ਬਰਨਾਲਾ,(ਜੀਵਨ ਰਾਮਗੜ੍ਹ) ਸੇਂਟ ਜੋਸਫ਼ ਸਕੂਲ ਸੰਘੇੜਾ ਦੀ ਮੈਨੇਜ਼ਮੈਂਟ ਅਤੇ ਅਧਿਆਪਕਾਂ ਦੀ ਤਕਰਾਰਬਾਜ਼ੀ ਅੱਜ ਏਡੀਸੀ ਦਫ਼ਤਰ ਵਿਖੇ ਪੁੱਜ ਗਈ। ਸਕੂਲ ਦੀ ਅੰਦਰੂਨੀ ਖਹਬਾਜੀ ਕਾਰਨ ਬੱਚਿਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਕਾਰਨ ਚਿੰਤਤ ਮਾਪਿਆਂ ਵੱਲੋਂ ਅੱਜ ਏਡੀਸੀ ਨੂੰ ਮੰਗ ਪੱਤਰ ਦੇ ਕੇ ਮਹੌਲ ਨੂੰ ਸਾਜਗਾਰ ਬਣਾਉਣ ਸੰਬਧੀ ਮੰਗ ਪੱਤਰ ਦਿੱਤਾ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਸਕੂਲੀ ਬੱਚਿਆਂ ਦੇ ਮਾਪਿਆਂ ’ਚ ਹਾਜ਼ਰ ਜਗਜੀਤ ਸਿੰਘ, ਸੁਖਵਿੰਦਰ ਸਿੰਘ, ਸਤਵੰਤ ਸਿੰਘ, ਪ੍ਰਗਟ ਸਿੰਘ, ਅਵਤਾਰ ਸਿੰਘ, ਪ੍ਰਮਿੰਦਰ ਸਿੰਘ, ਅਮਰੀਕ ਸਿੰਘ, ਮਲਕੀਤ ਸਿੰਘ, ਜਰਨੈਲ ਸਿੰਘ ਆਦਿ ਨੇ ਏਡੀਸੀ ਨੂੰ ਮੰਗ ਪੱਤਰ ਦੇਣ ਉਪਰੰਤ ਦੱਸਿਆ ਕਿ ਬੀਤੇ ਕੁਝ ਸਮੇਂ ਤੋਂ ਸਕੂਲ ਮੈਨੇਜ਼ਮੈਂਟ ਅਤੇ ਅਧਿਆਪਕਾਂ ਦਰਮਿਆਨ ਪਿੰ੍ਰਸੀਪਲ ਨੂੰ ਹਟਾਉਣ ਕਾਰਨ ਆਪਸੀ ਤਕਰਾਰ ਚੱਲ ਰਿਹਾ ਹੈ। ਜਿਸ ਕਾਰਨ ਬੱਚਿਆਂ ਦੀ ਪੜਾਈ ’ਤੇ ਵੀ ਇਸ ਦਾ ਅਸਰ ਪੈ ਰਿਹਾ ਹੈ। ਸਕੂਲੀ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨਿੱਤ ਸਕੂਲ ਦੀ ‘ਮਹਾਂਭਾਰਤ’ ਸਬੰਧੀ ਘਰ ਆ ਕੇ ਦੱਸਦੇ ਹਨ। ਜਿਸ ਤੋਂ ਦੁਖੀ ਹੋ ਕੇ ਅੱਜ ਉਹ ਸਮੂਹਿਕ ਰੂਪ ’ਚ ਇਕੱਤਰ ਹੋ ਕੇ ਏਡੀਸੀ ਨੂੰ ਮੰਗ ਪੱਤਰ ਸੌਂਪ ਕੇ ਇਸ ’ਚ ਦਖਲ ਅੰਦਾਜ਼ੀ ਦੀ ਮੰਗ ਕੀਤੀ ਹੈ ਤਾਂ ਜੋ ਬੱਚਿਆਂ ਦੀ ਪੜਾਈ ’ਤੇ ਅਸਰ ਨਾ ਪਵੇ। ਇਸ ਸਮੇਂ ਸਕੂਲ ਮੈਨੇਜ਼ਮੈਂਟ ਅਤੇ ਸਕੂਲ ਦੀਆਂ ਅਧਿਆਪਕਾਵਾਂ ਵੀ ਏਡੀਸੀ ਨਾਲ ਗੱਲਬਾਤ ਲਈ ਪੁੱਜੇ ਹੋਏ ਸਨ। ਦਫ਼ਤਰ ਅੱਗੇ ਹੀ ਜਦੋਂ ਸਕੂਲ ਮੈਨੈਜਮੈਂਟ ਦੇ ਕੁਝ ਅਧਿਕਾਰੀ ਅਤੇ ਸਕੂਲੀ ਅਧਿਆਪਕਾਵਾਂ ਜਦੋਂ ਇਕੱਠੇ ਹੋਏ ਤਾਂ ਇਥੇ ਹੀ ਦੋਵਾਂ ਧਿਰਾਂ ਦਰਮਿਆਲ ਤੂੰ-ਤੂੰ ਮੈਂ-ਮੈਂ ਹੋ ਗਈ। ਜਿਸ ਉਪਰੰਤ ਏਡੀਸੀ (ਜਨਰਲ) ਨੇ ਮੈਨੇਜ਼ਮੈਂਟ ਦੇ ਕੁਝ ਅਧਿਕਾਰੀਆਂ ਨੂੰ ਬੁਲਾ ਕੇ ਵੀ ਚੰਗੀ ਖੁੰਬ ਠੱਪੀ। ਏਡੀਸੀ ਜੋਰਾ ਸਿੰਘ ਥਿੰਦ ਨੇ ਸਪਰੰਕ ਕਰਨ ’ਤੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰਨਗੇ। ਉਨ੍ਹਾਂ ਸਕੂਲ ਦੀ ਮੈਨੇਜਮੈਂਟ ਅਤੇ ਅਧਿਆਪਕਾਂ ਨੂੰ ਸਕੂਲ ਦੇ ਮਹੌਲ ਨੂੰ ਜਲਦ ਸਾਜ਼ਗਾਰ ਬਣਾਉਣ ਦੀ ਵੀ ਹਦਾਇਤ ਕੀਤੀ।