ਼ੂਨੀ ਨਵੰਬਰ 1984” ਦੇ ਘੱਲੂਘਾਰੇ ਦੀ ਇਕ ਸ਼ਾਨਦਾਰ ਯਾਦਗਾਰ ਬਣਾ ਕੇ ਆਪਣੇ ਗ਼ਲਤ ਬੋਲਾਂ ਦਾ ਨੁਕਸਾਨ ਪੂਰਾ ਕਰ ਸਕਦਾ ਸੀ’ ਪਰ ਉਸ ਦੇ ਮਨ ਵਿਚ ਕਾਂਗਰਸ ਭਗਤੀ ਛਾਈ ਹੋਈ ਸੀ, ਇਸ ਕਰ ਕੇ ਉਸ ਨੇ ਅਜਿਹਾ ਕੁਝ ਵੀ ਨਾ ਕੀਤਾ।

ਇੰਞ ਹੀ ਆਪਣੇ ਪੁੱਤਰ ਹਰਪਾਲ ਸਿੰਘ ਦੇ ਵਿਆਹ ਵਿਚ ਹਜ਼ਾਰਾਂ ਸਿੱਖਾਂ ਦੇ ਕਾਤਲ ਕੇ.ਪੀ. ਗਿੱਲ ਨੂੰ ਬੁਲਾਉਣਾ ਉਸ ਦੀ ਇਕ ਵੱਡੀ ਗ਼ਲਤੀ ਸੀ। ਰਾਗੀ ਦਰਸ਼ਨ ਸਿੰਘ ਨੂੰ ‘ਕਾਰਜ ਕਰਨ’ ਅਤੇ ਅਕਾਲ ਤਖ਼ਤ ਦੇ ਮਾਮਲੇ ਵਿਚ ਸਹੀ ਸਟੈਂਡ ਨਾ ਲੈ ਸਕਣਾ ਵੀ ਉਸ ਦਾ ਇਕ ਵੱਡਾ ਗੁਨਾਹ ਬਣ ਗਿਆ। ਇਨ੍ਹਾਂ ਦੋਹਾਂ ਨੁਕਤਿਆਂ ਤੇ ਉਸ ਦਾ ਸਟੈਂਡ ਸਦਾ ਦੋਗਲਾ, ਅਸਪਸ਼ਟ, ਉਲਝਣ ਵਾਲਾ ਹੀ ਰਿਹਾ।

ਜਦ ਦਾ ਸਰਨਾ ਪ੍ਰਧਾਨ ਬਣਿਆ ਸੀ, ਉਹ ਹਮੇਸ਼ਾ ਵਿਦਵਾਨਾਂ ਦਾ ਸਾਥ ਲਿਆ ਕਰਦਾ ਸੀ, ਉਹ ਹਰ ਗੱਲ ਵਿਚ ਉਨ੍ਹਾਂ ਦੀ ਸਲਾਹ ਲਿਆ ਕਰਦਾ ਸੀ; ਬਹੁਤ ਘਟ ਲੋਕਾਂ ਨੂੰ ਪਤਾ ਹੈ ਕਿ ਮਨਜੀਤ ਸਿੰਘ ਕਲਕੱਤਾ, ਹਰਜਿੰਦਰ ਸਿੰਘ ਦਿਲਗੀਰ, ਜਸਵੰਤ ਸਿੰਘ ਮਾਨ, ਗੁਰਦਰਸ਼ਨ ਸਿੰਘ ਢਿੱਲੋਂ, ਗੁਰਤੇਜ ਸਿੰਘ, ਪ੍ਰਿਥੀਪਾਲ ਕਪੂਰ ਵਗ਼ੈਰਾ ਉਸ ਦੀ “ਬੈੱਡਰੂਮ ਕੈਬਨਿਟ” ਸਨ। ਪਰ ਆਖ਼ਰੀ ਚਾਰ ਸਾਲਾਂ ਵਿਚ ਉਸ ਨੇ ਵਿਦਵਾਨਾਂ ਨੂੰ ਟਿੱਚ ਸਮਝਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਸਾਰੇ ਉਸ ਤੋਂ ਟੁੱਟ ਗਏ ਤੇ ਉਹ ਸਿਰਫ਼ ਚਾਪਲੂਸਾਂ ਦੇ ਘੇਰੇ ਜੋਗਾ ਹੀ ਰਹਿ ਗਿਆ; ਸਿਰਫ਼ ਮਨਜੀਤ ਸਿੰਘ ਕਲਕੱਤਾ ਨੂੰ ਉਸ ਨੇ ਨਾਲ ਰੱਖਿਆ ਸੀ ਤੇ ਪ੍ਰਿਥੀਪਾਲ ਕਪੂਰ ਤਾਂ ਮੱਕੜ ਜਸਪਾਲ ਸਿੰਘ ਤੇ ਬਾਦਲ ਨਾਲ ਰਲ ਗਿਆ ਸੀ।

ਇਹ ਸਨ ਪਰਮਜੀਤ ਸਿੰਘ ਸਰਨਾ ਦੀਆਂ ਕੁਝ ਗ਼ਲਤੀਆਂ ਜਿਨ੍ਹਾਂ ਨੇ ਉਸ ਨੂੰ ਇਹ ਦਿਨ ਦਿਖਾਏ। ਉਸ ਦੀਆਂ ਗ਼ਲਤੀਆਂ ਦਾ ਪੈਟਰਨ ਉਹੀ ਸੀ ਜੋ ਪਹਿਲੇ ਪ੍ਰਧਾਨਾਂ ਦਾ 2002 ਤਕ ਸੀ ਤੇ ਜੇ ਅਗਲੇ ਹਾਕਮ ਵੀ ਇਹ ਗ਼ਲਤੀਆਂ ਦੁਹਰਾਉਣਗੇ ਤਾਂ ਸੰਗਤ ਉਨ੍ਹਾਂ ਨੂੰ ਵੀ ਪਟਕਾ ਦੇਵੇਗੀ। ਪੰਜਾਬ ਤੇ ਦਿੱਲੀ ਦੀ ਸੰਗਤ ਵਿਚ ਬਹੁਤ ਫ਼ਰਕ ਹੈ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>